ਸਤਨਾਮ ਕੌਰ ਚੌਹਾਨ ਫੇਸਬੁਕ, ਮੈਗਜ਼ੀਨਾਂ, ਅਖਬਾਰਾਂ ਵਿਚ ਛਪਣ ਅਤੇ ਰੇਡੀਓ ਤੇ ਆਪਣੀ ਕਵਿਤਾ ਪੜ੍ਹਨ ਤੋਂ ਬਾਅਦ ਪੁਸਤਕ ਰੂਪ ਵਿਚ ਆਪਣੇ ਪਲੇਠੇ ਕਾਵਿ ਸੰਗ੍ਰਹਿ ਕਹੋ ਤਿਤਲੀਆਂ ਨੂੰ ਲੈ ਕੇ ਹਾਜਿਰ ਹੋਈ ਹੈ। ਸ਼ਾਇਰਾ ਇਕ ਸੰਵੇਦਨਸ਼ੀਲ ਸ਼ਖਸ਼ੀਅਤ ਹੈ ਤੇ ਉਸਨੇ ਆਪਣੀ ਸੰਵੇਦਨਾ ਨੂੰ ਕਵਿਤਾ ਰਾਹੀਂ ਬੜੀ ਖੂਬਸੂਰਤੀ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਵਿਤਰੀ ਲੰਬੇ ਸਮੇਂ ਤੋਂ ਕਵਿਤਾਵਾਂ ਲਿਖਦੀ ਆ ਰਹੀ ਹੈ ਪ੍ਰੰਤੂ ਬੜੇ ਸਹਿਜ ਭਾਵ ਨਾਲ ਚਲਣਾ ਉਸਦੀ ਸ਼ਖਸ਼ੀਅਤ ਦਾ ਹਿੱਸਾ ਹੈ। ਪਟਿਆਲੇ ਦੀਆਂ ਸਾਹਿਤਕ ਮਹਿਫਲਾਂ ਵਿਚ ਤਾਂ ਉਹ ਅਕਸਰ ਸ਼ਾਮਿਲ ਹੁੰਦੀ ਹੀ ਹੈ ਬਲਕਿ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਜਾ ਕੇ ਵੀ ਆਪਣੀ ਸਾਹਿਤਕ ਭੁੱਖ ਨੂੰ ਪੂਰਾ ਕਰਨ ਲਈ ਤੱਤਪਰ ਰਹਿੰਦੀ ਹੈ।
ਕਵਿਤਰੀ ਦੀ ਸੋਚ ਦੀ ਅਮੀਰੀ ਮੁੱਢ ਤੋਂ ਹੀ ਪਤਾ ਲੱਗ ਜਾਂਦੀ ਹੈ ਜਦੋ ਉਹ ਆਪਣੀ ਪੁਸਤਕ ਸਮਰਪਣ ਕਰਦੀ ਹੈ, ਉਹ ਧੀਆਂ ਨੂੰ ਜਿਹਨਾਂ ਆਪਣੇ ਮਾਪਿਆ ਦਾ ਨਾਂ ਰੁਸ਼ਨਾਇਆ ਅਤੇ ਉਸ ਬਾਪ ਨੂੰ ਜਿਸ ਨੇ ਆਪਣੀਆਂ ਧੀਆਂ ਨੂੰ ਘਰ ਦਾ ਚਿਰਾਗ ਜਾਣਿਆ। ਕਵਿਤਰੀ ਆਪਣੀ ਪਹਿਲੀ ਹੀ ਕਵਿਤਾ ਵਿਚ ਮਾਂ ਦੇ ਜਹਾਨ ਤੋਂ ਜਲਦੀ ਤੁਰ ਜਾਣ ਦਾ ਵਿਯੋਗ ਕਰਦੀ ਹੈ ਤੇ ਜਿੰਦਗੀ ਦੇ ਇਹ ਬਿਖੜੇ ਰਾਹਾਂ ਤੇ ਧਕੇ ਖਾ ਕੇ, ਡਿਗਦੇ ਢਹਿੰਦੇ ਆਪਣੇੇ ਤੇ ਪਰਿਵਾਰ ਲਈ ਜੱਦੋ ਜਹਿਦ ਕਰਦੇ ਹੋਏ ਜਿੰਦਗੀ ਫੁੱਲਾਂ ਦੀ ਸੇਜ ਬਣਾਉਂਦੀ ਹੈ ਤੇ ਕਹਿੰਦੀ ਹੈ
ਨਹੀਂ ਫੜੀ ਕਦੇ ਮੈਂ
ਮਾਂ ਦੀ ਉਂਗਲ
