ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ‘ਸਰ ਤਾਜ’ ਦੀਆਂ।
ਆਪਣੇ ਬੜੇ ਈ ਕਰੀਬੀ ਬੇਲੀ ਦੇ ਹੰਭਲੇ ਸਦਕਾ ਪੰਜਾਬ ਦੇ ਤਖ਼ਤ ਦੇ ਆਖਰੀ ਵਾਰਸ ਤੇ ਸ਼ੇਰ ਏ ਪੰਜਾਬ, ਮਹਾਰਾਜਾ ਰਣਜੀਤ ਸਿੰਘ, ਦੇ ਫਰਜ਼ੰਦ ਦਲੀਪ ਸਿੰਘ ਦੀ ਜਿੰਦਗੀ ਨੂੰ ਪਰਦੇ ਤੇ ਪੇਸ਼ ਕਰਦੀ ਹੋਈ ਫਿਲਮ ਦੇ ਪ੍ਰੀਮੀਅਰ ਸ਼ੋਅ ਤੇ ਜਾਣ ਦਾ ਮੌਕਾ ਮਿਲਿਆ।
ਆਪਣੀ ਆਦਤ ਮੁਤਾਬਕ ਪੜਚੋਲੀਆ ਨਿਗਾਹ ਨਾਲ ਫਿਲਮ ਵੇਖਣ ਦਾ ਮਨ ਸੀ, ਤੇ ਫਿਲਮ ਵੇਖੀ ਵੀ ਇਸੇ ਨੁਕਤਾ ਨਜ਼ਰ ਤੋਂ। ਆਂਹਦੇ ਹੁੰਦੇ ਆ ਬੀ ਬਾਂਦਰ ਭਾਵੇਂ ਬੁੱਢਾ ਹੋ ਜੇ ਪਰ ਉਲਟਬਾਜੀਆਂ ਮਾਰਨੋਂ ਨੀਂ ਹਟ ਸਕਦਾ। ਉਹੀ ਹਾਲ ਮੇਰੇ ਵਰਗੇ ਨਘੋਚੀਆਂ ਦਾ ਐ, ਕੁੱਝ ਵੀ ਹੋਵੇ, ਮੀਨ ਮੇਖ ਕੱਢਣ ਦਾ ਕੋਈ ਨਾ ਕੋਈ ਨੁਕਤਾ ਕੱਢ ਈ ਲੈਣਾ ਅਖੇ ‘ਆਟਾ ਗੁੰਨ੍ਹਦੀ ਹਿਲਦੀ ਕਿਉਂ ਆਂ’। ਕਦੇ ਕਦੇ ਤਾਂ ਮੈਨੂੰ ਇਹ ਡਰ ਵੀ ਲੱਗਣ ਲੱਗ ਪੈਂਦਾ ਬੀ ਕਿਤੇ ਕਾਮਰੇਡਾਂ ਵਾਲੀਆਂ, ਹਰ ਗੱਲ ਵਿੱਚ ਨੁਕਸ ਕੱਢਣ ਵਾਲੀਆਂ ਆਦਤਾਂ ਪੱਕ ਨਾ ਜਾਣ।
ਇਸ ਲਈ #TheBlackPrince ਨੂੰ ਵੇਖ ਕੇ ਪੜਚੋਲ ਤਾਂ ਕਰਨੀ ਈ ਸੀ ਪਰ ਨਾਲ ਦੀ ਨਾਲ ਇਹ ਦੱਸ ਦੇਵਾਂ ਕਿ ਮੈਂ ਪੂਰੀ ਫਿਲਮ ਵਿੱਚੋਂ ਜੋ ਮਰਜੀ ਨੁਕਸ ਕੱਢੀ ਜਾਵਾਂ, ਜਿਹੜੀ ਮਰਜੀ ਊਣਤਾਈ ਦੀ ਗੱਲ ਕਰਾਂ, ਹਰ ਉਹ ਕਮੀ ਪੇਸ਼ੀ, ਫਿਲਮ ਦੇ ਵਿਸ਼ੇ, ਉਸਦੀ ਵਿਸ਼ਾਲਤਾ, ਤੇ ਉਸਦੇ ਕੱਦ ਦੇ ਸਾਹਮਣੇ ਨਿਗੂਣੀ, ਤੇ ਬੌਣੀ ਐ।
