ਜੇ ਕਰ ਦੇਸ਼ ਨੂੰ ਹਰਮਨਪ੍ਰੀਤ ਕੌਰ ਜਿਹੀ ਖਿਡਾਰਨ ਦੇਣ ਵਾਲਾ ਕੋਚ ਦੇਸ਼ ਛੱਡ ਕੇ ਵਿਦੇਸ਼ ਵੱਸਣ ਤੇ ਮਜਬੂਰ ਹੋ ਗਿਆ ਹੈ ਤਾਂ ਤੂੰ ਮੈਂ ਕਿਹੜੇ ਬਾਗ਼ ਦੀ ਮੂਲ਼ੀ ਹਾਂ!!! ਜੀ ਹਾਂ! ਇਹੀ ਸਚਾਈ ਬਿਆਨਦੀ ਹੈ ਯਾਦਵਿੰਦਰ ਸਿੰਘ ਸੋਢੀ ਦੀ ਜੀਵਨੀ। ਇਕ ਹੋਣਹਾਰ ਨੌਜਵਾਨ ਜਿਸ ਦੀ ਕਦਰ ਇਕ ਬੇਗਾਨਾ ਮੁਲਕ ਮਹਿਜ਼ ਛੇ ਮਹੀਨਿਆਂ 'ਚ ਆਪਣੀ ਇਕ ਟੀਮ ਦਾ ਹੈੱਡ ਕੋਚ ਲਗਾ ਕੇ ਕਰ ਸਕਦਾ ਪਰ ਉਸ ਦਾ ਆਪਣਾ ਮੁਲਕ ਉਸ ਦੇ ਜੋੜੇ ਤੁੜਵਾਉਣ ਦੇ ਬਾਵਜੂਦ ਵੀ ਕਦਰ ਨਹੀਂ ਪਾਉਂਦਾ। ਫੇਰ ਤੁਸੀਂ ਕਿਹੜੀ ਬਿਨਾਅ ਤੇ ਜੈ ਹਿੰਦ ਕਹਿ ਸਕਦੇ ਹੋ?
ਇਹੀ ਸਚਾਈ ਹੈ ਯਾਦਵਿੰਦਰ ਦੀ ਹੁਣ ਤੱਕ ਦੇ ਜੀਵਨੀ ਦੀ। ਪਿਛਲੇ ਤਕਰੀਬਨ 12 ਵਰ੍ਹਿਆਂ ਤੋਂ ਮੋਗੇ ਜਿਹੇ ਛੋਟੇ ਸ਼ਹਿਰ 'ਚ ਆਪਣੇ ਪਰਵਾਰ ਦੇ ਸਹਿਯੋਗ ਨਾਲ ਇਕ ਕ੍ਰਿਕੇਟ ਅਕਾਦਮੀ ਚਲਾ ਰਹੇ ਨੌਜਵਾਨ ਯਾਦਵਿੰਦਰ ਨੇ ਜਿੱਥੇ ਹਰਮਨਪ੍ਰੀਤ ਕੌਰ ਜਿਹੀ ਇਕ ਅੰਤਰਰਾਸ਼ਟਰੀ ਖਿਡਾਰਨ ਮੁਲਕ ਦੀ ਝੋਲੀ ਪਾਈ ਉੱਥੇ ਛੇ ਦੇ ਕਰੀਬ ਰਾਸ਼ਟਰੀ ਖਿਡਾਰਨਾਂ ਵੀ ਪੰਜਾਬ ਨੂੰ ਦਿੱਤੀਆਂ। ਪਿਛਲੇ ਤਕਰੀਬਨ 9 ਵਰ੍ਹਿਆਂ ਤੋਂ ਉਨ੍ਹਾਂ ਦੀ ਅਕਾਦਮੀ ਸਟੇਟ ਜੇਤੂ ਹੈ। ਭਾਵੇਂ ਪਿਛਲੇ ਛੇ ਕੁ ਮਹੀਨਿਆਂ ਤੋਂ ਯਾਦਵਿੰਦਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਰਹਿ ਰਹੇ ਹਨ ਤੇ ਅੱਜ ਕੱਲ੍ਹ ਪੋਰਟ ਐਡੀਲੇਡ ਦੀ ਕੁੜੀਆਂ ਦੀ ਟੀਮ ਦੇ ਮੁੱਖ ਕੋਚ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਰ ਉਨ੍ਹਾਂ ਦੀਆਂ ਅੱਖਾਂ ਚੋਂ ਇਕ ਸਵਾਲ ਸਾਫ਼ ਝਲਕਦਾ ਹੈ ਕਿ "ਜੇ ਦੇਸਾਂ ਵਰਗਾ ਦੇਸ ਹੁੰਦਾ ਅਸੀਂ ਕਿਉਂ ਜਾਂਦੇ ਪ੍ਰਦੇਸ?"
ਹਰਮਨਪ੍ਰੀਤ ਭਾਵੇਂ ਪਿਛਲੇ 9 ਸਾਲਾਂ ਤੋਂ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ ਪਰ ਅੱਜ ਕਲ ਉਸ ਦੀ ਚਰਚਾ ਸਿਖਰ 'ਤੇ ਹੋਣ ਕਾਰਨ ਹਰ ਇਕ ਉਸ ਉਸਤਾਦ ਬਾਰੇ ਜਾਣਨ ਦਾ ਇੱਛੁਕ ਹੈ ਜਿਸ ਨੇ ਹਰਮਨਪ੍ਰੀਤ ਜਿਹੇ ਹੀਰੇ ਨੂੰ ਤਰਾਸ਼ਿਆ। ਸੋ ਯਾਦਵਿੰਦਰ ਹੋਰਾਂ ਦਾ ਚਰਚਾ 'ਚ ਆਉਣਾ ਵੀ ਸੁਭਾਵਿਕ ਸੀ। ਪਰ ਉਨ੍ਹਾਂ ਨਾਲ ਹਰਮਨ ਰੇਡੀਉ ਤੇ ਹੋਈ ਲੰਬੀ ਚੌੜੀ ਗੱਲ ਬਾਤ ਨੇ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੱਤਾ ਹੈ। ਇਸ ਸਾਰੀ ਗੱਲਬਾਤ ਦੌਰਾਨ ਯਾਦਵਿੰਦਰ ਆਪਣੇ ਬਾਰੇ ਘੱਟ ਚਿੰਤਤ ਹੈ ਤੇ ਆਪਣੇ ਸ਼ਾਗਿਰਦਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਨਾ ਮਿਲਣ ਤੇ ਫ਼ਿਕਰਮੰਦ ਦਿਖਾਈ ਦਿੰਦਾ ਹੈ। ਯਾਦਵਿੰਦਰ ਦੇ ਕਹਿਣ ਅਨੁਸਾਰ ਕੋਚ ਤਾਂ ਬਾਅਦ ਦੀ ਗੱਲ ਆ ਇਕ ਕੁੜੀ ਜੋ ਪੰਜਾਬ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕਰ ਰਹੀ ਹੈ ਪਰ ਉਸ ਨੂੰ ਆਪਣੀ ਰੋਜ਼ੀ ਲਈ ਮੁੰਬਈ ਰੇਲਵੇ 'ਚ ਨੌਕਰੀ ਕਰਨ ਲਈ ਆਪਣਾ ਘਰ ਛੜਨਾ ਪਿਆ।
ਇੱਥੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਹਰਮਨ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ ਤਕਰੀਬਨ ਉਦੋਂ ਤੋਂ ਨੰਨ੍ਹੀ ਛਾਂ ਦਾ ਤੰਦੂਰ ਲਾ ਕੇ ਬੀਬੀ ਹਰਸਿਮਰਤ ਕੌਰ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ। ਏਨੇ ਸਾਲਾਂ 'ਚ ਹਰਮਨਪ੍ਰੀਤ ਨਾਮੀ ਇਹ ਨੰਨ੍ਹੀ ਛਾਂ ਆਪਣੀ ਮਹਿਕ ਦੁਨੀਆ ਭਰ 'ਚ ਬਿਖੇਰ ਰਹੀ ਹੈ ਪਰ ਇਹ ਸਿਆਸੀ ਲੋਕ ਪਤਾ ਨਹੀਂ ਕਿਹੜੀਆਂ ਨੰਨ੍ਹੀ ਛਾਵਾਂ ਦੇ ਵੱਡੇ ਹੋਣ ਦਾ ਇੰਤਜ਼ਾਰ ਕਰ ਰਹੀਆਂ? ਕੇਂਦਰੀ ਮੰਤਰੀ ਬੀਬਾ ਜੀ! ਢਿੱਡ ਵਾਲਿਆਂ ਦਾ ਫ਼ਿਕਰ ਛੱਡ ਗੋਦੀ ਵਾਲਿਆਂ ਨੂੰ ਸਾਂਭ ਲਵੋ ਜੀ ਤੇ ਬਾਕੀ ਮਾਨਯੋਗ ਪ੍ਰਧਾਨ ਮੰਤਰੀ ਜੀ ਆਪ ਜੀ ਦੇ ਟਵੀਟ ਕਿਸੇ ਦਾ ਢਿੱਡ ਨਹੀਂ ਭਰਦੇ! ਕਲ ਨੂੰ ਜਦੋਂ ਕ੍ਰਿਕੇਟ ਖੇਡਣਾ ਬੰਦ ਕਰ ਦਿੱਤਾ ਤਾਂ ਤੁਹਾਡੇ ਦਫ਼ਤਰ ਦੇ ਸਾਹਮਣੇ ਵੀ ਨਹੀਂ ਖੜ੍ਹਨ ਦੇਣਾ ਕਿਸੇ ਨੇ ਹਰਮਨਪ੍ਰੀਤ ਨੂੰ! ਸੋ ਬਹੁਤ ਟਵੀਟ ਹੋ ਗਏ ਕੁਝ ਪੱਲੇ ਵੀ ਪਾਓ ਇਹਨਾਂ ਬੱਚਿਆਂ ਦੇ। ਇਹ ਨਾ ਹੋਵੇ ਕਲ ਨੂੰ ਹਰਮਨਪ੍ਰੀਤ ਵੀ ਆਪਣੇ ਕੋਚ ਵਾਂਗ ਚੰਗੇ ਭਵਿੱਖ ਦੀ ਭਾਲ 'ਚ ਕਿਤੇ ਪਰਦੇਸਣ ਹੋ ਜਾਵੇ। ਧਿਆਨ ਚੰਦ ਵੱਲੋਂ ਹਿਟਲਰ ਨੂੰ ਦਿੱਤੇ ਕਰਾਰੇ ਜਵਾਬ ਕਿਤਾਬਾਂ 'ਚ ਹੀ ਚੰਗੇ ਲਗਦੇ ਹਨ ਹਕੀਕਤ 'ਚ ਨਹੀਂ। ਕਾਸ਼ ਉਸ ਦਿਨ ਧਿਆਨ ਚੰਦ ਹਿਟਲਰ ਦੀ ਮੰਨ ਲੈਂਦੇ ਤਾਂ ਅੱਜ ਧਿਆਨ ਚੰਦ ਦਾ ਪਰਵਾਰ ਕਿਸੇ ਹੋਰ ਹੀ ਉਚਾਈਆਂ 'ਚ ਹੋਣਾ ਸੀ। (ਨੋਟ: ਕਹਿੰਦੇ ਹਨ ਕਿ ਧਿਆਨ ਚੰਦ ਨੇ ਹਿਟਲਰ ਦਾ ਏਅਰ ਮਾਰਸ਼ਲ ਬਣਾਉਣ ਦਾ ਪ੍ਰਸਤਾਵ "ਜੈ ਹਿੰਦ" ਇਹ ਕਹਿ ਕੇ ਨਕਾਰ ਦਿੱਤਾ ਸੀ।)
ਯਾਦਵਿੰਦਰ ਸਿੰਘ ਸੋਢੀ ਨਾਲ ਹੋਈ ਪੂਰੀ ਗੱਲਬਾਤ ਹੇਠ ਦਿੱਤੇ ਲਿੰਕ ਤੇ ਜਾ ਕੇ ਸੁਣੀ ਜਾ ਸਕਦੀ ਹੈ।
-
ਮਿੰਟੂ ਬਰਾੜ,
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.