ਖ਼ਬਰ ਹੈ ਕਿ ਸੀ ਬੀ ਆਈ ਅਦਾਲਤ ਵਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪ੍ਰੇਮੀਆਂ ਵਲੋਂ ਜਾਣੇ ਜਾਂਦੇ ਉਹਨਾ ਦੇ ਸ਼ਰਧਾਲੂ, ਜਿਹਨਾ ਨੂੰ ਡੇਰਾ ਮੁਖੀ ਨੇ ਇੰਸਾ ਦਾ ਨਾਂਅ ਦਿਤਾ ਹੋਇਆ ਹੈ, ਏਨੇ ਵਹਿਸ਼ੀ ਹੋ ਗਏ ਕਿ ਉਹਨਾ, ਸਾਹਮਣੇ ਆਈ ਹਰ ਚੀਜ਼ ਨੂੰ ਤਹਿਸ਼-ਨਹਿਸ਼ ਕਰਦਿਆਂ ਅੱਗ ਦੇ ਹਵਾਲੇ ਕਰ ਦਿੱਤਾ। ਡੇਰਾ ਪ੍ਰੇਮੀਆਂ ਦੀ ਲਪੇਟ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਨਾਥ ਅਤੇ ਯੂ.ਪੀ. ਰਾਜ ਆ ਗਏ। ਪੰਚਕੂਲਾ ਜਿਥੇ ਪਹਿਲਾਂ ਹਿੰਸਾ ਭੜਕੀ ਉਥੇ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਠੱਤੀ ਦੱਸੀ ਜਾ ਰਹੀ ਹੈ। ਡੇਰਾ ਪ੍ਰੇਮੀਆਂ ਨੇ 100 ਤੋਂ ਵੱਧ ਗੱਡੀਆਂ ਫੂਕ ਦਿੱਤੀਆਂ, ਤਿੰਨ ਨਿਊਜ਼ ਚੈਨਲਾਂ ਦੀਆਂ ਗੱਡੀਆਂ ਭੰਨ ਦਿੱਤੀਆਂ। ਪੰਜਾਬ ਹਾਈ ਕੋਰਟ ਡੇਰਾ ਪ੍ਰੇਮੀਆਂ ਦੀ ਹਿੰਸਾ ਤੋਂ ਖਫ਼ਾ ਹੋ ਗਈ, ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਪੰਚਕੂਲਾ ਵਿੱਚ ਹੋਈ ਹਿੰਸਾ 'ਚ ਡੇਰਾ ਸੱਚਾ ਸੌਦਾ ਵਾਲਿਆਂ ਦਾ ਕੋਈ ਹੱਥ ਹੀ ਨਹੀਂ ਹੈ।
ਵੇਖੋ ਕਿੰਨਾ ਮਹਾਨ ਹੈ ਆਦਮੀ! ਗੱਲਾਂ, ਧਰਮ ਦੀਆਂ ਕਰਦਾ, ਕੰਮ ਅਧਰਮ ਦੇ ਕਰਦਾ। ਗੱਲਾਂ ਸਬਰ-ਸੰਤੋਖ, ਅਮਨ-ਚੈਨ, ਸ਼ਾਂਤੀ ਦੀਆਂ ਕਰਦਾ, ਪਰ ਸੋਟਾ-ਛੁਰਾ ਚਲਾਉਣ ਲਗਾ ਸੱਭੋ ਕੁਝ ਭੁੱਲ ਜਾਂਦਾ। ਗੱਲਾਂ ਪਿਆਰ-ਮੁਹੱਬਤ, ਸਮਾਜ ਸੇਵਾ ਦੀਆਂ ਕਰਦਾ, ਅੰਦਰੋਂ ਕੁੜੱਤਣ-ਕੌੜ ਨਾਲ ਭਰਿਆ, ਦੂਜੇ ਦੇ ਮੋਛੇ ਪਾਉਣ ਤੋਂ ਰਤਾ ਦਰੇਗ ਨਹੀਂ ਕਰਦਾ! ਕੈਸਾ ਹੈ ਇੰਸਾਂ? ਕੈਸਾ ਹੈ "ਇੰਸਾਂ" ਦਾ ਰਚੇਤਾ, ਜਿਸ ਇਹੋ ਜਿਹੇ "ਪ੍ਰੇਮੀ" ਸਿਰਜੇ, ਜਿਹੜੇ ਹੱਥ ਡਾਂਗਾਂ ਫੜ, ਮੂੰਹ 'ਚ ਕੌੜੇ ਬੋਲ ਲੈ, ਅੱਗਾਂ ਲਾਉਣ, ਭੜਥੂ ਪਾਉਣ ਤੁਰ ਪਏ। ਵਾਹ, ਪਿਆਰੇ ਵਾਹ! ਤਦੇ ਕਹਿੰਦੇ ਨੇ ਜਿਹਨਾ ਦੇ ਗੁਰੂ ਟੱਪਣੇ ਹੁੰਦੇ ਨੇ, ਉਹਨਾ ਦੇ ਚੇਲੇ ਜਾਣ ਛੜੱਪ! ਗੁਰੂ ਜੀ ਫਿਲਮਾਂ 'ਚ ਟਪੂਸੀਆਂ ਮਾਰਦੇ ਨੇ। ਸਿਆਸਤ 'ਚ ਨੇਤਾਵਾਂ ਦੀਆਂ ਟਪੂਸੀਆਂ ਮਰਵਾਉਂਦੇ ਨੇ। ਭੋਲਿਆਂ ਲੋਕਾਂ ਨੂੰ ਜਾਲ ਲਾਕੇ ਫਾਹੁੰਦੇ ਨੇ। ਗੋਲ ਗੱਲਾਂ ਕਰਕੇ, ਪੇਚ ਉਹਲੇ ਰੱਖਦੇ ਨੇ। ਭਗਵਾਂ ਚੋਲਾ ਪਾਕੇ ਲੋਕਾਂ ਨੂੰ ਲੁੱਟਦੇ ਨੇ। ਉਹਨਾ ਦੇ ਚੇਲਿਆਂ "ਇੰਸਾਂ" ਨੇ ਅਸਲ ਜ਼ਿੰਦਗੀ 'ਚ ਟਪੂਸੀਆਂ ਹੀ ਮਾਰਨੀਆਂ ਸਨ। ਤਦੇ ਭਾਈ ਉਹਨਾ ਅੱਗਾਂ ਲਾਈਆਂ। ਜਾਇਦਾਦਾਂ ਲੂਹੀਆਂ। ਫੁੰਕਾਰੇ ਮਾਰੇ। ਲਲਕਾਰੇ ਮਾਰੇ। ਇੰਜ ਕਰਦਿਆਂ ਸ਼ਾਇਦ ਆਪਣੇ ਗੁਰੂ ਦੀ ਤਰ੍ਹਾਂ ਉਹਨਾ ਨੇ ਅੰਦਰਲੇ ਆਦਮੀ ਨੂੰ ਕਿਧਰੇ ਸੁਆ ਲਿਆ ਹੋਊ ਜਾਂ ਗੁਆ ਲਿਆ ਹੋਊ ਪਰ ਉਸ ਨੇਤਾ ਬਾਰੇ ਆਪਾਂ ਕੀ ਕਹੀਏ, ਜਿਸ ਵੋਟਾਂ ਖਾਤਰ ਬਿੱਲੀ ਨੂੰ ਦੇਖ ਕਬੂਤਰ ਵਾਂਗਰ ਅੱਖਾਂ ਮੀਟ ਲਈਆਂ। ਉਹਦੇ ਬਾਰੇ ਮੈਂ ਤਾਂ ਇਹੋ ਆਂਹਨਾ ਉਹਦੇ ਅੰਦਰਲਾ ਕਿਥੇ ਹੈ ਆਦਮੀ। ਉਹਦੇ ਅੰਦਰਲਾ ਕਿਥੇ ਗਿਆ ਆਦਮੀ? ਪਰ ਇਕ ਕਵੀਂ ਲਿਖਦਾ ਆ, "ਕੋਈ ਲੁੱਟਦਾ ਭਗਵਾਂ ਪਹਿਨ ਚੋਲਾ, ਰਾਜਨੀਤੀ ਦੀ ਤੱਕੜੀ ਕੋਈ ਤੋਲੇ। ਘਾਟਾ 'ਕੈਲਵੀ' ਅਕਲ ਤੇ ਸੂਝ ਦਾ ਹੈ, ਵੇਚ ਗੈਰਤਾਂ ਬਣੇ ਹਾਂ ਅਸੀਂ ਗੋਲੇ"।