ਮੈਂ ਅਜੇ ਇੰਨਾ ਵੱਡਾ ਨੀਂ ਹੋਇਆ ਕਿ ਆਪਣੇ ਅਤੀਤ ਦਾ ਮੁਲਾਂਕਣ ਕਰ ਸਕਾਂ। ਹਥਲੀ ਪੜਚੋਲ ਵਿੱਚ ਜੇ ਕਿਸੇ ਕਮੀ ਪੇਸ਼ੀ ਦਾ ਜ਼ਿਕਰ ਮੈਂ ਕਰਾਂਗਾ ਵੀ ਤਾਂ ਉਹ ਸਿਰਫ ਤੇ ਸਿਰਫ ਪਰਦੇ ਉਤਲੀ ਪੇਸ਼ਕਾਰੀ ਨਾਲ ਸੰਬੰਧਤ ਹੋਵੇਗੀ ਨਾ ਕਿ ਵਿਖਾਏ ਗਏ ਅਤੀਤ ਨਾਲ। ਲੱਗਦੇ ਹੱਥੀਂ ਮੈਂ ਇਹ ਵੀ ਕਹਿ ਦੇਵਾਂ ਕਿ ਮੇਰੀ ਨਜ਼ਰ ਵਿਚਲੀਆਂ ਊਣਤਾਈਆਂ ਕਿਸੇ ਵੀ ਪੱਖੋਂ ਇਹ ਕਾਰਨ ਨਾ ਬਣਨ ਕਿ ਤੁਸੀਂ ਇੱਕ ਵਧੀਆ ਫਿਲਮ ਵੇਖਣ ਦਾ ਆਪਣਾ ਇਰਾਦਾ ਬਦਲ ਦੇਵੋ ਜਾਂ ਇਸ ਨੂੰ ਨਾ ਦੇਖਣ ਦਾ ਵਿਚਾਰ ਹੋਰ ਪੱਕਾ ਕਰ ਲਵੋ। ਸਗੋਂ ਮੈਂ ਉਮੀਦ ਕਰਾਂਗਾ ਕਿ ਇਹ ਪੜਚੋਲ ਪੜ੍ਹਨ ਤੋਂ ਬਾਅਦ ਵੀ, ਇਹ ਫਿਲਮ ਆਪ ਵੀ ਜਰੂਰ ਵੇਖੋਗੇ ਤੇ ਆਪਣੇ ਤੋਂ ਛੋਟੇ ਵੱਡਿਆਂ ਨੂੰ ਵੀ ਵਿਖਾਉਗੇ।
ਇਸ ਫਿਲਮ #TheBlackPrince ਦੀਆਂ ਕਮੀਆਂ ਦਾ ਜ਼ਿਕਰ ਪਹਿਲਾਂ ਈ ਕਰ ਦੇਵਾਂ ਕਿਉਂਕਿ, ਇਹਨਾਂ ਇੱਕ ਦੋ ਗੱਲਾਂ ਤੋਂ ਬਾਅਦ ਮੈਂ ਕੋਸ਼ਿਸ਼ ਵੀ ਕਰਾਂ ਤਾਂ ਇਸ ਫਿਲਮ ਦੀ ਕੋਈ ਇਹੋ ਜਿਹੀ ਕਮੀ ਸ਼ਾਇਦ ਨਾ ਲੱਭ ਸਕਾਂ ਜਿਹੜੀ ਇਸ ਫਿਲਮ ਦਾ ਕੱਦ ਘਟਾਉਂਦੀ ਹੋਵੇ।
ਸੱਭ ਤੋਂ ਪਹਿਲੀ ਨਿੱਕੀ ਜਿਹੀ ਗਲਤੀ ਫਿਲਮ ਦੇ ਸੰਵਾਦਾਂ ਦੇ ਅੰਗਰੇਜ਼ੀ ਵਿੱਚ ਲਿਖੇ ਤਰਜ਼ਮੇਂ ਵਿੱਚ ਦਿਖੀ, ਜਿੱਥੇ ਪਹਿਲੀ ਵਾਰੀ ਸਿੱਖ ਰਾਜ ਦਾ ਜ਼ਿਕਰ ਆਉਂਦਾ ਹੈ ਤੇ ਸਬ-ਟਾਈਟਲ ਵਿੱਚ Sikh Kingdom ਦੀ ਥਾਂ ਸਿਰਫ kingdom ਲਿਖਿਆ ਵੇਖਣ ਨੂੰ ਮਿਲਿਆ। ਪਰ ਸੱਚ ਪੁੱਛੋ ਤਾਂ ਇਹ ‘ਵਿਆਹ ਵਿੱਚ ਬੀ ਦਾ ਲੇਖਾ’ ਪਾਉਣ ਵਾਲੀ ਗੱਲ ਐ।