ਤੇ ਨਾ ਹੀ ਮੈਂ ਉਸ ਤੋਂ ਸਿਖਿਆ
ਔਝੜ ਰਾਹਾਂ ਤੇ
ਹੈ ਕਿੰਝ ਤੁਰਨਾ
ਕਵਿਤਰੀ ਸਮਾਜਿਕ ਸਰੋਕਾਰ ਪ੍ਰਤੀ ਆਪਣੇ ਫਰਜਾਂ ਨੂੰ ਜਾਣਦੀ ਲਗਦੀ ਹੈ, ਇਸੇ ਲਈ ਉਹ ਪਾਣੀ ਦਾ ਗੀਤ ਰਾਹਂੀ ਕਿਸਾਨਾ ਨੂੰ ਮੁਖ਼ਾਤਿਬ ਹੋ ਕੇ ਝੋਨਾ ਘੱਟ ਲਾਉਣ ਦੀ ਤਾਕੀਦ ਕਰਦੀ ਹੈ ਤਾਂ ਜੋ ਪਾਣੀ ਦਾ ਪੱਧਰ ਹੋਰ ਡੂੰਗਾ ਨਾ ਹੋ ਜਾਵੇ, ਤੇ ਆਉਣ ਵਾਲੀਆਂ ਪੀੜੀਆਂ ਨੰੂੰੰ ਸਾਡੇ ਗਲਤ ਫੈਸਲਿਆਂ ਕਾਰਨ ਪਾਣੀ ਦੀ ਸਮਸਿਆ ਕਾਰਨ ਜੀਵਨ ਨਿਰਬਾਹ ਕਰਨਾ ਔਖਾ ਨਾ ਹੋ ਜਾਵੇ।
ਕਵਿਤਰੀ ਆਪਣੀ ਕਵਿਤਾ ਮੇਰੀਆ ਧੀਆਂ ਲਿਖਦੇ ਹੋਏ ਆਪਣੀਆਂ ਧੀਆਂ ਤੇ ਮਾਣ ਕਰਦੀ ਲਗਦੀ ਹੈ, ਜੋ ਹੋਣਾ ਵੀ ਚਾਹੀਦਾ ਹੈ। ਸਮਾਜ ਦੇ ਹੌਲੀ ਹੌਲੀ ਕੁੜੀਆਂ ਪ੍ਰਤੀ ਬਦਲਦੇ ਨਜ਼ਰੀਏ ਦੀ ਸੱਚੀ ਸੁੱਚੀ ਗਵਾਹ ਹੈ ਇਹ ਨਜ਼ਮ।
ਪਿਆਰ ਬਿਨਾ ਹਰ ਰਿਸ਼ਤਾ ਝੂਠਾ ਝੂਠਾ ਲਗਦਾ ਹੈ ਤੇ ਜਿਥੇ ਪਿਆਰ ਦਾ ਅਹਿਸਾਸ ਆ ਜਾਵੇ ਉਥੇ ਅੱਖਰਾਂ ਨਾਲ ਉਸਦਾ ਵਰਨਣ ਕਰਨਾ ਔਖਾ ਹੈ, ਇਸ ਅਹਿਸਾਸ ਨੂੰ ਜਗਾਉਂਦੀ ਨਜ਼ਮ ਉਡੀਕ ਵਿਚ ਉਹ ਲਿਖਦੀ ਹੈ-
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ
ਪਿਆ ਅੰਬਾਂ ਤੇ ਬੂਰ
ਕੋਇਲਾਂ ਕੂਕੀਆਂ
ਗਾਏ ਮਿੱਠੇ ਗੀਤ
ਮੈਂ ਫੇਰ ਚਾਹਿਆ ਤੈਨੂੰ
ਇਸ ਬਹਾਰ ਰੁੱਤੇ
ਗੱਲ ਦੇਹਾਂ ਦੀ ਨਹੀਂ ਹੁੰਦੀ, ਰਿਸ਼ਤੇ ਹਮੇਸ਼ਾਂ ਰੂਹਾਂ ਦੇ ਨਾਲ ਹੀ ਨਿਭਦੇ ਹਨ, ਇਹੋ ਜਿਹੇ ਰਿਸ਼ਤੇ ਦੀ ਗੱਲ ਨਜ਼ਮ ਰਿਸ਼ਤਾ ਵਿਚ ਕਰਦੀ ਲਿਖਦੀ ਹੈ-
ਕੋੲਂੀ ਬੈਠਾ ਦੂਰ ਬਹੁਤ ਦੂਰ
ਪਰ ਲੱਗਦਾ ਕਿਤੇ ਨੇੜੇ ਹੀ
ਹੈ ਸਾਹਾਂ ਤੋਂ ਵੀ ਨੇੜੇ
ਨਾ ਮਿਲੀ ਕਦੇ ਮਿੱਟੀ ਨੂੰ ਮਿੱਟੀ