ਰੋਜ਼ ਦਿਹਾੜੀ ਸੁਣ ਸੁਣ ਮਰੀਏ ਬਾਬਾ ਜੀ ਕੀ ਹੀਲਾ ਕਰੀਏ
ਖ਼ਬਰ ਹੈ ਕਿ ਤਿੰਨ ਤਲਾਕ ਖਿਲਾਫ਼ ਲੰਬੀ ਲੜਾਈ ਲੜਨ ਵਾਲੀ ਇਸ਼ਰਤ ਜਹਾਂ ਨੂੰ ਉਮੀਦ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਉਸ ਦੇ ਨਾਲ-ਨਾਲ ਦੂਸਰੀ ਮੁਸਲਿਮ ਪਹਿਲਾਵਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋ ਜਾਣਗੀਆਂ,ਪਰ ਅਜਿਹਾ ਨਹੀਂ ਹੋਇਆ। ਸੁਪਰੀਮ ਕੋਰਟ ਦੇ ਫੈਸਲੇ ਬਾਅਦ ਇਸ਼ਰਤ ਦਾ ਸਮਾਜਿਕ ਬਾਈਕਾਟ ਕਰ ਦਿਤਾ ਗਿਆ ਹੈ। ਰਿਪੋਰਟ ਮੁਤਾਬਕ ਇਸ਼ਰਤ ਨੂੰ ਉਸਦੇ ਹੀ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੀ ਅਲੋਚਨਾ ਅਤੇ ਬਦ-ਜੁਬਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਥੇ ਤਾਂ ਬਾਬੇ ਨਾਨਕ ਨੇ ਵੀ ਕਿਹਾ, "ਸੋ ਕਿਓ ਮੰਦਾ ਆਖੀਐ ਜਿਤੂ ਜੰਮੈ ਰਾਜਾਨ" ਤਦ ਵੀ ਔਰਤ ਦੀ ਜ਼ਿੰਦਗੀ ਸੌਖੀ ਨਹੀਂ ਹੋਈ ਸਮਾਜ ਵਿੱਚ! ਔਰਤ ਨੂੰ ਤਾਂ ਭਾਈ ਕਿਧਰੇ ਡੈਣ, ਚੁੜੈਲ ਕਿਹਾ ਜਾਂਦਾ, ਕਿਧਰੇ ਪੁਆੜੇ ਦੀ ਜੜ੍ਹ। ਔਰਤ ਨੂੰ ਕਿਧਰੇ ਦੁਰਕਾਰਿਆ ਜਾਂਦਾ, ਪੈਰਾਂ ਹੇਠ ਲਤਾੜਿਆ ਜਾਂਦਾ। ਵੇਸਵਾ ਵਿਰਤੀ ਦਾ ਸ਼ਿਕਾਰ ਬਣਾਇਆ ਜਾਂਦਾ! ਮਾਂ, ਧੀ, ਪਤਨੀ, ਭੈਣ ਹੋਣ 'ਤੇ ਵੀ ਸਮਾਜ 'ਚ ਤ੍ਰਿਸਕਾਰਿਆ ਜਾਂਦਾ। ਮੰਗੇ ਤਾਂ ਭਲਾ ਉਹ ਮਰਦ ਬਰੋਬਰ ਦੇ ਹੱਕ, ਤਲਾਕ, ਤਲਾਕ, ਤਲਾਕ ਦੇਕੇ ਘਰੋਂ ਇੰਜ ਉਹਨਾ ਨੂੰ ਬਾਹਰ ਭੇਜ ਦਿੱਤਾ ਜਾਂਦਾ, ਜਿਵੇਂ ਮੱਖਣ 'ਚੋਂ ਵਾਲ ਕੱਢ ਦਈਦਾ।
ਔਰਤ ਰੋਂਦੀ ਹੈ। ਤਾਹਨੇ-ਮਿਹਨੇ ਸਹਿੰਦੀ ਹੈ। ਔਰਤ ਕਰਲਾਉਂਦੀ ਖੂਨ ਦੇ ਅਥਰੂ ਬਹਾਉਂਦੀ ਹੈ। ਵਹਿਸ਼ੀਆਂ ਨਜ਼ਰਾਂ ਦੀ ਦਰਿੰਦਗੀ ਸਹਿੰਦੀ ਹੈ। ਬਲਾਤਕਾਰ ਦੀ ਸ਼ਿਕਾਰ ਹੁੰਦੀ ਹੈ। ਦਹੇਜ਼ ਦੀ ਬਲੀ ਚੜ੍ਹਾਈ ਜਾਂਦੀ ਹੈ। ਸਟੋਪ-ਗੈਸ ਨਾਲ ਮਾਰੀ ਜਾਂਦੀ ਹੈ। ਜੰਗ ਜਿੱਤਕੇ ਵੀ ਸਵਾਰਥੀਆਂ ਤੋਂ ਹਾਰੀ ਜਾਂਦੀ ਆ। ਇਹ ਇਸ ਸਭਿਅਕ ਸਮਾਜ ਦੀ ਦੇਣ ਹੈ! ਤਦੇ ਅਬਲਾ ਨਾਰੀ ਕਹਿੰਦੀ ਹੈ, "ਰੋਜ਼ ਦਿਹਾੜੀ ਸੁਣ ਸੁਣ ਮਰੀਏ, ਬਾਬਾ ਜੀ, ਕੀ ਹੀਲਾ ਕਰੀਏ"?
ਦੇਸ਼ ਦੇ ਵਿਹੜੇ ਹੋ ਗਏ ਸੌੜੇ, ਜਾਬਰ ਫਿਰਦੇ ਹੋ ਹੋ ਚੌੜੇ
ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਗੁਜਰਾਤ ਦੇ ਦੰਗਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਆਪਣਾ ਫੈਸਲਾ ਚਾਰ ਮਹੀਨਿਆਂ ਵਿੱਚ ਦੇਵੇ। ਇਹ ਕੇਸ ਨਾਰਦਾ ਗਾਮ ਘਟਨਾ ਨਾਲ ਸਬੰਧਤ ਹੈ ਜਿਸ ਵਿੱਚ ਇੱਕ ਘੱਟ ਗਿਣਤੀ ਫਿਰਕੇ ਦੇ ਗਿਆਰਾਂ ਲੋਕ ਮਾਰੇ ਗਏ ਸਨ। ਗੁਜਰਾਤ ਦੇ 2002 ਤਿੰਨ ਦਿਨਾਂ ਦੰਗਿਆਂ ਵਿੱਚ, ਸਿਟੀਜ਼ਨ ਟ੍ਰਿਬਿਊਨਲ ਰਿਪੋਰਟ ਅਨੁਸਾਰ 1926 ਲੋਕ ਮਾਰੇ ਗਏ ਸਨ, ਜਿਹਨਾਂ ਵਿੱਚੋਂ ਵੱਡੀ ਗਿਣਤੀ ਮੁਸਲਮਾਨਾਂ ਦੀ ਸੀ। ਇਸ ਘਟਨਾ 'ਚ 2500 ਲੋਕ ਜਖ਼ਮੀ ਹੋ ਗਏ ਹਨ, ਔਰਤਾਂ ਦੇ ਬਲਾਤਕਾਰ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਇਹਨਾਂ ਦੰਗਿਆਂ 'ਚ ਵਾਪਰੀਆਂ ਹਨ। ਉਸ ਵੇਲੇ ਸੂਬੇ ਦੇ ਮੁੱਖਮੰਤਰੀ ਨਰਿੰਦਰ ਮੋਦੀ ਸਨ, ਜਿਸਦੇ ਅਫ਼ਸਰਾਂ, ਪੁਲਸ ਅਫ਼ਸਰਾਂ ਉਤੇ ਦੋਸ਼ ਲੱਗਿਆ ਸੀ ਕਿ ਉਹਨਾ ਦੇ ਦੰਗੇ ਨਹੀਂ ਰੋਕੇ ਸਗੋਂ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੀਆਂ ਜਾਇਦਾਦਾਂ, ਸ਼ਰਾਰਤੀਆਂ ਨੂੰ ਤਬਾਹ ਕਰਨ ਦਿੱਤੀਆਂ।
ਸੱਭੋ ਕੁਝ ਵਪਾਰਦਾ ਹੈ, ਪਰ ਉਹਨਾ ਲਈ ਕੁਝ ਵੀ ਨਹੀਂ ਵਪਾਰਦਾ। ਸਭੋ ਕੁਝ ਹੋਈ ਜਾ ਰਿਹਾ ਹੈ, ਪਰ ਉਹਨਾ ਵਾਸਤੇ ਕੁਝ ਵੀ ਨਹੀਂ ਹੁੰਦਾ। ਵੇਖੋ ਨਾ, "ਮਨੁੱਖ ਹਥੋੜੇ ਮਾਰ ਕੇ ਚੋਟਾਂ, ਸਿਰੀਆਂ ਫਿਹੰਦੇ ਵਾਂਗ ਅਖਰੋਟਾਂ, ਫਿਰ ਵੀ ਦਰਜ ਨਾ ਹੋਣ ਰਿਪੋਟਾਂ, ਨਾਕੇ ਤੋੜ ਕੇ ਹੋਣ ਹਵਾ"। ਇਹ 1947 'ਚ ਪੰਜਾਬ 'ਚ ਵਾਪਰਿਆ, 1984 'ਚ ਦਿੱਲੀਂ 'ਚ ਵੀ ਵਾਪਰਿਆ, 2002 'ਚ ਗੁਜਰਾਤ 'ਚ ਵਾਪਰਿਆ ਅਤੇ ਉਹਨਾ ਭਾਣੇ ਕੁਝ ਵੀ ਨਹੀਂ ਵਾਪਰਿਆ! ਉਹ ਛੋਟੇ ਨੇਤਾ ਸਨ, ਘਟਨਾਵਾਂ ਵਾਪਰੀਆਂ। ਉਹਨਾ ਆਪਣਿਆਂ ਨੂੰ ਵਰਗਲਾਇਆ। ਦੂਜਿਆਂ ਨੂੰ ਥੱਲੇ ਲਾਇਆ! ਆਪ ਟੀਸੀਆਂ ਚੜ੍ਹੇ ਤੇ ਦੇਸ਼ ਦੇ ਵੱਡੇ ਨੇਤਾ ਬਣੇ। ਉਹਨਾ ਲਈ ਤਾਂ ਦੇਸ਼ 'ਚ ਕੁਝ ਵੀ ਨਹੀਂ ਵਾਪਰਿਆ।
