ਖ਼ਬਰ ਹੈ ਕਿ 26 ਜੁਲਾਈ 2017 ਨੂੰ ਬਿਹਾਰ ਦੇ ਮੁਖ ਮੰਤਰੀ ਨਤੀਸ਼ ਕੁਮਾਰ ਨੇ ਆਪਣੀ ਤਲਵਾਰ ਅਤੇ ਘੋੜਾ ਤਿਆਗ ਦਿਤੇ ਅਤੇ ਬਿਹਾਰ ਦਾ ਛੇਵੀਂ ਵੇਰ ਮੁਖਮੰਤਰੀ ਦੇ ਤੌਰ 'ਤੇ ਸਿੰਘਾਸਨ ਪ੍ਰਾਪਤ ਕਰਨ ਲਈ ਦੂਜਿਆਂ ਦਾ ਸਹਾਰਾ ਲੈ ਲਿਆ ਅਤੇ ਪਹਿਲਿਆਂ ਨੂੰ ਤਿਆਗ ਦਿਤਾ। ਬਿਹਾਰ ਦੀ ਗਰੀਬੀ, ਬੇਰੁਜ਼ਗਾਰੀ ਅਤੇ ਭੇਦਭਾਵ ਨੂੰ ਦੇਖਦਿਆਂ ਇਹ ਜਾਨਣਾ ਜ਼ਰੂਰੀ ਅਤੇ ਹੈਰਤ ਭਰਿਆ ਹੈ ਕਿ ਉਥੇ ਕੋਈ ਇਹੋ ਜਿਹਾ ਸਖ਼ਸ਼ ਵੀ ਹੈ, ਜਿਸਦੇ ਲਈ ਬਿਹਾਰ ਦੇ ਮੁਖਮੰਤਰੀ ਦੀ ਕੁਰਸੀ ਆਤਮ ਸਵੈਮਾਨ ਅਤੇ ਭਰੋਸੇ ਯੋਗਤਾ ਦੀ ਤੁਲਨਾ ਤੋਂ ਕਿਤੇ ਵੀ ਉਪਰ ਹੈ।
ਨਤੀਸ਼ ਛੇਵੀਂ ਵੇਰ ਕੁਰਸੀ ਨੂੰ ਚੁੰਬੜ ਗਿਆ ਅਤੇ ਉਸ ਲਾਲੂ-ਟੱਬਰ ਨੂੰ ਦਰੋਂ ਬਾਹਰ ਕਰ ਦਿਤਾ। ਉਹੀ ਲਾਲੂ ਜੋ ਉਹਦੀਆਂ ਅਖਾਂ ਦਾ ਤਾਰਾ ਸੀ, ਹਰਮਨ ਪਿਆਰਾ ਸੀ, ਦੁੱਧ-ਧੋਤਾ ਸੀ, ਪਲਾਂ-ਛਿਨਾ 'ਚ ਉਹਦੀਆਂ ਅੱਖਾਂ 'ਚ ਡਕੈਤ ਬਣ ਗਿਆ ਅਤੇ ਮੋਦੀ-ਟੱਬਰ ਜਿਹਨੂੰ ਉਹ ਫਿਰਕਪ੍ਰਸਤ, ਡਰਾਮੇਬਾਜ਼ ਆਖਦਾ ਨਹੀਂ ਸੀ ਥੱਕਦਾ, ਆਦਰਸ਼ਕ ਪ੍ਰਧਾਨ ਮੰਤਰੀ ਦਿਸਣ ਲੱਗ ਪਿਆ। ਜਾਪਦਾ ਮੋਦੀ-ਸ਼ਾਹ ਟੀਮ ਨੇ ਨਤੀਸ਼ ਦੀਆਂ ਅੱਖਾਂ ਉਤੇ ਹਰੀਆ ਐਨਕਾਂ ਟਿਕਾ ਦਿਤੀਆਂ ਹਨ ਤਦੇ ਭਾਈ ਉਹਨੂੰ ਸਭ ਪਾਸੇ ਹਰਾ-ਹਰਾ ਹੀ ਦੀਹਦਾ ਆ। ਮੋਦੀ-ਸ਼ਾਹ ਹਰਾ ਅਤੇ ਸਵੱਛ! ਕੋਬਿੰਦ-ਨਾਇਡੋ, ਉੱਤਮ ਤੇ ਅਤੀ ਉੱਤਮ, ਸੁਚੱਜੇ ਤੇ ਸਿਆਣੇ, ਬੀਬੇ ਤੇ ਰਾਣੇ ਦਿਸਦੇ ਆ।
ਤਦੇ ਤਾਂ ਨਤੀਸ਼ ਲਾਲੂ ਨੂੰ ਆਪਣੇ ਪਿੰਡੇ 'ਤੇ ਚੁੰਬੜੀ ਚੰਮ-ਜੂੰ ਸਮਝਦਿਆਂ, ਗਲੋਂ ਲਾਹੀ ਜਾਂਦਾ ਤੇ ਮੋਦੀ ਨੂੰ ਜੱਫੀਆਂ ਪਾਈ ਜਾਂਦਾ। ਤੂੰਬਾ-ਤਾਰੇ ਨਾਲ ਰਾਗ ਅਲਾਪੀ ਜਾਂਦਾ, "ਤੂੰਬਾ ਵਜਦਾ ਨਾ ਤਾਰ ਦੇ ਬਿਨਾ, ਨਤੀਸ਼ ਰਹਿੰਦਾ ਨਾ ਆਪਣੇ ਮੋਦੀ ਯਾਰ ਬਿਨਾ"। ਬਾਵਰੇ ਹੋਏ ਨਤੀਸ਼ ਦੀ ਹਾਲਤ ਇਹ ਹੈ ਕਿ ਲਾਲੂ ਨੂੰ ਆਖੀ ਜਾਂਦਾ, "ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ, ਰੂਹ ਦਾ ਪਲੰਘ ਨਵਾਰੀ ਮੇਰੇ ਯਾਰ ਲਈ ਹੈ"। ਪਰ ਭਾਈ ਜੇ ਮੋਦੀ ਦੇ ਮਨ ਵਿੱਚ ਵੀ ਨਤੀਸ਼ ਵਾਲਾ ਖਿਆਲ ਆ ਗਿਆ ਲਾਲੂ ਲਈ ਤਾਂ ਫਿਰ ਕੀ ਬਣੂ ਨਤੀਸ਼ ਦਾ?
ਨੇਕ ਮੁਹੰਮਦ ਕਿਧਰ ਜਾਵੇ, ਰੋਟੀ ਰਿਜ਼ਕ ਹਲਾਲ ਕਮਾਵੇ?
ਖ਼ਬਰ ਹੈ ਕਿ ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਲਗਭਗ ਤਿੰਨ ਕਰੋੜ (3,08,43,419) ਲੋਕ ਰਹਿੰਦੇ ਹਨ, ਜਿਹਨਾ ਚੋਂ ਇਕ ਕਰੋੜ ਤੀਹ ਲੱਖ (1,30,08,012) ਐਨ.ਆਰ.ਆਈ ਹਨ ਅਤੇ (1,78,35,407) ਪੀ.ਆਈ.ੳ. ਪਰਸਨ ਆਫ ਇੰਡੀਆ ਉਰਿਜਨ ਹਨ। ਇਹਨਾ ਵਿਚੋਂ ਸਿੰਗਾਪੁਰ ਵਿੱਚ 3,25,000, ਬਹਿਰੀਨ 'ਚ 3,12,918, ਮਲੇਸ਼ੀਆਂ 'ਚ 2,44,274, ਅਸਟਰੇਲੀਆ ਵਿੱਚ 2,41,000 ਕੈਨੇਡਾ ਵਿੱਚ 1,84,320, ਇਟਲੀ 'ਚ 1,72301, ਫਿਲੀਪੀਨਜ 'ਚ 1,00,000, ਸਾਊਦੀ ਅਰਬ 'ਚ 30,50,000, ਯੂਏਈ 'ਚ 28,00,000, ਯੂ.