ਕੁਝ ਦਿਨ ਪਹਿਲਾਂ ਦੇਸ਼ ਦੇ ਮੌਸਮ ਵਿਭਾਗ ਵਲੋਂ ਦੇਸ਼ 'ਚ ਭਰਵੇਂ ਮੀਂਹ ਪੈਣ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਹੜ੍ਹ ਆਉਣ ਦੀ ਚਿਤਾਵਨੀ ਦਿਤੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਗੜ੍ਹੇਮਾਰੀ ਵੀ ਹੋਈ ਹੈ।
ਜ਼ਿਆਦਾ ਮੀਂਹ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਦੇ ਹਾਲਤ ਪੈਦਾ ਹੋ ਗਏ ਹਨ ਅਤੇ ਇਥੇ ਜਨ-ਜੀਵਨ ਬਦ ਤੋਂ ਬਦਤਰ ਹੋ ਗਿਆ ਹੈ। ਗੁਜਰਾਤ, ਅਸਾਮ, ਉੜੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਤਾਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇ ਨਜ਼ਰ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।
ਦੇਸ਼ ਵਿੱਚ ਕੁਝ ਥਾਂ ਇਹੋ ਜਿਹੇ ਹਨ, ਜਿਥੇ ਇੱਕ ਹੀ ਇਲਾਕੇ ਵਿਚ ਵਾਰੀ ਵਾਰੀ ਕਦੇ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਭਾਰੀ ਮੀਂਹ ਦਾ। ਸਰਕਾਰ ਵਲੋਂ ਵਿਕਾਸ ਦੀਆਂ ਯੋਜਨਾਵਾਂ ਲਾਗੂ ਕਰਦਿਆਂ, ਅੰਨ੍ਹੇ ਵਾਹ ਜੰਗਲ ਕੱਟੇ ਗਏ ਹਨ, ਨਵੇਂ ਦਰਖਤ ਲਗਾਉਣ ਵੱਲ ਧਿਆਨ ਹੀ ਨਹੀਂ ਦਿਤਾ ਗਿਆ। ਕੁਦਰਤ ਨਾਲ ਖਿਲਵਾੜ ਕਰਨ ਦੇ ਕਾਰਨ ਦੇਸ਼ ਵਿੱਚ ਮਨੁੱਖ-ਮਾਰੂ ਸਥਿਤੀ ਪੈਦਾ ਹੋ ਰਹੀ ਹੈ। ਦਰਖਤਾਂ ਦੀ ਕਟ-ਕਟਾਈ ਨਾਲ ਮੌਨਸੂਨ ਪ੍ਰਭਾਵਿਤ ਹੋ ਰਿਹਾ ਹੈ, ਖੇਤੀ ਪੈਦਾਵਾਰ ਉਤੇ ਅਸਰ ਪੈਣਾ ਤਾਂ ਫਿਰ ਲਾਜ਼ਮੀ ਸੀ। ਨਦੀਆਂ ਨਾਲ ਧਰਤੀ ਦੇ ਕਟਾਅ ਵਿੱਚ ਵੀ ਲਗਾਤਾਰ ਵਾਧਾ ਵੇਖਣ ਨੂੰ ਵੀ ਮਿਲ ਰਿਹਾ ਹੈ।
