98 ਡੈਲੀਗੇਟਾਂ ਲਈ ਆਏ ਅਟੈਚੀ ਕੇਸਾਂ ਦਾ ਪਿਆ ਭੰਬਲ-ਭੂਸਾ
ਲੰਘੇ ਦਿਨੀਂ ਕੈਨੇਡਾ ਦੇ ਬਰੰਮਪਟਨ ਸ਼ਹਿਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਉੱਚ-ਕੋਟਿ ਦੀ ਕਾਨਫ਼ਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਕਰਤਾ-ਧਰਤਾ ਉਹ ਲੋਕ ਸਨ ਜਿਹੜੇ ਲੰਮੇ ਸਮੇਂ ਤੋਂ ਬੇਗਾਨੀ ਧਰਤੀ 'ਤੇ ਰਹਿ ਕੇ ਵੀ ਆਪਣੀ ਮਾਂ ਬੋਲੀ ਪ੍ਰਤੀ ਦਿਲ ਵਿੱਚ ਦਰਦ ਰੱਖ ਕੇ ਸਮੇਂ-ਸਮੇਂ 'ਤੇ ਵਿਚਾਰ ਚਰਚਾ ਕਰ, ਹਰ ਸਾਲ ਪੰਜਾਬ ਆ ਕੇ ਆਪਣੇ ਆਪ ਨੂੰ ਆਪਣੀ ਜਨਮ ਭੂਮੀ ਨਾਲ ਜੁੜੇ ਹੋਣ ਦੀਆਂ ਗੱਲਾਂ ਕਰਦੇ ਹਨ।
ਇਸ ਕਾਨਫ਼ਰੰਸ ਨੂੰ 23 ਤੋਂ 25 ਜੂਨ 2017 ਤੱਕ ਬਰੰਮਪਟਨ ਸ਼ਹਿਰ ਦੇ ਇੱਕ ਮਹਿੰਗੇ ਹਾਲ ਵਿੱਚ ਬੂਰ ਪਿਆ। ਜਦੋਂ ਅਜੇ ਇਸ ਕਾਨਫ਼ਰੰਸ ਦੀਆਂ ਤਿਆਰੀਆਂ ਦੇ ਲਈ ਇਸ ਦੇ ਪ੍ਰਬੰਧ ਕਰਤਾ ਲੋਕ ਪੰਜਾਬ ਆ ਕੇ ਆਪਣੀਆਂ ਪ੍ਰਾਪਤੀਆਂ ਗਿਣਵਾਉਂਦੇ ਸਨ, ਉਦੋਂ ਹੀ ਕੁਝ ਲੋਕਾਂ ਨੇ ਇਸ ਨੂੰ ਮਾਂ ਬੋਲੀ ਦੀ ਸੇਵਾ ਤੋਂ ਪਹਿਲਾਂ ਆਪਣੀ ਸੇਵਾ ਦਾ ਨਾਂਅ ਦੇ ਕੇ ਕਾਫ਼ੀ ਹੌ-ਹੱਲਾ ਕੀਤਾ ਸੀ। ਉਨ੍ਹਾਂ ਲੋਕਾਂ ਦਾ ਤਰਕ ਸੀ ਕਿ ਪ੍ਰਬੰਧਕ ਸਿਰਫ਼ ਆਪਣੇ ਚਹੇਤਿਆਂ ਤੇ ਆਪਣੀ ਹਾਂ ਵਿੱਚ ਹਾਂ ਮਿਲਾਉਣ ਵਾਲਿਆਂ 'ਤੇ ਜ਼ਿਆਦਾ ਮਿਹਰਬਾਨ ਹੁੰਦੇ ਨੇ। ਜਾਂ ਫਿਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ 'ਤੇ ਇਨਾਇਤ-ਏ-ਨਜ਼ਰ ਕਰਦੇ ਹਨ। ਜਦ ਕਿ ਪੰਜਾਬ ਅੰਦਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲੇਖਕ ਵੱਡੀ ਗਿਣਤੀ ਵਿੱਚ ਮੌਜੂਦ ਹਨ, ਉਨ੍ਹਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਂਦਾ। ਤੇ ਸੱਦਾ ਪੱਤਰਾਂ ਦਾ ਅਧਿਕਾਰ ਵੀ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰ ਜੁੰਡਲੀ ਦੇ ਲੋਕਾਂ ਨੂੰ ਸੌਂਪਿਆ ਜਾਂਦਾ ਹੈ।
ਸਪੌਂਸਰ, ਸੱਦਾ-ਪੱਤਰਾਂ ਤੇ ਹੋਰ ਕਾਗਜ਼ੀ ਕਾਰਵਾਈਆਂ ਦੇ ਨਾਂਅ 'ਤੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਝਟਕਾਇਆ ਵੀ ਜਾਂਦੈ। ਉਨ੍ਹਾਂ ਪੀੜਿਤ ਸੱਜਣਾਂ ਦਾ ਇਹ ਕਹਿਣਾ ਕਿ ਕੀ ਇੱਕ ਪ੍ਰੋਫ਼ੈਸਰ ਜਾਂ ਪ੍ਰਿੰਸੀਪਲ ਹੀ ਮਾਂ ਬੋਲੀ ਦੀ ਸੇਵਾ ਕਰ ਰਿਹੈ ? ਦੂਜੇ ਪਾਸੇ ਲੇਖਕ ਆਪਣਾ ਪੱਲਾ ਖ਼ਰਚ ਕੇ ਇਸ ਫ਼ਰਜ਼ ਨੂੰ ਪੂਰਾ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਹ ਬਾਹਰਲੇ ਲੋਕ ਆਉਂਦੇ ਤਾਂ ਆਪਣੀ ਚੌਧਰ ਚਮਕਾਉਣ ਅਤੇ ਆਪਣੀਆਂ ਕਿਤਾਬਾਂ ਵੇਚਣ ਹਨ ਪਰ ਢਿੰਡੋਰਾ ਮਾਂ ਬੋਲੀ ਦੀ ਸੇਵਾ ਦਾ ਪਿੱਟ ਕੇ ਕਾਫ਼ੀ ਰੌਲਾ ਪਾਉਂਦੇ ਨੇ।
ਖ਼ੈਰ ! ਉਨ੍ਹਾਂ ਨੂੰ ਆਪਣੇ ਗਾਹਕ ਭਾਲਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਕਿਉਂਕਿ ਪੰਜਾਬੀਆਂ ਨੂੰ ਕੈਨੇਡਾ ਦੇ ਨਾਂਅ 'ਤੇ ਭਾਵੇਜ ਇੰਡੋਨੇਸ਼ੀਆ ਛੱਡ ਆਓ, ਪ੍ਰਬੰਧਕ ਇਨ੍ਹਾਂ ਦੀਆਂ ਕੈਨੇਡਾ ਜਾਣ ਵਾਲੀਆਂ ਹਸਰਤ ਭਰੀਆਂ ਨਜ਼ਰਾਂ ਨੂੰ ਭਾਪਦਿਆਂ ਚੰਗੀ ਖੱਲ ਲਾਹੁੰਦੇ ਨੇ।
ਇਹ ਤਾਂ ਸੀ ਪੰਜਾਬ ਵਾਲੀ ਕਹਾਣੀ ਦੀਆਂ ਕੁਝ ਸਤਰਾਂ। ਜੋ ਉੱਥੇ ਕੈਨੇਡਾ ਦੀ ਧਰਤੀ 'ਤੇ ਇਸ ਕਾਨਫ਼ਰੰਸ ਦੌਰਾਨ ਵਾਪਰਿਆ, ਉਸ ਨੂੰ ਦੇਖਦਿਆਂ ਮਾਂ ਬੋਲੀ ਦੇ ਹਿਜ਼ਰ ਦੀ ਪੀੜ ਹੰਢਾਉਣ ਵਾਲਿਆਂ ਦੀ ਸੋਚ ਦੇ ਧੁਰ ਅੰਦਰੋਂ ਹਿੱਲਾਂ ਸੁਭਾਵਿਕ ਸੀ। ਇਹ ਗੰਲ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਚੰਗੀ ਤਰ੍ਹਾਂ ਉੱਛਲੀ ਅਤੇ ਮਾਂ ਬੋਲੀ ਦੇ ਇਨ੍ਹਾਂ ਪੁੱਤਰਾਂ ਦੇ ਨਾਂਅ ਦਾ ਮੀਡੀਏ ਵਿੱਚ ਚੰਗਾ ਡੰਕਾ ਵੱਜਿਆ। ਹੈਰਾਨੀ ਤੇ ਸਿਤਮ ਭਰੀ ਗੱਲ ਇਹ ਰਹੀ ਕਿ ਜਿਸ 5 ਲੱਖ ਰੁਪਏ ਦੇ ਚੜ੍ਹਾਵੇ ਦੇ ਇਵਜ਼ ਵਿੱਚ ਐਸ.ਜੀ.ਪੀ.ਸੀ. ਪ੍ਰਧਾਨ ਦਾ ਸੰਦੇਸ਼ ਕਾਨਫ਼ਰੰਸ ਰਾਹੀਂ ਪੰਜਾਬੀਆਂ ਨੂੰ ਦੇਣਾ ਸੀ, ਉਸ ਨੂੰ ਸ਼ੁਰੂ ਵਿੱਚ ਹੀ ਬਰੇਕਾਂ ਮਾਰ, ਕੈਨੇਡਾ ਵਾਲੇ ਪ੍ਰਬੰਧਕਾਂ ਵੱਲੋਂ ਇਹ ਕਹਿ ਕੇ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਜਦ ਜਿਹੜਾ 3 ਲੱਖ 31 ਹਜ਼ਾਰ 500 ਰੁਪਇਆ ਅਤੇ 98 ਅਟੈਚੀ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਕਾਨਫ਼ਰੰਸ ਦੇ ਪੰਜਾਬ ਪ੍ਰਬੰਧਕਾਂ ਨੂੰ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿੱਤਾ ਗਿਆ ਸੀ, ਉਹ ਸਾਡੇ ਕੋਲ ਪਹੁੰਚਿਆ ਹੀ ਨਹੀਂ ਤਾਂ ਅਸੀਂ ਪ੍ਰਧਾਨ ਦਾ ਸੰਦੇਸ਼ ਕਿਉਂ ਸੁਣੀਏ ?
ਜ਼ਿਕਰ ਯੋਗ ਹੈ ਕਿ ਇੱਕ ਅਖ਼ਬਾਰ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਐਸ.ਜੀ.ਪੀ.ਸੀ. ਨੇ ਆਪਣੇ ਮਤਾ ਨੰਬਰ 420 ਰਾਹੀਂ ਮਿਤੀ 17 ਫਰਵਰੀ 2017 ਨੂੰ ਪ੍ਰਧਾਨ ਜੀ ਦੇ ਹੁਕਮਾਂ ਨਾਲ ਪਾਸ ਕੀਤਾ ਸੀ ਕਿ ਸਾਡੇ ਵੱਲੋਂ ਟੋਰਾਂਟੋ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਦੋ ਡੈਲੀਗੇਟਸ ਦਾ ਇੱਕ ਵਫ਼ਦ ਭੇਜਿਆ ਜਾਵੇਗਾ ਤੇ ਕਾਨਫ਼ਰੰਸ ਦੇ ਪ੍ਰਚਾਰ ਲਈ ਛਪਾਏ ਜਾਣ ਵਾਲੇ ਇਸ਼ਤਿਹਾਰ ਲਈ ਧਰਮ ਪ੍ਰਚਾਰ ਕਮੇਟੀ ਦੇ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਗਈ। ਇਨ੍ਹਾਂ ਸੰਗਤ ਦੇ ਪੈਸਿਆਂ ਵਿੱਚੋਂ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟਸ ਲਈ ਅਟੈਚੀ ਕੇਸਾਂ ਵਾਸਤੇ 1 ਲੱਖ 78 ਹਜ਼ਾਰ 500 ਰੁਪਏ ਕਾਨਫ਼ਰੰਸ ਦੇ ਭਾਰਤੀ ਪ੍ਰਬੰਧਕ ਨੂੰ 5 ਅਪ੍ਰੈਲ 2017 ਨੂੰ ਲਿਖਤੀ ਰੂਪ ਵਿੱਚ ਦਿੱਤੇ ਗਏ। ਇਹ ਵੀ ਖ਼ੁਲਾਸਾ ਹੋਇਆ ਕਿ ਬਾਕੀ ਬਚਦੀ ਰਕਮ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਕਾਨਫ਼ਰੰਸ ਦੇ ਪ੍ਰਬੰਧਕਾਂ ਨੂੰ ਦਿੱਤੀ ਜਾਵੇਗੀ। ਉੱਥੇ ਜੋ ਵੀ ਹੋਇਆ ਸ਼ਾਇਦ ਨਮੋਸ਼ੀ ਤੋਂ ਵੱਧ ਕੁਝ ਨਹੀਂ ਸੀ। ਗੱਲ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਅਤੇ ਡਾਂਸ ਅੱਧ ਨੰਗੀਆਂ ਗੋਰੀਆਂ ਦਾ, ਵਾਹ ਓਏ ਪ੍ਰਬੰਧਕ ਵੀਰੋ ! ਸ਼ਾਬਾਸ਼ ਥੋਡੇ ! ਰਾਇਲ ਕਾਨਵੈਂਸ਼ਨ ਜਿਹੇ ਸੈਂਟਰ ਵਿੱਚ ਜਦ ਅੱਧ ਨੰਗੀਆਂ ਗੋਰੀਆਂ ਨੱਚ ਰਹੀਆਂ ਸਨ ਤਾਂ ਮਾਂ ਬੋਲੀ ਦੀ ਰੂਹ ਅੰਦਰੋਂ ਅੰਦਰੀਂ ਕੰਬ ਰਹੀ ਹੇਵੇਗੀ ਕਿ ਮੇਰੇ ਪੁੱਤਰ ਮੇਰੇ ਨਾਂਅ 'ਤੇ ਕੀ ਕਰ ਰਹੇ ਨੇ ? ਕੀ ਇਸੇ ਨੂੰ ਮਾਂ ਬੋਲੀ ਦਾ ਪ੍ਰਸਾਰ ਤੇ ਪ੍ਰਚਾਰ ਆਖਿਆ ਜਾਂਦੈ ? ਕੀ ਧ੍ਰਿਗ ਹੈ ਅਜਿਹੇ ਲੋਕਾਂ ਦਾ ਜਿਹੜੇ ਨਾਂਅ ਤਾਂ ਮਾਂ ਬੋਲੀ ਦਾ ਵਰਤਦੇ ਨੇ ਪਰ ਰੋਟੀਆਂ ਆਪਣੀਆਂ ਸੇਕਦੇ ਨੇ।
ਬਾਕੀ ਰਹੀ ਗੱਲ ਸ਼੍ਰੋਮਣੀ ਕਮੇਟੀ ਦੀ। ਇਨ੍ਹਾਂ ਤੋਂ ਆਪ ਤਾਂ ਕੋਈ ਭਲੇ ਦਾ ਕੰਮ ਨਹੀਂ ਹੋਇਆ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਾਉਣ ਵਾਲੀ ਐਸ.ਜੀ.ਪੀ.ਸੀ. ਲਗਾਤਾਰ ਤਿੰਨ ਵਾਰ ਤਰੀਖ਼ਾਂ ਬਦਲ ਕੇ ਵੀ ਕਾਨਫ਼ਰੰਸ ਨਹੀਂ ਕਰਵਾ ਸਕੀ। ਹੁਣ ਸੰਗਤਾਂ ਦਾ ਲੱਖਾਂ ਰੁਪਇਆ ਕੈਨੇਡਾ ਦੀ ਧਰਤੀ 'ਤੇ ਹੋ ਰਹੀ ਕਾਨਫ਼ਰੰਸ 'ਤੇ ਬਰਬਾਦ ਕਰ ਦਿੱਤਾ, ਕਿਸ ਲਈ ? ਸਿਰਫ਼ ਗੋਰੀਆਂ ਦਾ ਅਸ਼ਲੀਲ ਡਾਂਸ ਕਰਵਾਉਣ ਲਈ ? ਸੋਚਣਾ ਬਣਦੈ ਕਿ ਆਖ਼ਰ ਐਸ.ਜੀ.ਪੀ.ਸੀ. ਕਦੋਂ ਤੱਕ ਅਜਿਹੀਆਂ ਆਪ-ਹੁਦਰੀਆਂ ਨਾਲ ਸੰਗਤ ਦਾ ਪੈਸਾ ਪਾਣੀ ਵਾਂਗ ਵਹਾਉਂਦੀ ਰਹੇਗੀ ? ਸੁਆਲ ਉੱਠਦੈ, ਕਿਹੜੇ ਵਿਦਵਾਨਾਂ ਦੀ ਸਲਾਹ ਨਾਲ 5 ਲੱਖ ਰੁਪਏ ਕਾਨਫ਼ਰੰਸ ਲਈ ਦਿੱਤੇ ਗਏ। ਪਹਿਲਾਂ ਇਹ ਵੀ ਨਹੀਂ ਵੇਖਿਆ ਗਿਆ ਕਿ ਪ੍ਰਬੰਧ ਕਿੰਨੇ ਕੁ ਸਾਰਥਕ ਨੇ। ਕੀ ਉੱਥੇ ਸਹੀ ਮਾਅਨਿਆਂ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਗੱਲਬਾਤ ਹੋਵੇਗੀ ਵੀ ਕਿ ਨਹੀਂ ? ਫ਼ੋਕੀ ਵਾਹ-ਵਾਹ ਦੇ ਚਾਅ ਵਿੱਚ ਹੀ ਸੰਗਤ ਦਾ ਲੱਖਾਂ ਰੁਪਇਆ ਲੁਟਾ ਦਿੱਤਾ ਗਿਆ।
ਜੇਕਰ ਦੂਜੇ ਪਾਸੇ ਵੇਖੀਏ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਸ਼ੱਕ ਨਿਵੇਕਲੀ ਪਿਰਤ ਪਾਉਂਦਿਆਂ ਮਾਂ ਬੋਲੀ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸ਼ਾਇਦ ਪਹਿਲੀ ਵਾਰ ਵੱਡੀ ਰਕਮ ਦਿੱਤੀ ਗਈ ਸੀ। ਪਰ ਕਾਨਫ਼ਰੰਸ ਦੇ ਪ੍ਰਬੰਧਕਾਂ ਨੇ ਪੈਸੇ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਵੀ ਜੱਖਣਾ ਪੱਟ ਦਿੱਤੀ। ਅਗਾਂਹ ਨੂੰ ਅਗਲਾ ਸੌ ਬਾਰ ਸੋਚੂ। ਸ਼੍ਰੋਮਣੀ ਕਮੇਟੀ ਦੀ ਪਹਿਲ ਤਾਂ ਭਾਵੇਂ ਚੰਗੀ ਸੀ ਪਰ ਕਾਨਫ਼ਰੰਸ ਦੇ ਪ੍ਰਬੰਧਕਾਂ ਦੀ ਤਿਆਰੀ ਨਕੰਮੀ ਸੀ।
