ਪੰਜਾਬ- ਹਰਿਆਣਾ ਦਰਮਿਆਨ ਚੱਲ ਰਹੇ ਦਰਿਆਈ ਪਾਣੀਆਂ ਦੇ ਝਗੜੇ ਚ ਸਭ ਤੋਂ ਵੱਧ ਵਰਤਿਆ ਜਾਣ ਵਾਲ ਲਫਜ਼ ਐਮ. ਏ. ਐਫ. ਅਤੇ ਕਿਉਸਕ ਦੀ ਜਾਣਕਾਰੀ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਚੋਂ ਨਹੀਂ ਮਿਲਦੀ ਜਿਸ ਕਰਕੇ ਆਮ ਲੋਕ ਇਸ ਤੋਂ ਅਣਜਾਨ ਨੇ।ਪੰਜਾਬੀ ਲੋਕ ਪਾਣੀਆਂ ਦੇ ਝਗੜੇ ਦੀ ਗੁੰਝਲ ਨੂੰ ਸਮਝਣੋਂ ਵੀ ਨਾਕਾਮ ਹਨ।ਹੋਰਾਂ ਗੱਲਾਂ ਤੋਂ ਇਲਾਵਾ ਇਨ੍ਹਾਂ ਦੋ ਲਫਜ਼ਾਂ ਦੀ ਅਣਜਾਨਤਾ ਵੀ ਇੱਕ ਹੈ।ਬਰਸਾਤਾਂ ਦੇ ਦਿਨਾਂ ਦੌਰਾਨ ਪੰਜਾਬ ਦੇ ਦਰਿਆਵਾਂ ਵਿੱਚ ਛੱਡੇ ਜਾਂਦੇ ਪਾਣੀ ਦੀ ਮਿਕਦਾਰ ਕਿਊਸਕ ਵਿੱਚ ਦੱਸੀ ਜਾਂਦੀ ਹੈ। ਇਸ ਵਾਰ ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਲਗਭਗ ਨਿੱਤ ਹੀ ਖਬਰ ਛਪਦੀ ਰਹਿੰਦੀ ਹੈ। ਇਸ ਵਿਚ ਇਹ ਦੱਸਿਆ ਹੁੰਦਾ ਹੈ ਕਿ ਡੈਮ ਵਿੱਚ ਇੰਨ੍ਹੇ ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਇੰਨੇ ਕਿਊਸਕ ਪਾਣੀ ਇਥੋ ਛੱਡਿਆ ਜਾ ਰਿਹਾ ਹੈ। ਇਸੇ ਤਰਾਂ੍ਹ ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਦੀ ਕਿੱਲਤ ਮੌਕੇ ਇਹ ਵੀ ਖ਼ਬਰਾ ਛਪਦੀਆਂ ਹਨ ਕਿ ਫਲਾਣੀ ਨਹਿਰ ਵਿੱਚ ਇੰਨੇ ਦੀ ਬਜਾਇ ਸਿਰਫ ਇੰਨੇ ਕਿਊਸਕ ਹੀ ਪਾਣੀ ਆ ਰਿਹਾ ਹੈ। ਇਸੇ ਤਰਾਂ੍ਹ ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਪਾਣੀ ਦੀ ਵੰਡ ਨੂੰ ਲੈ ਕੇ ਛਪਦੀਆਂ ਖ਼ਬਰਾ ਵਿੱਚ ਪਾਣੀ ਦੀ ਮਿਕਦਾਰ ਨੂੰ ਐਮ.ਏ.ਐਫ. ਭਾਵ ਮਿਲੀਅਨ ਏਕੜ ਫੀਟ ਵਿਚ ਦਰਸਾਇਆ ਗਿਆ ਹੁੰਦਾ ਹੈ।ਪੰਜਾਬ ਹਰਿਆਣੇ ਦੇ ਪਾਣੀਆਂ ਵਾਲੇ ਝਗੜੇ ਵਿੱਚ ਐਮ. ਏ. ਐਫ. ਲਫਜ਼ ਦੀ ਬਹੁਤ ਵਰਤੋਂ ਹੁੰਦੀ ਹੈ ਪਰ ਇਹਦੇ ਮਾਇਨੇ ਆਮ ਪੰਜਾਬੀ ਨੂੰ ਪਤਾ ਨਹੀਂ ।
