ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ, ਲੁਧਿਆਣਾ ਦੇ ਮੇਅਰ, ਐਮ.ਐਲ.ਏ. ਸ਼ਰਨਜੀਤ ਸਿੰਘ ਢਿੱਲੋਂ, ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਰਿਸ਼ਤੇਦਾਰ ਅਤੇ ਸਿਫਾਰਸ਼ੀ ਹਨ। ਦੋ ਐਸ.ਡੀ.ਓ. ਅਤੇ ਤਿੰਨ ਜੂਨੀਅਰ ਇੰਜੀਨੀਅਰ ਤਾਂ ਇਹੋ ਜਿਹੇ ਹਨ ਜਿਹਨਾ ਦੀ ਯੋਗਤਾ ਵੀ ਪੋਸਟ ਲਈ ਪੂਰੀ ਨਹੀਂ ਹੈ। ਇਸਦੇ ਬਾਵਜੂਦ ਵੀ ਉਹ ਧੜੱਲੇ ਨਾਲ ਨੌਕਰੀ ਕਰ ਰਹੇ ਹਨ। ਖ਼ਬਰ ਹੈ ਕਿ ਇਹਨਾ ਮੁਲਾਜ਼ਮਾਂ ਦੀ ਭਰਤੀ ਲਈ ਕੋਈ ਵੀ ਇੰਟਰਵੀਊ ਨਹੀਂ ਸੀ ਲਈ ਗਈ ਅਤੇ ਨਾ ਹੀ ਉਹਨਾ ਦਾ ਨਾਮ ਰੁਜ਼ਗਾਰ ਦਫ਼ਤਰ ਵਿੱਚ ਮੌਜੂਦ ਹੈ। ਇਹ ਖੁਲਾਸਾ ਸੂਚਨਾ ਅਧਿਕਾਰ ਅਧੀਨ ਕਿਸੇ ਹਿਤੈਸ਼ੀ ਨੇ ਕੀਤਾ ਹੈ।
ਇੱਕ ਕਵੀ ਲਿਖਦੈ, "ਭ੍ਰਿਸ਼ਟਾਚਾਰ ਨੇ ਪੋਲਾ ਹੈ ਦੇਸ਼ ਕੀਤਾ, ਢੋਰਾ ਕਰੇ ਪੋਲਾ ਜੀਕੂੰ ਛੋਲਿਆਂ ਨੂੰ। ਜੀਹਦਾ ਦਾਅ ਲੱਗਦਾ, ਲਾਈ ਜਾ ਰਿਹਾ ਏ, ਛੱਡ ਸ਼ਰਮ ਹਯਾ ਤੇ ਓਹਲਿਆਂ ਨੂੰ"। ਇਥੇ ਤਾਂ ਜਿਧਰ ਵੇਖੋ, ਭ੍ਰਿਸ਼ਟਾਚਾਰ-ਬੇਇਨਸਾਫੀ। ਜਿਧਰ ਵੇਖੋਂ, ਭੁੱਖ-ਗਰੀਬੀ। ਜਿਧਰ ਵੇਖੋ, ਦੁੱਖ-ਮੁਸੀਬਤਾਂ। ਜਿਧਰ ਵੇਖੋ, ਨਸ਼ੇ-ਮਾਫੀਆ, ਲੁੱਟ-ਖਸੁੱਟ! ਉਂਜ ਭਾਈ ਇੱਕ ਨੂੰ ਕੀ ਰੋਂਦੇ ਹੋ, ਇਥੇ ਤਾਂ ਆਵਾ ਹੀ ਊਤਿਆ ਪਿਆ। ਇੱਟ ਚੁੱਕਿਆਂ, ਇਥੇ ਨੇਤਾ ਮਿਲਦਾ। ਦੂਜੀ ਇੱਟ ਚੁੱਕਿਆਂ ਇਥੇ ਨੇਤਾ ਦਾ ਦਲਾਲ ਮਿਲਦਾ। ਜਦੋਂ ਯੁੱਗ ਦਲਾਲੀ ਦਾ ਹੋਵੇ, ਫਿਰ ਯੋਗਤਾ ਦਾ ਕੀ ਮੁੱਲ? ਯੋਗਤਾ ਚਾਹੀਦੀ ਆ, ਨੇਤਾ ਦੀ ਰਿਸ਼ਤੇਦਾਰੀ। ਯੋਗਤਾ ਚਾਹੀਦੀ ਆ, ਨੇਤਾ ਦੀ ਚਾਪਲੂਸੀ। ਯੋਗਤਾ ਚਾਹੀਦੀ ਆ, ਧੰਨ ਖਰਚਣ ਦੀ। ਉਂਜ ਵੇਖੋ ਆਪਣੇ ਇਹਨਾ ਨੇਕਾਂ ਦਾ ਕਾਰਾ, ਮਾਲ ਯਤੀਮਾਂ ਦਾ ਖਾ ਗਏ ਸਾਰਾ। ਕਿਉਂਕਿ ਭਾਈ ਹਿੰਦੋਸਤਾਨ ਦੀ ਜਨਤਾ ਯਤੀਮ ਆ, ਜੀਹਦਾ ਬਾਲੀ-ਵਾਰਸ ਹੀ ਕੋਈ ਨਾ। ਨਾ ਕੋਈ ਸਮਾਜ ਸੁਧਾਰਕ! ਨਾ ਕੋਈ ਕਵੀ, ਵਿਦਵਾਨ ਅਤੇ ਹੁਣ ਤਾਂ ਇੰਜ ਵੀ ਲੱਗਣ ਲੱਗ ਪਿਆ ਹੈ ਕਿ ਹੁਣ ਤਾਂ ਦੁਨੀਆ ਦਾ ਰਚੇਤਾ ਵੀ ਬਾਲੀਵਾਰਸ ਨਹੀਂ ਰਿਹਾ ਇਹਨਾ ਯਤੀਮਾਂ ਦਾ।
ਆਓ ਦੇਸ਼ ਨੂੰ ਖੰਡ ਖੰਡ ਕਰੀਏ
ਖ਼ਬਰ ਹੈ ਕਿ ਯੂ.ਪੀ. ਦੇ ਗੋਰਖਪੁਰ ਵਿੱਚ ਸਰਕਾਰੀ ਹਸਪਤਾਲ ਵਿਚ 30 ਬੱਚੇ ਖੂਨ ਦੀ ਕਮੀ, ਦਮ ਘੁੱਟਣ ਨਾਲ ਇਕੋ ਵੇਲੇ ਮਾਰੇ ਗਏ। ਪਰ ਸੁਨਣ ਵਿੱਚ ਆਉਂਦਾ ਹੈ ਕਿ ਇਹ ਗਿਣਤੀ 45 ਜਾਂ 70 ਬੱਚਿਆਂ ਤੱਕ ਦੀ ਵੀ ਹੋ ਸਕਦੀ ਹੈ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਬਖਸ਼ਣਗੇ ਨਹੀਂ, ਉਹਨਾ ਕਿਹਾ ਕਿ ਮੌਤਾਂ ਆਕਸੀਜਨ ਦੀ ਕਮੀ ਨਾਲ ਨਹੀਂ ਹੋਈਆਂ ਜਦਕਿ ਇਕ ਦਿਨ ਪਹਿਲਾ ਰਿਪੋਰਟ ਛਾਪੀ ਸੀ ਕਿ ਮੌਤਾਂ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਹੋਈਆਂ ਹਨ। ਸਰਕਾਰ ਨੇ 68 ਲੱਖ ਰੁਪਏ ਗੈਸ ਏਜੰਸੀ ਦੇ ਦੇਣੇ ਸਨ ਪਰ ਸਰਕਾਰ ਦੇ ਨਹੀਂ ਸੀ ਰਹੀ ਤੇ ਕੰਪਨੀ ਨੇ ਗੈਸ ਸਪਲਾਈ ਬੰਦ ਕਰ ਦਿੱਤੀ। ਯਾਦ ਰਹੇ ਕਿ ਮਰਨ ਵਾਲੇ ਬੱਚਿਆਂ ਵਿੱਚ 17 ਬੱਚੇ ਇਹੋ ਜਿਹੇ ਸਨ, ਜਿਹਨਾ ਦੀ ਉਮਰ ਹਾਲੀ 15 ਜਾਂ 17 ਦਿਨ ਸੀ ਅਤੇ ਉਹਨਾ ਦਾ ਨਾਮਕਰਨ ਵੀ ਨਹੀਂ ਸੀ ਹੋਇਆ। ਖ਼ਬਰ ਹੈ ਕਿ ਜਾਂਚ ਜਾਰੀ ਹੈ ਸਰਕਾਰੀ ਤੌਰ ਤੇ ਪਰ ਕਾਰਵਾਈ ਕੋਈ ਨਹੀਂ ਹੋ ਰਹੀ।
ਜੋ ਸ਼ਾਸ਼ਕ ਦੋਸ਼ੀਆਂ ਨੂੰ ਦੰਡ ਨਹੀਂ ਦਿੰਦਾ, ਬਾਅਦ ਵਿੱਚ ਉਹੀ ਦੰਡ ਭੁਗਤਦਾ ਹੈ ਵਾਲੀ ਗੱਲ ਵੀ ਭਾਈ ਹੁਣ ਖ਼ਤਮ ਸਮਝੋ ਅਖੰਡ ਭਾਰਤ ਵਿੱਚ ਇਥੇ ਜੇ ਰਹਿਣਾ ਹੈ ਬੰਦੇ ਮਾਤਰਮ ਕਹਿਣਾ ਹੈ! ਇਥੇ ਤਾਂ ਇੱਕ ਦੇਸ਼ ਹੈ ਇਕ ਟੈਕਸ ਹੈ। ਇਥੇ ਤਾਂ ਇੱਕ ਦੇਸ਼ ਹੈ ਇਕੋ ਸਭਿਆਚਾਰ ਦੀ ਗੱਲ ਹੋ ਰਹੀ ਹੈ। ਇਥੇ ਤਾਂ ਇੱਕ ਸ਼ਾਸ਼ਕ ਹੈ, ਬਾਕੀ ਸਾਰੇ ਘਟਾਉ ਹੋਏ ਪਏ ਹਨ। ਇਥੇ ਯੋਗੀ ਸ਼ਾਸ਼ਕ ਹਨ ਜਿਹੜੇ ਦਿਨ ਰਾਤ ਯੋਗ ਕਰਦੇ ਹਨ। ਉਪਰਲੇ ਦੀ ਮਹਿੰਮਾਂ ਗਾਉਂਦੇ ਹਨ। ਭਗਤਾਂ ਨੂੰ ਪ੍ਰਸ਼ਾਦ ਦਿੰਦੇ ਹਨ। ਅੱਖਾਂ ਮੀਟ ਕੇ ਸਮਾਧੀ ਲਾਉਂਦੇ ਹਨ। ਆਲੇ ਦੁਆਲੇ ਕੀ ਵਾਪਰ ਰਿਹਾ, ਇਸ ਤੋਂ ਕੰਨੀ ਕਤਰਾਉਂਦੇ ਹਨ। ਤਦੇ ਤਾਂ ਲੋਕ ਆਖਦੇ ਹਨ ਇਹ ਸ਼ਾਸ਼ਕ ਨਹੀਂ, ਭਾਸ਼ਕ ਹਨ। ਭਾਸ਼ਨ ਦਿੰਦੇ ਹਨ। ਆਪ ਰੋਂਦੇ ਹਨ। ਲੋਕਾਂ ਨੂੰ ਰੁਆਉਂਦੇ ਹਨ। ਫਿਰ ਆਪੋ-ਆਪਣੀਆਂ "ਝੂਗੀਆਂ" 'ਚ ਵੜ ਆਰਾਮ ਫਰਮਾਉਂਦੇ ਹਨ। ਕੋਈ ਮਰੇ , ਕੋਈ ਜੀਵੇ, ਇਹਨਾ ਨੂੰ ਕੀ! ਇਹਨਾ ਅਨੁਸਾਰ ਜਿੰਨੀ ਮਨੁੱਖ ਦੀ ਲਿਖੀ ਹੋਈ ਆ ਉਪਰਲੇ ਨੇ, ਉਹੀ ਭੋਗਣੀ ਆ, ਮਨੁੱਖ ਨੇ, ਸ਼ਾਸ਼ਕ ਕੀ ਕਰ ਸਕਦੇ ਹਾਂ? ਭਾਸ਼ਕ ਕੀ ਕਰ ਸਕਦੇ ਆ? ਉਹਨਾ ਜੁੰਮੇ ਤਾਂ ਇਹੋ ਕੰਮ ਲਾਇਆ ਮੋਦੀ-ਸ਼ਾਹ ਨੇ ਆ ਦੇਸ਼ ਨੂੰ ਖੰਡ-ਖੰਡ ਕਰੀਏ, ਸਦਾਚਾਰ ਇਖਲਾਕ ਵੱਲ ਕੰਡ ਕਰੀਏ"। ਤੇ ਆਪਣੇ ਯੋਗੀ ਜੀ ਇਹੋ ਫਰਜ਼ ਨਿਭਾ ਰਹੇ ਆ।
ਨਸ਼ੇ ਜਵਾਨੀ, ਨਸ਼ਿਓਂ ਹਰ ਗਏ, ਮਾਵਾਂ ਜਿੰਦਾ, ਪੁੱਤਰ ਮਰ ਗਏ
ਖ਼ਬਰ ਹੈ ਕਿ ਬਾਵਜੂਦ ਛੋਟੇ ਮੋਟੇ ਨਸ਼ਾ ਤਸਕਰ ਫੜੇ ਜਾਣ ਦੇ, ਪੰਜਾਬ ਵਿਚੋਂ ਨਸ਼ੇ ਮੁੱਕ ਨਹੀਂ ਰਹੇ ਤੇ ਇਹ ਵੀ ਖ਼ਬਰ ਹੈ ਕਿ ਸਰਕਾਰੀ ਏਅਰ ਲਾਈਨ ਏਅਰ ਇੰਡੀਆ ਦੇ ਇਕ ਅਮਲਾ ਮੈਂਬਰ ਨੂੰ ਕਸਟਮਜ਼ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਦੋਸ਼ ਹੇਠ ਕਾਬੂ ਕੀਤਾ। ਏਅਰ ਇੰਡੀਆ ਦੀ ਉਡਾਣ ਦੀ ਖਾਣਾ ਲੈ ਜਾਣ ਵਾਲੀ ਰੇਹੜੀ ਵਿਚੋਂ ਤਕਰੀਬਨ ਦੋ ਕਿਲੋ ਗਾਜਾਂ ਇੱਕ ਅਮਲਾ ਮੈਂਬਰ ਕੋਲੋ ਫੜਿਆ ਗਿਆ ਹੈ। ਉਧਰ ਕੈਨੇਡਾ ਦੇ ਬਰੈਂਪਟਨ ਦੇ ਹਰਿੰਦਰ ਧਾਲੀਵਾਲ ਨੂੰ ਨਸ਼ਾ ਤਸਕਰੀ ਦੇ ਪੁਰਾਣੇ ਕੇਸ ਤਹਿਤ ਅਮਰੀਕਾ ਵਿਚ 20 ਸਾਲ ਕੈਦ ਦੀ ਸਜਾ ਸੁਣਾਈ ਹੈ। ਉਸ 'ਤੇ 1300 ਮਿਲੀਅਨ ਡਾਲਰਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਸਾਬਤ ਹੋਏ ਹਨ। ਉਧਰ ਪੰਜਾਬ ਬਾਰੇ ਇੱਕ ਰਿਪੋਰਟ ਛੱਪੀ ਹੈ ਕਿ ਪੰਜਾਬ ਹੁਣ ਸ਼ਰਾਬ ਨਾਲੋਂ ਵੱਧ "ਚਿੱਟੇ" ਦਾ ਸ਼ਿਕਾਰ ਹੈ, ਜਿਸ ਨਾਲ ਵੱਡੀ ਗਿਣਤੀ ਨੌਜਵਾਨ ਮਰ ਰਹੇ ਹਨ।
ਐ ਹਾਕਮ! ਪੰਜਾਬ ਦਾ ਵਿਰਲਾਪ ਸੁਣ! ਕੰਨੋ ਬੋਲੇ ਹਾਕਮਾਂ! ਮਾਂ ਦਾ ਵਿਰਲਾਪ ਸੁਣ। ਜਿਹਦਾ ਚੌਪਟ ਘਰ ਹੋਇਆ, ਚੌਪਟ ਬਾਰ ਹੋਇਆ, ਉਸਦਾ ਮਾਂ ਦਾ ਵਿਰਲਾਪ ਸੁਣ। ਐ ਹਾਕਮ! ਪੰਜਾਬ ਦੀ ਜਵਾਨੀ ਨਸ਼ਿਆ ਖਾ ਲਈ। ਪੰਜਾਬ ਦੀ ਕਿਰਸਾਨੀ ਖਾਦਾਂ, ਬੀਜਾਂ, ਕੀਟਨਾਸ਼ਕਾਂ ਖਾ ਲਈ। ਐ ਹਾਕਮ! ਰਤਾ ਵਿਹਲ ਕੱਢ ਤੇ ਵੇਖ ਇਧਰ ਮਾਰ ਝਾਤੀ, ਉਧਰ ਮਾਰ ਝਾਤੀ। ਸ਼ਹਿਰਾਂ ਵਿਚ ਹਨੇਰ ਨੇ ਝੁਲੇ, ਨੌਜਵਾਨਾਂ ਦੇ ਲਹੂ ਫਰਸ਼ੀਂ ਡੁਲ੍ਹੇ। ਗਲੀਆਂ ਦੇ ਵਿਚ ਫਿਰੇ ਉਦਾਸੀ, ਫੇਰਾ ਲਾ ਗਈ ਮੌਤ ਦੀ ਮਾਸੀ। ਪਰ ਤੇਰੇ ਵਿਹੜੇ ਐ ਹਾਕਮਾਂ ਕਿਉਂ ਹਰ ਵੇਲੇ ਰਹੇ ਚਹਿਲ-ਪਹਿਲ? ਰਤਾ ਕੁ ਤਾਂ ਵੇਖ , ਐ ਹਾਕਮ! ਰਤਾ ਕੁ ਵਿਹਲ ਕੱਢ ਤੇ ਵੇਖ ਕਿ ਸੋਹਣੇ ਪੰਜਾਬ 'ਚ "ਨਸ਼ੇ ਜਵਾਨੀ ਨਸ਼ਿਓਂ ਹਰ ਗਏ, ਮਾਵਾਂ ਜਿੰਦਾ, ਪੁੱਤਰ ਮਰ ਗਏ! ਐ ਹਾਕਮ! ਹੁਣ ਮਾਂ ਦੀ ਅਰਥੀ ਨੂੰ ਮੋਢਾ ਕੌਣ ਦਊ! ਐ ਹਾਕਮ! ਰਤਾ ਕੁ ਤਾਂ ਸੋਚ"!!!