ਪਰ ਇੱਧਰ ਮੇਰੇ ਰੰਗਲੇ ਪੰਜਾਬ ਦੀ ਧਰਤੀ ਦਾ ਅੰਨਦਾਤਾ ਖੀਸੇ ਵਿੱਚ ਸਲਫਾਸ ਦੀ ਪੁੜੀ, ਦਰਖ਼ਤ ਦੇ ਟਾਹਣੇ ਨੂੰ ਰੱਸਾ ਪਾਈਂ ਬੈਠੈ। ਪਰ ਸਾਡੀ ਮਿੰਨੀ ਪਾਰਲੀਮੈਂਟ ਦੇ ਕਰਤਾ-ਧਰਤਾ ਲੋਕ ਹੋਰਨਾਂ ਦੇਸ਼ਾਂ ਵਿੱਚ ਅਖੌਤੀ ਮਾਂ ਬੋਲੀ ਦੀ ਸੇਵਾ ਦੇ ਨਾਂਅ 'ਤੇ ਲੱਖਾਂ ਰੁਪਏ ਬਰਬਾਦ ਕਰਦੇ ਨੇ। ਪੰਜਾਬ ਅੰਦਰ ਕਲਾਕਾਰਾਂ ਦੇ ਇੱਕ ਵਰਗ ਵੱਲੋਂ ਵੱਡੀਆਂ-ਵੱਡੀਆਂ ਪੱਗਾਂ ਬੰਨ੍ਹ ਸਿੱਖੀ ਅਤੇ ਮਾਂ ਬੋਲੀ ਦੀਆਂ ਜੜ੍ਹਾਂ ਵਿੱਚ ਰੱਜਵਾਂ ਤੇਲ ਦਿੱਤਾ ਜਾ ਰਿਹੈ ਅਤੇ ਅਸੀਂ ਜਵਾਨੀ ਦੇ ਘਾਣ ਦੀ ਕਹਾਣੀ ਨੂੰ ਇਤਿਹਾਸ ਬਣਦਾ ਵੇਖ ਰਹੇ ਹਾਂ। ਇਸ ਬੇਹੱਦ ਗੰਭੀਰ ਮੁੱਦੇ 'ਤੇ ਐਸ.ਜੀ.ਪੀ.ਸੀ. ਚੁੱਪ ਦਾ ਰਾਜ਼ ਸਾਡੀ ਸਮਝ ਤੋਂ ਪਰੇ ਹੈ। ਲੱਗਦੈ ਉੱਥੇ ਵੀ ਕਿਸੇ ਵੱਡੇ ਘਰ ਦੇ ਹੁਕਮ ਦੀ ਉਡੀਕ ਹੈ। ਜਿਹੜਿਆਂ ਤੋਂ ਆਪਣਾ ਘਰ ਨਹੀਂ ਸਾਂਭਿਆ ਜਾਂਦਾ ਉਨ੍ਹਾਂ ਨੂੰ ਸੰਗਤ ਦਾ ਪੈਸਾ ਲੁਟਾਉਣ ਦਾ ਵੀ ਕੋਈ ਹੱਕ ਨਹੀਂ। ਜੇਕਰ ਵਾਕਿਆ ਹੀ ਕੋਈ ਮਾਂ ਬੋਲੀ ਪ੍ਰਤੀ ਸੱਚੇ ਮਨੋਂ ਸੁਹਿਰਦ ਹੈ ਤਾਂ ਭਾਵੇਂ ਜੋ ਮਰਜ਼ੀ ਦੇ ਦਿਓ, ਕੋਈ ਗੱਲ ਨਹੀਂ। ਜੇਕਰ ਤੁਹਾਨੂੰ ਪੂਰੀ ਜਾਣਕਾਰੀ ਹੀ ਨਹੀਂ ਤਾਂ ਬਿਨਾਂ ਪਾਣੀ ਤੋਂ ਮੌਜੇ ਕਿਉਂ ਖੋਲ੍ਹਦੇ ਹੋ ? ਹੁਣ ਕਾਨਫ਼ਰੰਸ ਦੇ ਪ੍ਰਬੰਧਕ ਭਾਰਤ ਵਿੱਚ ਡੈਲੀਗੇਟਾਂ ਨੂੰ ਅਟੈਚੀ ਕੇਸ ਵੰਡਣ ਦੀਆਂ ਗੱਲਾਂ ਜ਼ਰੂਰ ਕਰਦੇ ਨੇ, ਇਸੇ ਲਈ ਮਾਮਲਾ ਸ਼ੱਕੀ ਜਾਪਦੈ।
