ਖ਼ਬਰ ਹੈ ਕਿ ਪੰਜਾਬ ਵਿਚ ਨੀਲੀਆਂ ਦੀ ਥਾਂ ਚਿੱਟੀਆਂ ਵਾਲਿਆਂ ਦਾ ਰਾਜ ਆਏ ਨੂੰ ਚਾਰ ਮਹੀਨੇ ਦਾ ਸਮਾਂ ਹੋ ਜਾਣ ਦੇ ਬਾਵਜੂਦ ਕਿਸਾਨੀ ਕਰਜ਼ੇ ਦੀ ਪੰਡ ਹੌਲੀ ਨਹੀਂ ਹੋਈ। ਖੇਤੀਬਾੜੀ ਸੁਸਾਇਟੀਆਂ, ਬੈਂਕਾਂ, ਵਿਆਜੜੂ ਸ਼ਾਹਾਂ ਦੇ ਮੱਕੜ ਜਾਲ ਵਿਚ ਫਸੇ ਮਾਲਵੇ ਦੇ ਤਿੰਨ ਹੋਰ ਕਿਸਾਨ ਖ਼ੁਦਕੁਸ਼ੀ ਕਰ ਗਏ। ਮਾਨਸਾ ਦੇ ਗੁਰਪ੍ਰੀਤ ਜੁੰਮੇ 22 ਲੱਖ ਦਾ ਕਰਜ਼ਾ ਸੀ ਜਦਕਿ ਸੰਗਰੂਰ ਦੇ ਕਰਮਜੀਤ ਜੁੰਮੇ 6 ਲੱਖ ਦਾ ਕਰਜ਼ਾ ਸੀ। ਇਹ ਵੀ ਖ਼ਬਰ ਹੈ ਕਿ ਨਵੀਂ ਸੂਬਾ ਸਰਕਾਰ ਦੇ ਆਉਣ ਤੋਂ ਲੈ ਕੇ ਹੁਣ ਤੱਕ 130 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਹਾਲਾਂਕਿ ਸਰਕਾਰ ਨੇ ਕਿਸਾਨਾਂ ਦਾ ਦੋ ਲੱਖ ਦਾ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੋਇਆ ਹੈ।
ਆਹ ਵੇਖੀਂ ਜਰਾ ਅੱਲ੍ਹਾ ਮੀਆਂ, ਇਧਰਲੇ ਤੇ ਉਧਰਲੇ ਪੰਜਾਬ ਦੇ ਕਿਸਾਨ ਦਾ ਹਾਲ! ਦੇਸ਼ ਨੂੰ ਅਨਾਜ਼ ਖੁਆਈ ਜਾਂਦਾ ਆਪ ਭੁੱਖਾ ਮਰੀ ਜਾਂਦਾ। ਘਰ ‘ਚ ਭੁੱਜਦੀ ਆ ਭੰਗ! ਕੱਚੇ ਪੱਕੇ ਘਰ, ਸੁੰਨੇ ਚੁਲੇ, ਟਾਕੀਆਂ, ਲੰਗਾਰਾਂ ਵਾਲੇ ਕਪੜੇ ਘਰ ਦੇ ਇੱਕ ਪਾਸੇ। ਦੂਜੇ ਪਾਸੇ ਕੀੜੇ ਮਾਰ ਦਵਾਈਆਂ ਵਾਲੀਆਂ ਬੋਤਲਾਂ, ਖਾਦਾਂ ਦੇ ਬੋਰੇ, ਡੀਜ਼ਲ ਖਰੀਦਣ ਖੁਣੋ ਖੜਾ ਧੁੱਕ-ਧੁੱਕ ਕਰਨ ਵਾਲਾ ਇੰਜਣ, ਤੇ ਨੱਬੇ ਮਾਡਲ ਦਾ ਪੁਰਾਣਾ ਟਰੈਕਟਰ ਜੋ ਮੁਰੰਮਤ ਖੁਣੋਂ ਖੜਾ ਕਿਸੇ ਆੜਤੀਏ ਨੂੰ ਉਡੀਕਦਾ ਜਾਂ ਕੁਆੜੀਏ ਨੂੰ, ਜਿਹੜਾ ਸ਼ਾਇਦ ਇਹ ਨੂੰ ਖਰੀਦਕੇ ਕਰਜ਼ੇ ਦਾ ਕੁਝ ਤਾਂ ਬੋਝ ਹੌਲਾ ਕਰੂ! ਵਿਆਹੁਣ ਵਾਲੀ ਧੀ, ਜੁਆਨ ਹੋ ਰਹੇ ਪੁੱਤ ਨੂੰ ਰੁਜ਼ਗਾਰ ਦੇਣਾ ਅੱਲਾ ਨਾ ਤੈਨੂੰ ਦੀਹਦਾ ਤੇ ਨਾ ਦੀਹਦਾ ਆ ਆਹ ਨੀਲੀਆਂ ਪੀਲੀਆਂ ਨੂੰ। ਉਹ ਤਾਂ ਬੱਸ ਤੇਰੇ ਨਾਮ ਉਤੇ ਸਿਆਸਤ ਕਰ ਸਕਦੇ ਆ। ‘ਹਮਨੇ ਕਰਜ਼ਾ ਮੁਆਫ਼ ਕਰ ਦੀਆ, ਕਿਸਾਨ ਖ਼ੁਦਕੁਸ਼ੀ ਨਾ ਕਰੇ‘, ਇੱਕ ਆਂਹਦਾ ਆ। ‘ਕਿਸਾਨੋਂ ਕੀ ਕਰਜ਼ਾ ਮੁਆਫ਼ੀ ਏਕ ਢਕੌਂਸਲਾ ਆ‘, ਦੂਜਾ ਆਂਹਦਾ ਆ। ਰਤਾ ਕੁ ਸਾਫ ਕੱਪੜੇ ਪਾ, ਬੰਨਕੇ ਸਾਫਾ ਰਤਾ ਕੁ ਬਾਹਰ ਨਿਕਲਦਾ ਆ ਜਦੋਂ ਕਿਸਾਨ, ਲੋਕੀਂ ਆਹਦੇ ਆ ਬਾਹਲਾ ਹੀ ਫਜੂਲ ਖਰਚ ਹੋ ਗਿਆ ਕਿਸਾਨ! ਚੁੱਕੀ ਫਿਰਦਾ ਮੋਟਰ ਸੈਕਲ, ਮੋਬਾਇਲ। ਪਰ ਅੱਲ੍ਹਾ ਮੀਆਂ ਉਹ ਤਾਂ ਮਨੋਂ ਪੱਛਿਆ ਪਿਆ ਆ ਮਜ਼ਬੂਰੀਆਂ ਦਾ ਤਦੇ ਕਿਸਾਨ ਫਾਹਾ ਲੈ ਰਿਹਾ। ਪਰ ਅੱਲ੍ਹਾ ਤੂੰ ਚੁੱਪ ਆਂ। ਕਿਸਾਨ ਹੌਕੇ ਭਰਦਾ! ਫਿਰ ਵੀ ਅੱਲ੍ਹਾ ਤੂੰ ਚੁੱਪ ਆਂ। ਕਿਸਾਨ ਪੁੱਤ ਨਸ਼ੇ ਕਰਦਾ ਅੱਲ੍ਹਾ ਮੀਆਂ ਤੇਰਾ ਖਾਸ ਪੁੱਤ ਸਿਆਸਤਦਾਨ ਮਨੋਂ ਖੁਸ਼ ਹੁੰਦਾ, ਤੂੰ ਫਿਰ ਵੀ ਨਹੀਂ ਕੂੰਦਾ। ਅੱਲ੍ਹਾ ਮੀਆਂ ਕਿਸਾਨ ਦੇ ਘਰ ਨਿੱਤ ਕਲੇਸ਼ ਹੁੰਦਾ, ਤੂੰ ਮੂੰਹ ‘ਚ ਘੁੰਗਣੀਆ ਪਾਈ ਬੈਠਾ ਰਹਿੰਦਾ। ਕਿਸ ਮਿੱਟੀ ਦਾ ਬਣਿਆਂ ਆਂ ਤੂੰ ਅੱਲ੍ਹਾ ਮੀਆਂ, ਕੀ ਮਿੱਟੀ ਨਾਲ ਮਿੱਟੀ ਹੋਏ ਕਿਸਾਨ ਦੇ ਦਰਦ ਦੀ ਦਾਸਤਾਨ ਵੀ ਤੇਰੇ ਅੱਖੀਂ ਅੱਥਰੂ ਨਹੀਂ ਲਿਆਉਂਦੀ? ਮੈਂ ਤਾਂ ਆਹਨਾ ਆ, ਜੇਕਰ ਹੋਰ ਕਿਸੇ ਦੀ ਨਹੀਂ ਸਾਂਈ ਲਹੌਰੀ ਦੀ ਫਰਿਆਦ ਹੀ ਸੁਣ ਲੈ । “ਅੱਲ੍ਹਾ ਮੀਆਂ ਥੱਲੇ ਆ, ਆਪਣੀ ਦੁਨੀਆ ਵਿਹੰਦਾ ਜਾ, ਯਾ ਅਸਮਾਨੋਂ ਰਿਜ਼ਕ ਵਰ੍ਹਾ ਯਾ ਫਿਰ ਕਰ ਜਾ ਮੁੱਕ ਮੁਕਾ“।
ਅੰਨੇ ਗੁੰਗੇ ਬੋਲੇ ਹੋ ਗਏ ਕੁਰਸੀਆਂ ਵਾਲੇ
ਖ਼ਬਰ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸਰਕਾਰੀ ਵਿਭਾਗਾਂ ਵਿੱਚ ਖਜ਼ਾਨੇ ਤੋਂ ਬੇ-ਹਿਸਾਬ ਪੈਸਾ ਕਢਵਾਇਆ ਗਿਆ ਅਤੇ ਅੱਜ ਤੱਕ ਉਸਦਾ ਹਿਸਾਬ ਵੀ ਕੋਈ ਨਹੀਂ ਦਿਤਾ। ਵਿੱਤ ਵਿਭਾਗ ਦਾ ਕਹਿਣਾ ਹੈ ਕਿ ਅਪ੍ਰੈਲ 2017 ਦੇ ਅਖੀਰ ਵਿਚ ਆਊਟਸਟੈਂਡਿੰਗ ਬਿੱਲਾਂ ਦੀ ਸੰਖਿਆ 515 ਹੋ ਚੁੱਕੀ ਹੈ, ਜਿਸ ਵਿੱਚ 284 ਬਿੱਲ ਤਾਂ 2012-13 ਤੋਂ 2015-16 ਦੇ ਸਨ। ਵਿੱਤ ਵਿਭਾਗ ਦਾ ਇਹ ਕਹਿਣਾ ਵੀ ਹੈ ਕਿ ਕੁਝ ਸਕੀਮਾਂ ਵਿੱਚ ਬਿਨਾ ਬਜ਼ਟ ਤੋਂ ਤਹਿ ਕੀਤੇ ਗਏ ਖਰਚ ਕੀਤੇ ਜਾਂਦੇ ਰਹੇ ਅਤੇ ਕੁਝ ਤਹਿ ਕੀਤੀਆਂ ਸਕੀਮਾਂ ਉਤੇ ਇੱਕ ਪੈਸਾ ਵੀ ਨਹੀਂ ਖਰਚਿਆ ਗਿਆ।
