ਖ਼ਬਰ ਹੈ ਕਿ ਦੇਸ਼ ਦੇ ਨਵੇਂ ਉਪਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਆਪਣੇ ਅਹੁਦੇ ਦੀ ਸਹੁੰ ਸ਼ੁੱਕਰਵਾਰ ਨੂੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਹਾਜ਼ਰ ਹਨ। ਉਪਰਾਸ਼ਟਰਪਤੀ ਨੂੰ ਰਾਸ਼ਟਰਪਤੀ ਰਾਮਨਾਥ ਕੋਬਿੰਦ ਨੇ ਦਰਬਾਰ ਹਾਲ ਵਿੱਚ ਸਹੁੰ ਚੁਕਵਾਈ। ਸਹੁੰ ਚੁੱਕ ਸਮਾਗਮ ਮਗਰੋਂ ਨਾਇਡੂ ਨੇ ਬਿਨ੍ਹਾਂ ਨਾਮ ਲਏ ਕੱਲ੍ਹ ਸੇਵਾ ਮੁਕਤ ਹੋਏ ਉਪਰਾਸ਼ਟਰਪਤੀ ਹਾਮਿਦ ਅੰਸਾਰੀ 'ਤੇ ਨਿਸ਼ਾਨਾ ਲਾਇਆ, ਜਿਹਨਾ ਕਿਹਾ ਸੀ ਕਿ ਦੇਸ਼ 'ਚ ਮੁਸਲਮਾਨਾਂ 'ਚ ਬੇਚੈਨੀ ਹੈ। ਉਹਨਾ ਨੇ ਘੱਟ ਗਿਣਤੀਆਂ 'ਚ ਅਸੁਰੱਖਿਆ ਦੀ ਭਾਵਨਾ ਅਤੇ ਦੇਸ਼ 'ਚ ਵੱਧ ਰਹੀ ਅਸਹਿਣਸ਼ੀਲਤਾ ਜਿਹੀਆਂ ਗੱਲਾਂ ਨੂੰ ਨਕਾਰਿਆ ਅਤੇ ਕਿਹਾ ਕਿ ਦੁਨੀਆਂ ਦੇ ਮੁਕਾਬਲੇ ਭਾਰਤ ਜਿਆਦਾ ਸੁਰੱਖਿਅਤ ਹੈ ਅਤੇ ਭਾਰਤੀ ਸਮਾਜ ਆਪਣੇ ਲੋਕਾਂ ਅਤੇ ਸਭਿਅਤਾ ਕਾਰਨ ਪੂਰੀ ਦੁਨੀਆ 'ਚ ਸਭ ਤੋਂ ਵੱਧ ਸਹਿਨਸ਼ੀਲ ਹੈ।
ਦੇਸ਼ ਦੇ ਚਾਰੇ ਮੁੱਖ ਸੰਵਿਧਾਨਕ ਅਹੁਦੇ ਹਥਿਆਕੇ ਭਾਜਪਾ ਕਿਉਂ ਨਾ ਆਖੂ ਕਿ ਭਾਜਪਾ-ਆਰ ਐਸ ਐਸ ਦੇ ਹਿੱਤ ਦੇਸ਼ 'ਚ ਸੁਰੱਖਿਅਤ ਹਨ? ਪ੍ਰਧਾਨ ਮੰਤਰੀ ਮੋਦੀ ਜੀ ਸ਼ਾਖਾ ਲਾਉਂਦੇ ਰਹੇ। ਰਾਸ਼ਟਰਪਤੀ ਕੋਬਿੰਦ ਜੀ ਵੀ ਸ਼ਾਖਾ 'ਚ ਲਾਠੀਆ ਚਲਾਉਂਦੇ ਰਹੇ। ਉਪਰਾਸ਼ਟਰਪਤੀ ਨਾਇਡੂ ਸ਼ਾਖਾ 