ਕਈ ਵਰ੍ਹੇ ਪਹਿਲਾਂ ਪੰਥ ਪ੍ਰਸਿੱਧ ਢਾਡੀ ਗਿਆਨੀ ਤ੍ਰਿਲੋਚਨ ਸਿੰਘ ਭਮੱਦੀ ਦੁਆਰਾ ਪੁਰਾਤਨ ਸਿੱਖਾਂ ਨੂੰ ਸੰਬੋਧਨ ਹੁੰਦਿਆਂ ਬੋਲੀਆਂ ਗਈਆਂ ਇਹ ਚੰਦ ਕੁ ਸਤਰਾਂ ਅੱਜ ਸਿੱਖ ਕੌਮ ਦੀ ਬੇਮੰਜ਼ਿਲੀ 'ਆਗੂ ਰਹਿਤ ਕੌਮ' ਤੇ ਤਰਸ ਯੋਗ ਹਾਲਤ ਨੂੰ ਵੇਖਦਿਆਂ ਅਕਸਰ ਹੀ ਜ਼ਹਿਨ 'ਤੇ ਆ ਕੇ ਤੈਰਨ ਲੱਗ ਜਾਂਦੀਆਂ ਨੇ। ਉਹਨਾਂ ਨੇ ਅੰਮ੍ਰਿਤ ਤੇ ਆਦਰਸ਼ ਦੀ ਫੌਲਾਦੀ ਭੱਠੀ ਵਿੱਚ ਤਪ ਕੇ ਕੁੰਦਨ ਬਣ ਚੁੱਕੇ ਸਿੱਖ ਯੋਧਿਆਂ ਪ੍ਰਤੀ ਬੜਾ ਸੁੰਦਰ ਨਕਸ਼ਾ ਉਭਾਰਦਿਆਂ ਆਖਿਆ :-
ਨਾ ਰੋਕੋ ਇਨ੍ਹਾਂ ਨੂੰ ਇਹ ਨਿਤ ਦੇ ਮੁਸਾਫ਼ਰ
ਨਿਰਾਸ਼ਾ ਦੇ ਨੇੜੇ ਢੁਕਦੇ ਨੀ ਹੁੰਦੇ
ਸੂਰਜ ਤੇ ਚੰਦਾ ਹਵਾਵਾਂ ਦੇ ਬੁੱਲੇ
ਸਦਾ ਚੱਲਦੇ ਰਹਿੰਦੇ ਨੇ ਕਦੇ ਰੁਕਦੇ ਨੀ ਹੁੰਦੇ
ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ
ਨਿਕਲਦੇ ਨੇ ਜੋ ਸੋਮੇ ਉਹ ਕਦੇ ਰੁਕਦੇ ਨੀ ਹੁੰਦੇ
ਜਿਨ੍ਹਾਂ ਨੇ ਧਰੀ ਹੋਵੇ ਹਥੇਲੀ 'ਤੇ ਸੱਜਣੋਂ
ਉਹ ਦੁਨੀਆਂ ਝੁਕਾਉਂਦੇ ਨੇ ਕਦੇ ਝੁਕਦੇ ਨੀ ਹੁੰਦੇ
ਸਿੱਖ ਇਤਿਹਾਸ ਨੂੰ ਪੜ੍ਹਦਿਆਂ ਸਾਨੂੰ ਉਨ੍ਹਾਂ ਯੋਧਿਆਂ 'ਤੇ ਮਾਣ ਮਹਿਸੂਸ ਹੁੰਦੇ ਜਿਨ੍ਹਾਂ ਕੌਮ ਦੀ ਅਣਖ ਤੇ ਇੱਜ਼ਤ ਲਈ ਆਪਾ ਨੌਸ਼ਾਵਰ ਕਰ ਆਪਣੇ ਲਹੂ ਨਾਲ ਸਿੱਖ ਕੌਮ ਰੂਪੀ ਬੂਟੇ ਨੂੰ ਸਿੰਜਦਿਆਂ ਇਸ ਦੁਨੀਆਂ ਤੋਂ ਅਣਖ ਤੇ ਇੱਜ਼ਤ ਦੀ ਮੌਤ ਨੂੰ ਪ੍ਰਵਾਨ ਕਰਦਿਆਂ ਕੌਮ ਦੇ ਸ਼ਹੀਦਾਂ ਦੀ ਕਤਾਰ ਵਿੱਚ ਆਪਣਾ ਨਾਂ ਦਰਜ ਕਰਵਾਇਆ। ਅਫ਼ਸੋਸ ਅਸੀਂ ਉਨ੍ਹਾਂ ਜਰਨੈਲਾਂ ਤੇ ਸੂਰਮਿਆਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੌਮ ਦੀ ਆਣ ਤੇ ਇੱਜ਼ਤ ਦੀ ਲੜਾਈ ਤਾਂ ਕੀ ਲੜਨੀ ਸੀ ਸਗੋਂ ਉਨ੍ਹਾਂ ਦੀਆਂ ਯਾਦਗਾਰਾਂ ਤੱਕ ਨੂੰ ਵੀ ਮਨੋਂ ਵਿਸਾਰ ਦਿੱਤਾ।
