ਕੇਂਦਰ ਵਿਚ ਸ਼੍ਰੀ ਨਰਿੰਦਰ ਮੋਦੀ ਦੀ ਐਨ.ਡੀ.ਏ. ਸਰਕਾਰ ਦੀ ਅਗਵਾਈ ਕਰ ਰਹੀ ਭਾਰਤੀ ਜਨਤਾ ਪਾਰਟੀ ਸੰਨ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਇਕੱਲੇ 400 ਤੋਂ ਵੱਧ ਸੀਟਾਂ ਲੈ ਜਾਣ ਲਈ ਹੁਣ ਤੋਂ ਜ਼ਬਰਦਸਤ ਨੀਤੀਗਤ ਕਮਰਕੱਸੇ ਕਰ ਰਹੀ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਰਾਜ ਵਿਧਾਨ ਸਭਾਵਾਂ ਅਤੇ ਲੋਕ ਸਭਾ ਸਬੰਧੀ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ, ਇਸ ਦੀ ਅਗਵਾਈ ਵਾਲੇ ਯੂ.ਪੀ.ਏ. ਗਠਜੋੜ ਅਤੇ ਹੋਰ ਰਾਸ਼ਟਰੀ, ਇਲਾਕਾਈ ਜਾਂ ਸਥਾਨਿਕ ਪਾਰਟੀਆਂ ਨੂੰ ਸਖ਼ਤ ਸ਼ਿਕਸਤ ਦੇ ਕੇ ਆਮ ਚੋਣਾਂ ਲਈ ਇਕ ਜੇਤੂ ਲਹਿਰ ਸਿਰਜਣਾ ਚਾਹੁੰਦੀ ਹੈ।
ਪੰਜਾਬ ਅੰਦਰ ਭਾਜਪਾ ਦੇ ਹਰਮਨ ਪਿਆਰੇ ਸਾਂਸਦ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਰਾਜ ਮੰਤਰੀ ਰਹੇ ਆਪਣੇ ਵੇਲੇ ਦੇ ਮਸ਼ਹੂਰ ਐਕਟਰ ਸ਼੍ਰੀ ਵਿਨੋਦ ਖੰਨਾ ਦੀ ਮੌਤ ਹੋਣ ਕਰਕੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਛੇਤੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਚ ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਿਕ ਜਿੱਤ ਹਾਸਿਲ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਹਲਕੇ ਅੰਦਰ ਆਪਣੀ ਜਿੱਤ ਹਰ ਹਾਲਤ ਵਿਚ ਪੱਕਾ ਕਰਨਾ ਚਾਹੁੰਦੀ ਹੈ। ਅਕਾਲੀ-ਭਾਜਪਾ ਗਠਜੋੜ ਸਬੰਧਿਤ ਭਾਜਪਾ ਉਮੀਦਵਾਰ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਜਾਂ ਹੋਰ ਉਮੀਦਵਾਰਾਂ ਨੂੰ ਸ਼ਿਕਸਤ ਦੇਣ ਦਾ ਮੰਨ ਬਣਾਈ ਬੈਠੀ ਹੈ।
ਇਸ ਦੇ ਮੱਦੇਨਜ਼ਰ ਜਿਸ ਗੁਰਦਾਸਪੁਰ ਜ਼ਿਲ੍ਹੇ ਵਿਚ ਪਿਛਲੇ 70 ਸਾਲਾਂ ਤੋਂ ਕੋਈ ਮੁੱਖ ਮੰਤਰੀ ਅਜ਼ਾਦੀ ਦਿਵਸ ਸਮਾਰੋਹ ਮੌਕੇ ਕਦੇ ਝੰਡਾ ਲਹਿਰਾਉਣ ਦੀ ਰਸਮ ਲਈ ਨਹੀਂ ਸੀ ਆਇਆ, ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ। ਇਸ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਤੇ ਅੱਖ ਰਖਦਿਆਂ ਉਨ੍ਹਾਂ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਵਿਚ ਵਿਕਾਸ ਕਾਰਜਾਂ ਲਈ ਐਲਾਨਾਂ ਸਬੰਧੀ ਝੜੀ ਲਾ ਦਿਤੀ। ਭਾਵੇਂ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਵਿਚ ਆਏ ਕਰੀਬ 6 ਮਹੀਨੇ ਹੋ ਚੁੱਕੇ ਹਨ ਅਤੇ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚ ਅਜੇ ਇਕ ਵੀ ਪੂਰਾ ਨਾ ਕਰਕੇ ਵਿਰੋਧੀ ਧਿਰਾਂ ਜਿਵੇਂ ਆਮ ਆਦਮੀ ਪਾਰਟੀ, ਅਕਾਲੀ-ਭਾਜਪਾ ਗਠਜੋੜ, ਬਸਪਾ, ਪੱਖੇ ਪੱਖੀ ਮੋਰਚਾ, ਕਿਸਾਨ ਅਤੇ ਕਰਮਚਾਰੀ ਸੰਗਠਨ ਉਨ੍ਹਾਂ ਵਿਰੁੱਧ ਭੰਡੀ ਪ੍ਰਚਾਰ ਤੇਜ਼ ਕਰ ਰਹੇ ਹਨ, ਪਰ ਗੁਰਦਾਸਪੁਰ ਜ਼ਿਮਨੀ ਚੋਣ ਸਨਮੁੱਖ ਉਨ੍ਹਾਂ ਵਲੋਂ ਐਲਾਨ ਕੀਤੀ ਵਿਕਾਸ ਕਾਰਜਾਂ ਦੀ ਨੇ ਵਿਰੋਧੀਆਂ ਦੇ ਮੂੰਹ ਬੰਦ ਕਰਕੇ ਰਖ ਦਿਤੇ।
ਪਿਛਲੇ ਤਿੰਨ ਸਾਲਾਂ ਵਿਚ ਸ਼੍ਰੀ ਮੋਦੀ ਸਰਕਾਰ ਵਲੋਂ ਪੰਜਾਬ ਦੇ ਵਿਕਾਸ, ਕਿਸਾਨ ਖ਼ੁਦਕੁਸ਼ੀਆਂ, ਬੇਰੋਜ਼ਗਾਰੀ, ਸਨਅੱਤੀਕਰਨ ਲਈ ਪੰਜਾਬ ਅੰਦਰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਕੋਰਾ ਠੁੱਠ ਵਿਖਾਉਣ ਕਰਕੇ ਪੰਜਾਬ ਉਸ ਨਾਲ ਨਰਾਜ਼ ਸਨ। ਹੁਣ ਫਿਰ ਸੰਨ 2003 ਵਿਚ ਸ਼੍ਰੀ ਅਟਲ ਬਿਹਾਰੀ ਸਰਕਾਰ ਵਲੋਂ ਪਹਾੜੀ ਰਾਜਾਂ ਨੂੰ ਸਨਅੱਤੀਕਰਨ ਲਈ ਜਾਰੀ ਟੈਕਸ ਰਿਆਇਤਾਂ, ਜੋ ਡਾੱ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਵੀ ਚਾਲੂ ਰਖੀਆਂ ਸਨ, ਸ਼੍ਰੀ ਮੋਦੀ ਸਰਕਾਰ ਨੇ ਅੱਗੋਂ 10 ਸਾਲ ਭਾਵ ਸੰਨ 2027 ਤਕ ਜਾਰੀ ਰਖਣ ਦਾ ਐਲਾਨ ਕਰਨ ਕਰਕੇ ਪੰਜਾਬੀ ਸ਼੍ਰੀ ਮੋਦੀ ਸਰਕਾਰ ਨਾਲ ਹੀ ਨਹੀਂ ਬਲਕਿ ਅਕਾਲੀ-ਭਾਜਪਾ ਗਠਜੋੜ ਨਾਲ ਪੰਜਾਬ ਵਿਚ ਨਰਾਜ਼ ਹੋ ਗਏ।
ਪੰਜਾਬ ਦੀ ਮਾਲੀ ਹਾਲਤ ਕਮਜ਼ੋਰ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨੀ ਕਰਜ਼ੇ ਮੁਆਫ਼ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ। ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਇਸ ਸਬੰਧੀ ਕੋਰਾ ਠੁੱਠ ਵਿਖਾ ਦਿਤਾ। ਉਨ੍ਹਾਂ ਸਿਹਾ ਬਚਾਉਣ ਲਈ ਪਿਹਾ ਪੈਣ ਤੋਂ ਡਰਦੇ ਹੋਣ ਕਰਕੇ ਭਾਵ ਦੂਸਰੇ ਰਾਜ ਵੀ ਐਸੀ ਮੰਗ ਲਈ ਦਬਾਅ ਪਾਉਣਗੇ, ਕਰਜ਼ਾ ਮੁਆਫੀ ਤੋਂ ਟਾਲਾ ਵੱਟਿਆ।
ਭਾਵੇਂ ਐਸੇ ਐਲਾਨ ਅਤੇ ਨੀਤੀਆਂ ਕਰਕੇ ਕੇਂਦਰ ਸਰਕਾਰ ਅੰਦਰ ਸੱਤਾ ਦੀ ਅਗਵਾਈ ਕਰ ਰਹੀ ਭਾਰਤੀ ਜਨਤਾ ਪਾਰਟੀ ਵਿਰੁੱਧ ਪੰਜਾਬੀਆਂ ਵਿਚ ਰੋਹ ਪੈਦਾ ਕਰਨ ਦਾ ਕਾਰਨ ਬਣਿਆ ਪਰ ਗੁਰਦਵਾਰਾ ਛੋਟਾ ਘਲੂਘਾਰਾ (ਕਾਹਨੂੰਵਾਨ) ਸਾਹਿਬ ਅੰਦਰ ਪ੍ਰਬੰਧਕ ਕਮੇਟੀ ਦੇ ਸਕੱਤਰ ਦਾ ਇਕ ਬੀਬੀ ਨਾਲ ਇਤਰਾਜ਼ਯੋਗ ਹਾਲਤ ਵਿਚ ਪਕੜਿਆ ਜਾਣਾ, ਸਿਆਸੀ ਦਖ਼ਲ ਕਰਕੇ ਇਨ੍ਹਾਂ ਵਿਰੁੱਧ ਪੁਲਿਸ ਕਾਰਵਾਈ ਅਤੇ ਕੇਸ ਦਰਜ ਕਰਨ ਲਈ 36 ਘੰਟੇ ਲਗਣਾ, ਪ੍ਰਧਾਨ ਪ੍ਰਬੰਧਕ ਕਮੇਟੀ ਅਤੇ ਛੋਟਾ ਘਲੂਘਾਰਾ ਸਾਹਿਬ ਮੈਮੋਰੀਅਲ ਟਰੱਸਟ ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ ਦੇ ਗੁਰਦਵਾਰਾ ਸਾਹਿਬ ਅੰਦਰ ਕਮਰੇ ਦੇ ਟਾਇਲਟ ਵਿਚ ਨਗਨ ਔਰਤ ਮੂਰਤ ਕਿਸਮ ਦੀ ਟਾਇਲਟ ਟੈਂਕੀ ਦਾ ਮਿਲਣਾ ਜੋ ਵਿਰੋਧ ਸਨਮੁੱਖ ਉਸ ਨੂੰ ਤੁੜਵਾ ਦੇਣਾ, ਸਿੱਖ ਸੰਗਤ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਦਲਣ ਦੀ ਮੰਗ ਕਰਨਾ, ਗੁਰਦਵਾਰਾ ਸਾਹਿਬ ਦੀ ਬੇਅਦਬੀ ਵਿਰੁੱਧ ਪਸ਼ਤਾਤਾਪ ਅਖੰਡ ਪਾਠ ਸ਼ੁਰੂ ਕਰਨਾ, ਪਾਠ ਦੇ ਭੋਗ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੰਗਤਾਂ ਸਮੇਤ ਪੁਲਿਸ ਅਤੇ ਸਥਾਨਿਕ ਪ੍ਰਸਾਸ਼ਨ ਵਲੋਂ ਰੋਕਣ ਲਈ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰਨਾ, ਦਫਾ 144 ਜੋ ਸਿੱਖ ਸੰਗਤ ਦੀ ਆਂਵਤ ਨੂੰ ਰੋਕਣ ਲਈ ਲਗਾਈ ਗਈ, ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਅਤੇ ਸਾਬਕਾ ਅਕਾਲੀ ਮੰਤਰੀਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿਚ ਇਕ ਪਾਸੇ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮਾਝਾ ਜੋਨ ਦੇ ਕਨਵੀਨਰ ਕੰਵਲਜੀਤ ਸਿੰਘ ਕਾਕੀ ਦੀ ਅਗਵਾਈ ਵਿਚ ਸਿੱਖ ਸੰਗਤ ਵਲੋਂ ਤੋੜਨ ਕਰਕੇ ਇਨ੍ਹਾਂ ਸਮੇਤ 27 ਵਿਅਕਤੀਆਂ ਅਤੇ 300 ਅਣਪਛਾਤੇ ਵਿਅਕਤੀਆਂ 'ਤੇ ਆਈ.ਪੀ.ਸੀ. ਧਾਰਾ 353, 196, 332, 148, 149, 188, 447, 511, 506, 427 ਅਧੀਨ ਦੋ ਥਾਣਿਆਂ ਦੋ ਥਾਣਿਆਂ ਵਿਚ ਕੇਸ ਦਰਜ ਕਰਨੇ ਆਦਿ ਘਟਨਾਵਾਂ ਨੇ ਪੰਜਾਬ ਅੰਦਰ ਰਾਜਨੀਤਕ ਸਥਿਤੀ ਬਦਲਣ ਦੀ ਸ਼ੁਰੂਆਤ ਕੀਤੀ ਹੈ।
ਸਥਿਤੀ ਉਦੋਂ ਹੋਰ ਵਿਸਫੋਟਿਕ, ਨਿੰਦਣਯੋਗ, ਪੰਜਾਬ ਅੰਦਰ ਕੈਪਟਨ ਅਮਰਿੰਦਰ ਸਰਕਾਰ 'ਤੇ ਬਦਨੁੰਮਾ ਦਾਗ਼ ਵਜੋਂ ਉਤਪੰਨ ਹੋ ਗਈ ਜਦੋਂ ਜਥੇਦਾਰ ਗੁਰਬਚਨ ਸਿੰਘ ਜੀ ਜਥੇਣਾਰ ਦੇ ਆਦੇਸ਼ਾਂ ਦੀ ਘੋਰ ਉਲੰਘਣਾ ਸਾਬਕਾ ਕਾਂਗਰਸ ਪ੍ਰਧਾਨ, ਸਾਂਸਦ ਸ੍ਰ. ਪ੍ਰਤਾਪ ਸਿੰਘ ਬਾਜਵਾ ਦੇ ਦਖਲ ਅਤੇ ਸ਼ਹਿ 'ਤੇ ਉਸ ਦੇ ਗੁੰਡਾਗਰਦ ਬ੍ਰਿਗੇਡ ਨੇ ਬਲਵਿੰਦਰ ਸਿੰਘ ਭਿੰਦਾ ਨਾਮਕ ਵਿਅਕਤੀ ਦੀ ਅਗਵਾਈ ਵਿਚ ਪਸ਼ਤਾਤਾਪ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠੀ ਸਿੰਘਾਂ ਅਤੇ 25 ਟਾਸਕ ਫੋਰਸ ਸਿੰਘਾਂ ਨੂੰ ਦੀਵਾਨ ਹਾਲ ਵਿਚੋਂ ਬਾਹਰ ਕੱਢ ਕੇ ਅਖੰਡ ਪਾਠ 'ਤੇ ਕਬਜ਼ਾ ਕਰ ਲਿਆ। 28 ਅਗਸਤ, 2017 ਤਕ ਮਾਸਟਰ ਜੌਹਰ ਸਿੰਘ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਆਪਣਾ ਪੱਖ ਕਰਨ ਦੇ ਆਦੇਸ਼ ਦਿਤੇ ਸਨ। ਉਲਟ ਉਸ ਨੇ ਮਤਵਾਜ਼ੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਧਿਆਨ ਸਿੰਘ ਮੰਡ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਦਖ਼ਲ ਸਬੰਧੀ ਰਿਪੋਰਟ ਭੇਜ ਦਿਤੀ। ਇਵੇਂ ਟਕਰਾਅ ਦਾ ਰਸਤਾ ਅਪਣਾਇਆ।
ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਸੇਖਵਾਂ ਅਤੇ ਲੰਗਾਹ ਦੀ ਹਾਜ਼ਰੀ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਛੋਟਾ ਘਲੂਘਾਰਾ ਗੁਰਦਵਾਰਾ ਸਾਹਿਬ ਦੀ ਬੇਅਦਬੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਦੀ ਅਵਗਿਆ ਲਈ ਸ੍ਰ. ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਗੁੰਡਾਗਰਦ ਪੈਰੋਕਾਰਾਂ ਨੂੰ ਜੁਮੇਂਵਾਰ ਠਹਿਰਾਇਆ। ਬਾਜਵਾ ਸਾਹਿਬ ਦਾ ਆਪਣੇ ਸਾਥੀਆਂ ਨਾਲ ਐਸੇ ਮੌਕੇ ਗੁਰਦਵਾਰਾ ਸਾਹਿਬ ਜਾਣ ਦਾ ਕੀ ਮੰਤਵ ਸੀ? ਇਸੇ ਲਈ ਉਨ੍ਹਾਂ ਨੇ ਸ੍ਰ. ਬਾਜਵਾ ਅਤੇ ਉਨ੍ਹਾਂ ਦੇ ਬਾਹੂਬਲੀ ਪੈਰੋਕਾਰ ਬਲਵਿੰਦਰ ਸਿੰਘ ਭਿੰਦਾ ਨੂੰ ਸ਼੍ਰੀ ਅਕਾਲ ਤਖ਼ਤ 'ਤੇ ਬੁਲਾਉਣ ਦੀ ਮੰਗ ਕੀਤੀ।
ਮਾਝੇ ਦਾ ਇਲਾਕਾ ਪੰਜਾਬ ਦਾ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਗੁਰਦਵਾਰਾ ਸਾਹਿਬ ਨਾਲ ਸਬੰਧਿਤ ਹੈ। ਆਪਣੇ ਰਾਜਨੀਤਕ ਸੌੜੇ ਹਿੱਤਾਂ ਦੀ ਪੂਰਤੀ ਲਈ ਪ੍ਰਤਾਪ ਸਿੰਘ ਬਾਜਵਾ ਘਲੂਘਾਰਾ ਵਿਵਾਦ ਨੂੰ ਉਕਸਾਉਂਦਾ ਪਾਇਆ ਗਿਆ। ਇਸ ਮਸਲੇ ਨੂੰ ਲੈ ਕੇ ਮਾਝੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਸਫੋਟਿਕ ਬਣਾਉਣ ਦਾ ਯਤਨ ਕਰ ਰਿਹਾ ਹੈ। ਮਕਸਦ ਮੁੱਖ ਮੰਤਰੀ ਕੈਪਟਨ ਦੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਸਦੀ ਪ੍ਰਧਾਨਗੀ ਖੋਹਣ, ਉਸ ਨੂੰ ਕਮਜ਼ੋਰ ਕਰਨ ਅਤੇ ਨੁੱਕਰੇ ਲਾਉਣ ਵਿਚ ਕੋਈ ਕਸਰ ਨਹੀਂ ਸੀ ਛੱਡੀ।
ਜੇਕਰ ਘਲੂਕਾਰਾ ਗੁਰਦਵਾਰਾ ਸਾਹਿਬ ਅੰਦਰ ਵਿਭਚਾਰ ਕਰਦੇ ਪਕੜੇ ਗਏ ਸਕੱਤਰ ਅਤੇ ਬਦਚਲਣ ਔਰਤ ਵਿਰੁੱਧ ਤੁਰੰਤ ਪੁਲਿਸ ਕਾਰਵਾਈ ਹੋ ਜਾਂਦੀ ਤਾਂ ਅਜੋਕਾ ਵਿਵਾਦ ਪੈਦਾ ਨਾ ਹੁੰਦਾ।
