ਜੈਪੁਰ ਮੀਡੀਆ ਫੈਸਟ : ਫੋਰਥ-ਟਾਕ-ਜਰਨਲਿਜ਼ਮ -ਤਜਰਬੇ , ਸਬਕ ਤੇ ਅਭੁੱਲ ਯਾਦਾਂ
ਸਮਾਂ ਦਿਨ ਦੇ 11.30 ਵਜੇ . ਤਾਰੀਖ਼ 28 ਜੁਲਾਈ,2017 . ਸਥਾਨ ਰਾਜਸਥਾਨ ਦੇ ਰਾਜਧਾਨੀ ਸ਼ਹਿਰ ਜੈਪੁਰ ਦਾ ਸ਼ਾਹੀ-ਤਰਜ਼ ਦਾ ਫੇਅਰ ਮੌਂਟ ਹੋਟਲ . ਹੋਟਲ ਦਾ ਬਾਲ ਰੂਮ ਨਾਮੀ ਹਾਲ ਮੀਡੀਆ ਕਰਮੀਆਂ , ਗੂਗਲ ਅਤੇ ਹੋਰ ਸੋਸ਼ਲ ਮੀਡੀਆ ਹੈਂਡਲਜ਼ ਦਿਆਂ ਟੈਕਨੀਕਲ ਟੀਮਾਂ ਅਤੇ ਕਾਲਜਾਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਮੀਡੀਆ ਕੋਰਸਾਂ ਦੇ ਵਿਦਿਆਰਥੀਆਂ ਨਾਲ ਭਰਿਆ ਹੋਇਆ ਹੈ . ਮੱਧਮ ਜਿਹੀ ਰੌਸ਼ਨੀ ਵਿਚ ਸਜੀ ਹੋਈ ਸਟੇਜ ਤੇ ਪੰਜ ਨਾਮੀ ਸ਼ਖ਼ਸ ਬੁਲਾਏ ਜਾਂਦੇ ਨੇ. ਉਹ ਸਾਰੇ ਪ੍ਰੋਫੈਸ਼ਨਲ ਸਨ, ਸਿਆਸਤਦਾਨ ਕੋਈ ਨਹੀਂ ਸੀ . ਸਾਰੇ ਦੋ ਦੋ ਮਿੰਟ ਬੋਲਦੇ ਨੇ .ਉਨ੍ਹਾਂ ਵਿਚੋਂ ਸਭ ਤੋਂ ਸੀਨੀਅਰ ਮੀਡੀਆ ਹਸਤੀ ਇਆਜ਼ ਮੈਮਨ ਕਹਿੰਦਾ ਹੈ ," ਪੱਤਰਕਾਰ ਅਤੇ ਮੀਡੀਆ ਦੁਨੀਆ ਭਰ ਦੇ ਮਸਲੇ ਡਿਸਕਸ ਕਰਦੇ ਨੇ ਪਰ ਆਪਣੇ ਬਾਰੇ , ਮੀਡੀਆ ਬਾਰੇ ਬਹਿਸ ਵਿਚਾਰ ਨਹੀਂ ਕਰਦੇ ਪਰ ਇੱਥੇ ਆਪਣੇ ਬਾਰੇ , ਮੀਡੀਆ ਦੀ ਦਸ਼ਾ ਅਤੇ ਦਿਸ਼ਾ ਬਾਰੇ ਚਰਚਾ ਹੋਵੇਗੀ ,ਬਹਿਸ ਵਿਚਾਰ ਹੋਵੇਗੀ . ਤਿੰਨ ਦਿਨ ਦੇਸ਼ ਵਿਦੇਸ਼ ਵਿਚੋਂ ਆਏ ਮੀਡੀਆ ਕਰਮੀਂ ਆਪਣੇ ਹੀ ਅੰਦਰ ਬਾਹਰ ਬਾਰੇ ਚੁੰਝ-ਚਰਚਾ ਕਰਨਗੇ . ਇਨ੍ਹਾਂ ਤੋਂ ਬਾਅਦ ਜ਼ੀ ਨਿਊਜ਼ ਗਰੁੱਪ ਦੇ ਸੀ ਈ ਓ ਜਗਦੀਸ਼ ਚੰਦਰਾ ਮੰਚ ਤੇ ਹਾਜ਼ਰ ਹੁੰਦੇ ਨੇ . ਇਸ ਈਵੈਂਟ ਨੂੰ ਇੱਕ ਨਵੇਕਲੇ ਮੀਡੀਆ ਫ਼ੈਸਟੀਵਲ ਕਰਾਰ ਦਿੰਦੇ ਨੇ .ਚੰਦ ਸ਼ਬਦ ਰਿਜਨਲ ਮੀਡੀਆ ਦੀ ਅਹਿਮੀਅਤ ਤੇ ਲਾਉਂਦੇ ਨੇ..ਇੱਕ ਵਾਰ ਮੰਚ ਖ਼ਾਲੀ ਹੋ ਜਾਂਦਾ ਹੈ.
ਇਹ ਸੰਖੇਪ ਬਿਰਤਾਂਤ ਸੀ -ਜੈਪੁਰ ਵਿਚ ਸ਼ੁਰੂ ਹੋਈ ਤਿੰਨ ਰੋਜ਼ਾ ਮੀਡੀਆ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦਾ, ਜਿਸ ਨੂੰ ਫੋਰਥ -ਟਾਕ-ਜਰਨਲਿਜ਼ਮ ਦਾ ਨਾਮ ਦਿੱਤਾ ਗਿਆ ਸੀ . ਬਾਲ-ਰੂਮ ਤੋਂ ਇਲਾਵਾ ਇਸੇ ਹੋਟਲ ਦੇ ਵੱਖ ਵੱਖ ਮੀਟਿੰਗ ਅਤੇ ਕਾਨਫ਼ਰੰਸ ਹਾਲਾਂ ਵਿਚ 50 ਤੋਂ ਵੱਧ ਸੈਸ਼ਨ ਹੋਏ . ਪੱਤਰਕਾਰੀ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਛੋਟੇ ਅਤੇ ਲੋਕਲ / ਰਿਜਨਲ ਕਰਮੀਆਂ ਤੋਂ ਲੈ ਕੇ ਭਾਰਤ ਅਤੇ ਯੂਰਪ ਤੱਕ ਦੀਆਂ ਨਾਮੀ ਮੀਡੀਆ ਹਸਤੀਆਂ ਨੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ .ਇੱਕ-ਦੂਜੇ ਨਾਲ ਗਿਲੇ -ਸ਼ਿਕਵੇ ਵੀ ਕੀਤੇ .ਇੱਕ-ਦੂਜੇ ਨੂੰ ਮੱਤਾਂ ਅਤੇ ਸਲਾਹਾਂ ਵੀ ਦਿੱਤੀਆਂ . ਮੀਡੀਆ ਦੇ ਵੱਖ ਵੱਖ ਰੂਪਾਂ ਭਾਵ ਪ੍ਰਿੰਟ , ਟੀ ਵੀ, ਰੇਡੀਉ ਅਤੇ ਡਿਜੀਟਲ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਅਤੇ ਨਵੇਂ ਦਿਸ-ਹੱਦਿਆਂ ਬਾਰੇ ਵੀ ਵਿਚਾਰਾਂ ਦੇ ਭੇੜ ਹੋਏ .
ਹਾਜ਼ਰ ਬੁਲਾਰਿਆਂ ਅਤੇ ਮਾਹਰਾਂ ਵਿਚ ਕੁਝ ਚੋਣਵੇਂ ਨਾਮ ਇਸ ਤਰ੍ਹਾਂ ਸਨ -ਅਰੁਣ ਸ਼ੋਰੀ ,ਬਰਖਾ ਦੱਤ , ਸ਼ੇਖਰ ਗੁਪਤਾ , ਕਰਿਸਟੀਨਾ ਲੈਂਬ ( ਯੂ.ਕੇ. ), ਕਲਪੇਸ਼ ਯਾਗਨਿਕ , ਦਿਲੀਪ ਚੇਰੀਅਨ, ਨਿੱਕ ਡੇਵੀਸ ( ਯੂ. ਕੇ ), ਇਆਜ਼ ਮੈਮਨ , ਜਗਦੀਸ਼ ਚੰਦਰਾ ,ਸਤੀਸ਼ ਜੈਕਬ , ਪ੍ਰੇਰਨਾ ਸਾਹਨੀ , ਰਾਹੁਲ ਦੇਵ ,ਹਰੀਵੰਸ਼ , ਪਿਯੂਸ਼ ਮਿਸ਼ਰਾ ਅਤੇ ਸੁਮੀਤ ਵਿਆਸ .