ਭੁੱਖ ਨੰਗ ਮੈਨੂੰ ਜਿਉਣ ਨਹੀਂ ਦਿੰਦੀ
ਖ਼ਬਰ ਹੈ ਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫੀਸਦੀ ਆਬਾਦੀ ਦੇ ਬਰਾਬਰ ਦੀ ਦੌਲਤ ਹੈ ਅਤੇ ਭਾਰਤ ਦੇ ਇਕ ਫੀਸਦੀ ਅਰਬਪਤੀ ਦੇਸ਼ ਦੀ 58 ਫੀਸਦੀ ਦੌਲਤ 'ਤੇ ਕਾਬਜ ਹਨ। ਦੇਸ਼ ਦੀ ਕੁਲ 3.2 ਲੱਖ ਕਰੋੜ ਡਾਲਰ ਦੀ ਪੂੰਜੀ 'ਚੋਂ 1.30 ਲੱਖ ਕਰੋੜ ਡਾਲਰ ਦਾ ਇੱਕਲਾ ਮੁਕੇਸ਼ ਅੰਬਾਨੀ ਮਾਲਕ ਹੈ। ਸਾਡੇ ਦੇਸ਼ ਦੀ ਜਿਆਦਾ ਆਬਾਦੀ ਗਰੀਬੀ ਤੋਂ ਪੀੜਤ ਹੈ। ਪੇਟ ਦੀ ਅੱਗ ਬੁਝਾਉਣ ਲਈ ਲੋਕ ਖ਼ੂਨ, ਸਰੀਰ ਦੇ ਅੰਗ ਵੇਚਣ ਤੱਕ ਮਜ਼ਬੂਰ ਹਨ। ਛੋਟੇ ਬੱਚੇ ਸਕੂਲ ਜਾਣ ਦੀ ਉਮਰੇ ਮਜ਼ਦੂਰੀ ਕਰਦੇ ਹਨ। ਇਹਨਾ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਗਰੀਬੀ ਹੈ।
ਬਥੇਰਾ ਸਾਰੇ ਧਰਮਾਂ ਨੇ ਗਰੀਬੀ ਨੂੰ ਸਲਾਹਿਆ ਹੈ। ਬਥੇਰਾ ਆਖਿਆ ਕਿ ਬਹੁਤੇ ਪੈਸੇ ਭਲਾ ਕੀ ਕਰਨੇ ਆ, ਰੋਟੀ ਦੇ ਦੋ ਟੁੱਕੜੇ ਹੀ ਖਾਣੇ ਆ ਢਿੱਡ ਨੂੰ ਝੁਲਕਾ ਦੇਣ ਲਈ। ਪਰ ਭਾਈ ਬੜੀਆਂ ਹੀ ਲੋੜਾਂ ਨੇ। ਹੈ ਕਿ ਨਾ? ਪੁੱਤ ਧੀਆਂ ਪੜ੍ਹਾਉਣੇ ਤੇ ਵਿਆਹੁਣੇ। ਨਾਨਕੀ ਛੱਕ ਦੇਣੀ। ਰੁੱਸੀ ਭੈਣ ਰੱਖੜੀ ਤੇ ਮਨਾਉਣੀ। ਘਰ ਦੇ ਭੜੋਲੇ ਭਰਕੇ ਰੱਖਣੇ । ਪਾਟੇ ਪੁਰਾਣੇ ਲੇਫ ਮੁੜ ਸੁਆਉਣੇ। ਚੋਂਦੇ ਕੋਠੇ ਚੋਣੋਂ ਹਟਾਉਣੇ। ਘਰ 'ਚ ਆਟਾ, ਦਾਲ, ਘਿਉ ਵਸਾਰ, ਚਾਹ ਪੱਤੀ ਦਾ ਪ੍ਰਬੰਧ ਕਰਨਾ। ਪਰ ਪੈਸੇ ਬਿਨਾਂ ਭਾਈ ਡੰਗ ਕਿਥੋਂ ਸਰੇ?
