ਪਹਿਲੀ ਗੱਲ ਤਾਂ ਇਹ ਹੈ ਕਿ ਡੇਰਾ ਸਿਰਸਾ ਦੇ ਮੁਖੀ ਬਾਰੇ 25 ਅਗਸਤ ਨੂੰ ਆਉਣ ਵਾਲੇ ਅਦਾਲਤੀ ਫੈਸਲੇ ਦਾ ਸਿੱਖਾਂ ਨਾਲ ਕੀ ਸੰਬੰਧ ਹੈ ? ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਨੂੰ ਡੇਰਾ ਅਤੇ ਸਿੱਖਾਂ ਦੇ ਟਕਰਾਅ ਵਜੋਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ? ਇੱਕ ਜ਼ਿਲ੍ਹੇ ਦਾ ਸਿਵਲ ਸਰਜਨ ਕਿਉਂ ਲਿਖ ਰਿਹਾ ਹੈ ਕਿ ਇਸ ਨਾਲ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਤਣਾਅ ਹੋ ਸਕਦਾ ਹੈ ? ਮਾਲਵੇ ਦੇ ਬਥੇਰੇ ਘਰਾਂ ਵਿੱਚ ਇੱਕੋ ਮਾਂ-ਪਿਉ ਦੇ ਜਾਏ ਭੈਣ-ਭਰਾਵਾਂ ਵਿੱਚ ਇੱਕ ਅਮ੍ਰਿਤਧਾਰੀ ਖਾਲਸਾ ਹੈ ਅਤੇ ਦੂਜਾ ਡੇਰਾ ਪ੍ਰੇਮੀ ਹੈ. ਕੀ ਇੰਜ ਕਰਕੇ ਅਸੀਂ ਘਰ-ਘਰ ਖਾਨਾਜੰਗੀ ਕਰਵਾਉਣੀ ਚਾਹੁੰਦੇ ਹਾਂ ? ਮੰਨ ਲਿਆ ਕਿ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੌਸ਼ਾਕ ਪਹਿਨਣ ਦੇ ਸੰਬੰਧ ਵਿੱਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਵੀ ਆਪਸੀ ਕਲੇਸ਼ ਹੈ ਪਰ ਉਸਦਾ 25 ਅਗਸਤ ਵਾਲੇ ਫੈਸਲੇ ਨਾਲ ਕੀ ਸੰਬੰਧ ਹੈ ?
ਇਹ ਕੇਸ ਡੇਰੇ ਦੀ ਕਿਸੇ ਸਾਧਵੀ ਨਾਲ ਡੇਰਾ ਮੁਖੀ ਵੱਲੋਂ ਕਥਿਤ ਤੌਰ ਉੱਤੇ ਬਲਾਤਕਾਰ ਕਰਨ ਦੇ ਸੰਬੰਧ ਵਿੱਚ ਹੈ. ਅਸਲ ਵਿੱਚ 2002 ਵਿੱਚ ਕਿਸੇ ਗੁੰਮਨਾਮ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਵਾਜਪਾਈ ਨੂੰ ਕੋਈ ਚਿੱਠੀ ਲਿਖੀ ਗਈ ਸੀ ਜਿਸ ਵਿੱਚ ਉਸ ਨੇ ਆਪਣੇ ਨਾਲ ਹੋਏ ਕਥਿਤ ਬਲਾਤਕਾਰ ਬਾਰੇ ਸ਼ਿਕਾਇਤ ਕੀਤੀ ਸੀ. ਉਹ ਦੋਸ਼ ਸੱਚਾ ਸੀ ਜਾਂ ਝੂਠਾ, ਇਸ ਦਾ ਫੈਸਲਾ ਤਾਂ ਅਦਾਲਤ ਵਿੱਚ ਪੇਸ਼ ਹੋਏ ਸਬੂਤਾਂ ਜਾਂ ਬਹਿਸ ਦੇ ਆਧਾਰ ਉੱਤੇ ਜੱਜਾਂ ਨੇ ਹੀ ਕਰਨਾ ਹੈ. ਪਰ ਉਹ ਸਾਧਵੀ ਵੀ ਡੇਰੇ ਦੀ ਹੀ ਸੀ ਅਤੇ ਮੁਖੀ ਵੀ ਡੇਰੇ ਦਾ ਹੀ ਹੈ. ਇਸ ਗੱਲ ਦਾ ਸਿੱਖ ਧਰਮ ਦੇ ਪੈਰੋਕਾਰਾਂ ਨਾਲ ਕੀ ਸੰਬੰਧ ਹੋਇਆ ? ਉਹਨਾਂ ਨੂੰ ਇਸ ਝਗੜੇ ਵਿੱਚ ਕਿਉਂ ਉਲਝਾਇਆ ਜਾ ਰਿਹਾ ਹੈ ? ਡੇਰੇ ਵਾਲੇ ਆਪੇ ਸਰਕਾਰ ਨਾਲ ਨਿੱਬੜਨ ਜਾਂ ਸਰਕਾਰੀ ਏਜੰਸੀਆਂ ਨਾਲ ਨਿੱਬੜਨ. ਨਾਲੇ ਡੇਰਾ ਮੁਖੀ ਤਾਂ ਆਪਣੀਆਂ ਫਿਲਮਾਂ ਰਾਹੀਂ ਲੋਕਾਂ ਨੂੰ ਰਾਸ਼ਟਰਵਾਦ ਅਤੇ ਦੇਸ਼ ਪ੍ਰੇਮ ਸਿਖਾਉਂਦਾ ਹੈ. ਫਿਰ ਦੇਸ਼ ਪ੍ਰੇਮੀਆਂ ਨੂੰ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਨਾਲ ਕਾਹਦਾ ਰੋਸ ਹੋ ਸਕਦਾ ਹੈ ? ਜੇਕਰ ਫੈਸਲਾ ਤੁਹਾਡੇ ਖਿਲਾਫ਼ ਵੀ ਆਉਂਦਾ ਹੈ ਤਾਂ ਆਪਣੀ ਕਾਨੂੰਨੀ ਚਾਰਾਜੋਈ ਕਰਨ ਲਈ ਤੁਸੀਂ ਪੂਰੇ ਆਜ਼ਾਦ ਹੋ.
ਦੂਜੀ ਗੱਲ ਇਹ ਹੈ ਕਿ ਮੀਡੀਆ ਵੱਲੋਂ ਵੀ ਇਸ ਗੱਲ ਨੂੰ ਇੰਨਾ ਵੱਡਾ ਹਊਆ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਦੇਸ਼ ਵਿੱਚ ਕੋਈ ਐਮਰਜੈਂਸੀ ਲੱਗਣ ਵਾਲੀ ਹੋਵੇ ? ਕੀ ਪਹਿਲਾਂ ਵੀ ਕਿਸੇ ਅਦਾਲਤੀ ਫੈਸਲੇ ਨੂੰ ਲੈ ਕੇ ਅਜਿਹਾ ਮਹੌਲ ਬਣਾਇਆ ਗਿਆ ਹੈ ? ਨਾਲੇ ਅਦਾਲਤ ਦੇ ਜੱਜ ਨੇ ਕੋਈ ਮੰਗਲ ਗ੍ਰਹਿ ਤੋਂ ਤਾਂ ਨਹੀਂ ਆਉਣਾ ? ਜੱਜ ਵੀ ਤਾਂ ਇਸੇ ਹੀ ਧਰਤੀ ਅਤੇ ਸਮਾਜ ਵਿੱਚ ਰਹਿੰਦੇ ਹਨ. ਜਿਸ ਤਰਾਂ ਦਾ ਡਰ ਦਾ ਮਹੌਲ ਸਿਰਜਿਆ ਜਾ ਰਿਹਾ ਹੈ, ਕੀ ਅਜਿਹਾ ਮਹੌਲ ਕਿਸੇ ਮਾਣਯੋਗ ਜੱਜ ਦੇ ਫੈਸਲੇ ਉੱਤੇ ਭਾਰੀ ਨਹੀਂ ਪੈ ਸਕਦਾ ? ਲੋਕਾਂ ਵਿੱਚ ਇੰਨਾ ਸਹਿਮ ਕਿਉਂ ਫੈਲਾਇਆ ਜਾ ਰਿਹਾ ਹੈ ਜਿਵੇਂ ਕਿ ਪਾਕਿਸਤਾਨ ਨਾਲ ਜੰਗ ਲੱਗਣ ਵਾਲੀ ਹੋਵੇ ?
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417 193 193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.