ਦੂਜੀ ਕਮੀਂ ਜਿਹੜੀ ਮੈਨੂੰ ਦਿਖੀ, ਉਹ ਸੀ, ਪਰਦੇ ਉਪਰ ਚਿਹਰਿਆਂ ਦੇ ਹਾਵ ਭਾਵ ਵਿੱਚ ਸੂਖਮਤਾ ਦੀ ਕਮੀ ਜਾਂ ਅਣਹੋਂਦ। ਇੱਕ ਮਾਂ ਨੂੰ ਮੁੱਦਤਾਂ ਤੋਂ ਵਿਛੜਿਆ ਉਸਦਾ ਪੁੱਤ ਮਿਲਣ ਆਇਆ ਹੋਵੇ ਤੇ ਉਹਦੀ ਅਵਾਜ਼, ਉਹਦੇ ਬੋਲਾਂ ਵਿੱਚ ਕਈ ਤਰ੍ਹਾਂ ਦੇ ਸੂਖਮ ਹਾਵ ਭਾਵ ਰਲੇ ਮਿਲੇ ਹੁੰਦੇ ਹਨ। ਪਰ ਸ਼ਬਾਨਾ ਆਜ਼ਮੀ ਦੀ ਅਵਾਜ਼ ਸਿੱਧੀ ਸਪਾਟ ਸੀ। ਬੋਲਾਂ ਵਿੱਚ ਜਜ਼ਬਾਤਾਂ ਦੀ ਅਣਹੋਂਦ ਉਸ ਘੜੀ ਵਿੱਚ ਡੂੰਘਾ ਲਹਿ ਜਾਣ ਤੇ ਉਸ ਦਾ ਇੱਕ ਹਿੱਸਾ ਬਣ ਜਾਣ ਤੋਂ ਰੋਕਦੀ ਰਹੀ। ਹਾਲਾਂਕਿ, ਇਹ, ਉਹ ਮੁਲਾਕਾਤ ਸੀ ਜਿਸਦੇ ਬਾਰੇ ਸੁਣਦੇ ਆਏ ਹਾਂ ਕਿ ਦਲੀਪ ਸਿੰਘ ਦੀ ਸੋਚ ਨੂੰ ਬਦਲ ਦੇਣ ਵਾਲੀ ਮੁਲਾਕਾਤ ਸੀ ਇਹ। ਜੇ ਇਸ ਮੁਲਾਕਾਤ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਜਾਂਦਾ ਤਾਂ ਇਹ ਸਾਰੀ ਫਿਲਮ ਦਾ ਸਿਖਰ ਹੋ ਨਿਬੜਦਾ।
ਐਪਰ ਇਹ ਗੱਲ ਵੀ ਕਰਨੀ ਬਣਦੀ ਐ ਕਿ ਉਹ ਸੂਖਮਤਾ ਤੇ ਉਹ ਰਲੇ ਮਿਲੇ ਜਜ਼ਬਾਤ ਬਹੁਤ ਗੁੰਝਲਦਾਰ ਹਨ ਤੇ ਉਹਨਾਂ ਨੂੰ ਅਦਾਕਾਰੀ ਵਿੱਚ ਸ਼ਾਮਲ ਕਰਨਾ ਕਿਸੇ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਸੀ। ਅਤੇ ਕਿਉਂਕਿ ਇਹ ਕਹਾਣੀ ਦਲੀਪ ਸਿੰਘ ਦੀ ਇਤਿਹਾਸਕ ਜਿੰਦਗੀ ਤੇ ਹੈ ਇਸ ਲਈ ਕਦੇ ਕਦੇ ਅਤੀਤ ਦੀਆਂ ਘਟਨਾਵਾਂ ਨੂੰ ਪੇਸ਼ ਕਰਨਾ ਜਿਆਦਾ ਜਰੂਰੀ ਹੁੰਦਾ, ਬਜਾਇ ਇਸਦੇ ਕਿ ਉਹ ਕਿੰਨੀ ਡੂੰਘਾਈ ਨਾਲ ਪੇਸ਼ ਕੀਤੀਆਂ ਗਈਆਂ।