ਮੀਡੀਆ ਅਤੇ ਅਲਟਰਾ-ਮਾਡਰਨ ਸਾਫ਼ਟਵੇਅਰ ਟੈਕਨਾਲੋਜੀ ਅਤੇ ਸੋਸ਼ਲ ਮੀਡੀਆ ਹੈਂਡਲਜ਼ ਡੀ ਆਪਸੀ ਜੋੜ-ਮੇਲ ਬਾਰੇ ਗੂਗਲ, ਯੂ ਟਿਊਬ ਅਤੇ ਟਵਿਟਰ ਦੀਆਂ ਵਰਕਸ਼ਾਪਾਂ ਅਤੇ ਖੋਜ-ਪੇਸ਼ਕਾਰੀਆਂ ਇਸ ਮੀਡੀਆ ਫੈਸਟ ਦਾ ਉੱਘੜਵਾਂ ਅਤੇ ਅਹਿਮ ਹਿੱਸਾ ਬਣੇ .
ਟਾਕ ਜਰਨਲਿਜ਼ਮ , ਮੀਡੀਆ ਕਰਮੀਆਂ ਦੇ ਇੱਕ ਛੋਟੇ ਗਰੁੱਪ ਵੱਲੋਂ ਖੜ੍ਹੀ ਕੀਤੀ ਗਈ ਇੱਕ ਸੰਸਥਾ ਹੈ . ਅਵਿਨਾਸ਼ ਕੱਲਾ ਅਤੇ ਜਮੀਲ ਖਾਨ ਇਸ ਦੇ ਬਾਨੀ ਹਨ . ਇਸ ਤੋਂ ਪਹਿਲਾਂ ਉਹ ਤਿੰਨ ਅਜਿਹੇ ਹੀ ਮੀਡੀਆ ਈਵੈਂਟ ਕਰਵਾ ਚੁੱਕੇ ਨੇ . ਹੁਣ ਵਾਲਾ ਚੌਥਾ ਸੀ .
ਮੈਨੂੰ ਵੀ ਇਸ ਮੀਡੀਆ ਕੁੰਭ ਦਾ ਹਿੱਸਾ ਬਣਨ ਅਤੇ ਡਿਜੀਟਲ ਨਿਊਜ਼ ਮੀਡੀਆ ਅਤੇ ਇੱਕ ਰਿਜਨਲ ਮੀਡੀਆ ਵੈਂਚਰ ਵਜੋਂ ਆਪਣੇ ਬਾਬੂਸ਼ਾਹੀ ਡਾਟ ਕਾਮ ਦੇ ਤਜਰਬੇ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ . ਇਹ ਵੀ ਦਿਲਚਸਪ ਮੌਕਾ ਮੇਲ ਸੀ ਕਿ 28 ਜੁਲਾਈ ਨੂੰ ਮੇਰੇ ਵਾਲੇ ਸੈਸ਼ਨ ਵਿਚ ਡਿਜੀਟਲ ਮੀਡੀਆ ਦਾ ਤਜਰਬਾ ਸਾਂਝਾ ਕਰਨ ਵਾਲੇ ਦੋ ਮੀਡੀਆ ਕਰਮੀਂ ਨਾਰਥ-ਈਸਟ ਦੇ ਆਸਾਮ ਸੂਬੇ ਤੋਂ ਸਨ . ਅਸਾਮੀ ਦੇ ਇੱਕ ਬਹੁਤ ਰਿਮੋਟ ਇਲਾਕੇ ਵਿਚੋਂ ਡਿਜੀਟਲ ਟੂਲਜ਼ ਨੂੰ ਨਿਊਜ਼ ਮੀਡੀਆ ਵਜੋਂ ਵਰਤ ਰਹੇ ਉੱਤਮ ਪੇਗੂ ਅਤੇ ਮਨੋਰੰਜਨ ਪੇਗੂ ਨਾਮੀ ਉਹ ਦੋਨੇਂ ਪ੍ਰੋਫੈਸ਼ਨਲ ਵੀ ਨੇ ਅਤੇ ਐਕਟਿਵਿਸਟ ਨੇ .
ਖ਼ੈਰ ,ਟਾਕ ਜਰਨਲਿਜ਼ਮ ਵਿਚ ਸਿੱਖਣ ਅਤੇ ਜਾਨਣ ਲਈ ਬਹੁਤ ਕੁੱਝ ਸੀ . ਆਪਣੇ ਤਜਰਬੇ ਅਤੇ ਕੁੱਝ ਚੋਣਵੀਂਆਂ ਘਟਨਾਵਾਂ ਨੂੰ ਵਾਰੀ ਵਾਰੀ ਸਾਂਝਾ ਕਰਨ ਦਾ ਇਰਾਦਾ ਹੈ .
ਸਭ ਤੋਂ ਪਹਿਲਾਂ ਇਸ ਦਾ ਇਹ ਵਿਲੱਖਣ ਪਹਿਲੂ ਜ਼ਿਕਰ ਕਰਨਾ ਬਣਦਾ ਹੈ ਕਿ ਕਿਸੇ ਵੀ ਮੰਤਰੀ -ਸੰਤਰੀ, ਸਿਆਸਤਦਾਨ ਜਾਂ ਕਿਸੇ ਰਵਾਇਤੀ ਵੀ ਆਈ ਪੀ ਨੂੰ ਨਹੀਂ ਬੁਲਾਇਆ ਗਿਆ . ਇਸ ਨੂੰ ਨਿਰੋਲ ਮੀਡੀਆ ਅਤੇ ਟੈਕਨਾਲੋਜੀ ਪ੍ਰੋਫੈਸ਼ਨਲ , ਲੇਖਕਾਂ , ਕਲਾਕਾਰਾਂ , ਪ੍ਰਕਾਸ਼ਕਾਂ ਅਤੇ ਪੱਤਰਕਾਰੀ ਜਾਂ ਮਾਸ ਕਮਿਊਨੀਕੇਸ਼ਨ ਦੇ ਕੋਰਸਾਂ ਵਾਲੇ ਵਿੱਦਿਅਕ ਅਦਾਰਿਆਂ ਦੇ ਆਪਸੀ ਵਿਚਾਰ-ਵਟਾਂਦਰੇ ਅਤੇ ਆਦਾਨ-ਪ੍ਰਦਾਨ ਤੱਕ ਹੀ ਸੀਮਤ ਰੱਖਿਆ ਗਿਆ .
ਈਵੈਂਟ ਸਪਾਂਸਰਾਂ ਵਿਚ ਕਾਰਪੋਰੇਟ , ਪੇਸ਼ਾਵਰ, ਅਕਾਦਮਿਕ ਅਤੇ ਹੋਰ ਗ਼ੈਰ-ਸਰਕਾਰੀ ਅਦਾਰੇ ਵਧੇਰੇ ਸਨ .
ਦੂਜਾ ਅਹਿਮ ਪੱਖ ਇਹ ਸੀ ਕਿ ਇਸ ਵਿਚ ਪੱਤਰਕਾਰੀ ਕੋਰਸਾਂ ਨਾਲ ਜੁੜੇ ਨੌਜਵਾਨ ਮੁੰਡੇ ਕੁੜੀਆਂ ਦੀ ਬਹੁਤ ਸਰਗਰਮ ਸ਼ਿਰਕਤ ਸੀ . ਲਗਭਗ ਸਾਰੇ ਸੈਸ਼ਨਜ਼ ਵਿਚ ਹੀ ਸਟੂਡੈਂਟਸ ਵੱਲੋਂ ਬੁਲਾਰਿਆਂ ਅਤੇ ਮਾਹਿਰਾਂ ਨੂੰ ਨਿਝੱਕ ਹੋਕੇ ਹਰ ਤਰ੍ਹਾਂ ਦੇ ਸਵਾਲ ਪੁੱਛੇ ਗਏ . ਮੀਡੀਆ ਕਾਨਫ਼ਰੰਸ ਲਈ ਕੰਮ ਕਰ ਰਹੇ ਬਹੁਗਿਣਤੀ ਵਲੰਟੀਅਰ ਵੀ ਪੱਤਰਕਾਰੀ ਕੋਰਸਾਂ ਦੇ ਵਿਦਿਆਰਥੀ ਹੀ ਸਨ .
( ਬਾਕੀ ਅਗਲੀ ਵਾਰ )
2 ਅਗਸਤ , 2017
ਬਲਜੀਤ ਬੱਲੀ
ਸੰਪਾਦਕ ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722
-
ਬਲਜੀਤ ਬੱਲੀ, ਸੰਪਾਦਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.