ਲੰਘੇ ਦਿਨੀਂ ਲੁਧਿਆਣਾ ਮਾਲੇਰਕੋਟਲਾ ਮੇਨ ਸੜਕ 'ਤੇ, ਕੁੱਪ ਕਲਾਂ ਤੋਂ ਮਹਿਜ ਪੱਛਮ ਵੱਲ ਚਾਰ ਕੁ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਪੈਂਦੈ ਰੋਹੀੜਾ। ਜੋ ਘੱਲੂਘਾਰੇ ਦੇ ਨਾਂ ਨਾਲ ਜਗਤ ਪ੍ਰਸਿੱਧ ਯਾਦਗਾਰਾਂ ਦੀ ਗਿਣਤੀ ਵਿੱਚ ਸ਼ੁਮਾਰ ਹੈ। ਉੱਥੇ ਜਾਣ ਦਾ ਸਬੱਬ ਬਣਿਆ। ਇਤਿਹਾਸਕਾਰਾਂ ਅਨੁਸਾਰ (ਕਈ ਇਤਿਹਾਸਕਾਰਾਂ ਦੇ ਬਿਖਰੇਵੇਂ ਅਨੁਸਾਰ) (02 ਤੋਂ 05) ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੀ ਖ਼ਬਰ ਨੂੰ ਸੁਣਦਿਆਂ ਸਿੰਘਾਂ ਨੇ ਆਪਣੇ ਵਹੀਰਾਂ ਜਿਨ੍ਹਾਂ ਦੀ ਗਿਣਤੀ ਲਗਭਗ 50 ਹਜ਼ਾਰ ਸੀ ਸਮੇਤ ਇਸ ਜਗ੍ਹਾ ਨੂੰ ਚੁਣ ਕੇ ਇੱਥੇ ਡੇਰਾ ਲਾ ਲਿਆ। ਸੂਹੀਆਂ ਤੋਂ ਅਬਦਾਲੀ ਤੋਂ ਸਿੰਘਾਂ ਦੇ ਇੱਥੇ ਵੱਡੀ ਗਿਣਤੀ ਵਿੱਚ ਹੋਣ ਦੀ ਖਬਰ ਮਿਲ ਚੁੱਕੀ ਸੀ। ਉਸ ਨੇ ਆਪਣੀ ਫ਼ੌਜ ਜਿਸ ਦੀ ਗਿਣਤੀ ਲੱਖਾਂ ਵਿੱਚ ਸੀ ਲੈ ਕੇ ਸਿੱਖ ਪਰਿਵਾਰਾਂ ਜਿਨ੍ਹਾਂ ਵਿੱਚ ਜੁਆਨ, ਮਾਸੂਮ ਬੱਚੇ, ਬੁੱਢੇ ਤੇ ਔਰਤਾਂ ਸ਼ਾਮਲ ਸਨ, ਪਰ ਲੜਨ ਵਾਲੇ ਸਿੱਖ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਸੀ ਨੂੰ ਘੇਰਾ ਪਾ ਲਿਆ। ਇੱਥੇ ਸਿੰਘਾਂ ਦੀਆਂ ਲਗਭਗ 12 ਮਿਸਲਾਂ ਜਿਨ੍ਹਾਂ ਦੀ ਅਗਵਾਈ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਕਰ ਰਹੇ ਸਨ, ਨੇ ਖੂਨ ਡੋਲ੍ਹਵੀਂ ਲੜਾਈ ਲੜੀ ਤੇ ਸ਼ਹੀਦੀ ਪ੍ਰਾਪਤ ਕੀਤੀ।
