ਖ਼ਬਰ ਹੈ ਕਿ ਮਾਂ ਬੋਲੀ ਦੇ ਨਾਂ 'ਤੇ ਸਥਾਪਿਤ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਆਪਣੇ ਮਕਸਦ ਤੋਂ ਭਟਕਦੀ ਜਾ ਰਹੀ ਹੈ। ਮੌਜੂਦਾ ਹਾਲਤ ਤੋਂ ਲੱਗਦਾ ਹੈ ਕਿ ਹੁਣ ਪੰਜਾਬੀ ਯੂਨੀਵਰਸਿਟੀ ਨਹੀਂ ਚਾਹੁੰਦੀ ਕਿ ਪੰਜਾਬੀ ਪੜ੍ਹੇ।ਇਹ ਵੀ ਖ਼ਬਰ ਹੈ ਕਿਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਨਹੀਂ ਚਾਹੁੰਦੇ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਸਮਗਲਿੰਗ ਮਾਮਲੇ 'ਚ ਜਾਂਚ ਹੋਵੇ ਜਾਂ ਕੇਸ ਚੱਲੇ।ਖ਼ਬਰ ਇਹ ਵੀ ਹੈ ਕਿ 100 ਦਿਨਾਂ ਦੇ ਕਾਂਗਰਸੀ ਰਾਜ 'ਚ ਸੂਬੇ 'ਚ 127 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਉਹਨਾ ਦੇ ਕਰਜ਼ੇ ਵੀ ਪੂਰੇ ਮਾਫ ਨਹੀਂ ਹੈ।ਖ਼ਬਰ ਅਨੁਸਾਰ ਐਲ ਵਾਈ ਐਲ ਨਹਿਰ ਪੂਰੀ ਕਰਨ ਦੇ ਸੁਪਰੀਮ ਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਦਿੱਤੇ ਆਦੇਸ਼ਾਂ ਕਾਰਨ ਤਾਂ ਪੰਜਾਬ ਸਰਕਾਰ ਨਿਰਾਸ਼ ਹੈ ਪਰ ਆਮ ਲੋਕ ਵੀ ਤੇ ਕਾਂਗਰਸੀ ਵੀ, ਚਾਰ ਮਹੀਨਿਆਂ 'ਚ ਜਿਆਦਾਤਰ ਵਾਇਦੇ ਕਾਂਗਰਸ ਸਰਕਾਰ ਵਲੋਂ ਪੂਰੇ ਨਾ ਕੀਤੇ ਜਾਣ ਕਾਰਨ ਪ੍ਰੇਸ਼ਾਨ ਹਨ।
ਕੈਪਟਨ ਕੀ ਕਰੇ? ਆਖੇ-ਸਾਰਾ ਕੁਝ ਇਹ ਪਿਛਲੀ ਸਰਕਾਰ ਕਰ ਗਈ, ਮੈਂ ਕੀ ਕਰਾਂ? ਖਜ਼ਾਨਾ ਖਾਲੀ, ਜਿਧਰ ਹੱਥ ਮਾਰਦਾਂ, ਕਰਜ਼ੇ ਵਾਲੇ ਅਸ਼ਟਾਮ ਹੀ ਦਿਸਦੇ ਆ, ਸਰਕਾਰੀ ਹੁੰਡੀ ਕੋਈ ਹੈ ਹੀ ਨਹੀਂ।