ਇਸ ਮਸਲੇ 'ਚ ਸਭ ਤੋਂ ਵੱਧ ਅਸਰ ਅੰਦਾਜ਼ ਹੋਣ ਵਾਲੇ ਕਿਸਾਨ ਵਰਗ ਦੀ ਸਮਝ ਵਿਚ ਇਹ ਦੋਵੇਂ ਲਫਜ਼ ਨਹੀਂ ਆਉਦਂੇ, ਇਥੋ ਤੱਕ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਦੀ ਸਮਝ ਵਿਚ ਵੀ ਨਹੀਂ।ਇੰਨਾਂ ਲਫਜਾਂ ਦਾ ਮਤਲਬ ਇੰਝ ਹੈ ਕਿ ਇੱਕ ਘਣ ਫੁੱਟ ਯਾਨੀ ਇੱਕ ਕਿਊਬਿਕ ਫੁੱਟ ਪਾਣੀ ਜੇ ਕਿਸੇ ਥਾਂ ਤੋ ਇਕ ਸੈਕਿੰਡ ਵਿਚ ਲੰਘੇ ਤਾਂ ਉਸਨੂੰ ਇੱਕ ਕਿਊਸਕ ਕਿਹਾ ਜਾਂਦਾ ਹੈ।ਇੱਕ ਫੁੱਟ ਲੰਮੇ, ਇੱਕ ਫੁੱਟ ਚੌੜੇ ਅਤੇ ਇੱਕ ਫੁੱਟ ਹੀ ਡੂੰਘੇ ਡੱਬੇ ਵਿੱਚ ਜਿੰਨਾਂ ਪਾਣੀ ਭਰਿਆ ਜਾ ਸਕਦਾ ਹੈ ਉਸਨੂੰ ਇਕ ਘਣ ਫੁੱਟ (ਅੰਗਰੇਜੀ ਵਿੱਚ ਕਿਊਬਿਕ ਫੀਟ) ਪਾਣੀ ਕਿਹਾ ਜਾਂਦਾ ਹੈ।ਜੇ ਕਿਸੇ ਥਾਂ ਤੋ ਇਕ ਘਣ ਫੁਟ ਪਾਣੀ ਦੀ ਧਾਰਾ ਇਕ ਸਕਿੰਟ ਤੱਕ ਵਗੇ ਤਾਂ ਇਹ ਸਾਢੇ 28 ਲੀਟਰ ਦੇ ਬਰਾਬਰ ਹੁੰਦੀ ਹੈ।
ਇਸੇ ਤਰਾਂ ਐਮ.ਏ.ਐਫ ਦਾ ਅੰਗਰੇਜ਼ੀ ਵਿਚ ਮਤਲਬ ਹੈ ਮਿਲੀਅਨ ਏਕੜ ਫੀਟ, ਭਾਵ 10 ਲੱਖ ਏਕੜ ਫੁੱਟ।ਜੇ 10 ਲੱਖ ਏਕੜ ਰਕਬੇ ਵਿਚ 1 ਫੁੱਟ ਡੂੰਘਾ ਪਾਣੀ ਖੜਾਇਆ ਜਾਵੇ ਤਾਂ ਉਹ ਇੱਕ ਮਿਲੀਅਨ (ਦਸ ਲੱਖ) ਏਕੜ ਫੁੱਟ ਪਾਣੀ ਅਖਵਾਉਦਾ ਹੈ। ਜੇ 1381 ਕਿਊਸਕ ਪਾਣੀ ਸਾਰਾ ਸਾਲ ਲਗਾਤਾਰ ਵਗੇ ਤਾਂ ਉਹ ਇੱਕ ਮਿਲੀਅਨ ਏਕੜ ਫੁੱਟ (ਐਮ.ਏ.ਐਫ.) ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਸੂਬੇ ਨੂੰ 2 ਐਮ.ਏ.ਐਫ. ਪਾਣੀ ਦੀ ਅਲਾਟਮੈਟ ਹੁੰਦੀ ਹੈ ਤਾਂ ਉਸਦਾ ਭਾਵ ਹੈ ਕਿ ਇੱਕ ਸਾਲ ਵਿਚ ਉਸਨੂੰ 20 ਲੱਖ ਏਕੜ ਫੁੱਟ ਪਾਣੀ ਮਿਲੇਗਾ। ਯਾਨੀ ਕੇ ਇਹ ਪਾਣੀ ਦੀ ਮਿਕਦਾਰ ਇੰਨੀ ਹੋਵੇਗੀ ਕਿ 20 ਲੱਖ ਏਕੜ ਰਕਬੇ ਵਿੱਚ ਇੱਕ ਫੁੱਟ ਉਚਾ ਪਾਣੀ ਖੜ ਸਕਦਾ ਹੈ।