'ਚ ਨਿੱਕਰ ਪਾਕੇ ਹੁਕਮ ਚਲਾਉਂਦੇ ਰਹੇ ਤੇ ਬੀਬੀ ਸਪੀਕਰ ਆਰ ਐਸ ਐਸ ਦੀਆਂ ਮੂਹਰਲੀਆਂ ਕਤਾਰ ਦੀਆਂ ਬੀਬੀਆਂ 'ਚ ਸ਼ੁਮਾਰ ਰਹਿਕੇ ਹਿੰਦੂਤਵੀ ਬੋਲਾਂ ਦੀਆਂ ਛਹਿਬਰਾਂ ਲਾਉਂਦੀ ਰਹੀ! ਜਦ ਭਾਈ ਹੱਥ ਤਾਕਤ ਹੋਵੇ ਤਾਂ ਫਿਰ ਕੋਈ ਬੋਲੇ ਕੁਸਕੇ ਕਿਉਂ? ਘਰ 'ਚੋਂ ਭਾਈ ਇੱਕ ਸਿਪਾਹੀ ਪੁਲਿਸ 'ਚ ਭਰਤੀ ਹੋ ਜਾਏ, ਉਹ ਹੀ ਨਹੀਂ ਮਾਨ ਹੁੰਦਾ, ਇਥੇ ਤਾਂ ਇਕੋ ਘਰ ਦੇ ਚਾਰ ਨੇਤਾ "ਵੱਡੇ ਥਾਣੇਦਾਰ" ਆ। ਵਿਚਾਰੇ ਅੰਸਾਰੀ ਨੇ ਮੂੰਹੋ ਕਾਹਨੂੰ ਬੋਲ ਕੱਢਣੇ ਸਨ ਇਹੋ ਜਿਹੇ ਮੌਸਮ ਵਿੱਚ। ਉਂਜ ਜੇ ਭਾਈਵੰਦ ਨੇ ਸੱਚ ਬੋਲ ਹੀ ਦਿਤਾ ਜਿਹੜਾ ਕੁਰਸੀ ਦੇ ਮੋਹ 'ਚ ਉਹ ਪੰਜ ਸਾਲ ਬੋਲ ਹੀ ਨਾ ਸਕਿਆ, ਤਾਂ ਭਾਈ ਉਹਨੂੰ ਦੋ-ਚਾਰ ਗੱਲਾਂ ਤਾਂ ਸੁਨਣੀਆਂ ਹੀ ਪੈਣੀਆਂ ਆਂ। ਉਂਜ ਭਾਈ ਮਹਾਤੜ ਸਾਥੀ ਜੇ ਬਹੁਤਾ ਲਿਖੂ ਤਾਂ ਉਹਦੇ ਪਿੰਨ ਦੀ ਨਿੱਬ ਇਹ ਥਾਣੇਦਾਰ ਤੋੜ ਦੇਣਗੇ। ਮਹਾਤੜ ਸਾਥੀ ਬਹੁਤਾ ਬੋਲੂ ਤਾਂ ਉਹਦੀਆਂ ਟੰਗਾਂ ਵੀ ਇਹ ਥਾਣੇਦਾਰ ਤੋੜ ਸਕਦੇ ਆ। ਮਹਾਤੜ ਸਾਥੀ ਜੇ ਅੱਖਾਂ ਦੀ ਭਾਸ਼ਾ 'ਚ ਵਿਰੋਧ ਜਿਤਾਉਣ ਦਾ ਹੌਸਲਾ ਕਰੂ ਤਾਂ ਇਹ ਅੱਖਾਂ ਫੋੜ ਸਕਦੇ ਆ। ਕਿਉਂਕਿ ਭਾਈ ਉਹਨਾ ਹਿੰਦੋਸਤਾਨ 'ਚ ਕੁਝ ਵੀ ਕਰਨ ਦਾ ਲਾਇਸੰਸ ਲੈ ਰੱਖਿਆ ਆ। ਜਿਵੇਂ ਟਟੀਹਰੀ ਆਂਹਦੀ ਆ ਉਸ ਅਸਮਾਨ ਥੰਮਿਆਂ ਹੋਇਆ, ਇਹ ਭਾਈਵੰਦ ਆਂਹਦੇ ਆ, ਅਸੀਂ ਹਿੰਦੋਸਤਾਨ ਬੰਨਿਆ ਹੋਇਆ ਆ, ਬਿਸਤਰ-ਬੰਨ 'ਚ। ਤਦੇ ਉਹ ਤਾਂ ਉਪਰਲੇ ਨੂੰ ਵੀ ਨਸੀਹਤਾਂ ਦੇਣ ਲਈ ਇਹ ਕਹਿਕੇ ਤੁਲੇ ਹੋਏ ਆ, "ਕੁਝ ਵੀ ਕਰੀਏ, ਕੁਝ ਨਾ ਕਹੁ, ਅੱਲਾ ਮੀਆਂ ਉਤੇ ਈ ਰਹੁ"।
ਖੱਫਣ ਨਾਲ ਲੱਗੀ ਜੇਕਰ ਜੇਬ ਹੁੰਦੀ
ਖ਼ਬਰ ਹੈ ਕ ਪੰਜਾਬ ਵਿਜੀਲੈਂਸ ਬਿਉਰੋ ਵਲੋਂ ਸ਼ੰਭੂ ਬੇਰੀਅਰ ਤੇ ਰੋਡ ਟੈਕਸ ਵਸੂਲੀ ਅਤੇ ਹੋਰ ਗੈਰ ਕਾਨੂੰਨੀ ਕੰਮਾਂ ਦੀ ਅਚਾਨਕ ਚੈਕਿੰਗ ਕੀਤੀ ਗਈ ਜੋ ਅੱਠ ਘੰਟੇ ਲਗਾਤਾਰ ਚੱਲੀ। ਇਸ ਦੌਰਾਨ ਇਸ ਅੰਤਰ ਰਾਜੀ ਟੈਕਸ ਬੈਰੀਅਰ ਉਤੇ ਇੱਕ ਦਿਨ ਹੀ ਵਾਹਨਾਂ ਦੀ ਇੰਟਰੀ ਗਿਣਤੀ 286 ਫੀਸਦੀ ਵੱਧ ਗਈ ਅਤੇ ਰਾਜ ਸਰਕਾਰ ਦੇ ਖਜ਼ਾਨੇ 'ਚ 239 ਫੀਸਦੀ ਦਾ ਵਾਧਾ ਹੋ ਗਿਆ। ਚੈਕਿੰਗ ਦੌਰਾਨ ਦੇਖਿਆ ਗਿਆ ਕਿ ਗੱਡੀਆਂ ਨੇ ਰੋਡ ਟੈਕਸ ਨਹੀਂ ਸੀ ਭਰਿਆ ਹੋਇਆ।
ਸਰਕਾਰੀ ਕੰਮ ਆ ਭਾਈ! ਹਰ ਸਰਕਾਰੀ ਕੰਮ 'ਚ ਉਪਰਲੀ ਫੀਸ, ਸਰਕਾਰੀ ਫੀਸ ਤੋਂ ਵੱਖਰੀ ਹੁੰਦੀ ਆ। ਜਦੋਂ ਉਪਰਲੀ ਫੀਸ ਉਗਰਾਹ ਲਈ ਜਾਂਦੀ ਆ ਤਾਂ ਸਰਕਾਰੀ ਫੀਸ ਵੀ ਉਸੇ ਪੇਟੇ ਪੈ ਜਾਂਦੀ ਆ ਤੇ ਇਸ ਫੀਸ ਦੀ ਵੰਡ-ਵੰਡਾਈ ਥਲਿਓ-ਉਪਰ ਮਿਥੇ ਹੋਏ ਹਿੱਸਾ-ਪੱਤੀ ਨਾਲ ਇਮਾਨਦਾਰੀ ਨਾਲ ਹੋਈ ਤੁਰੀ ਜਾਂਦੀ ਆ। ਹਾਲੇ ਸਰਕਾਰੀ ਫੀਸ 'ਚ ਤਾਂ ਜਮ੍ਹਾਂ-ਘਟਾ 'ਚ ਹੇਠ-ਉਤਾ ਹੋ ਜਾਊ, ਇਸ ਵੰਡ-ਵੰਡਾਈ 'ਚ ਰਤਾ ਵੀ ਝੂੰਗਾ ਨਹੀਂ ਵੱਜਦਾ!
ਭਾਈ ਸਰਕਾਰੀ ਤਨਖਾਹ ਲੈਣ ਵਾਲਿਆ ਦਾ ਇਹ ਝੂੰਗਾ ਆ। ਉਪਰਲੀ ਤਨਖਾਹ! ਜਿਹੜੀ ਨੌਕਰੀ ਰਹਿੰਦਿਆਂ ਮਿਲਦੀ ਹੀ ਰਹਿੰਦੀ ਆ। ਰਿਸ਼ਵਤ ਚੀਜ਼ ਹੀ ਐਸੀ ਆ ਵੱਡਿਆਂ ਵੱਡਿਆਂ ਦੇ ਮੂੰਹ 'ਚ ਲਾਲ਼ਾਂ ਵਗਾ ਦਿੰਦੀ ਆ, 'ਤੇ ਮੌਤ ਵੀ ਭੁਲਾ ਦਿੰਦੀ ਆ। ਜੇਕਰ ਕਿਧਰੇ ਮੌਤ ਨਾ ਹੁੰਦੀ। ਜੇਕਰ ਕਿਧਰੇ ਬੰਦੇ ਨੇ ਮਰਨਾ ਹੀ ਨਾ ਹੁੰਦਾ ਤੇ ਉਹਨੂੰ ਧੰਨ ਮਰਨ ਉਪਰੰਤ ਨਾਲ ਲੈ ਜਾਣ ਦੀ ਜਾਂਚ ਆ ਗਈ ਹੁੰਦੀ! ਤਾਂ ਉਸਨੇ ਤਾਂ ਭਾਈ ਖੱਫਣ ਦੇ ਅੰਦਰ ਚੋਰ-ਜੇਬੀ ਲਵਾ ਲੈਣੀ ਸੀ ਤਾਂ ਕਿ ਜਮਦੂਤ ਤੋਂ ਵੀ ਚੋਰੀ ਉਹ ਧੰਨ ਸਵਰਗ-ਨਰਕ ਨੂੰ ਲੈ ਜਾਵੇ ਤੇ ਉਥੇ ਜਾਕੇ ਵੀ ਗੁਲਸ਼ਰੇ ਉਡਾਵੇ ਤੇ ਉਦੋਂ ਤਾਂ ਭਾਈ ਇਹ ਰਿਸ਼ਵਤ-ਵੱਢੀਖੋਰੀ ਦਾ ਰੇਟ ਵੀ ਦੁਗਣਾ ਹੋ ਜਾਣਾ ਸੀ, ਇੱਕ ਕਵੀ ਦੇ ਕਹਿਣ ਵਾਂਗਰ, "ਖੱਫਣ ਨਾਲ ਲੱਗੀ ਜੇਕਰ ਜੇਬ ਹੁੰਦੀ ਦੂਣੀ ਸੱਜਣਾ,ਰਿਸ਼ਵਤ ਦੀ ਫੀਸ ਹੁੰਦੀ"।
ਬਾਬੇ ਨਾਨਕ ਜੋ ਲਿਖਿਆ, ਕੰਧਾਂ ਤੋਂ ਪੜ੍ਹ ਲੈ
ਖ਼ਬਰ ਹੈ ਕ ਯੂ.ਪੀ. ਵਿੱਚ ਗੋਰਖਪੁਰ ਸਥਿਤ ਸਰਕਾਰੀ ਮੈਡੀਕਲ ਕਾਲਜ ਵਿੱਚ ਬੀਤੇ ਪੰਜ ਦਿਨਾਂ ਦੌਰਾਨ 60 ਤੋਂ ਵੱਧ ਬੱਚਿਆਂ ਦੀ ਮੌਤ ਕਾਰਨ ਚੌਤਰਫਾ ਆਲੋਚਨਾ ਤੋਂ ਬਾਅਦ ਹਰਕਤ ਵਿੱਚ ਆਈ ਸਰਕਾਰ ਨੇ ਅੱਜ ਕਾਲਜ ਦੇ ਪ੍ਰਿੰਸੀਪਲ ਡਾ: ਮਿਸ਼ਰਾ ਨੂੰ ਮੁਅੱਤਲ ਕਰ ਦਿਤਾ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉਹ ਕਿਸੇ ਵੀ ਦੋਸ਼ੀ ਨੂੰ ਬਖਸ਼ਣਗੇ ਨਹੀਂ। ਕੱਲ ਕਿਹਾ ਗਿਆ ਸੀ ਕਿ ਹਸਪਤਾਲ ਵਿੱਚ ਆਕਸੀਜਨ ਦੀ ਸਪਲਾਈ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ, ਪਰ ਅੱਜ ਕਿਹਾ ਜਾ ਰਿਹਾ ਹੈ ਕਿ ਇਹ ਮੌਤਾਂ ਆਕਸੀਜਨ ਦੀ ਘੱਟ ਸਪਲਾਈ ਕਾਰਨ ਨਹੀਂ, ਸਗੋਂ ਇਹਨਾ ਵਿਚੋਂ ਕਈ ਲਿਵਰ ਫੇਲ੍ਹ ਅਤੇ ਇਨਫੈਕਸ਼ਨ ਕਾਰਨ ਹੋਈਆਂ ਹਨ।
ਬਾਬਾ ਜੀ, "ਕੂੜ ਫਿਰੈ ਪ੍ਰਧਾਨ ਵੇ ਲਾਲੋ" ਵਾਲੀ ਆਖੀ ਤੇਰੀ ਗੱਲ ਸੱਚ ਹੈ। ਬਾਬਾ ਜੀ, "ਰਾਜੇ ਸ਼ੀਹ ਮੁਕੱਦਮ ਕੁੱਤੇ" ਵਾਲੀ ਆਖੀ ਤੇਰੀ ਗੱਲ ਸੱਚ ਹੈ। ਬਾਬਾ ਜੀ, ਇਥੇ ਉਹ ਨੇਤਾ ਦੇਸ਼ 'ਤੇ ਰਾਜ ਕਰਦੇ ਹਨ ਜਿਹਨਾ ਦੇ ਅਕਲ ਦੀ ਦਾੜ੍ਹ ਨਹੀਂ ਉਗੀ ਹੋਈ। ਬਾਬਾ ਜੀ, ਇਹੋ ਜਿਹੇ ਲੋਕ, ਜਦੋਂ ਲੋਕਾਂ ਦੇ, ਦੇਸ਼ ਦੇ ਨੇਤਾ ਹੋਣਗੇ, ਉਦੋਂ ਬਾਬਾ ਜੀ, ਬਚਪਨ ਇਵੇਂ ਹੀ ਖੋਹਿਆ ਜਾਏਗਾ। ਬਾਬਾ ਜੀ, ਜਵਾਨੀ ਇਵੇਂ ਹੀ ਲਿਤਾੜੀ ਜਾਏਗੀ। ਬਾਬਾ ਜੀ, ਬੁਢਾਪਾ ਇਵੇਂ ਹੀ ਰੋਲਿਆ ਜਾਏਗਾ। ਇਵੇਂ ਹੀ ਨੇਤਾ ਆਪਣੀ ਖੱਲ ਬਚਾਉਣ ਲਈ ਬਿਆਨ ਦਿੰਦੇ ਰਹਿਣਗੇ।
ਬਾਬਾ ਜੀ, ਇਕ ਵੇਰ ਆ। ਬਾਬਾ ਜੀ, ਇਕ ਵੇਰ ਮਰਦਾਨਾ ਜੀ ਨੂੰ ਨਾਲ ਲਿਆ, ਉਸਤੋਂ ਰਬਾਬ ਵਜਵਾ। ਬਾਬਾ ਜੀ, ਇਹਨਾ ਨਾਸ਼ੁਕਰਿਆਂ ਨੇਤਾਵਾਂ ਦੇ ਕੰਨੀ ਕੋਈ ਸੁਰੀਲੀ ਗੱਲ ਪਾ। ਬਾਬਾ ਜੀ, ਹੁਣ ਤਾਂ ਦੇਸ਼ 'ਚ ਕੰਧਾਂ ਵੀ ਵੈਣ ਪਾਉਣ ਲੱਗੀਆਂ ਹਨ। ਬਾਬਾ ਜੀ, ਦੇਸ਼ 'ਚ ਹੁਣ ਤਾਂ ਰੂਹਾਂ ਵੀ ਕੰਬਣ ਲੱਗੀਆਂ ਹਨ। ਬਾਬਾ ਨਾਨਕ ਤੂੰ ਜੋ ਲਿਖਿਆ, ਦਿਲ ਦੀਆਂ ਕੰਧਾਂ ਤੋਂ ਪੜ੍ਹ। ਇਹਨਾ ਜ਼ਾਲਮ ਮੂਰਖ ਹਾਕਮਾਂ ਨੂੰ ਫਿਰ ਸਮਝਾ ਕਿ "ਕੂੜ ਨਿਖੁਟੇ ਨਾਨਕ ਓੜਕ ਸੱਚ ਸਹੀ"।
ਸੇਰ ਕੁ ਆਟਾ, ਲੱਪ ਕੁ ਦਾਲਾਂ, ਬੱਸ ਏਨੇ ਵਿੱਚ
ਖ਼ਬਰ ਹੈ ਕਿ ਖ਼ੁਰਾਕ ਸੁਰੱਖਿਆ ਐਕਟ 'ਚ ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਵੰਡੀ ਜਾਂਦੀ ਹੈ, ਜਿਸ ਵਿਚ ਕਰੋੜਾਂ ਰੁਪਏ ਦੇ ਹਰ ਸਾਲ ਘੋਟਾਲੇ ਦੇ ਦੋਸ਼ ਲਗਦੇ ਹਨ। ਕਈ ਜਗਾਹ ਲੋੜਬੰਦਾਂ ਨੂੰ ਘੱਟ ਕਣਕ ਮਿਲਦੀ ਹੈ ਅਤੇ ਸਰਕਾਰ ਵਲੋਂ ਇਕੱਠੀ ਹੀ ਛੇ ਮਹੀਨੇ ਦੀ ਕਣਕ, ਦਾਲਾਂ ਆਦਿ ਦਿਤੀਆਂ ਜਾਂਦੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਕਈ ਲੋਕ ਇਹ ਕਣਕ ਚੱਕੀਆਂ ਉਤੇ ਵੇਚ ਦਿੰਦੇ ਹਨ, ਖਾਸ ਤੌਰ ਤੇ ਉਹ ਲੋਕ ਜਿਹਨਾ ਨੇ ਵੱਡੀ ਆਮਦਨ ਦੇ ਬਾਵਜੂਦ ਵੀ ਨੀਲੇ ਕਾਰਡ ਬਣਵਾਏ ਹੋਏ ਹਨ।
ਇਹੋ ਜਿਹੇ ਲੋਕਾਂ ਬਾਰੇ ਇੱਕ ਕਵੀ ਦਾ ਫੁਰਮਾਨ ਹੈ, "ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ। ਲੀਹ ਤੋਂ ਲਹਿ ਗਏ, ਸਾਡੇ ਜੀ, ਅਣਖ਼ਾਂ ਦੇ ਪਹੀਏ"। ਉਂਜ ਵੀ ਭਾਈ ਦੇਸ਼ ਹਾਕਮਾਂ ਪੰਜਾਬੀਆਂ ਨੂੰ ਮਿੱਧਣ ਦੀ ਸੋਚੀ ਹੋਈ ਆ। ਪਹਿਲਾ ਡਰਾ ਕੇ ਜਾਂ ਫਿਰ ਧਮਕਾ ਕੇ। ਧੰਨ ਦੇ ਪੱਠੇ ਪਾਕੇ ਜਾਂ ਫਿਰ ਵਿਹਲੜ ਬਣਾਕੇ।
ਦਾਣਾ-ਫੱਕਾ ਭੜੋਲੇ 'ਚੋਂ ਮੁਕਿਆ ਰਹਿੰਦਾ! ਦੁਪੱਟੇ ਲੜ ਬੱਧੇ ਰੁਪੱਈਏ ਲੱਭਦੇ ਕੋਈ ਨਾ । ਖੀਸੇ ਖਾਲੀ ਦੀਹਦੇ ਆ। ਖੇਤ 'ਚ ਪੱਠਾ-ਧੱਥਾ ਹੈ ਕੋਈ ਨਾ। ਖੇਤ ਸੁੱਕੇ ਪਏ ਆ।