ਕੈਪਟਨ ਕੀ ਕਰੇ? ਆਪਣਾ ਅਫ਼ਸਰ ਜਾਂ ਪੁਲਿਸ ਵਾਲਾ ਆਪਣਾ ਤਾਂ ਦਿਖਦਾ ਹੀ ਨਹੀਂ, ਸਾਰਿਆਂ ਉਤੇ ਅਕਾਲੀਆਂ ਦਾ ਰੰਗ ਚੜ੍ਹਿਆ ਹੋਇਆ, ਠੱਪਾ ਲੱਗਿਆ ਹੋਇਆ। ਉਹਨਾ ਦਾ ਰੰਗ ਚੜ੍ਹਦਾ ਵੀ ਕਿਉਂ ਨਾ, ਭਾਈ ਅਕਾਲੀਆਂ ਅਫ਼ਸਰਾਂ, ਪੁਲਿਸ ਅਫ਼ਸਰਾਂ, ਸਰਕਾਰੀ ਕਾਮਿਆਂ ਦੇ ਹੀ ਢਿੱਡ ਨਹੀਂ ਤੂਸੇ, ਉਹਨਾ ਦੇ ਰਿਸ਼ਤੇਦਾਰ ਵੀ ਬਾਗੋ-ਬਾਗ ਕੀਤੇ ਹੋਏ ਸੀ। ਕੈਪਟਨ ਕੀ ਕਰੇ? ਜਿਧਰ ਵੇਖਦਾ, ਉਧਰ ਹੀ ਕੁਰੱਪਸ਼ਨ! ਜਿਧਰ ਦੇਖਦਾ-ਉਧਰ ਹੀ ਬੇਰੁਜ਼ਗਾਰੀ! ਜਿਧਰ ਦੇਖਦਾ, ਉਧਰ ਹੀ ਗੁਝੀ ਸਾਂਝੇਦਾਰੀ ਅਤੇ ਹਿੱਸੇਦਾਰੀ। ਜਿਧਰ ਦੇਖਦਾ, ਉਧਰ ਹੀ ਲਾਲਚ, ਪੈਸਾ, ਕੁਨਾਬਾਪ੍ਰਵਰੀ, ਗੁੰਡਾਗਰਦੀ ਨੇ ਪੈਰ ਪਸਾਰੇ ਹੋਏ ਆ।
ਲੋਕ ਆਵਾਜਾਰ ਆ! ਲੋਕ ਪ੍ਰੇਸ਼ਾਨ ਹਨ! ਨੌਕਰੀ ਉਡੀਕ ਰਹੇ ਆ। ਮੁਫਤ ਰਾਸ਼ਨ ਭਾਲ ਰਹੇ ਆ। ਵਿਚਾਰਿਆਂ ਨੂੰ ਪਹਿਲਾਂ ਉਪਰਲਿਆਂ ਨੋਟਬੰਦੀ ਕਰਕੇ ਹਿਲਾ ਦਿਤਾ, ਰਹਿੰਦਾ ਖੂੰਹਦਾ ਜੀ.ਐਸ.ਟੀ. ਨੇ ਮੰਜਿਉ ਥੱਲੇ ਲਾਹ ਦਿਤਾ, ਉਪਰੋਂ ਪ੍ਰੇਸ਼ਾਨੀ 'ਚ ਜੇਕਰ ਉਹ ਆਪਣੀ ਮਾੜੀ ਹੋਈ ਹਾਲਾਤ ਬਾਰੇ ਹੁਣ ਦੀ ਮਹਿਲਾਂ ਵਾਲੀ ਸਰਕਾਰ ਕੋਲ ਰੋਣਾ ਰੋਂਦੇ ਆ, ਤਾਂ ਉਹ ਤਾਂ ਇਹੋ ਆਖਣ ਜੋਗੀ ਆ, "ਸਾਰਾ ਕੁਝ ਇਹ ਪਿਛਲੀ ਸਰਕਾਰ ਕਰ ਗਈ"।
ਪਾਣੀ ਬਿਨਾ ਮੱਛਲੀ, ਕੁਰਸੀ ਬਿਨਾਂ ਲੀਡਰ
ਖ਼ਬਰ ਹੈ ਕਿ ਬਿਹਾਰ ਵਿੱਚ ਮਹਾਂਗਠਬੰਧਨ ਵਿੱਚ ਆਈ ਦਰਾੜ ਹੋਰ ਚੌੜੀ ਹੋ ਗਈ ਹੈ। ਜਨਤਾ ਦਲ (ਯੂ) ਦੇ ਆਗੂ ਲਾਲੂ ਯਾਦਵ ਦੇ ਬੇਟੇ ਅਤੇ ਸੂਬੇ ਦੇ ਡਿਪਟੀ ਸੀ ਐਮ ਤੇਜਸਵੀ ਯਾਦਵ ਦੇ ਅਸਤੀਫੇ ਨੂੰ ਲੈ ਕੇ ਦਬਾਅ ਵਧ ਰਿਹਾ ਹੈ। ਤੇਜਸਵੀ ਅਤੇ ਲਾਲੂ ਦੇ ਪਰਿਵਾਰ ਉਤੇ ਵਾਧੂ ਜਾਇਦਾਦ ਬਨਾਉਣ ਦੇ ਦੋਸ਼ ਲੱਗ ਰਹੇ ਹਨ ਅਤੇ ਨਤੀਸ਼ ਦੀ ਪਾਰਟੀ ਦੇ ਆਗੂ ਅਤੇ ਭਾਜਪਾ ਵਾਲੇ ਤੇਜਸਵੀ ਤੋਂ ਅਸਤੀਫਾ ਮੰਗ ਰਹੇ ਹਨ। ਤੇਜਸਵੀ ਯਾਦਵ ਨਾਲ ਲਾਲੂ ਪਾਰਟੀ ਦੇ 80 ਵਿਧਾਇਕ ਖੜੇ ਹਨ ਅਤੇ ਕਹਿ ਰਹੇ ਹਨ ਕਿ ਤੇਜਸਵੀ ਅਸਤੀਫਾ ਨਹੀਂ ਦੇਵੇਗਾ। ਜਦਕਿ ਨਿਤੀਸ਼ ਕੁਮਾਰ ਤੇ ਤੇਜਸਵੀ ਤੋਂ ਲੱਗੇ ਹੋਏ ਦੋਸ਼ਾਂ ਸਬੰਧੀ ਸਫਾਈ ਮੰਗ ਰਹੇ ਹਨ।
ਇੱਕ ਵੇਰ ਕੁਰਸੀ ਹੱਥ ਆਈ ਤਾਂ ਕੌਣ ਛੱਡੇ ਭਾਈ? ਇੰਦਰਾ ਖਿਲਾਫ ਮੁਕੱਦਮਾ ਚੱਲਿਆ , ਅਦਾਲਤ ਨੇ ਕੁਰਸੀ ਛੱਡਣ ਲਈ ਕਹਿ ਦਿਤਾ, ਇੰਦਰਾ ਨੇ ਐਮਰਜੇਂਸੀ ਲਗਾ ਦਿਤੀ। ਆ ਦੇਖਿਆ ਨਾ ਤਾ, ਵਿਰੋਧੀ ਆਗੂ ਜੇਲ੍ਹੀ ਤੁੰਨ ਦਿਤੇ।ਭਲਾਕਾਹਦੇ ਲਈ? ਕੁਰਸੀ ਬਚਾਉਣ ਲਈ।ਪਰ ਕੁਰਸੀ ਫਿਰ ਵੀ ਖਿਸਕ ਗਈ, ਤੇ ਮਹੱਲਾਂ 'ਚ ਰਹਿੰਦੀ "ਬੀਬੀ" ਨੂੰ ਝੌਪੜੀਆਂ ਦੀ ਵੀ ਯਾਦ ਆਉਣ ਲੱਗੀ ਤੇ ਆਮ ਲੋਕਾਂ ਦੀ ਵੀ।ਆਹ ਆਪਣੇ ਬਾਦਲ ਆ ਵਿਚਾਰੇ! ਲੋਕਾਂ ਦੇ ਮਾਰੇ! ਐਸੇ ਹਾਰੇ ਐਸੇ ਹਾਰੇ ਕਿ ਹੁਣ ਭਾਈ ਉਹਨਾ ਨੂੰ "ਲੋਕ" ਲੱਗਣ ਲੱਗ ਪਏ ਆ ਪਿਆਰੇ! ਨਿੱਤ ਵੱਡਾ ਬਾਦਲ "ਅਫਸੋਸ" ਦੇ ਭੋਗਾਂ 'ਤੇ ਲੰਬੀ 'ਚ ਤੁਰਿਆ ਫਿਰਦਾ! ਭਲਾ ਕਾਹਦੇ ਲਈ? ਕੁਰਸੀ ਦੀ ਖੁਸੀ ਹੋਈ ਟੰਗ ਮੁੜ ਫੜਨ ਲਈ!