ਕਿਊਸਕ ਦੇ ਅੰਦਾਜੇ ਬਾਰੇ ਹੋਰ ਮੋਟੀ ਜਿਹੀ ਜਾਣਕਾਰੀ ਲਈ ਪੰਜਾਬ ਦੀਆਂ ਨਹਿਰਾਂ ਵਿਚ ਵਗ ਰਹੇ ਪਾਣੀ ਦੀ ਮਿਕਦਾਰ ਤੋ ਕਿਊਸਕ ਦਾ ਅੰਦਾਜ਼ਾ ਲਾ ਸਕਦੇ ਹਾਂ। ਰੋਪੜ ਹੈਡ ਵਰਕਸ ਤੋ ਨਿਕਲ ਕੇ, ਲੁਧਿਆਣਾ ਤੇ ਸਮਰਾਲਾ ਵਾਲੀ ਸੜਕ ਦੇ ਰਾਹ ਵਿੱਚ ਪੈਂਦੀ ਨੀਲੋ ਪੁਲ ਵਾਲੀ ਅਤੇ ਲੁਧਿਆਣਾ-ਖੰਨਾ ਸੜਕ ਤੇ ਦੋਰਾਹੇ ਦੇ ਪੁਲ ਵਾਲੀ ਸਰਹਿੰਦ ਨਹਿਰ ਜੇ ਆਪਣੇ ਜੋਬਨ ਤੇ ਵਗੇ ਤਾਂ ਇਸ ਵਿੱਚ 12 ਹਜਾਰ 600 ਕਿਊਸਕ ਪਾਣੀ ਹੁੰਦਾ ਹੈ। ਦੋਰਾਹੇ ਦੇ ਪੁਲ ਤੋ ਲਗਭਗ 1 ਕਿਲੋਮੀਟਰ ਅਗਾਂਹ ਜਾ ਕੇ ਮਾਨਪੁਰ ਹੈਡ ਵਰਕਸ ਤੇ ਇਸਦੀਆਂ ਚਾਰ ਨਹਿਰਾਂ ਬਣ ਜਾਂਦੀਆਂ ਹਨ। ਜੇ ਇਹਨਾਂ ਨਹਿਰਾਂ ਨੂੰ ਪੂਰਾ ਪਾਣੀ ਮਿਲੇ ਤਾਂ ਇਨਾਂ ਵਿਚ ਚਲਦੇ ਪਾਣੀ ਦੀ ਮਿਕਦਾਰ ਇਸ ਤਰਾਂ ਹੁੰਦੀ ਹੈ। ਲੁਧਿਆਣੇ ਵੱਲ ਨੂੰ ਜਾਣ ਵਾਲੀ ਸਿੱਧਵਾਂ ਕੈਨਾਲ ਵਿਚ 1750 ਕਿਊਸਕ।ਸੁਧਾਰ ਵੱਲ ਨੂੰ ਜਾਣ ਵਾਲੀ ਅਬੋਹਰ ਬਰਾਂਚ 3070 ਕਿਊਸਕ।ਦੱਧਾਹੂਰ ਵੱਲ ਨੂੰ ਜਾਣ ਵਾਲੀ ਬਠਿੰਡਾ ਬਰਾਂਚ 3135 ਕਿਊਸਕ।ਜੌੜੇ ਪੁਲਾਂ ਵਾਲੀ ਪਟਿਆਲਾ ਬਰਾਂਚ 4010 ਕਿਊਸਕ। ਖੰਨੇ ਅਤੇ ਸਰਹੰਦ ਦੇ ਵਿਚਕਾਰ ਪੈਂਦੀ ਪੱਕੀ ਨਹਿਰ ਭਾਖੜਾ ਮੇਨ ਲਾਇਨ ਵਿੱਚ 12500 ਕਿਉਸਕ ਪਾਣੀ ਵਗਦਾ ਹੈ ਜੋ ਜ਼ਿਆਦਾਤਰ ਹਰਿਆਣਾ ਨੂੰ ਜਾਂਦਾ ਹੈ ਜੀਹਦੇ ਚੋਂ ਕੁੱਝ ਕੁੱਝ ਪਾਣੀ ਪੰਜਾਬ ਅਤੇ ਰਾਜਸਥਾਨ ਨੂੰ ਵੀ ਮਿਲਦਾ ਹੈ। ਲੁਧਿਆਣਾ ਤੋਂ ਫਿਰੋਜ਼ਪੁਰ ਵਾਲੀ ਸੜਕ ਤੇ ਫਿਰੋਜ਼ਪੁਰ ਤੋਂ ਪਹਿਲਾਂ ਫੇਰੂ ਸ਼ਹਿਰ/ ਫਿਰੋਜ਼ਸ਼ਾਹ ਦੇ ਮੁਕਾਮ ਤੇ ਆਉਂਦੀਆਂ ਦੋ ਨਹਿਰਾਂ ਵਿਚੋਂ ਜਿਹੜੀ ਚੌੜੀ ਨਹਿਰ ਰਾਜਸਥਾਨ ਫੀਡਰ ਵਾਲੀ ਆਖੀ ਜਾਂਦੀ ਹੈ, ਉਹਦੀ ਕਪੈਸਟੀ 18500 ਕਿਉਸਕ ਦੀ ਹੈ ਤੇ ਉਹਦੇ ਚ ਆਮ ਤੌਰ ਤੇ 15 ਹਜ਼ਾਰ ਕਿਉਸਕ ਪਾਣੀ ਛੱਡਿਆ ਜਾਂਦਾ ਹੈ।ਫਿਲੌਰ ਵਾਲੇ ਪੁਲ ਕੋਲੋ ਸਤਲੁਜ ਦਰਿਆ ਜੇ ਪੂਰੇ ਕੰਢਿਆਂ ਤੱਕ ਵਗੇ ਤਾਂ ਇਸ ਵਿਚ ਲਗਭਗ 2 ਲੱਖ ਕਿਊਸਕ ਪਾਣੀ ਆ ਸਕਦਾ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.