ਨੌਕਰੀ ਦਾ ਖਤ ਉਡੀਕਦਿਆਂ ਜੁਆਨ ਪੁੱਤਾਂ ਦੀਆਂ ਅੱਖਾਂ ਤਰਸ ਗਈਆਂ। ਅਨਾਜ ਮੰਡੀ ਸੁੱਟਕੇ ਵੀ ਪੈਸੇ ਧੈਲੇ ਦਾ ਇੰਤਜਾਰ ਕੋਈ ਨਹੀਂ। ਵਾਲ-ਵਾਲ ਕਰਜ਼ੇ ਨਾਲ ਜਿਉਂ ਵਿੰਨਿਆ ਪਿਐ। ਇਹੋ ਜਿਹੇ 'ਚ ਉਪਰਲਿਆਂ ਚੋਗਾ ਸੁੱਟਿਆ ਤੇ ਅਸਾਂ ਚੁੱਗ ਲਿਆ, "ਸੇਰ ਕੁ ਆਟਾ ਲੱਪ ਕੁ ਦਾਲਾਂ, ਬੱਸ ਏਨੇ ਵਿੱਚ, ਅਣਖ਼ ਜੀਉਂਦੇ ਜੀਅ ਕਿਉਂ ਏਂਦਾ ਮਾਰ ਲਈ ਹੈ" ਦਾ ਸਵਾਲ ਅਣਖ਼ਾਂ ਵਾਲਿਆਂ ਨੂੰ ਕਦੀ ਕਦਾਈ ਤਾਂ ਟੁੰਬਦਾ ਹੋਏਗਾ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਉਤਰ ਪ੍ਰਦੇਸ਼ ਦੀ ਏ ਪੀ ਜੇ ਅਬਦੁਲ ਕਲਾਮ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਤਹਿਤ ਆਉਣ ਵਾਲੇ ਤਿੰਨ ਸੌ ਨਿੱਜੀ ਕਾਲਜਾਂ ਵਿੱਚ ਇਸ ਵਰ੍ਹੇ ਇੱਕ ਵੀ ਦਾਖਲਾ ਨਹੀਂ ਹੋ ਸਕਿਆ, ਜਿਸਦੇ ਕਾਰਨ ਉਹਨਾ ਕਾਲਜਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਇੱਕ ਵਿਚਾਰ
ਇੱਕ ਚੰਗਾ ਨੇਤਾ ਦੂਸਰਿਆਂ ਦੇ ਮੁਕਾਬਲੇ ਆਪਣੇ ਹਿੱਸੇ ਵਿੱਚ ਜਿਆਦਾ ਦੋਸ਼ ਲੈਂਦਾ ਹੈ.............. ਅਨਰਲਡ ਐਚ ਗਲਾਸੋ
ਫੋਨ ਨੰ: 9815802070
gurmitpalahi@yahoomail.com
-
ਗੁਰਮੀਤ ਪਲਾਹੀ, ਲੇਖਕ
gurmitpalahi@yahoomail.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.