ਅੱਜ ਤ੍ਰਿਸ਼ੂਲ ਘੁੰਮਦਾ ਹੈ। ਅੱਜ ਬੰਬ ਪਟਾਕੇ ਪਾਉਂਦਾ ਹੈ। ਅੱਜ ਧੂੰਆਂ ਉੱਠਦਾ ਹੈ। ਇਸ ਧੂੰਏ ਵਿਚੋਂ ਚੀਕਾਂ ਨਿਕਲਦੀਆਂ ਹਨ ਤਦ ਕੀ? ਇਸ ਧੂੰਏ ਵਿਚੋਂ ਮਦਦ ਲਈ ਪੁਕਾਰਾਂ ਉਠਦੀਆਂ ਹਨ ਤਦ ਕੀ! ਇਥੇ ਤਾਂ ਅੰਨ੍ਹੀ ਬੋਲੀ ਇੱਕ ਮਾਈ ਰਾਜ ਕਰਦੀ ਹੈ, ਜਿਸ ਹੱਥ ਫੜੀ ਹੋਈ ਲਾਠੀ ਦੋਸ਼ੀਆਂ ਦਾ ਨਾਸ਼ ਨਹੀਂ ਕਰਦੀ, ਬੇਦੋਸ਼ਿਆਂ ਦੀ ਸੰਘੀ ਘੁੱਟਦੀ ਹੈ ਤੇ ਜਿਹੜੀ ਜਾਬਰਾਂ ਦੀ ਰਾਖੀ ਕਰਦੀ ਹੈ। ਤਦੇ ਤਾਂ ਦੇਸ਼ ਦੇ ਵਿਹੜੇ ਹੋ ਗਏ ਸੌੜੇ, ਜਾਬਰ ਫਿਰਦੇ ਹੋ ਹੋ ਚੌੜੇ, ਪੰਡਤ ਮੁੱਲਾਂ ਬੋਲਣ ਕੌੜੇ!!
ਤੁਸੀਂ ਉੱਨੀ ਤੇ ਇੱਕੀ ਵਿੱਚ ਹੀ ਉਲਝਾ ਲਿਆ ਮੈਨੂੰ
ਖ਼ਬਰ ਹੈ ਕਿ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਿੱਜਤਾ, ਭਾਰਤੀ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਨੌਂ ਜੱਜਾਂ ਦੇ ਸੰਵਿਧਾਨਿਕ ਬੈਚ ਨੇ ਸਪਸ਼ਟ ਕੀਤਾ ਕਿ ਕੋਈ ਵੀ ਇਹ ਸੁਨਣਾ ਪਸੰਦ ਨਹੀਂ ਕਰੇਗਾ ਕਿ ਕੀ ਖਾਣਾ ਹੈ ਜਾਂ ਕਿਵੇਂ ਕੱਪੜੇ ਪਾਉਣੇ ਹਨ। ਇਹ ਗਤੀਵਿਧੀਆ ਨਿੱਜਤਾ ਦੇ ਅਧਿਕਾਰ ਦੇ ਘੇਰੇ ਵਿੱਚ ਆਉਂਦੀਆਂ ਹਨ।
ਲਉ ਜੀ, ਆਹ ਤਾਂ ਕਹਿਰ ਹੀ ਕਰ ਦਿੱਤਾ ਜੱਜ ਸਾਹਿਬਾਂ ਨੇ। ਹੁਣ ਭਗਵੇਂ ਵਾਲਿਆਂ ਦੇ ਅਜੰਡੇ ਦਾ ਕੀ ਬਣੂ। ਜਿਹੜੇ ਆਖਦੇ ਆ ਕਿ ਜਿਵੇਂ ਅਸੀਂ ਆਖਦੇ ਆ, ਉਵੇਂ ਸੋਚੋ, ਹਿੰਦੀ, ਹਿੰਦੂ, ਹਿੰਦੋਸਤਾਨ , ਹਿੰਦੂ ਰਾਸ਼ਟਰ!! ਜਿਹੜੇ ਆਖਦੇ ਆ ਕਿ ਜੋ ਅਸੀਂ ਕਹਿੰਦੇ ਆ, ਉਹੀ ਪੀਓ, ਭਾਤ, ਪੀਲੇ ਚੌਲ, ਦੁੱਧ, ਲੱਸੀ, ਦਹੀ, ਪਨੀਰ, ਪਕੌੜੀਆਂ, ਮਹਾਂ ਦੀ ਦਾਲ, ਤਾਜ਼ਾ ਸਬਜੀ, ਮਾਸ, ਗੋਸ਼ਤ ਬਿਲਕੁਲ ਨਹੀਂ। ਜਿਹੜੇ ਆਖਦੇ ਆ ਜੋ ਅਸੀਂ ਆਖਦੇ ਆ, ਉਵੇਂ ਕਰੋ, ਜਿਵੇਂ ਆਪਣਿਆਂ ਤੋਂ ਬਿਨਾਂ ਬਾਕੀਆਂ ਦੀ ਭੁਗਤ ਸੁਆਰੋ, ਜੋ ਵਿਰੋਧੀ ਵਿਚਾਰ ਰੱਖੇ ਉਹਨੂੰ ਲੰਮੇ ਪਾਓ, ਕੁੱਟੋ, ਮਾਰੋ, ਲੋੜ ਪਵੇ ਤਾਂ ਸਵਰਗੀ ਪਹੁੰਚਾਓ।
ਬਥੇਰਾ ਯਤਨ ਕਰਦੇ ਆ ਵਿਚਾਰੇ ਜੱਜ ਕਿ ਬੰਦੇ ਨੂੰ ਇਨਸਾਫ ਮਿਲੇ! ਬਥੇਰਾ ਹੁਕਮ ਸੁਣਾਉਂਦੇ ਆ ਸਿਆਣੇ ਜੱਜ ਕਿ ਆਮ ਬੰਦੇ ਨੂੰ ਬੋਲਣ, ਤੁਰਨ, ਫਿਰਨ, ਰਹਿਣ-ਸਹਿਣ, ਨੱਚਣ-ਟੱਪਣ ਦੀ ਅਜ਼ਾਦੀ ਮਿਲੇ! ਪਰ ਇਹ ਨੇਤਾ, ਇਹ ਭਗਵੇਂ, ਇਹ ਚੌਧਰੀ, ਇਹ ਤੂੰ ਕੌਣ ਮੈਂ ਖਾਹਮ-ਖਾਹ, ਲੋਕਾਂ ਨੂੰ ਗੇੜ 'ਚ ਪਾਈ ਰੱਖਦੇ ਆ। ਤੇ ਆਮ ਆਦਮੀ ਤਦੇ ਇਹ ਕਹਿਣ ਤੇ ਮਜ਼ਬੂਰ ਆ, "ਤੁਸੀਂ ਉੱਨੀ ਤੇ ਇੱਕੀ ਵਿੱਚ ਹੀ ਉਲਝਾ ਲਿਆ ਮੈਨੂੰ" ਕਿਉਂਕਿ ਇਹ ਉਪਰਲੇ, ਇਹ ਵਿਚਲੇ, ਸੋਚਾਂ ਤੇ ਹਿੰਦਸਿਆਂ ਦੇ ਚੱਕਰ 'ਚੋਂ ਉਹਨੂੰ ਨਿਕਲਣ ਹੀ ਨਹੀਂ ਦੇਂਦੇ ਭਾਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਦੇਸ਼ ਵਿੱਚ ਕੰਪਨੀਆਂ ਵਲੋਂ ਪਿਛਲੇ ਤਿੰਨ ਸਾਲ ਦੇ ਸਮੇਂ ਦੌਰਾਨ 1.52 ਲੱਖ ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਗਿਆ ਹੈ।
ਇੱਕ ਵਿਚਾਰ
ਸੱਚੀ ਆਜ਼ਾਦੀ ਸਿਰਫ ਸਹੀ ਕੰਮ ਕਰਨ ਨਾਲ ਹੀ ਕਾਇਮ ਰਹਿ ਸਕਦੀ ਹੈ..............ਬਿਰਗਮ ਯੰਗ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.