ਇਹ ਗੁਰਦਵਾਰਾ ਅਤੇ ਸਥਾਨ ਬਹੁਤ ਭਾਰੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੈ। ਸੰਨ 1746 ਵਿਚ ਲਾਹੌਰ ਦੇ ਗਵਰਨਰ ਯਾਹੀਆ ਖਾਨ ਦੇ ਦੀਵਾਨ ਲਖ਼ਪਤ ਰਾਏ ਦੇ ਭਰਾ ਜਸਪਤ ਰਾਏ ਨੂੰ ਜੱਸਾ ਸਿੰਘ ਆਹਲੂਵਾਲੀਆ ਨੇ ਗੁਜਰਾਂਵਾਲਾ ਜ਼ਿਲ੍ਹੇ ਦੇ ਕਸਬੇ ਏਮਨਾਬਾਦ ਵਿਖੇ ਕਤੱਲ ਕਰ ਦਿਤਾ। ਉਸ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਸਿੱਖ ਜਥਿਆਂ ਨੂੰ ਕਾਹਨੂੰਵਾਨ ਦੇ ਛੰਬ ਵਿਚ ਘੇਰ ਲਿਆ। ਕਰੀਬ 11000 ਸਿੱਖ ਮਾਰ ਦਿਤੇ ਅਤੇ 3000 ਕੈਦ ਕਰ ਲਏ। ਇਹ ਸਿੱਖਾਂ ਦੀ ਪਹਿਲੀ ਵੱਡੀ ਨਸਲਕੁਸ਼ੀ ਸੀ। ਇਸ ਸਥਾਨ ਦਾ ਸਿੱਖ ਜੀਵਨ ਨਾਲ ਇਸੇ ਕਰਕੇ ਬਹੁਤ ਸੰਵੇਦਨਸ਼ੀਲ ਰਿਸ਼ਤਾ ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਇਸ ਦੇ ਵਿਕਾਸ ਲਈ ਇਸ ਸਬੰਧੀ ਯਾਦਗਾਰ ਤੇ ਕਰੋੜਾਂ ਰੁਪਏ ਲਗਾਏ। ਪਰ ਉਸ ਨੇ ਇਸ ਗੁਰਦਵਾਰੇ ਦਾ ਪ੍ਰਬੰਧ ਇਸ ਸਬੰਧੀ ਟਰੱਸਟ ਅਤੇ ਕਮੇਟੀ ਤੋਂ ਖੋਹਣ ਦਾ ਯਤਨ ਨਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਵਲੋਂ ਅਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 'ਤੇ ਅੱਖ ਰਖਦਿਆਂ ਜੋ ਵਿਕਾਸ ਕਾਰਜਾਂ ਦੀ ਝੜੀ ਲਗਾਈ ਸੀ, ਇੰਜ ਲਗਦਾ ਹੈ ਗੁਰਦਵਾਰਾ ਛੋਟਾ ਘਲੂਘਾਰਾ ਵਿਵਾਦ ਨੂੰ ਇਸ ਨੂੰ ਨਿਗਲ ਜਾਵੇਗਾ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਕੇਸ ਅਤੇ ਬਹਿਬਲ ਕਲਾਂ ਦੇ ਵੀਡੀਓ ਵਾਇਰਲ ਹੋਣ ਕਰਕੇ ਵਿਸਫੋਟਕ ਬਣੀ ਪਈ ਹੈ। ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਸ ਵਿਵਾਦ ਦਾ ਹੱਲ ਤੁਰੰਤ ਨਿੱਜੀ ਦਿਲਚਸਪੀ ਨਾਲ ਨਾ ਕੱਢਿਆ ਤਾਂ ਨਿਸ਼ਚਿਤ ਰੂਪ ਵਿਚ ਉਸਦਾ ਖਮਿਆਜ਼ਾ ਜ਼ਿਮਨੀ ਚੋਣ ਵਿਚ ਭੁਗਤਣਾ ਪਵੇਗਾ।
-
'ਦਰਬਾਰਾ ਸਿੰਘ ਕਾਹਲੋਂ', ਸਾਬਕਾ ਰਾਜ ਸੂਚਨਾ ਕਮਿਸ਼ਨਰ (ਪੰਜਾਬ)
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.