ਹੜ੍ਹ ਅਤੇ ਸੋਕਾ ਮੁੱਢ ਕਦੀਮ ਤੋਂ ਹੀ ਮਨੁੱਖੀ ਅਤੇ ਪਸ਼ੂ-ਪੰਛੀਆਂ ਦੇ ਜੀਵਨ ਨੂੰ ਪ੍ਰੇਸ਼ਾਨੀ 'ਚ ਪਾਉਂਦੇ ਰਹੇ ਹਨ। ਸੋਕਾ ਅਤੇ ਹੜ੍ਹ ਸਿਰਫ ਕੁਦਰਤੀ ਆਫ਼ਤਾਂ ਹੀ ਨਹੀਂ ਹਨ, ਇਹ ਕੁਦਰਤ ਵਲੋਂ ਦਿਤੀਆਂ ਜਾ ਰਹੀਆਂ ਚੇਤਾਵਨੀਆਂ ਹਨ। ਪਰ ਮਨੁੱਖ ਇਹਨਾ ਚਿਤਾਵਨੀਆਂ ਨੂੰ ਸਮਝ ਹੀ ਨਹੀਂ ਰਿਹਾ ਬਾਵਜੂਦ ਇਸ ਗੱਲ ਦੇ ਕਿ ਅੱਜ ਦਾ ਮਨੁੱਖ ਪੁਰਾਣੇ ਸਮੇਂ ਦੇ ਮਨੁੱਖ ਨਾਲੋਂ ਆਪਣੇ ਆਪ ਨੂੰ ਵੱਧ ਸਭਿਅਕ ਅਤੇ ਸਿਆਣਾ ਸਮਝ ਰਿਹਾ ਹੈ। ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪਹਿਲਾਂ ਤੋਂ ਵੱਧ ਪੜ੍ਹਿਆ ਮਨੁੱਖ ਸਮਾਜ ਵਿੱਚ ਕੁਦਰਤ ਦੇ ਨਾਲ ਤਾਲਮੇਲ ਬਿਠਾਕੇ ਜੀਵਨ ਜੀਊਣ ਦੀ ਸਮਝਦਾਰੀ ਵਿਕਸਤ ਨਹੀਂ ਕਰ ਪਾ ਰਿਹਾ ।
ਮਨੁੱਖ ਵਲੋਂ ਹਵਾ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਮੋਟਰਾਂ-ਕਾਰਾਂ, ਹੋਰ ਵਹੀਕਲਾਂ ਦੀ ਵਰਤੋਂ ਦੇ ਨਾਲ ਨਾਲ ਏਅਰ ਕੰਡੀਸ਼ਨਰ ਦੀ ਵਰਤੋਂ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਪਾਣੀ ਪ੍ਰਦੂਸ਼ਣ ਫੈਲਾਉਣ ਵਿੱਚ ਤਾਂ ਮਨੁੱਖ ਨੇ ਜਿਵੇਂ ਅੱਤ ਹੀ ਚੁੱਕੀ ਹੋਈ ਹੈ। ਕਚਰਾ ਧਰਤੀ 'ਤੇ ਸ਼ਰੇਆਮ ਸੁੱਟਿਆ ਜਾ ਰਿਹਾ ਹੈ। ਕਚਰੇ ਤੋਂ ਇਲਾਵਾ ਮਨੁੱਖੀ ਜੀਵਨ ਵਿੱਚ ਪਲਾਸਟਿਕ ਨੇ ਜਿਵੇਂ ਥਾਂ ਬਣਾ ਲਈ ਹੈ, ਉਹ ਪ੍ਰਦੂਸ਼ਣ ਲਈ ਵੱਡੀ ਚਿਤਾਵਨੀ ਬਣੀ ਹੋਈ ਹੈ। 1.60 ਲੱਖ ਪਲਾਸਟਿਕ ਬੈਗਾਂ ਦਾ ਹਰ ਸੈਕਿੰਡ ਵਿੱਚ ਉਤਪਾਦਨ ਹੋ ਰਿਹਾ ਹੈ। 5 ਟ੍ਰਿਲਿਅਨ ਪਲਾਸਟਿਕ ਬੈਗ ਹਰ ਸਾਲ ਵਰਤੋਂ 'ਚ ਆਉਂਦੇ ਹਨ। ਇਹ ਜਾਣਦਿਆਂ ਹੋਇਆ ਵੀ ਕਿ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਹੋਣ ਲਈ 1000 ਸਾਲ ਲੱਗਦੇ ਹਨ, ਫਿਰ ਵੀ ਇਹਨਾ ਦੀ ਵਰਤੋਂ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸੰਨ 1950 ਤੋਂ ਸੰਨ 2015 ਤੱਕ ਮਨੁੱਖ ਨੇ ਧਰਤੀ ਉਤੇ 8.3 ਅਰਬ ਟਨ ਦਾ ਉਤਪਾਦਨ ਕੀਤਾ ਹੈ। ਇਸ ਪਲਾਸਟਿਕ ਵਿਚੋਂ 6.3 ਅਰਬ ਟਨ ਪਲਾਸਟਿਕ ਜਾਂ ਤਾਂ ਧਰਤੀ 'ਚ ਡੰਪ ਕੀਤਾ ਜਾ ਰਿਹਾ ਹੈ ਜਾਂ ਸਾਡੇ ਵਾਤਾਵਰਨ ਵਿੱਚ ਮੌਜੂਦ ਪਿਆ ਹੈ ਇਸ ਵਿਚੋਂ ਸਿਰਫ਼ 9 ਫੀਸਦੀ ਨੂੰ ਹੀ ਰੀਸਾਈਕਲ (ਮੁੜ ਵਰਤੋਂ) ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੀ ਇਕ ਖੋਜ਼ ਅਨੁਸਾਰ 2050 ਤੱਕ 12 ਅਰਬ ਟਨ ਪਲਾਸਟਕ ਧਰਤੀ ਵਿੱਚ ਡੰਪ ਜਾਂ ਵਾਤਾਵਰਨ 'ਚ ਮੌਜੂਦ ਹੋ ਜਾਏਗਾ। ਕਿਉਂਕਿ ਵੱਡੀ ਗਿਣਤੀ'ਚ ਪਲਾਸਟਿਕ ਨੂੰ ਕੁਦਰਤੀ ਤਰੀਕੇ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ ਇਸ ਲਈ ਇਹ ਪਲਾਸਟਿਕ ਵੱਡੀ ਮਾਤਰਾ ਵਿੱਚ ਸੈਕੜੇ ਜਾਂ ਹਜ਼ਾਰਾਂ ਸਾਲ ਤੱਕ ਮਨੁੱਖ ਦਾ ਪਿੱਛਾ ਨਹੀਂ ਛੱਡੇਗੀ। ਸਾਇੰਸ ਐਡਵਾਂਸ ਨਾਂ ਦੇ ਇਕ ਮੈਗਜ਼ੀਨ 'ਚ ਛਪੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 1950 'ਚ ਜਿਥੇ 20 ਲੱਖ ਟਨ ਪਲਾਸਟਿਕ ਹਰ ਸਾਲ ਪੈਦਾ ਕੀਤਾ ਜਾਂਦਾ ਸੀ, ਉਹ 2015 ਵਿੱਚ ਇਹ ਸੰਖਿਆ 40 ਕਰੋੜ ਟਨ ਪ੍ਰਤੀ ਸਾਲ ਤੱਕ ਪਹੁੰਚ ਗਈ ਹੈ। ਇਸ ਸਾਰੇ ਪ੍ਰਦੂਸ਼ਨ ਦਾ ਅਸਰ ਪੌਣਪਾਣੀ ਤਬਦੀਲੀ ਉਤੇ ਪੈ ਰਿਹਾ ਹੈ।
ਪੌਣਪਾਣੀ ਤਬਦੀਲੀ ਭਾਵ ਕਲਾਈਮੇਟ ਚੇਂਜ ਕਾਰਨ ਦੁਨੀਆ ਅਜਿਹੇ ਮੋੜ 'ਤੇ ਆ ਖੜੀ ਹੈ, ਜਿਥੋਂ ਪਿਛੇ ਆਉਣਾ ਜਾਂ ਇਸਨੂੰ ਸੁਧਾਰ ਸਕਣਾ ਸੰਭਵ ਹੀ ਨਹੀਂ ਹੈ। ਇੱਕ ਖੋਜ਼ ਮੁਤਾਬਿਕ ਮਨੁੱਖ ਦੇ ਗੈਰ-ਕੁਦਰਤੀ ਕਾਰਿਆਂ ਕਾਰਨ ਦੁਨੀਆਂ ਤਾਂ ਹੁਣ ਅਜਿਹੇ ਪੜ੍ਹਾਅ ਉਤੇ ਪੁੱਜ ਜਾਵੇਗੀ ਜਦੋਂ ਪੌਣਪਾਣੀ ਬਦਲਾਅ ਕਾਰਨ ਹੋਣ ਵਾਲੇ ਖਤਰਨਾਕ ਅਤੇ ਵਿਨਾਸ਼ਕਾਰੀ ਨਤੀਜਿਆਂ ਨੂੰ ਰੋਕ ਪਾਉਣ ਮੁਮਕਿਨ ਹੀ ਨਹੀਂ ਹੋਵੇਗਾ। ਇਸ ਖੋਜ ਅਨੁਸਾਰ ਕਾਰਬਨ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਯਤਨ ਨਹੀਂ ਹੋ ਰਿਹਾ। ਜੇਕਰ ਕਾਰਬਨ ਗੈਸਾਂ ਘਟਾਉਣ ਦਾ ਵੱਧ ਤੋਂ ਵੱਧ ਯਤਨ ਕੀਤਾ ਵੀ ਜਾਵੇਗਾ ਤਾਂ ਵੀ 90 ਫੀਸਦੀ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸਦੀ ਦੇ ਅੰਤ ਤੱਕ ਧਰਤੀ ਦੇ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਇਸਦਾ ਨਤੀਜਾ ਇਹ ਹੋਵੇਗਾ ਕਿ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ 'ਚ ਸੋਕਾ ਪਵੇਗਾ, ਤਾਪਮਾਨ 'ਚ ਬਹੁਤ ਜ਼ਿਆਦਾ ਤਬਦੀਲੀਆਂ ਆਉਣਗੀਆਂ। ਸਮੁੰਦਰ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਪੁੱਜ ਜਾਵੇਗਾ। ਪੈਰਿਸ ਕਲਾਈਮੇਟ ਐਗਰੀਮੈਂਟ (ਦੁਨੀਆਂ ਭਰ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸਮੇਂ) 'ਚ ਦੁਨੀਆ ਭਰ ਦੇ ਦੇਸ਼ਾਂ ਨੇ ਧਰਤੀ ਦੇ ਤਾਪਮਾਨ ਨੂੰ ਡੇਢ ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦਾ ਟੀਚਾ ਤਹਿ ਕੀਤਾ ਸੀ। ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਕਸਦ ਦਾ ਨਾਕਾਮ ਹੋਣਾ ਤਹਿ ਹੈ। ਉਹਨਾ ਅਨੁਸਾਰ ਧਰਤੀ ਦੀ ਜਨਸੰਖਿਆ ਵੱਧ ਰਹੀ ਹੈ, ਵਿਕਾਸ ਤੇ ਆਰਥਿਕ ਗਤੀਵਿਧੀਆਂ ਨਾਲ ਸਬੰਧਤ ਕੰਮਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾ ਪਿਛਲੇ 50 ਸਾਲਾਂ ਦੇ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ 99 ਫੀਸਦੀ ਸੰਭਾਵਨਾ ਹੈ ਕਿ ਤਾਪਮਾਨ 'ਚ ਵਾਧੇ ਦਾ ਰਿਕਾਰਡ ਪੈਰਿਸ ਡੀਲ 'ਚ ਤੈਅ ਕੀਤੇ ਗਏ ਤਾਪਮਾਨ ਨੂੰ ਪਾਰ ਕਰ ਜਾਵੇਗਾ। ਤਾਪਮਾਨ 'ਚ ਵਾਧੇ ਦਾ ਸਿੱਟਾ ਧਰਤੀ 'ਤੇ ਜੀਵਨ ਜੀਓ ਰਹੇ ਮਨੁੱਖ ਨੂੰ ਭੁਗਤਣਾ ਪਵੇਗਾ ਜੋ ਕਿ ਜੀਵਨ ਲਈ ਅਤਿਅੰਤ ਘਾਤਕ ਸਾਬਤ ਹੋਏਗਾ।