ਪੰਜਾਬ ਸਰਕਾਰ ਆ ਬਾਬੂਆਂ ਦੀ ਉਪਰਲੇ ਤਾਂ ਐਂਵੇ ਕੁਰਸੀਆਂ ਮੱਲੀ ਬੈਠੇ ਆ। ਬਾਬੂ ਜਿਧਰ ਮਰਜ਼ੀ ਕਲਮ ਚਲਾਉਣ। ਜਿਧਰ ਮਰਜ਼ੀ ਫਾਈਲ ਭੇਜਣ। “ਬਾਬੂ ਪਾਤਸ਼ਾਹ“ ਤਾਂ “ਬਾਪੂ ਦਾ ਨੋਟ“ ਫਾਈਲ ਅੱਗੋਂ ਚਲਾਉਣ ਲਈ ਮੰਗਦੇ ਆ। ਜਿੰਨੀ ਫਾਈਲ ਦੇ ਥੱਲੇ ਗਰਮੀ, ਉਨੀ ਫਾਈਲ ‘ਚ ਤੇਜ਼ੀ! ਅਫ਼ਸਰਸ਼ਾਹੀ ਨੂੰ ਤਾਂ ਭਾਈ ਕੁਰਸੀ ਚਾਹੀਦੀ ਆ ਬਾਬੂ ਦੀ ਫਾਈਲ ਨਾਲ ਉਹਨੂੰ ਕੀ? ਬਣਦਾ ਹਿੱਸਾ ਤਾਂ ਆਪੇ ਸ਼ਾਮੀ ਚਿੱਟੇ ਲਿਫਾਫੇ ‘ਚ ਪੁੱਜ ਹੀ ਜਾਣਾ। ਪਗਾਰ ਮਹੀਨੇ ਦੀ, ਉਪਰੋਂ ਮਾਲ-ਮੱਤਾ ਲਾਹੇ ਦਾ। ਅਫ਼ਸਰ ਨੂੰ ਤਾਂ ਕੁਰਸੀ ‘ਤੇ ਟੰਗਿਆ ਚਿੱਟਾ ਤੌਲੀਆ ਚਾਹੀਦਾ ਆ। ਫਸਟ ਕਲਾਸ ਚਾਹ, ਦੁਪਹਿਰ ਦਾ ਸਰਕਾਰੀ ਖਾਣਾ। ਉਂਜ ਭਾਈ, ਸਰਕਾਰੀ ਕੋਠੀ, ਕਾਰ, ਏ.ਸੀ. ਬਿਨਾਂ ਅਫ਼ਸਰਸ਼ਾਹੀ ਕਾਹਦੀ? ਕੋਠੀ ‘ਚ ਨੌਕਰ-ਚਾਕਰ, ਸਕਿਊਰਿਟੀ ਬਿਨਾਂ ਅਫ਼ਸਰੀ ਕਾਹਦੀ? ਰਹੀ ਗੱਲ ਕੰਮ-ਕਾਰ ਦੀ ਉਹ ਤਾਂ ਹੁੰਦਾ ਹੀ ਰਹਿਣਾ ਆ। ਨਹੀਂ ਫਾਈਲਾਂ ਨਿਪਟੀਆਂ ਤਾਂ ਬਾਬੂ ਜਾਣੇ। ਬਿੱਲ ਪਾਸ ਨਹੀਂ ਹੋਏ ਤਾਂ ਬਾਬੂ ਆਪੇ ਕਰਾਊ, ਉਹਦਾ ਕੰਮ ਤਾਂ ਬੱਸ ਭਾਈ “ਘੁੱਗੀ“ ਮਾਰਨ ਦਾ ਆ। ਪਰ ਜਦੋਂ ਕੋਈ ਸਵਾਲੀ ਆ ਗਿਆ, ਅਫ਼ਸਰ ਦੀ “ਘੁੱਗੀ“ ਪਤਾ ਨਹੀਂ ਕਿਉਂ ਨਹੀਂ ਵਜਦੀ? ਕਿਸੇ ਨੂੰ ਇਨਸਾਫ ਚਾਹੀਦਾ ਤਾਂ ਅਫ਼ਸਰ ਦੀ ਕਲਮ ਚੁੱਪ । ਕਿਸੇ ਨੇ ਆਪਣਾ ਜਾਇਜ਼ ਕੰਮ ਕਰਾਉਣਾ, ਅਫ਼ਸਰ ਦੀ ਕਲਮ ਚੁੱਪ! ਤਦੇ ਲੋਕੀ ਆਂਹਦੇ ਆ, “ਅੰਨੇ ਗੁੰਗੇ ਬੋਲੇ ਹੋ ਗਏ ਕੁਰਸੀਆਂ ਵਾਲੇ, ਸੁਣਦੇ ਨਾ ਫਰਿਆਦ ਕਿਸਨੂੰ ਕਹੀਏ“?