ਇਤਿਹਾਸਕਾਰਾਂ ਨੇ ਇਸ ਨੂੰ ਅਸਾਵੀਂ ਜੰਗ ਦਾ ਨਾਂ ਵੀ ਦਿੱਤਾ ਕਿਉਂਕਿ ਇੱਥੇ ਲੜਾਈ ਫ਼ੌਜਾਂ ਵਿੱਚ ਨਹੀਂ ਸਗੋਂ ਅਫ਼ਗਾਨੀ ਫੌਜਾਂ ਦੇ ਮੁਕਾਬਲੇ ਬੱਚੇ, ਬਜ਼ੁਰਗ ਅਤੇ ਸਿੱਖ ਬੀਬੀਆਂ ਨੇ ਜਾਨ ਹੂਲਵੀਂ ਲੜਾਈ ਲੜੀ। ਬਾਕੀ ਯੋਧਿਆਂ ਸ. ਚੜ੍ਹਤ ਸਿੰਘ ਸ਼ੁਕਰਚਕੀਆ, ਕਰੋੜਾ, ਸਿੰਘ, ਕਰਮ ਸਿੰਘ, ਗੁੱਜਰ ਸਿੰਘ, ਨਾਹਰ ਸਿੰਘ ਤੇ ਹਰੀ ਸਿੰਘ ਭੰਗੂ ਆਦਿਕ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਅਫ਼ਗਾਨੀਆਂ ਨੂੰ ਡੱਟਵੀਂ ਟੱਕਰ ਦਿੱਤੀ। ਇਨ੍ਹਾਂ ਯੋਧਿਆਂ ਦਾ ਕੌਮੀ ਸਿਦਕ ਦੇਖੋ, ਇਤਿਹਾਸ ਅਨੁਸਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ 'ਤੇ 32, ਸ. ਸ਼ਾਮ ਸਿੰਘ ਦੇ ਸਰੀਰ 'ਤੇ 16 ਫੱਟ ਸਨ। ਅਫ਼ਗਾਨੀ ਫ਼ੌਜਾਂ ਨੇ ਬਾਜਰੇ ਦੇ ਮੁਨਾਰਿਆਂ ਵਿੱਚ ਲੁਕੇ ਮਾਸੂਮ ਬੱਚੇ ਅਤੇ ਬਜ਼ੁਰਗਾਂ ਨੂੰ ਅੱਗ ਲਗਾ ਦਿੱਤੀ। ਜਿਸ ਨਾਲ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਇਤਿਹਾਸ ਦੱਸਦੈ ਕਿ ਤਕਰੀਬਨ ਇੱਥੇ 35 ਹਜ਼ਾਰ ਦੇ ਕਰੀਬ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਤੇ ਬੱਚਿਆਂ ਨੇ ਸ਼ਹੀਦੀ ਜਾਮ ਪੀਤਾ।
ਇਸ ਸ਼ਹੀਦਾਂ ਦੀ ਸਰਜ਼ਮੀਨ 'ਤੇ ਲੰਘੀ ਸਰਕਾਰ ਨੇ ਠੇਕੇ 'ਤੇ ਸ਼ਹੀਦੀ ਸਮਾਰਕ ਬਣਾਉਣ ਦੇ ਲਈ ਇੱਕ ਯੋਜਨਾ ਤਿਆਰ ਕੀਤੀ। ਕਈ ਸਾਲ ਦੀ ਮਿਹਨਤ ਮਗਰੋਂ ਲਗਭਗ 43 ਕਰੋੜ ਰੁਪਏ ਦੀ (ਪ੍ਰਬੰਧਕਾਂ ਦੇ ਦੱਸਣ ਅਨੁਸਾਰ) ਲਾਗਤ ਨਾਲ ਇੱਕ ਸ਼ਾਨਦਾਰ ਇਮਾਰਤ, ਗੈਲਰੀਆਂ, ਮਿਊਜ਼ਿਅਮ, ਵੱਡੀ ਸਕਰੀਨ ਅਤੇ ਖੰਡਾ ਤੇ ਵਿਸ਼ਾਲ ਘਾਹ ਦੇ ਮੈਦਾਨਾਂ ਨੂੰ ਤਿਆਰ ਕੀਤਾ। ਸਤੰਬਰ 2011 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਨੂੰ ਲੋਕ-ਅਰਪਣ ਕਰ ਦਿੱਤਾ। ਹੈਰਾਨੀ ਭਰੀ ਗੱਲ ਇਹ ਹੋਈ ਕਿ ਇਸ ਤੋਂ ਪਹਿਲਾਂ ਸਿੱਖ ਸੰਗਤ ਉੱਥੋਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਹੁੰਦੀ, ਠੇਕੇਦਾਰ ਵੱਲੋਂ ਉਸ ਸਮਾਰਕ ਦੇ ਮੇਨ ਗੇਟ ਨੂੰ ਹੀ ਜਿੰਦਰਾ ਮਾਰ ਦਿੱਤਾ, ਕਿਉਂਕਿ ਸਰਕਾਰ ਵੱਲੋਂ ਉਸ ਨੂੰ ਵਾਅਦੇ ਮੁਤਾਬਿਕ ਪੈਸੇ ਨਹੀਂ ਸਨ ਦਿੱਤੇ।
ਫਿਰ ਸਮਾਂ ਆਇਆ ਕਿਸੇ ਖ਼ਾਸ ਸ਼ਖ਼ਸੀਅਤ ਦੀ ਅਨਾਇਤ ਏ ਨਜ਼ਰ ਇਸ ਲਹੂ ਭਿੱਜੀ ਧਰਤੀ 'ਤੇ ਪਈ, ਜਿੰਦਰਾ ਖੁੱਲ੍ਹਿਆ, ਅਫ਼ਸੋਸ ਨਾਲ ਕਹਿਣਾ ਪੈਂਦੇ ਕਿ ਜਿਨ੍ਹਾਂ ਕੌਮੀ ਜਜ਼ਬੇ ਵਿੱਚ ਭਿੱਜੇ ਅਣਖੀ ਯੋਧਿਆਂ ਨੇ ਇੱਥੇ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਕਤਰਾ ਵਹਾ ਦਿੱਤਾ, ਜਿਹੜੇ ਆਪਣੇ ਵਾਰਸਾਂ ਖ਼ਾਤਰ ਛੋਟੇ-ਛੋਟੇ ਬੱਚਿਆਂ ਦੇ ਟੋਟੇ ਤੱਕ ਕਰਵਾ ਗਏ, ਸੀਨਿਆਂ ਵਿੱਚ ਨੇਜੇ ਖਾ ਉਫ਼ ਤੱਕ ਨਾ ਕੀਤੀ, ਅੱਜ ਉਹੀ ਵਾਰਸ ਉਨ੍ਹਾਂ ਤੋਂ ਮੁੱਖ ਮੋੜ ਗਏ।
ਕਿੰਨੇ ਵਰ੍ਹੇ ਬੀਤ ਗਏ, ਪੰਥਕ ਸਰਕਾਰ ਵੀ ਚੱਲਦੀ ਬਣੀ। ਸਿੱਖ ਜੱਥੇਬੰਦੀਆਂ ਸਿੱਖਾਂ ਦੀ ਹੋਂਦ ਦੇ ਖ਼ਤਮ ਹੋਣ ਦੇ ਨਾਅਰੇ ਮਾਰਦੀਆਂ ਰਹੀਆਂ ਪਰ ਇਧਰ ਕਿਸੇ ਧਿਆਨ ਹੀ ਨਾ ਮਾਰਿਆ। ਜਿਸ ਐਸ.ਜੀ.ਪੀ.ਸੀ. ਨੇ ਨੌਜਵਾਨਾਂ ਨੂੰ ਕੌਮੀ ਵਿਰਸੇ ਅਤੇ ਸਿੱਖ ਜਜ਼ਬੇ ਦੇ ਪ੍ਰੇਰਣਾ ਸਰੋਤ ਇਨ੍ਹਾਂ ਯਾਦਗਾਰਾਂ ਦੀ ਨਿਗਰਾਨੀ ਕਰਨੀ ਹੁੰਦੀ ਹੈ, ਉਹ ਤਾਂ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਖ਼ਾਤਰ ਧਰਨੇ ਲਾਉਣ ਅਤੇ ਰਾਜਨੀਤੀ ਦੀਆਂ ਗਤੀਵਿਧੀਆਂ ਦੇ ਵਿੱਚ ਮਸਰੂਫ਼ ਹੈ। ਸੀਨੇ ਵਿੱਚ ਦਰਦ ਉੱਠਦੈ ਜਿਨ੍ਹਾਂ ਆਪਣਾ ਖ਼ੂਨ ਡੋਲ੍ਹਦਿਆਂ ਰੱਤੀ ਵੀ ਪ੍ਰਵਾਹ ਨਾ ਕੀਤਾ, ਅਸੀਂ ਉਨ੍ਹਾਂ ਦੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਨ ਵਿੱਚ ਕੋਈ ਕਸਰ ਨਾ ਛੱਡੀ। ਸਿਤਮ ਦੀ ਗੱਲ ਹੈ ਕਿ ਉਨ੍ਹਾਂ ਯੋਧਿਆਂ ਦੀ ਯਾਦ ਦਾ ਇਸ ਸਮਾਰਕ ਅੰਦਰ ਕੋਈ ਨਾਮੋ-ਨਿਸ਼ਾਨ ਹੀ ਨਹੀਂ ਨਜ਼ਰ ਆਉਂਦਾ। ਕੋਈ ਨਾਂ ਦੀ ਤਖ਼ਤੀ, ਸਾਈਨ ਬੋਰਡ, ਜਾਂ ਕੋਈ ਯਾਦਗਾਰ ਦਾ ਇਤਿਹਾਸ ਸਮਝਾਉਣ ਦਾ ਬੋਰਡ ਲੱਭਿਆਂ ਵੀ ਨਹੀਂ ਮਿਲਦਾ। ਇਮਾਰਤਾਂ ਭਾਂ-ਭਾਂ ਕਰਦੀਆਂ ਨੇ।
ਸਿੱਖ ਕਤਲੇਆਮ ਨਾਲ ਸਬੰਧਤ ਫ਼ਿਲਮ ਦਿਖਾਉਣ ਲਈ ਲਾਈ ਸਕਰੀਨ 'ਤੇ ਸਿਰਫ਼ ਚਾਰ ਸਾਹਿਬਜ਼ਾਦੇ ਅਤੇ ਜਾਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ਿਲਮ ਦਿਖਾ ਕੇ ਬੁੱਤਾ ਸਾਰਿਆ ਜਾ ਰਿਹੈ। ਬਾਰ-ਬਾਰ ਇਨ੍ਹਾਂ ਫ਼ਿਲਮਾਂ ਨੂੰ ਚਲਾ ਕੇ ਉਨ੍ਹਾਂ ਮਹਾਨ ਸਿੱਖ ਯੋਧਿਆਂ ਦੀ ਕੁਰਬਾਨੀ ਨੂੰ ਬਿਲਕੁੱਲ ਹੀ ਵਿਸਾਰਿਆ ਨਜ਼ਰ ਆਉਂਦੈ। ਭਾਵੇਂ ਇਹ ਫ਼ਿਲਮਾਂ ਵੀ ਸਿੱਖ ਇਤਿਹਾਸ ਦੀ ਸੂਰਮਗਤੀ, ਕੁਰਬਾਨੀ ਦੇ ਜਜ਼ਬੇ ਦੀ ਦਾਸਤਾਨ ਨੂੰ ਹੀ ਬਿਆਨਦੀਆਂ ਨੇ, ਪਰ ਜਿਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਇਸ ਲਾਲ ਧਰਤੀ 'ਤੇ ਕਰੋੜਾ ਰੁਪਇਆ ਖ਼ਰਚਿਆ ਗਿਆ, ਉਨ੍ਹਾਂ ਦੀ ਯਾਦ ਨੂੰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਾ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਿਤ ਕਰਨੀ ਸੀ, ਉਨ੍ਹਾਂ ਸ਼ਹੀਦਾਂ ਨਾਲ ਇਹ ਕਦਾਚਿਤ ਵੀ ਇਨਸਾਫ਼ ਨਹੀਂ।
ਜਿਸ ਜਗ੍ਹਾ ਦੇ ਚੱਪੇ-ਚੱਪੇ 'ਤੇ ਸ਼ਹੀਦਾਂ ਦੇ ਨਾਂਅ ਅਤੇ ਇਤਿਹਾਸ ਨੂੰ ਪੇਸ਼ ਕਰਕੇ ਸਿੱਖ ਸੰਗਤ ਦੇ ਸਨਮੁੱਖ ਕਰਨਾ ਸੀ ਉੱਥੇ ਹੁਣ ਸਿਰਫ਼ ਸੈਲਾਨੀ ਘੁੰਮਣ ਦੇ ਲਈ ਆਉਂਦੇ ਨੇ। ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਇਹ ਜਗ੍ਹਾ ਕਿਹੜੇ ਯੋਧਿਆਂ ਦੀ ਯਾਦਗਾਰ ਹੈ। ਕਈ ਜਗ੍ਹਾ ਤੋਂ ਇਮਾਰਤਾਂ ਦਾ ਸੀਮਿੰਟ ਉੱਖੜ ਕੇ ਆਪਣੇ ਵੀਰਾਨ ਹੋਣ ਦੀ ਦੁਹਾਈ ਪਾਉਂਦੀਆਂ ਨੇ। ਸਾਂਭ ਸੰਭਾਲ ਲਈ ਰੱਖਿਆ ਸਟਾਫ਼ ਕਈ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੀ ਪ੍ਰੇਸ਼ਾਨੀ ਦੇ ਚਲਦਿਆਂ ਘਰ ਦੇ ਖ਼ਰਚੇ ਦਾ ਵਾਸਤਾ ਪਾਉਂਦੈ। ਉੱਥੇ ਬੈਠੇ ਸਟਾਫ਼ ਇੰਚਾਰਜ ਅਨੁਸਾਰ ਸਾਨੂੰ ਹਾਲੇ ਤੱਕ ਕਲਚਰ ਵਿਭਾਗ ਪੰਜਾਬ ਵੱਲੋਂ ਇਸ ਘੱਲੂਘਾਰੇ ਸਬੰਧੀ ਸੀ.ਡੀ. ਹੀ ਪ੍ਰਾਪਤ ਨਹੀਂ ਹੋ ਸਕੀ।
ਸ਼ਾਬਾਸ਼ ਸਾਡੀਆਂ ਸਰਕਾਰਾਂ ਦੇ ਅਤੇ ਐਸ.ਜੀ.ਪੀ.ਸੀ. 'ਤੇ ! ਕਰੋੜਾਂ ਰੁਪਏ ਲਾ ਕੇ ਇਮਾਰਤ ਤਾਂ ਉਸਾਰ ਦਿੱਤੀ, ਸਿਰਫ਼ ਇੱਕ ਇਤਿਹਾਸ ਦੀ ਸੀ.ਡੀ. ਹੀ ਨਹੀਂ ਉਪਲਬਧ ਕਰਵਾ ਸਕਦੇ। ਹੁਣ ਇਹ ਲਹੂ ਭਿੱਜੀ ਯਾਦਗਾਰ ਇਸ ਸਮੇਂ ਇੱਕ ਠੇਕੇਦਾਰ ਦੇ ਰਹਿਮੋ ਕਰਮ 'ਤੇ ਨਿਰਭਰ ਹੈ। ਸਰਕਾਰ ਦੇ ਕਲਚਰ ਵਿਭਾਗ ਨੂੰ ਚਾਹੀਦਾ ਹੈ ਕਿ ਜਿੰਨੀ ਛੇਤੀ ਹੋ ਸਕੇ ਇੱਥੇ ਸਬੰਧਤ ਇਤਿਹਾਸ ਅਨੁਸਾਰ ਫ਼ਿਲਮ ਦੀ ਸੀ.ਡੀ. ਅਤੇ ਇਸ ਕਤਲੇਆਮ ਨਾਲ ਸਬੰਧਤ ਇਤਿਹਾਸਤ ਦਸਤਾਵੇਜ਼ ਪਹੁੰਚਾਏ ਜਾਣ ਤਾਂ ਕਿ ਸਾਡੀ ਅਗਲੀ ਪੀੜ੍ਹੀ ਇਸ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਹੋ ਸਕੇ।
ਸ਼੍ਰੋਮਣੀ ਕਮੇਟੀ ਅਤੇ ਆਮ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਰਸੀਆਂ ਅਤੇ ਅਖੰਡ ਪਾਠਾਂ ਦੀਆ ਲੜੀਆਂ ਤੋਂ ਵਿਹਲ ਕੱਢ ਕੇ ਆਪਣੇ ਮਹਾਨ ਅਤੇ ਗੌਰਵਮਈ ਵਿਰਸੇ ਦੀ ਸਾਂਭ ਸੰਭਾਲ ਲਹੀ ਅੱਗੇ ਆਉਣ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
ਮੋਬਾ. 94634-63136
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.