ਪਰ ਰਿਸ਼ਤਾ ਰੂਹਾਂ ਦਾ
ਕਵਿਤਰੀ ਬਾਰ ਬਾਰ ਆਪਣੀਆਂ ਨਜ਼ਮਾਂ ਵਿਚ ਆਪਣੇ ਵਿਛੜ ਚੁੱਕੇ ਮਾਂ, ਬਾਪ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਹੈ ਅਤੇ ਨਵੀਂ ਪੀੜੀ ਨੂੰ ਮਾਂ, ਬਾਪ ਦੀ ਅਮੁੱਲ ਹੋਂਦ ਨੂੰ ਰੱਜ ਕੇ ਮਾਨਣ ਦਾ ਅਤੇ ਉਹਨਾ ਦੀ ਕੀਮਤ ਸਮਝਣ ਦਾ ਸੰਦੇਸ਼ ਦਿੰਦੀ ਜਾਪਦੀ ਹੈ।
ਕਵਿਤਰੀ ਸਮਾਜ ਦੇ ਕੁੜੀਆਂ ਪ੍ਰਤੀ ਵਰਤਾਰੇ ਤੋਂ ਚਿੰਤਤ ਅਤੇ ਕੁੜੀਆਂ ਨੂੰ ਇਹਨਾ ਗਲਤ ਅਨਸਰਾ ਤੋਂ ਸੂਚੇਤ ਰਹਿਣ ਤੇ ਉਹਨਾ ਨੂੰ ਇਟ ਦਾ ਜਵਾਬ ਪੱਥਰ ਨਾਲ ਦੇਣ ਦੀ ਤਾਕੀਦ ਕਰਦੀ ਹੈ। ਕਵਿਤਰੀ ਹੋਣ ਦੇ ਨਾਲ ਨਾਲ ਸਤਨਾਮ ਇਕ ਮਾਂ ਵੀ ਹੈ, ਤੇ ਮਾਂ ਦਾ ਸਮਾਜ ਦੀ ਹਰ ਧੀ ਦੇ ਹੱਕ ਵਿਚ ਗੱਲ ਕਰਨੀ ਬਣਦੀ ਵੀ ਹੈ। ਕੁੜੀਏ ਨੀ ਨਜ਼ਮ ਨੇ ਕਈ ਸਵਾਲ ਖੜੇ ਕੀਤੇ ਹਨ, ਜਿਹਨਾਂ ਦੇ ਜਵਾਬ ਸਾਨੂੰ ਲੱਭਣੇ ਪੈਣੇ ਹਨ ਤੇ ਕੁੜੀਆਂ ਲਈ ਚੰਗੇ ਸਮਾਜ ਸਿਰਜਣ ਲਈ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਹਨ।
ਸਤਨਾਮ ਕੌਰ ਚੌਹਾਨ ਮਿਟੀ ਨਜ਼ਮ ਵਿਚ ਆਪਣੇ ਹਮਸਫਰ ਤੋਂ ਮਿਲੇ ਅੰਤੇ ਦੇ ਸਹਿਯੋਗ ਦੀ ਗੱਲ ਕਰਦੀ ਪ੍ਰਤੀਤ ਹੁੰਦੀ ਹੈ ਤੇ ਲਿਖਦੀ ਹੈ-
ਮੈਂ ਤਾਂ ਮਿੱਟੀ ਸਾਂ
ਮਿਲ ਗਏ ਸਿਰਜਣਹਾਰੇ
ਹੱਥ
ਜਿਨ੍ਹਾਂ ਸੰਭਾਲ ਲਿਆ
ਉਹ ਚਮਕ ਤੋਂ ਜਾਣੂ ਸਨ
ਅੱਗ ਚ ਸੂਰਜ ਦੇਖ
ਬਾਲ ਦਿਤਾ ਉਸ ਮੈਨੂੰ
ਬਣਾ ਦੀਵਾ
ਤੇ ਮੈਂ ਜਗਣ ਲੱਗੀ
ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਕੁੜੀਆਂ ਦੇ ਹੱਕ ਵਿਚ ਡੱਟ ਕੇ ਖੜੀ ਲੱਗਦੀ ਹੈ ਤੇ ਆਪਣੀ ਕਵਿਤਾ ਆਰਕੈਸਟਰਾ ਵਾਲੀਆਂ ਕੁੜੀਆਂ ਵਿਚ ਉਹਨਾ ਦੀ ਮਾਨਸਿਕ ਪੀੜਾ ਅਤੇ ਮਜਬੂਰੀ ਦਾ ਵਿਖਿਆਨ ਕੁਝ ਇਸ ਤਰ੍ਹਾਂ ਕੀਤਾ ਹੈ:
ਰੋਟੀ ਦੇ ਖਾਤਿਰ
ਕੁੜੀਆਂ ਫੁਲਾਂ ਵਰਗੀ ਉਮਰ ਚ
ਮਜਬੂਰ ਨੇ ਸਟੇਜਾਂ ਤੇ ਨੱਚਣ ਲਈ
ਵਜ ਰਹੇ ਨੇ ਲੱਚਰ ਗੀਤ
ਕੁੜੀਆਂ ਬਿਨਾਂ ਕਿਸੇ
ਭਾਵਨਾਵਾਂ ਤੋਂ
ਬਿਨਾਂ ਕਿਸੇ ਰਿਦਮ
ਤੋਂ ਨੱਚ ਰਹੀਆਂ
ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਕਰਨਾ ਵੀ ਹੁੰਦਾ ਹੈ ਜਿਸ ਤੇ ਸਤਨਾਮ ਖਰੀ ਉਤਰਦੀ ਲਗਦੀ ਹੈ। ਸ਼ਾਇਰਾ ਨਿਜ ਤੋਂ ਸ਼ੁਰੂ ਹੋ ਕੇ ਸਮਾਜ ਦੇ ਹਰ ਵਰਗ, ਖਾਸ ਕਰਕੇ ਕੁੜੀਆਂ ਦੇ ਸਰੋਕਾਰ ਨੂੰ ਛੂਹਣ ਵਿਚ ਸਫਲ ਹੁੰਦੀ ਲਗਦੀ ਹੈ। ਉਸ ਦੀਆਂ ਉਪਰੋਕਤ ਕਵਿਤਾਵਾਂ ਤੋਂ ਇਲਾਵਾ ਰੰਗ, ਆਖਰੀ ਵਾਰ, ਬੇੜੀਆਂ, ਸੜਕ ਤੇ ਬੈਠਾ ਜੋਤਸ਼ੀ, ਰਮਤਾ ਜੋਗੀ, ਚੇਤਨਾ, ਕੁੜੀਆਂ ਤੇ ਮੁਹੱਬਤ, ਅਮਲਤਾਸ, ਰਿਕਸ਼ਾ ਚਲਾਉਂਦਾ ਇਨਸਾਨ, ਰਿਜ਼ਕ, ਸਿੰਮਲ ਦਾ ਰੁੱਖ, ਬੁੱਧ ਨੂੰ ਅਤੇ ਕਹੋ ਤਿਤਲੀਆਂ ਨੂੰ ਮੇਰੇ ਪਸੰਦ ਦੀਆਂ ਕਵਿਤਾਵਾਂ ਹਨ। ਕੁਲ ਮਿਲਾ ਕੇ ਸ਼ਾਇਰਾ ਆਪਣੀ ਪਹਿਲੀ ਕੋਸ਼ਿਸ਼ ਵਿਚ ਸਫਲ ਰਹੀ ਹੈ ਤੇ ਭਵਿੱਖ ਵਿਚ ਉਸਤੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਰ ਨਜ਼ਮਾ ਦੀ ਆਸ ਬੱਝਦੀ ਹੈ। ਸ਼ਾਲਾ ਇਹ ਵਹਿਣ ਇਸੇ ਤਰ੍ਹਾਂ ਵਹਿੰਦਾ ਰਹੇ।
ਨਵਦੀਪ ਸਿੰਘ ਮੁੰਡੀ
ਮਕਾਨ ਨੰ 3078,
ਅਰਬਨ ਅਸਟੇਟ, ਫੇਸ 2 ਪਟਿਆਲਾ
ਮੋ ਨੰ: 98880 90038
-
ਨਵਦੀਪ ਸਿੰਘ ਮੁੰਡੀ, ਲੇਖਕ
navdeepmundy@yahoo.com
9888090038
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.