ਐਸ.ਏ.ਵਿੱਚ 12,80,000, ਕੁਵੈਤ ਵਿੱਚ 9,21,666, ਉਮਾਨ 'ਚ 7,95,082, ਕਤਰ 'ਚ 6,00,000, ਨੇਪਾਲ 'ਚ 6,00,000 ਭਾਰਤੀ ਰਹਿੰਦੇ ਹਨ। ਇਹਨਾ ਪ੍ਰਵਾਸੀ ਭਾਰਤੀਆਂ ਵਿੱਚ ਬਹੁਤੇ ਦੱਖਣੀ ਭਾਰਤ ਖਾਸ ਕਰਕੇ ਕੇਰਲਾ ਤੋਂ ਹਨ ਅਤੇ ਕਾਫੀ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ।
ਬੰਦੇ ਦੇ ਸਰੀਰ ਨੂੰ ਲੱਗਿਆ ਹੋਇਆ ਢਿੱਡ! ਬੰਦੇ ਨੇ ਢਿੱਡ ਨੂੰ ਝੁਲਕਾ ਤਾਂ ਦੇਣਾ ਹੀ ਹੋਇਆ ਤਦੇ ਭਾਈ ਉਹ ਅਕਾਸ਼ੀਂ ਉਡਾਰੀਆ ਲਾਉਂਦਾ। ਲੁੱਕ-ਛਿੱਪ ਸਰਹੱਦਾਂ ਪਾਰ ਕਰਦਾ। ਜਹਾਜ਼ ਦੇ ਪੰਖਾਂ 'ਚ ਲੁਕ ਵਲੈਤ ਜਾਂਦਾ। ਜੰਗਲ ਬੇਲਿਆਂ 'ਚ ਭੁਖਾ ਮਰਦਾ, ਦੇਸ਼ ਛੱਡ ਵਿਦੇਸ਼ਾਂ ਦੇ ਰਾਹ ਪੈਂਦਾ ਝੁਲਕੇ ਲਈ। ਇਹ ਝੁਲਕਾ ਉਹਨੂੰ ਉਹਦੀ ਮਿੱਟੀ ਨਾ ਦੇਊ,ਤਾਂ ਉਹ ਆਪਣਾ ਤੱਪੜੀ-ਬਸਤਾ ਚੁੱਕੂ ਤੇ ਉਥੇ ਜਾ ਧਰੂ ਕਿਧਰੇ ਇੱਕਲਾ-ਇਕਹੱਰਾ, ਕਿਧਰੇ-ਟੱਬਰ ਸਮੇਤ, ਜਿਥੋਂ ਉਹਨੂੰ ਰਿਜ਼ਕ ਮਿਲੂ! ਬਿਹਾਰੀ, ਪੰਜਾਬੇ ਆਊ। ਪੰਜਾਬੀ ਕਲੱਕਤੇ ਜਾਊ। ਮੱਕੇ-ਮਦੀਨੇ ਜਾਊ ਤੇ ਅਸਟਰੇਲੀਆ ਅਮਰੀਕਾ ਵੀ! ਰੋਟੀ ਖਾਊ, ਕੁਲੀ ਪਾਊ! ਤਨ ਤੇ ਕੱਪੜਾ ਲਪੇਟੂ ਤੇ ਟੁੱਟੀ-ਫੁਟੀ ਤੇ ਫਿਰ ਨਵੀਂ ਨਕੋਰ ਗੱਡੀ ਖਰੀਦੂ! ਬੋਲੀ ਨਾ ਆਊ ਉਥੇ ਦੀ, ਤਾਂ ਟੁੱਟੀ-ਫੁਟੀ ਬੋਲੂ। ਇਸ਼ਾਰੇ ਕਰੂ, ਆਪਣੇ ਆਪ ਨੂੰ ਸਮਝਾਊ ਤੇ ਫਿਰ ਪਰਾਇਆਂ ਦੇ ਗਲ ਲੱਗ-ਕਈ ਹਾਲਤਾਂ 'ਚ ਪਰਾਇਆ ਹੋ ਜਾਊ। ਮਨੁੱਖ ਦੀ ਮਜ਼ਬੂਰੀ ਵੇਖੋ! ਘਰ ਛੱਡੂ ਉਹੋ, ਜਿਹਨੂੰ ਉਹ ਆਖਦਾ, "ਜੋ ਸੁਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖਾਰੇ" ਗੱਲ ਤਾਂ ਟੁੱਕ ਦੀ ਆ। ਦੋ ਟੁੱਕ ਰੋਟੀ ਦੀ ਜਿਹੜੀ ਉਹਦੇ ਗਲ ਦਾ ਫਾਹਾ ਬਣੀ ਹੋਈ ਆ। ਤਦੇ ਕਵੀ ਆਂਹਦਾ ਆ, " ਨੇਕ ਮੁਰੰਮਦ ਕਿਧਰ ਜਾਵੇ, ਰੋਟੀ ਰਿਜ਼ਕ ਹਲਾਲ ਕਮਾਵੇ, ਤੇਰਾ ਹੁਕਮ ਤੇ ਤੈਈਬ ਰੋਜ਼ੀ ਬਣ ਗਿਆ ਉਹਦੇ ਗਲ ਦਾ ਫਾਹ"।
ਮਹਿੰਗਾਈ ਨੇ ਦਿੱਤਾ ਝੂਣਾ, ਚੱਟਣੀ ਹੋ ਗਈ ਦਾਲ ਸਲੂਣਾ
ਖ਼ਬਰ ਹੈ ਕਿ ਭਰਵੀਂ ਬਾਰਿਸ਼ ਨੇ ਸਬਜ਼ੀਆਂ ਦੇ ਭਾਅ ਦੁਗਣੇ ਤੋਂ ਵੀ ਵਧੇਰੇ ਕਰਵਾ ਦਿਤੇ ਹਨ ਅਤੇ ਮੱਧ ਵਰਗੀ ਪਰਿਵਾਰ ਲਈ ਚਟਣੀ ਦਾ ਸਵਾਦ ਵਧਾ ਦਿਤਾ ਹੈ। ਸਬਜ਼ੀਆਂ ਮਹਿੰਗਈਆਂ ਹੋਣ ਕਾਰਨ ਗਰੀਬੀ ਦੀ ਆਰਥਿਕ ਹਾਲਾਤਾਂ 'ਚੋਂ ਗੁਜ਼ਰ ਰਹੇ ਲੋਕਾਂ ਲਈ ਪੇਟ ਭਰਨਾ ਮੁਸ਼ਕਲ ਹੋ ਗਿਆ ਹੈ। ਅੱਜ ਕੱਲ ਟਮਾਟਰ 100 ਰੁਪਏ, ਪਿਆਜ਼ 50 ਰੁਪਏ, ਕੱਦੂ 25 ਤੋਂ 30 ਰੁਪਏ, ਭਿੰਡੀ 40 ਰੁਪਏ, ਟੀਂਡਾ 40 ਰੁਪਏ ਕਿਲੋ ਵਿਕ ਰਿਹਾ ਹੈ। ਸਬਜ਼ੀ ਮੱਧ ਵਰਗੀ ਪਰਿਵਾਰ ਤੋਂ ਦੂਰ ਹੋ ਗਈ ਹੈ ਅਤੇ ਤੁੜਕਾ ਲਾਉਣ ਲਈ ਜੀਰੇ ਦੀ ਵਰਤੋਂ ਹੋਣ ਲੱਗੀ ਹੈ ਅਤੇ ਸਬਜ਼ੀ ਥਾਲੀ ਤੋਂ ਗਾਇਬ ਹੋਣ ਕਾਰਨ ਬਹੁਤੇ ਪਰਿਵਾਰ ਚਟਣੀ ਨਾਲ ਗੁਜ਼ਾਰਾ ਕਰ ਰਹੇ ਹਨ।