ਭਾਰਤ ਵੀ ਇਸ ਗਲੋਬਲ ਵਾਰਮਿੰਗ ਦੇ ਅਸਰ ਤੋਂ ਬਚੇਗਾ ਨਹੀਂ। ਭਾਰਤ ਨੂੰ ਲਗਾਤਾਰ ਸੋਕੇ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਕੇ ਨਾਲ ਲੋਕਾਂ ਦਾ ਜੀਵਨ ਪ੍ਰਭਾਵਤ ਹੁੰਦਾ ਹੈ। ਵੱਡੀ ਗਿਣਤੀ ਲੋਕ ਹੜ੍ਹਾਂ ਨਾਲ ਮਰਦੇ ਹਨ। 1950 ਵਿੱਚ ਸਾਡੇ ਦੇਸ਼ ਵਿੱਚ ਲਗਭਗ ਢਾਈ ਕਰੋੜ ਹੈਕਟੇਅਰ ਜ਼ਮੀਨ ਇਹੋ ਜਿਹੀ ਸੀ, ਜਿਥੇ ਹੜ੍ਹ ਆਉਂਦੇ ਸਨ, ਪਰ ਹੁਣ ਸੱਤ ਕਰੋੜ ਹੈਕਟੇਅਰ ਧਰਤੀ ਉਤੇ ਹੜ੍ਹ ਆਉਣ ਲੱਗੇ ਹਨ। ਦੇਸ਼ ਵਿੱਚ ਕੇਵਲ ਚਾਰ ਮਹੀਨੇ ਇਹੋ ਜਿਹੇ ਹੁੰਦੇ ਹਨ, ਜਦੋਂ ਮੀਂਹ ਪੈਂਦੇ ਹਨ। ਪਰ ਮੀਂਹ ਪੈਣ 'ਚ ਅਸਮਾਨਤਾ ਹੁੰਦੀ ਹੈ, ਦੇਸ਼ ਦੇ ਇੱਕ ਹਿੱਸੇ 'ਚ ਤਾਂ ਸੋਕਾ ਹੁੰਦਾ ਹੈ, ਦੂਜੇ ਹਿੱਸੇ 'ਚ ਹੜ੍ਹ ਆਏ ਹੁੰਦੇ ਹਨ। ਰਾਸ਼ਟਰੀ ਹੜ੍ਹ ਆਯੋਗ ਦੀ ਰਿਪੋਰਟ ਦੇ ਅਨੁਸਾਰ ਸਾਡੇ ਦੇਸ਼ 'ਚ ਹੜ੍ਹ ਦੇ ਕਾਰਨ ਹਰ ਸਾਲ ਲਗਭਗ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪੂਰੀ ਦੁਨੀਆਂ 'ਚ ਹੜ੍ਹ ਨਾਲ ਜਿੰਨੀਆ ਮੌਤਾਂ ਹੁੰਦੀਆਂ ਹਨ, ਉਸਦਾ ਪੰਜਵਾਂ ਹਿੱਸਾ ਭਾਰਤ 'ਚ ਹੁੰਦੀਆਂ ਹਨ। ਇਸ ਵੇਲੇ ਚੀਨ, ਬੰਗਲਾ ਦੇਸ਼ ਪਾਕਿਸਤਾਨ ਅਤੇ ਨੇਪਾਲ ਵੀ ਭਾਰਤ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਵਾਤਾਵਰਨ ਬਦਲਾਅ ਨਾਲ ਅਗਲੇ ਕੁਝ ਦਹਾਕਿਆਂ 'ਚ ਦੱਖਣੀ ਏਸ਼ੀਆ ਦਾ ਇਲਾਕਾ ਸ਼ਾਇਦ ਲੋਕਾਂ ਤੇ ਜੀਵਾਂ ਦੇ ਰਹਿਣ ਲਾਇਕ ਨਹੀਂ ਰਹੇਗਾ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਵਾਤਾਵਰਨ ਬਦਲਾਅ ਕਾਰਨ ਭਾਰਤ ਤੇ ਪਾਕਿਸਤਾਨ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ 'ਚ ਏਨੀਆਂ ਗਰਮ ਹਵਾਵਾਂ ਚੱਲਣਗੀਆਂ ਕਿ ਇੱਥੇ ਜੀਵਨ ਲਗਭਗ ਨਾਮੁਮਕਿਨ ਹੋ ਜਾਵੇਗਾ। ਤਾਪਮਾਨ 'ਚ ਵਾਧੇ ਕਾਰਨ ਪੂਰੀ ਦੁਨੀਆ 'ਚ ਏਨੀ ਗਰਮੀ ਤੇ ਹੁੰਮਸ ਹੋ ਜਾਵੇਗੀ ਕਿ ਹਾਲਾਤ ਬਰਦਾਸ਼ਤ ਤੋਂ ਬਾਹਰ ਹੋ ਜਾਣਗੇ। ਇਹਨਾ ਬਦਲੇ ਹੋਏ ਹਾਲਾਤਾਂ 'ਚ ਜੀਵਨ ਅਸੰਭਵ ਜਿਹਾ ਹੋ ਜਾਵੇਗਾ। ਜਿਹਨਾ ਇਲਾਕਿਆਂ 'ਤੇ ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਹੋਵੇਗਾ, ਉਹਨਾ 'ਚ ਉੱਤਰੀ ਭਾਰਤ, ਬੰਗਲਾਦੇਸ਼ ਤੇ ਦੱਖਣੀ ਪਾਕਿਸਤਾਨ ਸ਼ਾਮਿਲ ਹਨ। ਇਹਨਾ ਇਲਾਕਿਆਂ ਦੀ ਮੌਜੂਦਾ ਆਬਾਦੀ ਡੇਢ ਅਰਬ ਤੋਂ ਜ਼ਿਆਦਾ ਹੈ। ਰਿਸਰਚ ਮੁਤਾਬਿਕ ਗਰਮੀ ਦਾ ਸਭ ਤੋਂ ਬੁਰਾ ਅਸਰ ਉਦੋਂ ਵੇਖਣ ਨੂੰ ਮਿਲਦਾ ਹੈ ਜਦੋਂ ਤਾਪਮਾਨ 'ਚ ਵਾਧੇ ਦੇ ਨਾਲ ਨਾਲ ਹੁੰਮਸ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸਨੂੰ 'ਵੈੱਟ ਬਲਬ' ਤਾਪਮਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਤਰੀਕੇ ਨਾਲ ਗਣਨਾ ਕਰਨ 'ਤੇ ਨਮੀ ਦੇ ਵਾਸ਼ਪੀਕ੍ਰਿਤ ਹੋਣ ਦੀ ਸਮਰੱਥਾ ਦਾ ਪਤਾ ਲਗਦਾ ਹੈ। ਜਦੋਂ ਵੈੱਟ ਬਲਬ ਤਾਪਮਾਨ 35 ਡਿਗਰੀ ਸੈਲਸੀਅਸ 'ਤੇ ਪਹੁੰਚ ਜਾਂਦਾ ਹੈ, ਤਾਂ ਇਨਸਾਨੀ ਸਰੀਰ ਗਰਮੀ ਮੁਤਾਬਿਕ ਖ਼ੁਦ ਨੂੰ ਅਨੁਕੂਲਿਤ ਨਹੀਂ ਕਰ ਪਾਉਂਦਾ। ਜੀਵਾਂ ਦੇ ਸਰੀਰ 'ਚ ਸੁਭਾਵਿਕ ਤੌਰ 'ਤੇ ਅਨੁਕੂਲ ਦੀ ਸਮਰੱਥਾ ਹੁੰਦੀ ਹੈ। 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਹੋਣ 'ਤੇ ਇਨਸਾਨਾਂ ਦਾ ਸਰੀਰ ਏਨੀ ਗਰਮੀ ਤੋਂ ਖ਼ੁਦ ਨੂੰ ਬਚਾਉਣ ਲਈ ਠੰਢਾ ਨਹੀਂ ਹੋ ਪਾਉਂਦਾ। ਇਹ ਸਥਿਤੀ ਰਹੀ ਤਾਂ ਕੁਝ ਹੀ ਘੰਟਿਆਂ 'ਚ ਇਨਸਾਨ ਦਮ ਤੋੜ ਸਕਦਾ ਹੈ। ਸਾਲ 2100 ਆਉਂਦੇ ਆਉਂਦੇ ਭਾਰਤ ਦੀ 70 ਫ਼ੀਸਦੀ ਤੋਂ ਜ਼ਿਆਦਾ ਦੀ ਆਬਾਦੀ 32 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਨੂੰ ਝੱਲਣ 'ਤੇ ਮਜ਼ਬੂਰ ਹੋ ਜਾਵੇਗੀ। ਦੋ ਫ਼ੀਸਦੀ ਆਬਾਦੀ ਨੂੰ 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਦੀਆਂ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਧਰਤੀ ਦਾ ਵੈੱਟ ਬਲਬ ਤਾਪਮਾਨ 31 ਡਿਗਰੀ ਸੈਲਸੀਅਸ ਦੇ ਪਾਰ ਜਾ ਚੁੱਕਾ ਹੈ। 2015 'ਚ ਈਰਾਨ ਦੀ ਖਾੜੀ ਦੇ ਇਲਾਕੇ 'ਚ ਇਹ ਲਗਪਗ 35 ਡਿਗਰੀ ਸੈਲਸੀਅਸ ਦੀ ਹੱਦ ਤਕ ਪਹੁੰਚ ਗਿਆ ਸੀ। ਇਸ ਕਾਰਨ ਪਾਕਿਸਤਾਨ ਤੇ ਭਾਰਤ 'ਚ ਲਗਪਗ 3500 ਲੋਕਾਂ ਦੀ ਮੌਤ ਹੋਈ ਸੀ। ਜੇਕਰ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਨਹੀਂ ਕੀਤਾ ਗਿਆ, ਤਾਂ ਬੇਹੱਦ ਗਰਮ ਹਵਾ ਦੇ ਥਪੇੜੇ ਵੈੱਟ ਬਲਬ ਤਾਪਮਾਨ ਨੂੰ 31 ਡਿਗਰੀ ਸੈਲਸੀਅਸ ਤੋਂ 34.2 ਡਿਗਰੀ ਸੈਲਸੀਅਸ ਵਿਚਕਾਰ ਤਕ ਲਿਜਾ ਸਕਦੇ ਹਨ।
ਅਸਲ ਵਿੱਚ ਮਨੁੱਖ ਵਲੋਂ ਕੁਦਰਤ ਨਾਲ ਅੰਤਾਂ ਦੀ ਛੇੜ-ਛਾੜ ਕਰਕੇ ਆਪੇ ਸਹੇੜੀਆਂ ਮੁਸੀਬਤਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਦੁਨੀਆਂ ਭਰ ਵਿੱਚ ਸੋਕੇ ਅਤੇ ਹੜ੍ਹ ਤੋਂ ਪੀੜਤ ਲੋਕਾਂ ਲਈ ਅਨੇਕਾਂ ਘੋਸ਼ਨਾਵਾਂ ਕੀਤੀਆਂ ਜਾ ਰਹੀਆਂ ਹਨ, ਪਰ ਇਹਨਾ ਘੋਸ਼ਨਾਵਾਂ ਦੇ ਸਹਾਰੇ ਹੀ ਪੀੜਤਾਂ ਦਾ ਦਰਦ ਘੱਟ ਨਹੀਂ ਹੋ ਸਕਦਾ। ਅਸਲ ਵਿੱਚ ਤਾਂ ਵਿਸ਼ਵ ਪੱਧਰ ਉਤੇ "ਕੁਦਰਤ ਨਾਲ ਸਾਂਝ" ਪਾਉਣ ਦੀ ਮੁਹਿੰਮ ਨਾਲ, ਮਨੁੱਖਾਂ ਨੂੰ ਜਾਗਰੂਕ ਕਰਕੇ "ਕੁਦਰਤੀ ਕਰੋਪੀ" ਰੋਕਣ ਲਈ ਕੁਝ ਹੱਲ ਕੱਢੇ ਜਾ ਸਕਦੇ ਹਨ। ਮਨੁੱਖੀ ਰਹਿਣ ਸਹਿਣ 'ਚ ਤਬਦੀਲੀ, ਦਰਖਤਾਂ ਦਾ ਲਗਾਉਣਾ, ਜਿਹੇ ਕਦਮ ਸ਼ਾਇਦ ਧਰਤੀ ਦੀ ਤਪਸ਼ ਨੂੰ ਕੁਝ ਠੰਡਿਆ ਕਰ ਸਕਣ 'ਚ ਵੀ ਸਹਾਈ ਹੋ ਸਕਦੇ ਹਨ।
ਫੋਨ ਨੰ: 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.