ਇਸ ਗੱਲ ਤੇ ਵੀ ਗੌਰ ਕਰਨਾ ਬਣਦੈ ਕਿ ਅਤੀਤ ਵਿਚਲਾ ਉਹ ਸਾਰਾ ਹੀ ਘਟਨਾਕ੍ਰਮ ਜੇ ਪਰਦੇ ਤੇ ਵਿਖਾਉਣਾ ਪਵੇ ਤਾਂ ਦੋ ਢਾਈ ਘੰਟਿਆਂ ਦੀ ਇੱਕ ਫਿਲਮ ਵਿੱਚ ਸਮੇਟਿਆ ਹੀ ਨੀਂ ਜਾ ਸਕਦਾ। ਇਸ ਲਈ ਸਿਰਫ ਖਾਸ ਖਾਸ ਘਟਨਾਵਾਂ ਨੂੰ ਚੁਣਨਾ ਪੈਂਦਾ ਅਤੇ ਉਹ ਚੋਣ ਇਸ ਫਿਲਮ ਦੀ ਸਾਰੀ ਟੀਮ ਨੇ ਬਾਖੂਬੀ ਕੀਤੀ ਹੈ। ਹਾਲਾਂਕਿ ਜਿੰਨਾ ਕੁ ਸੁਣਿਆ ਸੁਣਾਇਆ ਇਤਿਹਾਸ ਮੈਨੂੰ ਪਤਾ, ਕਿ ਅੰਗਰੇਜਾਂ ਨੇ ਰਾਣੀ ਜਿੰਦਾਂ ਨਾਲ ਬਹੁਤ ਮਾੜਾ ਸਲੂਕ ਕੀਤਾ, ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ, ਉਸ ਨੂੰ ਬਦਨਾਮ ਕਰਨ ਲਈ 7 ਟਕਾ ਦਿਹਾੜੀ ਤੇ ਇੱਕ ਬੰਦਾ ਸਿਰਫ਼ ਉਸਦੇ ਖਿਲਾਫ ਅਫਵਾਹਾਂ ਫੈਲਾਉਣ ਲਈ ਹੀ ਰੱਖਿਆ ਗਿਆ। ਜੇ ਇਹ ਦੋ ਘਟਨਾਵਾਂ ਵੀ ਕਿਤੇ ਪਰਦੇ ਤੇ ਰੂਪਮਾਨ ਕਰ ਦਿੱਤੀਆਂ ਜਾਂਦੀਆਂ ਤਾਂ ਦਰਸ਼ਕਾਂ ਦੀ ਹਮਦਰਦੀ ਉਹਨਾਂ ਨੂੰ ਇਸ ਫਿਲਮ ਦੇ ਨਾਲ ਹੋਰ ਪੀਢੀ ਸਾਂਝ ਪਵਾ ਦਿੰਦੀ।
ਮੇਰਾ ਖਿਆਲ ਹੈ ਕਿ ਜੇ ਤੁਸੀਂ ਇਸ ਫਿਲਮ ਨੂੰ ਵੇਖਣ ਵੇਲੇ ਆਪਣੇ ਆਪ ਨੂੰ ਦਲੀਪ ਸਿੰਘ ਦੀ ਥਾਂ ਤੇ ਰੱਖ ਕੇ ਸਾਰੀ ਫਿਲਮ ਵਿਚਲੇ ਘਟਨਾਕ੍ਰਮ ਨੂੰ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਆਪਣਾ ਸੱਭ ਕੁੱਝ ਗੁਆ ਕੇ ਆਪਣਿਆਂ ਤੋਂ ਵੱਖ ਹੋ ਕੇ, ਬਿਗਾਨੇ ਮੁਲਕਾਂ ਵਿੱਚ ਆਪਣੀ ਅਸਲੀ ਹੋਂਦ ਨੂੰ ਖਤਰਾ ਕਿਵੇਂ ਪੈਦਾ ਹੋ ਜਾਂਦਾ। ਸਿੱਖ ਰਾਜ ਦਾ ਹਰ ਉਹ ਖੈਰ-ਖਵਾਹ ਜਦੋਂ ਇਸ ਫਿਲਮ ਨੂੰ ਵੇਖੇਗਾ ਤਾਂ ਸੁਭਾਵਿਕ ਹੀ ਮਹਿਸੂਸ ਕਰੇਗਾ ਕਿ ਅਸੀਂ ਆਪਣਾ ਰਾਜ ਭਾਗ ਗਵਾ ਕੇ ਨਿਤਾਣੇ ਤੇ ਨਿਮਾਣੇ ਕਿਵੇਂ ਬਣ ਗਏ। ਤੁਹਾਨੂੰ ਆਪਣਾ ਆਪ ਦਲੀਪ ਸਿੰਘ ਲੱਗੇਗਾ ਤੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦੇ ਤਖ਼ਤ ਦੇ ਵਾਰਸ ਚਿਤਵਣ ਲੱਗੋਗੇ।
ਲਫਜ਼ਾਂ ਦੀ ਕੀ ਅਹਿਮੀਅਤ ਹੁੰਦੀ ਹੈ ਇਹ ਅੱਜਕੱਲ ਦੀ ਪੀੜ੍ਹੀ ਭੁੱਲਦੀ ਜਾ ਰਹੀ ਐ, ਪਰ ਇਸ ਫਿਲਮ ਵਿਚਲੇ ਕੁੱਝ ਮੌਕਿਆਂ ਤੇ ਵੱਖ ਵੱਖ ਲਫਜਾਂ ਵਿਚਲਾ ਫ਼ਰਕ ਕਿੰਨਾ ਵੱਡਾ ਹੋ ਸਕਦਾ ਇਸ ਤੇ ਗੌਰ ਕੀਤਾ ਜਾਣਾ ਜਰੂਰੀ ਬਣ ਜਾਂਦਾ ਐ। ਉਹਨਾਂ ਵਿੱਚੋਂ ਈ ਕੁੱਝ ਮੌਕਿਆਂ ਦੇ ਵਾਕਿਆਤ ਸਦਾ ਈ ਦਿਲ ਵਿੱਚ ਵਸੇ ਰਹਿਣਗੇ, ਜਿਵੇਂ ਕਿ ਮਹਾਰਾਣੀ ਜਿੰਦਾਂ ਦਾ ਦਲੀਪ ਸਿੰਘ ਨੂੰ ਅਹਿਸਾਸ ਕਰਾਉਣਾ ਕਿ ‘ਤੂੰ ਪ੍ਰਿੰਸ ਨਹੀਂ, ਰਾਜਾ ਹੈਂ।’ ਭਾਵੇਂ ਕਿ ਸ਼ਾਇਦ ਦਲੀਪ ਸਿੰਘ ਨੂੰ ਉਸ ਵੇਲੇ ਪ੍ਰਿੰਸ ਕਹਾਉਣ ਵਿੱਚ ਹੀ ਬੜਾ ਵੱਡਾ ਮਾਣ ਲੱਗਦਾ ਹੋਵੇ, ਕਿਉੰਕਿ ਉਹ ਉਸੇ ਮਾਹੌਲ ਵਿੱਚ ਵੱਡਾ ਹੋਇਆ ਸੀ। ਇੱਕ ਹੋਰ ਮੌਕੇ ਰਾਣੀ ਜਿੰਦਾਂ ਵੱਲੋਂ ਲਫਜਾਂ ਦੇ ਤੀਰਾਂ ਨਾਲ ਰਾਣੀ ਵਿਕਟੋਰੀਆ ਨੂੰ ਇਹ ਜਤਾਉਣਾ ਕਿ ਇਹ ਸਮਾਨ ਸਾਡੇ ਕੋਲੋਂ ਚੋਰੀ ਕੀਤਾ ਹੋਇਆ ਹੈ, ਜਾਂ ਡਾਕਟਰ ਲੋਗਿਨ ਨੂੰ ਆਪਣੇ ਲਫਜਾਂ ਨਾਲ ਧੁਰ ਤੱਕ ਚੀਰ ਕੇ ਉਸ ਨੂੰ ਇਹ ਅਹਿਸਾਸ ਕਰਾਉਣਾ ਕਿ ਕਿਵੇਂ ਉਸ ਨੇ ਇੱਕ ਬੱਚੇ ਤੋਂ ਉਸਦਾ ਸੱਭ ਕੁੱਝ ਖੋਹ ਲਿਆ। ਇੱਕ ਮੰਗਤੇ ਦਾ ਦਲੀਪ ਸਿੰਘ ਨੂੰ ਇਹ ਕਹਿ ਕੇ ਝੰਜੋੜਨਾ ਕਿ ਇੱਕ ਮੰਗਤੇ ਦਾ ਦੂਜੇ ਮੰਗਤੇ ਕੋਲੋਂ ਕੁੱਝ ਮੰਗਣ ਦਾ ਸਵਾਲ ਹੀ ਨਹੀਂ ਉਠਦਾ । ਇਹ ਸੱਭ ਲਫਜਾਂ ਦਾ ਹੀ ਕਮਾਲ ਸੀ।
ਇਸੇ ਤਰ੍ਹਾਂ ਇੱਕ ਵੇਲੇ ਜਦੋਂ ਪ੍ਰਿੰਸ ਵਿਕਟਰ ਆਪਣੇ ਬਾਪ ਨੂੰ ਰਾਣੀ ਵਿਕਟੋਰੀਆ ਨੂੰ ਚਿੱਠੀ ਲਿਖ ਕੇ ਆਪਣੀ ਪੈਨਸ਼ਨ ਵਾਪਸ ਲਗਵਾਉਣ ਲਈ ਕਹਿੰਦਾ ਹੈ, ਤਾਂ ਦਲੀਪ ਸਿੰਘ ਦੇ ਹਾਵ ਭਾਵ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇੱਕ ਤਖਤ ਦਾ ਵਾਰਸ ਹੈ ਕਿਸੇ ਰਾਣੀ ਦੀ ਪੈਨਸ਼ਨ ਦਾ ਮੁਥਾਜ ਨਹੀਂ, ਪਰ ਵਿਕਟਰ ਸ਼ਾਇਦ ਇਸ ਗੱਲ ਨੂੰ ਸਮਝਣ ਤੋਂ ਅਸਮਰੱਥ ਹੈ ਕਿਉਂਕਿ ਉਸ ਨੇ ਕਦੇ ਨਾ ਤਾਂ ਉਹ ਤਖ਼ਤ ਵੇਖਿਆ ਤੇ ਨਾ ਕਦੇ ਉਸਦਾ ਸੁਪਨਾ ਸੰਜੋਇਆ।
ਇਹ ਵੇਲਾ, ਮੈਨੂੰ, ਸਾਡੀਆਂ ਵਿਦੇਸ਼ਾਂ ਵਿੱਚ ਜੰਮੀਆਂ ਪੀੜੀਆਂ ਦੀ ਯਾਦ ਦਿਵਾ ਗਿਆ, ਕਿ ਜਦੋਂ ਉਹਨਾਂ ਦੇ ਵਡੇਰੇ ਉਹਨਾਂ ਨੂੰ ਦੱਸਦੇ ਹਨ ਜਾਂ ਸਮਝਾਉਂਦੇ ਹਨ ਕਿ ਉਹ ਕਿਸ ਕੌਮ ਦੇ ਵਾਰਸ ਹਨ, ਉਹਨਾਂ ਦੀ ਅਸਲੀਅਤ ਕੀ ਹੈ, ਤਾਂ ਬਹੁਤੀ ਵਾਰੀ ਨਵੀਂ ਪੀੜ੍ਹੀ ਇਸ ਗੱਲ ਦੀ ਡੂੰਘਾਈ ਨੂੰ ਸਮਝਣ ਤੋਂ ਅਸਮਰੱਥ ਹੁੰਦੀ ਹੈ।
ਇਸ ਫਿਲਮ ਨੂੰ ਵੇਖਦੇ ਵੇਲੇ ਇੱਕ ਗੱਲ ਜੋ ਵਾਰ ਵਾਰ ਮੇਰੇ ਦਿਮਾਗ ਵਿੱਚ ਘੁੰਮਦੀ ਰਹੀ, ਉਹ ਇਹ ਸੀ, ਕਿ ਅੰਗਰੇਜਾਂ ਦੇ ਕਬਜੇ ਹੇਠਲੇ ਦੇਸ਼ਾਂ ਵਿੱਚੋਂ ਸਿਰਫ ਪੰਜਾਬ ਹੀ ਇੱਕ ਐਸਾ ਦੇਸ਼ ਸੀ ਜਿਸਦੇ ਵਾਰਸ ਨੂੰ ਇੰਗਲੈਂਡ ਵਿੱਚ ਸ਼ਾਹੀ ਠਾਠ ਨਾਲ ਰੱਖਿਆ ਗਿਆ, ਜਦਕਿ ਭਾਰਤ ਦੇਸ਼ ਦੇ ਬਹੁਤ ਸਾਰੇ ਰਾਜਿਆਂ ਨੂੰ ਤੇ ਉਹਨਾਂ ਦੇ ਵਾਰਸਾਂ ਨੂੰ ਅੰਗਰੇਜਾਂ ਨੇ ਕਿਸੇ ਨਾ ਕਿਸੇ ਚਾਲ ਹੇਠ ਮਾਰ ਦਿੱਤਾ ਜਾਂ ਮਰਵਾ ਦਿੱਤਾ। ਪਰ ਦਲੀਪ ਸਿੰਘ ਨੂੰ ਜਿਉਂਦੇ ਰੱਖਣ ਵਿੱਚ ਉਹਨਾਂ ਦਾ ਕੋਈ ਨਾ ਕੋਈ ਤਾਂ ਹਿੱਤ ਸੀ। ਪਰ ਦਲੀਪ ਸਿੰਘ ਨੂੰ ਇਹ ਅਹਿਸਾਸ ਹੁੰਦਿਆ ਦੇਰ ਲੱਗੀ ਕਿ ਪਿੰਜਰਾ ਚਾਹੇ ਸੋਨੇ ਦਾ ਹੀ ਕਿਉਂ ਨਾ ਹੋਵੇ, ਉਸ ਵਿੱਚ ਰਹਿਣ ਵਾਲਾ ਗੁਲਾਮ ਜਾਂ ਪਾਲਤੂ ਹੀ ਹੁੰਦਾ ਹੈ, ਤੇ ਇਹੋ ਜਿਹੇ ਤਰਸ ਦੇ ਪਾਤਰ ਜੀਵਾਂ ਦੀ ਜਿੰਦਗੀ ਉਹਨਾਂ ਦੇ ਦੁਨਿਆਵੀ ਮਾਲਕਾਂ ਦੇ ਰਹਿਮੋ ਕਰਮ ਤੇ ਹੁੰਦੀ ਹੈ।
ਇਸ ਫਿਲਮ ਤੇ ਕੀਤੀ ਮਿਹਨਤ ਲਈ, ਇਸ ਫਿਲਮ ਦੀ ਸਾਰੀ ਟੋਲੀ, ਸਮਰਥਕ, ਅਦਾਕਾਰ, ਇਸ ਦੀ ਸਮੱਗਰੀ ਇਕੱਠੀ ਕਰਨ ਵਾਲੇ ਇਤਿਹਾਸਕਾਰ ਸੱਭ ਹੀ ਵਧਾਈ ਤੇ ਧੰਨਵਾਦ ਦੇ ਪਾਤਰ ਨੇ, ਕਿਉਂਕਿ ਬਹੁਤੀ ਵਾਰੀ ਪੰਜਾਬ ਦੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਹੀ ਇਤਿਹਾਸਕ ਵਿਸ਼ਿਆੰ ਤੇ ਫਿਲਮਾਂ ਬਣਾਈਆਂ ਜਾਂਦੀਆਂ ਹਨ, ਪਰ ਮੇਰੇ ਚੇਤਿਆਂ ਵਿਚਲੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਪੰਜਾਬ ਦੇ ਇਤਿਹਾਸ ਨਾਲ ਕੋਈ ਵੀ ਛੇੜ ਛਾੜ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ ਤੇ ਪੂਰੀ ਇਮਾਨਦਾਰੀ ਨਾਲ ਇਤਿਹਾਸਕ ਵੇਲਿਆਂ ਤੇ ਵਾਕਿਆਂ ਨੂੰ ਪੇਸ਼ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਗਈ ਹੈ। ਇਸ ਸੱਭ ਲਈ ਨਿਰਦੇਸ਼ਕ ਕਵੀ ਰਾਜ, ਸਤਿੰਦਰ ਸਰਤਾਜ, ਸ਼ਬਾਨਾ ਆਜ਼ਮੀ ਤੇ ਹੋਰ ਸਾਰੇ ਪਰਦੇ ਪਿਛਲੇ ਯੋਗਦਾਨੀਆਂ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਣ ਦੀ ਸਫਲ ਕੋਸ਼ਿਸ਼ ਕੀਤੀ।
ਅਮਨਦੀਪ ਸਿੰਘ
604-363-4326
-
ਅਮਨਦੀਪ ਸਿੰਘ,
jimidar@gmail.com
+1-604-363-4326
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.