ਵਰਿੰਦਰ ਸ਼ਰਮਾ ਪਿਛਲੇ ਦਿਨੀਂ ਪੰਜਾਬ ਆਏ। ਉਹ ਪੰਜਾਬ ਦੇ ਮੁੱਖ ਮੰਤਰੀ ਸ: ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਉਹਨਾ ਨਾਲ ਇੰਡੋ-ਬ੍ਰਿਟਿਸ਼ ਸਬੰਧਾਂ ਪ੍ਰਤੀ ਚਰਚਾ ਕੀਤੀ। ਉਹਨਾ ਨੇ ਪੰਜਾਬ ਦੇ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਫਗਵਾੜਾ ਸ਼ਹਿਰ ਦੀ ਫੇਰੀ ਦੌਰਾਨ ਉਹਨਾ ਨੂੰ ਸ਼ਹਿਰੀਆਂ ਵਲੋਂ ਸਨਮਾਨ ਦਿਤਾ ਗਿਆ। ਦੁਆਬਾ ਖਿੱਤੇ ਦੇ ਹੋਰ ਸ਼ਹਿਰਾਂ ਵਿੱਚ ਵੀ ਗਏ ਅਤੇ ਦੋਸਤਾਂ ਮਿੱਤਰਾਂ ਨਾਲ ਮਿਲੇ। ਇਸੇ ਦੌਰਾਨ ਉਹਨਾ ਨਾਲ ਉਹ ਗੱਲਬਾਤ ਕਰਨ ਦਾ ਮੌਕਾ ਮਿਲਿਆ। -(ਗੁਰਮੀਤ ਪਲਾਹੀ)
ਉਹਨਾ ਦੱਸਿਆ ਕਿ ਉਹ ਫਗਵਾੜਾ ਦੇ ਨਜ਼ਦੀਕੀ ਪਿੰਡ ਮੰਢਾਲੀ ਦੇ ਰਹਿਣ ਵਾਲੇ ਹਨ। ਸਾਲ 1968 ਵਿੱਚ ਉਹ ਬਰਤਾਨੀਆ ਗਏ। ਉਹਨਾ ਦਾ ਵਿਆਹ ਨਿਰਮਲਾ ਨਾਲ ਹੋਇਆ, ਜੋ ਫਗਵਾੜਾ ਦੇ ਲਾਗਲੇ ਪਿੰਡ ਭਾਣੌਕੀ ਦੇ ਰਹਿਣ ਵਾਲੇ ਹਨ ਅਤੇ ਉਸ ਸਮੇਂ ਬਰਤਾਨੀਆ 'ਚ ਰਹਿੰਦੇ ਸਨ। ਰੋਜ਼ੀ, ਰੋਟੀ ਲਈ ਉਹਨਾ, ਬਸ ਕੰਡਕਟਰੀ ਕੀਤੀ, ਟਰੇਡ ਯੂਨੀਅਨ ਸਰਗਰਮੀਆਂ 'ਚ ਹਿੱਸਾ ਲਿਆ। ਬਰਤਾਨੀਆ ਦੀ ਸਿਆਸਤ ਨੂੰ ਸਮਝਿਆ। ਪਹਿਲਾਂ ਉਥੋਂ ਦੀ ਲਿਬਰਲ ਪਾਰਟੀ 'ਚ ਅਤੇ ਫਿਰ ਲੇਬਰ ਪਾਰਟੀ 'ਚ ਸ਼ਾਮਲ ਹੋ ਗਏ। ਸਾਲ 2007 'ਚ ਉਹਨਾ ਬਰਤਾਨੀਆ ਦੇ ਐਮ.ਪੀ. ਦੀ ਚੋਣ ਲੜੀ ਅਤੇ ਜਿੱਤੀ। ਉਹ ਚਾਰ ਵੇਰ ਬਰਤਾਨੀਆ ਦੇ ਐਮ.ਪੀ. ਬਣ ਚੁੱਕੇ ਹਨ। ਉਹਨਾ ਕਿਹਾ ਕਿ ਬਰਤਾਨੀਆ 'ਚ ਸਿਆਸਤ ਪੈਸਾ ਕਮਾਉਣ ਦਾ ਸਾਧਨ ਨਹੀਂ, ਸੇਵਾ ਦਾ ਕੰਮ ਹੈ, ਜਦਕਿ ਭਾਰਤ 'ਚ ਬਹੁਤੇ ਲੋਕ ਸਿਆਸਤ ਵਿੱਚ ਪੈਸਾ ਕਮਾਉਣ ਅਤੇ ਤਾਕਤ ਹਥਿਆਉਣ ਲਈ ਆਉਂਦੇ ਹਨ ਅਤੇ ਉਸਦੀ ਦੁਰਵਰਤੋਂ ਕਰਦੇ ਹਨ। ਤਦੇ ਭਾਰਤੀ ਪਾਰਲੀਮੈਂਟ ਵਿੱਚ ਮੁਜ਼ਰਮਾਨਾ ਪਿਛੋਕੜ ਵਾਲੇ ਲੋਕਾਂ ਦੀ ਵੱਡੀ ਗਿਣਤੀ ਹੈ, ਜਿਹੜੇ ਧੱਕੇ-ਧੌਂਸ ਦੀ ਸਿਆਸਤ ਕਰਕੇ ਪੈਸੇ ਨਾਲ ਵੋਟਾਂ ਵਟੋਰਦੇ ਹਨ, ਪਰ ਇਹ ਵਰਤਾਰਾ ਬਰਤਾਨੀਆ ਵਿੱਚ ਨਹੀਂ ਹੈ।
ਉਹਨਾ ਕਿਹਾ ਕਿ ਮੈਂ ਆਪਣੇ ਪਿਤਾ ਸ਼੍ਰੀ ਲੇਖ ਰਾਜ ਜੋ ਪੰਜਾਬ ਦੇ ਉਘੇ ਕਾਂਗਰਸੀ ਨੇਤਾ ਸਨ ਨੂੰ ਸਮਾਜਿਕ ਅਤੇ ਸਿਆਸੀ ਗੁਰੂ ਮੰਨਦਾ ਹਾਂ, ਜਿਹਨਾ ਮੈਨੂੰ ਸਿਆਸਤ ਦੇ ਗੁਰ ਸਿਖਾਏ ਅਤੇ ਆਪਣੀ ਮਾਤਾ ਦੇ ਪਾਏ ਆਦਰਸ਼ਾਂ ਨੂੰ ਨਮਸਕਾਰ ਕਰਦਾ ਹਾਂ ਜਿਹਨਾ ਮੈਨੂੰ ਇਮਾਨਦਾਰੀ, ਸੰਜਮ, ਸੰਤੋਖ, ਲੋਕਾਂ ਨਾਲ ਮੇਲ-ਮਿਲਾਪ ਰੱਖਣ ਅਤੇ ਕੰਮ ਬਦਲੇ ਅਹਿਸਾਨ ਨਾ ਮੰਨਣ ਦਾ ਸਬਕ ਪੜ੍ਹਾਇਆ। ਉਹਨਾ ਕਿਹਾ ਕਿ ਉਹ ਵੀ ਸਤਰਵਿਆਂ 'ਚ ਭਾਰਤ ਦੀ ਗਰੀਬੀ, ਬੇਰੁਜ਼ਗਾਰੀ ਵਾਲੀਆ ਹਾਲਤਾਂ ਤੋਂ ਡਰਦੇ ਅੱਛੀ ਜ਼ਿੰਦਗੀ ਜੀਊਣ ਦੀ ਖਾਤਰ ਬਰਤਾਨੀਆ ਗਏ। ਜਿਥੇ ਜਾਕੇ ਉਹਨਾ ਕਰੜੀ ਮਿਹਨਤ ਕੀਤੀ ਅਤੇ ਬਰਤਾਨੀਆ ਦੇ ਸਿਸਟਮ ਵਿੱਚ ਆਪਣੇ ਆਪ ਨੂੰ ਢਾਲ ਲਿਆ।
ਉਹਨਾ ਇਹ ਗੱਲ ਨਿਰਸੰਕੋਚ ਮੰਨੀ ਕਿ ਪੰਜਾਬ ਦੇ ਲੋਕ ਜਿਹੜੀਆਂ ਸਮਾਜੀ ਬੁਰਾਈਆਂ ਨੂੰ ਪੰਜਾਹ ਸੱਠ ਸਾਲ ਪਹਿਲਾਂ ਪਿੱਛੇ ਛੱਡਕੇ ਗਏ ਸਨ, ਉਹਨਾ ਬਰਤਾਨੀਆ ਰਹਿੰਦਿਆਂ ਉਹਨਾ ਬੁਰਾਈਆਂ ਤੋਂ ਪਿੱਛਾ ਨਹੀਂ ਛੁਡਾਇਆ। ਅੱਜ ਵੀ ਉਹਨਾ ਦੇ ਮਨ 'ਚ ਪਹਿਲਾਂ ਵਾਂਗਰ ਲੜਕੀ ਨਾਲੋਂ ਵੱਧ ਲੜਕਾ ਜੰਮਣ ਦੀ ਚਾਹਤ ਹੈ, ਧਾਰਮਿਕ ਕੱਟੜਤਾ ਅਤੇ ਜਾਤੀ ਅਧਾਰਤ ਗੁਰਦੁਆਰਿਆਂ, ਮੰਦਰਾਂ 'ਚ ਲੜਾਈਆਂ ਝਗੜੇ ਹਨ। ਸਰਬਤ ਦਾ ਭਲਾ ਮੰਗਣ ਵਾਲੇ ਲੋਕ ਅੱਜ ਨਿੱਜੀ ਮੁਫਾਦ ਲਈ ਬੁਰੇ ਤੋਂ ਬੁਰਾ ਕੰਮ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦੇ। ਉਹਨਾ ਦੱਸਿਆ ਕਿ ਭਾਰਤ ਜਾਂ ਦੂਸਰੇ ਦੇਸ਼ਾਂ ਨਾਲੋਂ ਬਰਤਾਨੀਆ ਵਿੱਚ ਸੁਰੱਖਿਆ ਵੱਧ ਹੈ। ਕੁੜੀਆਂ, ਔਰਤਾਂ ਮੁਕਾਬਲਤਨ ਉਥੇ ਵੱਧ ਮਹਿਫੂਜ ਹਨ। ਖਾਲਿਸਤਾਨ ਬਾਰੇ ਟਿੱਪਣੀ ਕਰਦਿਆਂ ਉਹਨਾ ਕਿਹਾ ਕਿ ਇਸ ਵੇਲੇ ਇਹ ਕੋਈ ਮੁੱਦਾ ਨਹੀਂ ਹੈ। ਉਹਨਾ ਭਾਰਤ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਾਲੀ ਸੂਚੀ ਵਿੱਚ ਪਾਏ ਲੋਕਾਂ ਦੇ ਨਾਵਾਂ ਤੇ ਮੁੜ ਵਿਚਾਰ ਕਰੇ। ਸਾਕਾ ਨੀਲਾ ਤਾਰਾ ਵਿੱਚ ਇੰਗਲੈਂਡ ਦੀ ਭੂਮਿਕਾ ਬਾਰੇ ਉਹਨਾ ਕਿਹਾ ਕਿ ਉਹ ਪਹਿਲਾਂ ਹੀ ਬਰਤਾਨੀਆ ਸਰਕਾਰ ਕੋਲੋਂ ਇਸ ਸਬੰਧੀ ਦਸਤਾਵੇਜ ਜਨਤਕ ਕਰਨ ਦੀ ਮੰਗ ਕਰ ਚੁੱਕੇ ਹਨ ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ।
ਉਹਨਾ ਕਿਹਾ ਕਿ ਭਾਰਤ ਵਿੱਚ ਫਿਰਕੂ ਪੁਣੇ ਲਈ ਕੋਈ ਥਾਂ ਨਹੀਂ ਹੈ ਧਾਰਮਿਕ ਕੱਟੜਤਾ ਤਾਂ ਡੈਮੋਕਰੇਸੀ 'ਚ ਬਰਦਾਸ਼ਤ ਕਰਨ ਯੋਗ ਹੀ ਨਹੀਂ ਹੁੰਦੀ। ਦੇਸ਼ ਬਹੁ-ਧਰਮ, ਬਹੁ-ਜਾਤੀ, ਬਹੁ-ਭਾਸ਼ਾਈ ਦੇਸ਼ ਹੈ। ਇਥੇ ਬਹੁਲਤਾਵਾਦੀ ਸਮਾਜ ਹੈ, ਜਿਥੇ ਹਰ ਇੱਕ ਨੂੰ ਅੱਗੇ ਵੱਧਣ ਅਤੇ ਪ੍ਰਫੁਲਤ ਹੋਣ ਦੇ ਮੌਕੇ ਮਿਲਣੇ ਚਾਹੀਦੇ ਹਨ, ਦੇਸ਼ ਆਰਥਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਹਰ ਨਾਗਰਿਕ ਲਈ ਇਥੇ ਰੋਜ਼ੀ-ਰੋਟੀ, ਮਕਾਨ, ਰੁਜ਼ਗਾਰ ਦਾ ਜੁਗਾੜ ਹੋਵੇ ਅਤੇ ਉਸ ਨੂੰ ਦੇਸ਼ ਛੱਡਕੇ ਵਿਦੇਸ਼ ਨਾ ਜਾਣਾ ਪਵੇ। ਭਾਵੇਂ ਕਿ ਇਹ ਸੱਚ ਹੈ ਕਿ ਹਰ ਵਿਅਕਤੀ ਚੰਗੇ ਜੀਵਨ ਲਈ ਉਥੇ ਉਡਾਰੀ ਭਰਕੇ ਜਾਣਾ ਚਾਹੁੰਦਾ ਹੈ, ਜਿਥੇ ਉਹਨੂੰ ਜੀਵਨ ਦੇ ਸਾਰੇ ਸੁੱਖ, ਸਿੱਖਿਆ, ਸਿਹਤ ਸਹੂਲਤਾਂ ਅਤੇ ਚੰਗਾ ਵਿਵਹਾਰ ਮਿਲੇ। ਇਹ ਸੱਭੋ ਕੁਝ ਦੇਸ਼ ਵਿੱਚ ਪੈਦਾ ਕਰਨਾ ਸਿਆਸੀ ਅਤੇ ਸਮਾਜੀ ਆਗੂਆਂ ਦੀ ਜ਼ੁੰਮੇਵਾਰੀ ਹੈ।
ਵਰਿੰਦਰ ਸ਼ਰਮਾ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿੱਚ ਨਰਮੀ ਵਰਤਣ ਦੀ ਵਕਾਲਤ ਕੀਤੀ ਹੈ। ਉਹਨਾ ਕਿਹਾ ਕਿ ਇੰਗਲੇਂਡ ਵਿੱਚ ਰਹਿੰਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਜੇਕਰ ਪੰਜਾਬ ਨਾਲ ਜੋੜਕੇ ਰੱਖਣਾ ਹੈ ਤਾਂ ਇਧਰੋਂ ਨਵੀਂ ਪੀੜ੍ਹੀ ਦਾ ਜਾਣਾ ਬਹੁਤ ਜ਼ਰੂਰੀ ਹੈ। ਉਹਨਾ ਕਿਹਾ ਕਿ ਪੰਜਾਬੀਆਂ ਦਾ ਪ੍ਰਵਾਸ ਬੰਦ ਹੋ ਗਿਆ ਤਾਂ ਵੈਸਟ ਇੰਡੀਜ਼ ਵਾਂਗਰ ਹੀ ਇੰਗਲੈਂਡ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਆਪਣੇ ਦੇਸ਼ ਨਾਲੋਂ ਨਾਤਾ ਟੁੱਟ ਜਾਵੇਗਾ।
ਉਹਨਾ ਪੰਜਾਬ ਹਿਤੈਸ਼ੀ ਚਿੰਤਕਾਂ ਵਲੋਂ ਭਾਰਤ ਬਰਤਾਨੀਆ 'ਚ ਰਹਿੰਦੇ ਪੰਜਾਬੀਆਂ ਦੀ ਆਪਸੀ ਸਾਂਝ ਵਧਾਉਣ ਲਈ ਕੋਈ ਸੰਸਥਾ ਬਨਾਉਣ ਲਈ ਆਪਣੇ ਵਲੋਂ ਪੂਰਾ ਸਹਿਯੋਗ ਦੇਣ ਦਾ ਵਚਨ ਦਿਤਾ ਤਾਂ ਕਿ ਦੋਹਾਂ ਦੇਸ਼ਾਂ ਖਾਸਕਰ ਪੰਜਾਬ ਦੇ ਸਬੰਧ ਬਰਤਾਨੀਆ ਨਾਲ ਮਜ਼ਬੂਤ ਹੋ ਸਕਣ।
ਫੋਨ ਨੰ:-9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.