ਮਾਨਸਾ ਜ਼ਿਲ੍ਹੇ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹਰੀ ਸਿੰਘ ਪੰਚਕੂਲਾ ਵਿੱਚ ਹੋਈ ਹਿੰਸਾ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਉਹ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਦਾ ਪੱਕਾ ਭਗਤ ਸੀ। ਜਦੋਂ ਉਸ ਦੀ ਲਾਸ਼ ਪਿੰਡ ਵਿੱਚ ਲਿਆਂਦੀ ਗਈ ਤਾਂ ਉਸ ਦੇ ਪੁੱਤਰਾਂ ਨੇ ਡੇਰਾ ਪ੍ਰੇਮੀਆਂ ਨੂੰ ਸਾਫ ਤੌਰ 'ਤੇ ਕਹਿ ਦਿੱਤਾ ਕਿ ਉਨ੍ਹਾਂ ਦਾ ਡੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਤੋਂ ਭਾਈ ਜੀ ਨੂੰ ਬੁਲਾਇਆ। ਬਕਾਇਦਾ ਅਰਦਾਸ ਕਰਵਾਈ ਤੇ ਅੰਤਿਮ ਸਸਕਾਰ ਕਰ ਦਿੱਤਾ। ਇਹ ਘਟਨਾ ਤੋਂ ਕੀ ਪ੍ਰਭਾਵ ਮਿਲਦਾ ਹੈ, ਉਸ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ। ਹੁਣ ਜਦੋਂ ਸੌਦਾ ਸਾਧ ਨੂੰ ਬਲਾਤਕਾਰ ਦੇ ਦੋਸ਼ ਹੇਠ ਸਜ਼ਾ ਹੋ ਗਈ ਹੈ ਤਾਂ ਬਹੁਤ ਸਾਰੇ ਡੇਰਾ ਪ੍ਰੇਮੀਆਂ ਦੀ ਆਸਥਾ ਡਾਵਾਂਡੋਲ ਹੋ ਗਈ ਹੈ ਅਤੇ ਹੁਣ ਉਹ ਪੰਜਾਬ ਵਿੱਚ ਸਿੱਖਾਂ ਨਾਲ ਟਕਰਾਓ ਵਾਲੀ ਸਥਿਤੀ ਵਿੱਚ ਜੀਵਨ ਨਹੀਂ ਗੁਜ਼ਾਰਨਾ ਚਾਹੁੰਦੇ, ਇਸ ਲਈ ਉਹ ਇਸ ਕੋਸ਼ਿਸ਼ ਵਿੱਚ ਵੀ ਰਹਿਣਗੇ ਕਿ ਉਹ ਸਿੱਖਾਂ ਦੀ ਮੁੱਖ ਧਾਰਾ ਵਿੱਚ ਆ ਜਾਣ। ਅਸਲ ਗੱਲ ਤਾਂ ਇਹ ਹੈ ਕਿ ਇਸ ਡੇਰੇ ਦੇ ਜੋ ਪ੍ਰੇਮੀ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਗਰੀਬ ਅਤੇ ਦਲਿਤ ਸਮਾਜ ਨਾਲ ਸਬੰਧਤ ਹਨ ਤੇ ਮੂਲ ਰੂਪ ਵਿੱਚ ਉਹ ਸਿੱਖ ਹੀ ਹਨ। ਪਰ ਉਹ ਬਹੁਤ ਹੀ ਮਾੜਾ ਜੀਵਨ ਗੁਜ਼ਾਰ ਰਹੇ ਹਨ। ਡੇਰੇ ਵਿੱਚ ਉਨ੍ਹਾਂ ਨੂੰ ਕਾਫੀ ਸਹੂਲਤਾਂ ਵੀ ਮਿਲਦੀਆਂ ਰਹਿੰਦੀਆਂ ਹਨ। ਰਾਸ਼ਨ ਸਸਤਾ ਮਿਲਦਾ ਹੈ, ਡਾਕਟਰੀ ਇਲਾਜ ਵੀ ਮੁਫਤ ਹੋ ਜਾਂਦਾ ਹੈ ਅਤੇ ਸਮਾਜਿਕ ਤੌਰ 'ਤੇ ਵੀ ਸਮਾਨਤਾ ਦਾ ਅਹਿਸਾਸ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਅਜਿਹਾ ਲੱਗਦਾ ਹੀ ਨਹੀਂ ਕਿ ਡੇਰਾ ਮੁਖੀ ਕੋਈ ਗਲਤ ਕੰਮ ਕਰ ਸਕਦਾ ਹੈ। ਹਾਲਾਂਕਿ ਇਹ ਸਹੂਲਤਾਂ ਵੀ ਕਿਸੇ ਸੋਚੀ ਸਮਝੀ ਸਕੀਮ ਦਾ ਹਿੱਸਾ ਹਨ ਪਰ ਕਮਜ਼ੋਰ ਵਰਗ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ। ਉਨ੍ਹਾਂ ਨੂੰ ਡੇਰੇ ਵਲੋਂ ਕੁਝ ਸਹਾਰਾ ਮਿਲ ਜਾਂਦਾ ਹੈ ਤੇ ਡੇਰਾ ਮੁਖੀ ਇਨ੍ਹਾਂ ਗਰੀਬਾਂ ਦਾ ਸਿਆਸਤਦਾਨਾਂ ਤੋਂ ਮੁੱਲ ਵੱਟਦਾ ਹੈ। ਇਹੀ ਤਾਂ ਕਾਰਨ ਹੈ ਕਿ ਚੋਣਾਂ ਮੌਕੇ ਸਿਆਸਤਦਾਨ ਇਸ ਡੇਰੇ ਅੱਗੇ ਲਿਲੜੀਆਂ ਕੱਢਦੇ ਨਜ਼ਰ ਆਉਂਦੇ ਹਨ। ਸਿਆਸਤਦਾਨਾਂ ਤੋਂ ਇਸ ਡੇਰੇ ਨੂੰ ਵੱਡੀਆਂ ਸਹੂਲਤਾਂ ਮਿਲਦੀਆਂ ਹਨ। ਡੇਰੇ ਦਾ ਕਾਰੋਬਾਰ ਚੱਲਦਾ ਹੈ, ਸਰਕਾਰਾਂ ਡੇਰੇ ਦੇ ਹੱਥ ਵਿੱਚ ਰਹਿੰਦੀਆਂ ਹਨ। ਸਜ਼ਾ ਮਿਲਣ ਤੋਂ ਪਹਿਲਾਂ ਤੱਕ ਸੌਦਾ ਸਾਧ ਹਰਿਆਣਾ ਦੇ ਸਿਆਸਤਦਾਨਾਂ ਲਈ ਇਕ ਅਧਿਆਤਮਕ ਗੁਰੂ ਹੀ ਸੀ। ਉਹ ਉਸ ਅੱਗੇ ਨਤਮਸਤਕ ਹੁੰਦੇ ਦੇਖੇ ਜਾ ਸਕਦੇ ਹਨ।
ਸਿੱਖ ਸਿਧਾਂਤਾਂ ਅਨੁਸਾਰ ਭਾਵੇਂ ਇਸ ਵਿੱਚ ਜਾਤਪਾਤ ਨੂੰ ਸਥਾਨ ਨਹੀਂ ਹੈ ਪਰ ਹਾਲੇ ਵੀ ਸਿੱਖ ਸਮਾਜ ਜਾਤਪਾਤ ਦੇ ਬੰਧਨ ਵਿੱਚੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ। ਸਮਾਜਿਕ ਨਾਬਰਾਬਰੀ ਕਾਰਨ ਹੀ ਗਰੀਬ ਤਬਕਾ ਡੇਰਿਆਂ ਦੇ ਲੜ ਲੱਗਿਆ ਹੋਇਆ ਹੈ। ਅੱਗਿਓਂ ਅਫਸੋਸ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਕਥਿਤ ਉਚ ਜਾਤੀਆਂ ਅਤੇ ਗਰੀਬ ਤਬਕਿਆਂ ਵਿਚਾਲੇ ਟਕਰਾਓ ਵੀ ਹੁੰਦਾ ਰਹਿੰਦਾ ਹੈ। ਮਾਲਵੇ ਖੇਤਰ ਵਿੱਚ ਤਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਦਲਿਤਾਂ ਦਾ ਬਾਈਕਾਟ ਵੀ ਕੀਤਾ ਹੋਇਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਬਾਈਕਾਟ ਦੀਆਂ ਅਨਾਊਂਸਮੈਂਟਾਂ ਵੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਕੀਤੀਆਂ ਜਾਂਦੀਆਂ ਰਹੀਆਂ ਸਨ। ਇਹ ਜੋ ਸਮਾਜਿਕ ਨਫਰਤ ਹੈ ਉਹ ਗਰੀਬਾਂ ਅਤੇ ਦਲਿਤਾਂ ਨੂੰ ਸਿੱਖੀ ਤੋਂ ਦੂਰ ਲਿਜਾ ਰਹੀ ਹੈ। ਇਹੀ ਕਾਰਨ ਹੈ ਕਿ ਕਈ ਹੋਰ ਧਰਮਾਂ ਦੇ ਮਿਸ਼ਨਰੀ ਵੀ ਉਨ੍ਹਾਂ ਦੀ ਇਸ ਗਰੀਬੀ ਦਾ ਲਾਭ ਉਠਾ ਕੇ ਉਨ੍ਹਾਂ ਦੇ ਧਰਮ ਤਬਦੀਲ ਕਰਵਾ ਰਹੇ ਹਨ। ਅੱਜ ਜੋ ਸਥਿਤੀ ਬਣੀ ਹੈ ਉਸ ਬਾਰੇ ਸਿੱਖ ਜਥੇਬੰਦੀਆਂ ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਵਿਚਾਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਆਰਥਿਕ ਤੌਰ 'ਤੇ ਕਮਜ਼ੋਰ ਨਹੀਂ ਹੈ। ਉਨ੍ਹਾਂ ਨੂੰ ਮਾਲਵਾ ਖੇਤਰ ਵਿੱਚ ਗਰੀਬਾਂ ਲਈ ਸਕੂਲ ਅਤੇ ਹਸਪਤਾਲਾਂ ਦੇ ਬੰਦੋਬਸਤ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਕਮਜ਼ੋਰ ਵਰਗਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਉਹ ਇਨ੍ਹਾਂ ਡੇਰੇਦਾਰਾਂ ਦਾ ਖਹਿੜਾ ਛੱਡ ਫਿਰ ਤੋਂ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ। ਸਿੱਖ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਹੁਣ ਇਨ੍ਹਾਂ ਡੇਰਾ ਪ੍ਰੇਮੀਆਂ ਨਾਲ ਪਹਿਲਾਂ ਵਾਲੀ ਨਫਰਤ ਛੱਡ ਦੇਣ ਕਿਉਂਕਿ ਜੇਕਰ ਪਹਿਲਾਂ ਵਾਲਾ ਮਾਹੌਲ ਬਣਿਆ ਰਿਹਾ ਤਾਂ ਇਹ ਤਬਕਾ ਕਿਸੇ ਹੋਰ ਆਸਥਾ ਵਿੱਚ ਤਬਦੀਲ ਹੋ ਜਾਵੇਗਾ। ਜਦੋਂ ਡੇਰਾ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ ਇਕ ਸਵਾਂਗ ਰਚਾਇਆ ਸੀ ਉਸ ਤੋਂ ਪਹਿਲਾਂ ਤੱਕ ਡੇਰਾ ਪ੍ਰੇਮੀ ਭਾਵੇਂ ਡੇਰੇ ਵਿੱਚ ਵੀ ਜਾਂਦੇ ਸਨ ਪਰ ਵਿਆਹ ਸ਼ਾਦੀਆਂ ਜਾਂ ਹੋਰ ਵਿਵਹਾਰਾਂ ਦੇ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੀ ਟੇਕ ਲੈਂਦੇ ਸਨ ਪਰ ਜਦੋਂ ਟਕਰਾਓ ਵਧਿਆ ਤਾਂ ਡੇਰਾ ਪ੍ਰੇਮੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਗੁਰੂ ਗਰੰਥ ਸਾਹਿਬ ਵੀ ਮਿਲਣਾ ਬੰਦ ਹੋ ਗਿਆ ਤਾਂ ਉਹ ਡੇਰੇ ਦੇ ਸਿਧਾਂਤਾਂ ਅਨੁਸਾਰ ਚੱਲਣ ਲੱਗ ਪਏ ਸਨ। ਹੁਣ ਜਿਸ ਪ੍ਰਕਾਰ ਪ੍ਰਸਥਿਤੀਆਂ ਬਦਲੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਇਆਂ ਸਿੱਖਾਂ ਨੂੰ ਵੀ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ। ਹਾਈ ਕੋਰਟ ਦੇ ਹੁਕਮਾਂ ਉਤੇ ਹਰਿਆਣਾ ਵਿੱਚ ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਕੇਂਦਰ ਸਨ ਜਾਂ ਕਹਿ ਲਵੋ ਨਾਮ ਚਰਚਾ ਘਰ ਸਨ, ਸਭ ਨੂੰ ਸੀਲ ਕਰ ਦਿੱਤਾ ਹੈ।
ਸਿਰਸਾ ਦੇ ਵੱਡੇ ਡੇਰੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਅਜਿਹੇ ਵਿੱਚ ਡੇਰਾ ਪ੍ਰੇਮੀਆਂ ਵਿੱਚ ਵੀ ਡਰ ਦਾ ਮਾਹੌਲ ਹੈ। ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਤਾਂ ਆਪਣੀ ਪਹਿਚਾਣ ਡੇਰਾ ਪ੍ਰੇਮੀ ਤੋਂ ਬਦਲਣਾ ਚਾਹ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਇਆਂ ਲੋਕਾਂ ਨੇ ਗਲਾਂ ਵਿਚੋਂ ਬਾਬੇ ਦੇ ਲਾਕਟ ਵੀ ਤੋੜ ਕੇ ਸੁੱਟ ਦਿੱਤੇ ਹਨ। ਅਜਿਹੇ ਵਿੱਚ ਜਿਹੜੇ ਡੇਰਾ ਪ੍ਰੇਮੀ ਦੁਬਾਰਾ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਵਾਗਤ ਹੋਣਾ ਚਾਹੀਦਾ ਹੈ। ਇਸ ਸਬੰਧ ਵਿੱਚ ਸਿੱਖ ਸ਼ਖ਼ਸੀਅਤਾਂ ਵੱਲੋਂ ਅਪੀਲਾਂ ਵੀ ਆਉਣੀਆਂ ਚਾਹੀਦੀਆਂ ਹਨ ਅਤੇ ਪੁਰਾਣੀਆਂ ਰੰਜਿਸ਼ਾਂ ਭੁਲਾ ਕੇ ਨਵੀਂ ਸ਼ੁਰੂਆਤ ਹੋਣੀ ਚਾਹੀਦੀ ਹੈ।
ਮੋਬਾ. 9855508918
-
ਦਰਸ਼ਨ ਸਿੰਘ ਦਰਸ਼ਕ, ਲੇਖਕ
darshandarshak@gmail.com
9855508918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.