ਵਿਚਕਾਰਲਾ ਬੰਦਾ ਭਾਈ ਦਰੜਿਆ ਹੀ ਜਾਂਦਾ ਆ। ਉਪਰਲੇ ਕੋਲ ਅੰਨਾ ਪੈਸਾ, ਹੇਠਲੇ ਕੋਲ ਕੋਈ ਵੀ ਨਾ। ਵਿਚਕਾਰਲਾ ਬੰਦਾ ਆਂਹਦਾ ਪੈਸਾ ਹੱਥਾਂ ਦੀ ਮੈਲ ਆ, ਆਈ ਚਲਾਈ ਹੁੰਦੀ ਰਹੂ। ਪਰ ਹੱਥਾਂ ਦੀ ਮੈਲ ਤਾਂ ਮੋਦੀ ਲਾਹੀ ਜਾਂਦਾ ਆ। ਕਦੇ ਨੋਟਬੰਦੀ ਲਿਆਕੇ ਵਿਚਕਾਰਲਿਆਂ ਦੀ ਨੌਕਰੀਆਂ ਗੁਆਈ ਜਾਂਦਾ ਆ ਅਤੇ ਕਦੇ ਜੀ ਐਸ ਟੀ ਲਾਕੇ ਲਾਲਿਆਂ ਦੀਆਂ ਹੱਟੀਆਂ ਨੂੰ ਤਾਲੇ ਲੁਆਈ ਜਾਂਦਾ ਆ। ਨਾ ਰਹੂ ਬਾਂਸ ਨਾ ਵੱਜੂ ਬਾਂਸਰੀ। ਨਾ ਰਹੂ ਨੌਕਰੀ, ਨਾ ਰਹੂ ਹੱਟੀ, ਨਾ ਰਹੂ ਧੰਨ। ਤਾਂ ਫਿਰ ਘਰ ਦੇ ਦੀਵੇ ਅੱਗੇ ਬੰਦਾ ਇਹ ਆਖਣ ਜੋਗਾ ਕਿਵੇਂ ਰਹੂ, "ਦੀਵੜਿਆ ਘਰ ਜਾ ਆਪਣੇ, ਸੁੱਖ ਵਿਸਾਈਂ ਰਾਤ, ਗੱਡੇ ਲਿਆਂਵੀ ਧੰਨ ਦੇ, ਨਾਲ ਆਵੀਂ ਆਪ" ਬਾਕੀ ਰਹਿੰਦੀ ਖੂੰਹਦੀ ਕਸਰ ਇੰਦਰ ਦੇਵਤਾ ਪੂਰੀ ਕਰੀ ਜਾਂਦਾ, ਮੋਦੀ ਮੈਲ ਲਾਹੀ ਜਾਂਦਾ, ਇੰਦਰ ਸੱਭੋ ਕੁੱਝ ਸਾਫ ਕਰੀ ਜਾਂਦਾ, ਸਬਜ਼ੀਆਂ ਵੀ, ਫਲ ਵੀ ਅਤੇ ਲੋਕ ਵਿਚਾਰੇ ਕਰਮਾਂ ਦੇ ਮਾਰੇ, ਬੱਸ ਕਿਸਮਤ ਨੂੰ ਝੂਰੀ ਜਾਂਦੇ ਆ। ਗੰਢੇ ਮੁੱਕੀ ਮਾਰ ਭੰਨਕੇ ਉਹ ਫੁਲਕਾ ਨਾਲ ਹੀ ਨਿਗਲੀ ਜਾਂਦੇ ਆ ਜਾਂ ਫਿਰ ਕੂੰਡੇ 'ਚ ਘੋਟਣ ਘੁੰਮਾ, ਇਹ ਆਖਕੇ, "ਮਹਿੰਗਾਈ ਨੇ ਦਿਤਾ ਝੂਣਾ, ਚੱਟਣੀ ਹੋ ਗਈ ਦਾਲ ਸਲੂਣਾ" ਮੋਦੀ ਦੇ ਗੁਣ ਗਾਈ ਜਾਂਦੇ ਆ। ਜਿਹਦੀ ਕਿਰਪਾ ਨਾਲ ਮਿਲਾਵਟਖੋਰੀ, ਕੁਨਬਾਪਰਵਰੀ, ਬੇਰੁਜ਼ਗਾਰੀ ਨੇ ਵੀ ਵਾਹਵਾ ਵਿਕਾਸ ਕਰ ਲਿਆ ਹੈ ਅਤੇ ਮਹਿੰਗਾਈ ਅਤੇ ਭੁੱਖਮਰੀ ਨੇ ਵੀ! ਵਾਹ ਜੀ ਵਾਹ!! ਸਭ ਕਾ ਸਾਥ ਸਭਕਾ ਵਿਕਾਸ!!!
ਭਾਰਤ ਇੱਕ ਨਹੀਂ ਸਗੋਂ ਨੇ ਦੋ ਭਾਰਤ
ਖ਼ਬਰ ਹੈ ਕਿ ਮੱਧ ਪ੍ਰਦੇਸ਼ ਵਿੱਚ ਹੋ ਰਹੀਆਂ ਨਗਰ ਨਿਗਮਾਂ, ਨਗਰ ਪ੍ਰੀਸਦਾਂ ਦੀਆਂ ਚੋਣਾਂ ਸਮੇਂ ਇਹ ਹੋਰਡਿੰਗ ਲਗਾਕੇ ਹਰ ਬੂਥ ਦੇ ਬਾਹਰ ਦੱਸਿਆ ਜਾਏਗਾ ਕਿ ਖੜ੍ਹਾ ਹੋਇਆ ਉਮੀਦਵਾਰ ਕਿੰਨਾ ਪੜ੍ਹਿਆ ਲਿਖਿਆ ਹੈ, ਉਸਦੀ ਜਾਇਦਾਦ ਕਿੰਨੀ ਹੈ ਅਤੇ ਉਸ ਵਿਰੁੱਧ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ? ਇਹ ਸਾਰੀ ਸੂਚਨਾ ਉਸ ਉਮੀਦਵਾਰ ਵਲੋਂ ਉਸ ਵਲੋਂ ਦਿਤੇ ਹਲਫ਼ਨਾਮੇ 'ਚ ਦਿਤੀ ਸੂਚਨਾ ਦੇ ਆਧਾਰ 'ਤੇ ਹੋਵੇਗੀ। ਆਈ ਆਈ ਐਮ ਦੇ ਪ੍ਰੋਫੈਸਰਾਂ ਦੇ ਸੰਗਠਨ ਈ ਡੀ ਆਰ ਨੇ ਇਸ ਸਬੰਧੀ ਦਿਲੀ ਹਾਈ ਕੋਰਟ ਵਿੱਚ ਇੱਕ ਜਾਚਿਕਾ ਦਾਇਰ ਕਰਵਾਈ ਸੀ। ਹਾਈਕੋਰਟ ਨੇ ਸੰਨ 2000 ਵਿੱਚ ਉਹਨਾ ਦੇ ਹੱਕ 'ਚ ਫੈਸਲਾ ਦਿਤਾ ਪਰ ਕੇਂਦਰੀ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੀ। ਪਰ ਫੈਸਲਾ ਉਥੇ ਵੀ ਪ੍ਰੋਫੈਸਰਾਂ ਦੇ ਹੱਕ 'ਚ ਹੋਇਆ ਸੀ!
ਵਾਹ! ਕਿੰਨੀ ਛੇਤੀ ਲਾਗੂ ਹੋ ਰਿਹਾ ਫੈਸਲਾ! ਸੁਣਿਆ ਤੇਰਾਂ ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਪਰ ਭਾਈ ਭਾਰਤ 'ਚ ਤਾਂ ਹੁਣ ਰੂੜੀ ਰਹੀ ਹੀ ਨਹੀਂ, ਕਚਰਾ ਹੀ ਕਚਰਾ ਦਿਸਦਾ ਹੈ। ਕਿਧਰੇ ਇਲੈਕਟ੍ਰੋਨਿਕ ਕਚਰਾ। ਕਿਧਰੇ ਪਲਾਸਟਿਕ ਕਚਰਾ ਅਤੇ ਕਿਧਰੇ ਵੱਡੀਆਂ ਗਗਨਟੁੰਬੀ ਸਮਾਰਟ ਸਿਟੀ ਸੁਫਨਿਆਂ ਦੇ ਪੈਰਾਂ ਥੱਲੇ ਰੁਲਦਾ ਝੁਗੀਆਂ ਝੋਪੜੀਆਂ ਦਾ ਕੂੜਾ-ਕਰਕਟ! ਕਿਧਰੇ ਵੱਡੇ ਮਹੱਲ ਦੀਹਦੇ ਹਨ ਅਤੇ ਲੰਮੀਆਂ-ਚੌੜੀਆਂ ਸੜਕਾਂ ਅਤੇ ਦੂਜੇ ਪਾਸੇ ਸੜਕਾਂ 'ਚ ਟੋਏ, ਗੰਦੇ ਛੱਪੜ ਅਤੇ ਉਹਨਾ 'ਚ ਮੂੰਹ ਅੱਡਦੇ ਗੜੈਂ-ਗੜੈਂ ਕਰਦੇ ਡੱਡੂ! ਇੰਜ ਹੀ ਭਾਈ ਕਿਧਰੇ ਵੱਡੇ ਢਿੱਡਾਂ ਵਾਲੇ ਨੇਤਾ ਰਹਿੰਦੇ ਹਨ, ਜਿਹਨਾ ਮੁਲਕ ਦਾ ਲਹੂ ਚੂਸ ਲਿਆ, ਦੂਜੇ ਪਾਸੇ ਭੁੱਖਾ ਢਿੱਡ ਫੜੀ ਉਹ ਲੋਕ ਬੈਠੇ ਹਨ ਜਿਹਨਾ ਨੂੰ ਦੋ ਡੰਗ ਰੋਟੀ ਨਹੀਂ ਮਿਲਦੀ! ਜੀਹਨੂੰ ਰੋਟੀ ਨਹੀਂ ਮਿਲਦੀ, ਉਹ ਵੋਟ ਕੀ ਪਾਊ? ਉਹ ਪੜੂ ਕਿਥੇ? ਜੇ ਪੜ੍ਹਨਾ ਨਾ ਜਾਣੂ ਤਾਂ ਵੋਟ-ਬੂਥ ਦੇ ਬਾਹਰ ਲਿਖਿਆ ਤਾਂ ਉਹਦੇ ਲਈ "ਕਾਲਾ ਅਖਰ ਭੈਂਸ ਬਰਾਬਰ" ਹੋਊ! ਉਂਜ ਦੇਸ਼ ਦੇ 33 ਪ੍ਰਤੀਸ਼ਤ ਨੇਤਾਵਾਂ ਉਤੇ ਭਾਈ ਤਰ੍ਹਾਂ ਤਰ੍ਹਾਂ ਦੇ ਅਦਾਲਤੀ ਕੇਸ ਦਰਜ ਨੇ ਤੇ ਉਹ ਵਜ਼ੀਰ ਬਣੇ ਬੈਠੇ ਨੇ, ਤੇ ਪੜ੍ਹੇ ਸਿਆਣੇ ਉਹਨਾ ਦੇ ਕਰਿੰਦੇ। ਪਰ ਮਹਾਤੜ ਸਾਥੀ ਕੀ ਜਾਣੇ? ਉਹ ਤਾਂ ਵੱਡੇ ਹੋਰਡਿੰਗ 'ਚ ਲੱਗੀ ਨੇਤਾ ਦੀ ਤਸਵੀਰ ਵੇਖਕੇ ਆਪਣੇ ਅੰਨ-ਦਾਤੇ ਅੱਗੇ ਫੁਲ ਚੜ੍ਹਾਊ, ਵੋਟ ਪਾਊ ਤੇ ਤੁਰਦਾ ਹੋਊ! "ਭਾਰਤ ਇੱਕ ਨਹੀਂ ਸਗੋਂ ਨੇ ਦੋ ਭਾਰਤ, ਕਿਹੜੇ ਭਾਰਤ ਵਿੱਚ ਯਾਰ ਤੂੰ ਵਸਦੇ ਏਂ"। ਵਾਲਾ ਸਵਾਲ ਤਾਂ ਉਹਦੇ ਜ਼ਿਹਨ 'ਚ ਜਾਂ ਭੁੱਖੇ ਢਿੱਡ ਉਠਦਾ ਹੀ ਨਹੀਂ ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ ਵਿੱਚ ਗੱਡੀਆਂ ਦਾ ਰੱਦ ਹੋਣਾ ਆਮ ਗੱਲ ਹੈ ਅਤੇ ਇਸਦਾ ਕਾਰਣ ਮੁਖ ਤੌਰ ਤੇ ਖ਼ਰਾਬ ਮੌਸਮ ਹੁੰਦਾ ਹੈ। ਪਿਛਲੇ ਸਾਲ ਇਸੇ ਵਜਹ ਕਰਕੇ 4000 ਗੱਡੀਆਂ ਰੱਦ ਕਰਨੀਆਂ ਪਈਆਂ।
ਇੱਕ ਵਿਚਾਰ
ਸਿੱਖਿਆ ਸਭ ਤੋਂ ਵੱਡਾ ਤਾਕਤਵਰ ਹਥਿਆਰ ਹੈ, ਜਿਹਦਾ ਇਸਤੇਮਾਲ ਤੁਸੀਂ ਦੁਨੀਆ ਬਦਲਣ ਲਈ ਕਰ ਸਕਦੇ ਹੋ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.