ਆਉਂਦੇ ਦਿਨਾਂ ਨੂੰ 98 ਅਟੈਚੀ ਕੇਸਾਂ ਅਤੇ ਬਾਕੀ ਬਚੀ ਰਕਮ ਦਾ ਮੁੱਦਾ ਵੀ ਲੋਕਾਂ ਦੀ ਕਚਹਿਰੀ ਵਿੱਚ ਚੰਗਾ ਖੜਕਣ ਦੀ ਸੰਭਾਵਨਾ ਹੈ। ਪਤਾ ਨਹੀਂ ਕਿਉਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਸਿੱਖ ਮੁੱਦਿਆਂ ਤੋਂ ਪਾਸੇ ਹਟ ਚੌਧਰ ਚਮਕਾਉਣ ਵਾਲੀਆਂ ਗੱਲਾਂ ਰਾਹੀਂ ਆਪਣੀ ਤੇ ਪੂਰੀ ਕੌਮ ਦੀ ਜੱਗ ਹਸਾਈ ਵਿੱਚ ਹੀ ਜ਼ਿਆਦਾ ਭਲਾ ਕਿਉਂ ਦਿਸਦੈ ? ਜਦ ਸਿੱਖੀ ਦੀ ਮਿੰਨੀ ਪਾਰਲੀਮੈਂਟ ਦੇ ਆਗੂ ਦਾ ਸੰਦੇਸ਼ ਹੀ ਸੁਣਨੋ ਸਿੱਖ ਸੰਗਤ ਹੀ ਆਕੀ ਹੋ ਜਾਵੇ ਤਾਂ ਗੱਲ ਕੋਈ ਖ਼ਾਸ ਹੀ ਹੁੰਦੀ ਹੈ।
ਅਦਾਰਾ 'ਕਲਮ ਫ਼ਾਊਂਡੇਸ਼ਨ' ਅਤੇ ਇਸ ਕਾਨਫ਼ਰੰਸ ਦੇ ਖ਼ਾਸ-ਮ-ਖ਼ਾਸ ਤੇ ਇਮਾਨਦਾਰ ਸ਼ਖ਼ਸੀਅਤ ਸ. ਜਸਵੀਰ ਸਿੰਘ ਬੋਪਰਾਏ ਵੱਲੋਂ 2019 ਦੀ ਵਿਸ਼ਵ ਕਾਨਫ਼ਰੰਸ ਨੂੰ ਆਪਣੇ ਤੌਰ 'ਤੇ ਕਰਾਉਣ ਦਾ ਐਲਾਨ ਜ਼ਰੂਰ ਕਰ ਦਿੱਤੈ, ਦੇਖਣਾ ਹੋਵੇਗਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਿੰਨਾ ਕੁ ਬੂਰ ਪੈਂਦੈ। ਬਾਕੀ ਰਹੀ ਗੱਲ ਸਾਰੀਆਂ ਧਿਰਾਂ ਹੁਣ ਆਪੋ-ਆਪਣੇ ਸਪੱਸ਼ਟੀਕਰਨ ਦੇ ਕੇ ਮਾਮਲੇ ਨੂੰ ਠੰਢਾ ਕਰਨ ਦੀ ਕਵਾਇਤ 'ਤੇ ਚੱਲ ਆਪੋ ਆਪਣੀ ਖਿਚੜੀ ਪਕਾ ਰਹੀਆਂ ਨੇ। ਪੀੜਿਤ ਧਿਰਾਂ ਤੇ ਮੀਡੀਏ ਵੱਲੋਂ ਲਾਏ ਗਏ ਦੋਸ਼ਾਂ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਪ੍ਰਬੰਧਕ ਹੀ ਜਾਣਨ ਪਰ ਇਸ ਘਟਨਾਕ੍ਰਮ ਦੌਰਾਨ ਜੋ ਵੀ ਹੋਇਐ ਉਹ ਮਾੜਾ ਜ਼ਰੂਰ ਹੋਇਐ। ਸੋਚਣਾ ਬਣਦੇ ਕਿ ਅਸੀਂ ਗਲਤ ਕਿੱਥੇ ਹਾਂ ?
ਦੇਖਣਾ ਹੋਵੇਗਾ ਕਿ ਇਸ ਕਾਨਫ਼ਰੰਸ ਦੀਆਂ ਉੱਧੜ ਰਹੀਆਂ ਪਰਤਾਂ ਵਿੱਚੋਂ ਹੋਰ ਕੀ-ਕੀ ਨਿਕਲੇਗਾ ? ਉਹ ਵੀ ਆਉਂਦੇ ਦਿਨਾਂ ਨੂੰ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.