ਭੁੱਖ ਨੰਗ ਦਾ ਮਾਰਿਆ ਬੰਦਾ ਆਖਰ ਕਰੇ ਤਾਂ ਕੀ ਕਰੇ? ਕਿਵੇਂ ਜੀਵੇ, ਕਿਵੇਂ ਮਰੇ? ਕਿਵੇਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰੇ? ਤਦੇ ਤਾਂ ਬੰਦਾ ਆਂਹਦਾ, "ਭੁੱਖ ਨੰਗ ਮੈਨੂੰ ਜਿਉਣ ਨਹੀਂ ਦਿੰਦੀ ਨਿਜੜੀ ਕੱਪੜੇ ਸਿਉਣ ਨਹੀਂ ਦਿੰਦੀ"। ਜੀਉਂਦਿਆਂ ਹੀ ਉਹਨੂੰ ਤਦੇ ਫਿਕਰ ਰਹਿੰਦਾ ਕਿ ਚਾਰ ਮਣ ਲੱਕੜ ਤੇ ਢਾਈ ਗਜ ਖੱਫਣ ਵੀ ਉਹਨੂੰ ਮਿਲੇਗਾ ਕਿ ਨਹੀਂ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· 1947 ਵਿੱਚ 88 ਫੀਸਦੀ ਭਾਰਤੀ ਅਨਪੜ੍ਹ ਸਨ, ਅਤੇ ਪ੍ਰਤੀ ਵਿਅਕਤੀ ਆਮਦਨ 247 ਰੁਪਏ ਸੀ ਅਤੇ ਔਸਤ ਉਮਰ 32 ਸਾਲ ਸੀ। ਹੁਣ 74 ਫੀਸਦੀ ਅਬਾਦੀ ਪੜ੍ਹੀ ਲਿਖੀ ਹੈ, ਪ੍ਰਤੀ ਵਿਅਕਤੀ ਆਮਦਨ 1,03,214 ਰੁਪਏ ਹੈ ਅਤੇ ਔਸਤ ਉਮਰ 68.77 ਸਾਲ ਹੈ।
· ਦੇਸ਼ ਵਿੱਚ ਹਾਲੀ ਵੀ 25 ਫੀਸਦੀ ਪੇਂਡੂ ਅਬਾਦੀ ਤੱਕ ਬਿਜਲੀ ਨਹੀਂ ਪਹੁੰਚੀ ਹੋਈ।
· ਪੰਡਿਤ ਨਹਿਰੂ 1950 ਦੇ ਸਾਲ ਵਿਚ ਉਦਯੋਗਿਕ ਕਰਾਂਤੀ ਦਾ ਆਰੰਭ ਕੀਤਾ, ਉਸਤੋਂ ਤਿੰਨ ਦਹਾਕੇ ਬਾਅਦ ਰਾਜੀਵ ਗਾਂਧੀ ਨੇ ਸੂਚਨਾ ਤੇ ਸੰਚਾਰ ਕ੍ਰਾਂਤੀ ਦਾ ਆਰੰਭ ਕੀਤਾ ਅਤੇ ਉਸ ਤੋਂ ਤਿੰਨ ਦਹਾਕੇ ਬਾਅਦ ਮੋਦੀ ਨੇ ਡਿਜ਼ੀਟਲ ਰੂਪਾਂਤਰਣ ਦੀ ਕ੍ਰਾਂਤੀ ਦਾ ਸੰਚਾਲਨ ਦਾ ਆਰੰਭ ਕੀਤਾ ਹੈ।
ਇੱਕ ਵਿਚਾਰ
ਤੁਸੀਂ ਮੈਨੂੰ ਜੰਜੀਰਾਂ ਵਿੱਚ ਜਕੜ ਸਕਦੇ ਹੋ, ਲੇਕਿਨ ਤੁਸੀ ਕਦੀ ਮੇਰੇ ਮਾਨਸ ਨੂੰ ਕੈਦ ਨਹੀਂ ਕਰ ਸਕਦੇ.........ਮਹਾਤਮਾ ਗਾਂਧੀ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.