ਮਰਦਾਨੇ ਦੀ ਅੱਖ ਵਿੱਚ ਅਥਰੂ ਡਲ੍ਹਕਣ ਮਣ ਮਣ ਭਾਰੇ
ਖ਼ਬਰ ਹੈ ਕਿ ਪੰਜਾਬ ਦੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਧੋਖਾ ਕੀਤਾ ਹੈ, ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ ਪਰ ਥੋੜ੍ਹੇ ਸਮੇਂ ‘ਚ ਹੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਣ ਲੱਗਾ ਹੈ। ਉਹਨਾ ਕਿਹਾ ਕਿ ਲੋਕ ਸਰਕਾਰ ਦੀ ਅਸਲੀਅਤ ਸਮਝ ਚੁੱਕੇ ਹਨ ਤੇ ਸਰਕਾਰ ਨੂੰ ਅਕਾਲੀਆਂ ਦੇ ਮੋਰਚੇ ਕਾਰਨ ਸਥਿਤੀ ਸੰਭਾਲਣੀ ਔਖੀ ਹੋ ਰਹੀ ਹੈ ਅਤੇ ਅਕਾਲੀਆਂ ਨੂੰ ਜਬਰ ਵਿਰੋਧੀ ਰੈਲੀਆਂ ‘ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਲੋਕਾਂ ਨੇ ਦਸ ਸਾਲ ਅਕਾਲੀਆਂ ਦੀ ਅਸਲੀਅਤ ਨਹੀਂ ਸਮਝੀ, ਉਹ ਹੁਣ ਦੀ ਸਰਕਾਰ ਦੀ ਅਸਲੀਅਤ ਕੀ ਸਮਝਣਗੇ? ਉਹ ਤਾਂ ਉਹਨਾ ਪਲਟੀ ਮਾਰਨੀ ਸੀ, ਲੋਕਾਂ ਜੋਰ ਲਗਾਕੇ ਹਾਈ-ਸ਼ਾ ਆਖ ਪਲਟੀ ਮਾਰ ਦਿਤੀ। ਅਕਾਲੀਆਂ ਪੰਜਾਬੀਆਂ ਨੂੰ ਕੀ ਦਿੱਤਾ? ਗਰੀਬਾਂ ਲਈ ਦਾਲ, ਕਣਕ, ਸਸਤੀ ਉਹ ਵੀ ਆਪਣਿਆਂ ਲਈ, ਬਾਕੀਆਂ ਲਈ ਮਹਿੰਗਾਈ, ਦਫ਼ਤਰਾਂ ‘ਚ ਲੁੱਟ। ਅਕਾਲੀਆਂ ਪੰਜਾਬ ਨੂੰ ਕੀ ਦਿੱਤਾ? ਵੱਢੀ ਖੋਰੀ, ਚੋਰ-ਬਜ਼ਾਰੀ, ਮਾਫੀਆ, ਬੇਰੁਜ਼ਗਾਰੀ। ਅਕਾਲੀਆਂ ਪੰਜਾਬੀ ਖੋਹੀ। ਪੰਜਾਬ ਦਾ ਪਾਣੀ ਗੁਆਇਆ। ਪੰਜਾਬ ਦੀ ਸ਼ਾਂਤੀ ਗੁਆਈ। ਹੁਣ ਵਾਲੀ ਸਰਕਾਰ ਪੰਜਾਬੀਆਂ ਨੂੰ ਕੀ ਦੇ ਰਹੀ ਆ? ਲਾਰੇ? ਜੀਹਦੇ ਨਾਲ ਹੋ ਰਹੇ ਪੰਜਾਬੀ ਰੱਬ ਨੂੰ ਪਿਆਰੇ? ਜੇਬ ‘ਚ ਟਕਾ ਨਹੀਂ, ਕਿਸਾਨ ਗਲ ਫਾਹਾ ਪਾ ਰਹੇ ਆ! ਚੁਲ੍ਹੇ ‘ਚ ਅੱਗ ਨਹੀਂ, ਲੋਕ ਮੁਫਤ ਵਾਲੀ ਕਣਕ, ਚਾਵਲ, ਚਾਹ ਪੱਤੀ, ਖੰਡ, ਉਡੀਕ ਰਹੇ ਆ। ਪੰਜਾਬੀ ਦਫ਼ਤਰੋਂ ਬਾਹਰ! ਮੁਖਮੰਤਰੀ ਪੰਜਾਬੋਂ ਬਾਹਰ! ਫਰਿਆਦ ਕੌਣ ਸੁਣੇ ਪੰਜਾਬ ਦੀ? ਪੰਜਾਬੀ ਦੀ? ਪੰਜਾਬ ਦੇ ਪਾਣੀਆਂ ਦੀ? ਪੰਜਾਬ ਦੇ ਗਭਰੂ ਪੁੱਤ ਜੁਆਨਾਂ ਦੀ, ਜਿਹੜੇ ਗਲ ‘ਚ ਪਾ ਬਗਲੀ ਵਿਦੇਸ਼ਾਂ ਵੱਲ ਮੁਹਾਰ ਕਰੀ, ਤੁਰੀ ਜਾਂਦੇ ਆ। ਬਸ ਤੁਰੀ ਜਾਂਦੇ ਆ। ਹੁਣ ਤਾਂ ਭਾਈ ਪੰਜਾਬੀ ਕੀ, ਪੰਜਾਬ ਹੀ ਗੁਆਚ ਰਿਹਾ! ਕੌਣ ਪੜ੍ਹਦਾ ਕਿਤਾਬ? ਕੌਣ ਕਰਦਾ ਵਿਚਾਰ? ਕੌਣ ਕਰਦਾ ਸਤਿਕਾਰ? ਇਹ ਸਭ ਕੁਝ ਤਾਂ ਭਾਈ ਕੁਰਸੀਆਂ ਦੀ ਭੇਂਟ ਚੜ੍ਹ ਚੁੱਕਾ। “ਹੁਣ ਰੱਬਾਬ, ਕਿਤਾਬ ਭੁਲਾ, ਪੰਜਾਬ ਹੈ ਕਿਥੇ ਡੁੱਬਾ, ਮਰਦਾਨੇ ਦੀ ਅੱਖ ਵਿੱਚ ਅਥਰੂ ਡਲ੍ਹਕਣ ਮਣ ਮਣ ਭਾਰੇ“ ਜਿਹੇ ਬੋਲ ਪੰਜਾਬ ਦੇ ਹਿਤੈਸ਼ੀ ਗੁਰਭਜਨ ਗਿੱਲ ਵਰਗੇ ਲਿਖਣ ਲਈ ਮਜ਼ਬੂਰ ਹੋ ਗਏ ਆ।
ਸਾਂਭ ਘਰ ਆਪਣਾ, ਲਾ ਕੇ ਰੱਖ ਜਿੰਦਾ
ਖ਼ਬਰ ਹੈ ਕਿ ਗੁਜਰਾਤ ਕਾਂਗਰਸ ਨੇ 8 ਅਗਸਤ ਨੂੰ ਹੋਣ ਵਾਲੀ ਰਾਜਸਭਾ ਮੈਂਬਰਾਂ ਦੀ ਚੋਣ ਤੋਂ ਪਹਿਲਾਂ ਆਪਣੇ ਵਿਧਾਇਕਾਂ ਨੂੰ ਹੋਰ ਟੁਟ ਤੋਂ ਬਚਾਉਣ ਲਈ ਪਾਰਟੀ ਦੇ 40 ਵਿਧਾਇਕਾਂ ਨੂੰ ਬੈਂਗੁਲੁਰੂ ਦੇ ਇੱਕ ਰਿਜ਼ੋਰਟ ‘ਚ ਪਹੁੰਚਾ ਦਿਤਾ ਹੈ। ਇਸੇ ਦੌਰਾਨ ਕਾਂਗਰਸ ਦੇ ਬਾਗੀ ਸ਼ੰਕਰ ਸਿੰਘ ਬਘੇਲਾ ਦੇ ਪੁੱਤਰ ਸਮੇਤ 6 ਵਿਧਾਇਕ ਬੈਂਗੁਲੁਰੂ ਨਹੀਂ ਗਏ ਉਹਨਾ ਵਲੋਂ ਪਾਰਟੀ ਛੱਡਣ ਦੀਆਂ ਅਟਕਲਾਂ ਹਨ। ਕਾਂਗਰਸ ਪਾਰਟੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਾਰਟੀ ਵਿਧਾਇਕਾਂ ਨੂੰ ਵੱਡੀਆਂ ਰਕਮਾਂ ਅਤੇ ਅਹੁਦਿਆਂ ਦਾ ਲਾਲਚ ਦੇ ਕੇ ਤੋੜਿਆ ਜਾ ਰਿਹਾ ਹੈ। ਕਾਂਗਰਸ ਦੇ ਇਥੇ 57 ਵਿਧਾਇਕ ਹਨ, ਜਿਹਨਾ ਵਿੱਚ 6 ਅਸਤੀਫ਼ਾ ਦੇ ਚੁੱਕੇ ਹਨ ਅਤੇ ਤਿੰਨ ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ।
ਮੋਦੀ-ਸ਼ਾਹ ਦੋਵੇ ਘਾਗ ਬੰਦੇ ਆ। ਨਿਰੇ ਸਿਆਸਤਦਾਨ। ਇਕੋ ਖਾਹਸ਼ ਮਨ ‘ਚ ਪਾਲੀ ਬੈਠੇ ਆ ਭਾਈ ਇੰਦਰਾ ਵਾਂਗਰ ਕਿ ਕੋਈ ਦੂਜਾ ਉਹਨਾ ਵਿਰੁੱਧ ਉਚੀ ਨਾ ਬੋਲੇ। ਸਿਰਫ ਅਖਾਂ ਨੀਵੀਆਂ ਰੱਖੇ। ਜੇ ਕਹਿਣ ਕਿ ਦਿਨ ਆ ਤਾਂ ਕਹਿਣ ਦਿਨ ਆ। ਜੇ ਉਹ ਆਖਣ ਕਿ ਰਾਤ ਆ ਤਾਂ ਆਖਣ ਰਾਤ ਆ। ਤਦੇ, ‘ਸ਼ਾਹ‘ ਜਿੱਧਰ ਜਾਂਦਾ, ਸੰਨ ਲਾਈ ਜਾਂਦਾ। ਯੂ.ਪੀ. ਵਿੱਚ ਗਿਆ ਸਮਾਜਵਾਦੀ ਪਾਰਟੀ ਦੇ ਤਿੰਨ ਵਿਧਾਨ ਪ੍ਰੀਸ਼ਦ ਮੈਂਬਰ ਤੋੜਕੇ ਭਾਜਪਾ ‘ਚ ਰਲਾ ਆਇਆ। ਫਿਰ ਗੁਜਰਾਤ ਵੱਲ ਇਸੇ ਕੰਮ ਤੁਰ ਪਿਆ। ਦੂਜੀਆਂ ਪਾਰਟੀਆਂ ਦੇ ਬੰਦੇ ਪਾਰਟੀ ‘ਚ ਰਲਾਈ ਜਾਂਦਾ ਜਾਂ ਉਹਨਾ ਨਾਲ ਸਾਂਝਾਂ ਪਾਈ ਜਾਂਦਾ। ਆਹ ਵੇਖੋ ਨਾ, ਵਿਚਾਰਾ ਬਿਹਾਰ ਆਪਣੇ ਨਾਲ ਰਲਾ ਲਿਆ। ਲਾਲੂ ਨੂੰ ਸੁਕਣੇ ਪਾ ਦਿਤਾ ਅਤੇ ਨੀਤੀਸ਼ ਨੂੰ ਆਪਣੀ ਝੋਲੀ ‘ਚ ਬਿਠਾ ਲਿਆ ਅਤੇ ਬੀਬੀ ਸੋਨੀਆ ਦੀ ਪਾਰਟੀ ਦਾ ਤਾਂ ਸਮਝੋ ਉਥੇ ਭੋਗ ਹੀ ਪਾ ਤਾ। ਹੁਣ ਭਾਈ ਸ਼ਾਹ ਗੁਜਰਾਤ ਵੱਲ ਉਠ ਤੁਰਿਆ। ਕੁਝ ਬੰਦੇ ਖਰੀਦੀ ਜਾਂਦਾ। ਕੁਝ ਨੂੰ ਭਰਮਾਈ ਜਾਂਦਾ। ਕੁਝ ਇੱਕ ਨੂੰ ਅੱਖਾਂ ਦਿਖਾਈ ਜਾਂਦਾ। ਹੁਣ ਤਾਂ ਕਾਕਾ ਰਾਹੁਲ ਦੇ ਜਾਗਣ ਦਾ ਵੇਲਾ ਆ, ਇਸ ਤੋਂ ਪਹਿਲਾਂ ਕਿ ਸਭੋ ਕੁਝ ਉਜੜਦਾ ਹੋ ਜਾਏ “ ਸਾਂਭ ਘਰ ਆਪਣਾ, ਲਾਕੇ ਰੱਖ ਜਿੰਦਾ, ਇਸ ਤੋਂ ਪਹਿਲਾਂ ਕਿ ਸੱਜਣਾ ਚੋਰ ਲੁੱਟਣ“।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਦੇਸ਼ ਦੇ 15 ਫੀਸਦੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਵੀ ਸੁਵਿਧਾ ਨਹੀਂ ਹੈ।
ਭਾਰਤ ਵਿੱਚ ਹਵਾਈ ਸਫ਼ਰ ਦੁਨੀਆਂ ਵਿੱਚ ਸਭ ਤੋਂ ਸਸਤਾ ਹੈ। ਸਭ ਤੋਂ ਮਹਿੰਗਾ ਹਵਾਈ ਸਫ਼ਰ ਫਿਨਲੈਂਡ ਵਿੱਚ ਹੈ ਜਿਥੇ ਕਿਰਾਇਆ ਭਾਰਤ ਨਾਲੋਂ 14 ਗੁਣਾ ਹੈ। ਭਾਰਤ ਵਿਚ ਇੱਕ 100 ਕਿਲੋਮੀਟਰ ਲਈ ਹਵਾਈ ਕਿਰਾਇਆ ਔਸਤਨ 668 ਰੁਪਏ ਹੈ।
ਇੱਕ ਵਿਚਾਰ
ਸਿਆਸਤ ਜੰਗ ਜਿਹੀ ਹੀ ਖਤਰਨਾਕ ਹੈ। ਜੰਗ ਵਿੱਚ ਤੁਸੀਂ ਕੇਵਲ ਇੱਕ ਵੇਰ ਮਾਰੇ ਜਾਂਦੇ ਹੋ, ਪਰ ਸਿਆਸਤ ਵਿੱਚ ਕਈ ਵੇਰ.......ਵਿੰਸਟਨ ਚਰਚਿਲ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.