ਆਹ ਲਾਲੂ! ਚਾਰਾ ਘੁਟਾਲੇ 'ਚ ਫਸਿਆ। ਅਦਾਲਤ ਨੇ ਕੁਰਸੀ ਖੋਹ ਲਈ। ਕੁਰਸੀ ਦੀ ਬਾਂਹ ਨਹੀਂ ਛੱਡੀ, ਆਪਣੀ ਅਰਧਾਂਗਣੀ ਨੂੰ ਫੜਾ ਦਿਤੀ। ਉਹਨੇ ਚੰਗੀ ਕੁਰਸੀ ਨੀਵੀਂ ਕੀਤੀ ਕਈ ਸਾਲ! ਫਿਰ ਲਾਲੂ-ਨਤੀਸ਼ ਨਾਲ ਰਲ ਕੁਰਸੀ ਫੜੀ, ਤੇ ਨਿਤੀਸ਼ ਨਾਲ ਪੁੱਤ ਸੂਬੇ 'ਚ ਡਿਪਟੀ ਲੁਆ ਲਿਆ। ਕੁਰਸੀ ਮੁੜ ਹਥਿਆ ਲਈ! ਹੁਣ ਭਾਈ ਲਾਲੂ ਯਾਦਵ, ਤੇਜਸਵੀ ਯਾਦਵ ਕੁਰਸੀ ਭਲਾ ਕਿਉਂ ਛੱਡੇ, ਲੱਖ ਇਲਜਾਮ ਲੱਗਣ, ਲੱਖ ਲੋਕ ਠੱਗ ਕਹਿਣ।ਲੱਖ ਲੋਕ ਧੋਖੇਬਾਜ਼ ਕਹਿਣ! ਉਹ ਜਾਣਦਾ ਆ, ਨੇਤਾ ਲੋਕਾਂ ਦੀ ਮੁੱਢਲੀ ਯੋਗਤਾ ਹੀ ਇਥੋਂ ਸ਼ੁਰੂ ਹੁੰਦੀ ਆ। ਫਿਰ ਉਹ ਜਾਂ ਉਹਦਾ ਪੁੱਤ ਕੁਰਸੀ ਕਿਉਂ ਛੱਡੇ? ਜਾਣਦੇ ਆ ਭਾਈ ਉਹ, "ਪਾਣੀ ਬਿਨਾ ਮੱਛਲੀ ਕੁਰਸੀ ਬਿਨਾ ਲੀਡਰ, ਤੜਫ ਤੜਫ ਕੇ ਜਾਂਦੇ ਨੇ ਮੁੱਕ ਸਾਂਈ"।
ਮਾਂ ਬੋਲੀ ਨੂੰ ਬੂਹਿਓਂ ਬਾਹਰ ਕੀਤਾ
ਖ਼ਬਰ ਹੈ ਕਿ ਇਸ ਗੱਲ ਦੇ ਬਾਵਜੂਦ ਕਿ ਦਸਵੀਂ ਅਤੇ ਬਾਹਰਵੀਂ ਕਲਾਸ ਦੇ ਪੰਜਾਬ ਵਿੱਚ ਇਸ ਵਰ੍ਹੇ ਇੱਕ ਲੱਖ ਚਾਲੀ ਹਜ਼ਾਰ ਵਿਦਿਆਰਥੀ ਅਗਰੇਜ਼ੀ ਵਿਚੋਂ ਫੇਲ੍ਹ ਹੋਏ ਹਨ, ਪੰਜਾਬ ਦਾ ਸਿੱਖਿਆ ਵਿਭਾਗ ਪੰਜਾਬ ਦੇ 400 ਪ੍ਰਾਇਮਰੀ ਸਕੂਲਾਂ 'ਚ ਚੋਣ ਅੰਗਰੇਜ਼ੀ ਮਾਧਿਆਮ ਸ਼ੁਰੂ ਕਰ ਰਿਹਾ ਹੈ। ਇਹਨਾ ਸਕੂਲਾਂ ਦੀ ਚੋਣ ਕਰ ਲਈ ਗਈ ਹੈ। ਅਤੇ ਇਸ ਵਰ੍ਹੇ ਦੇ ਬਜ਼ਟ ਵਿੱਚ ਵੀ ਪੈਸਾ ਰੱਖ ਲਿਆ ਗਿਆ।ਇਸ ਫੈਸਲੇ ਦਾ ਪੰਜਾਬ ਦੀ ਅਧਿਆਪਕਾਂ ਦੀ ਇਕ ਯੂਨੀਅਨ ਦੇ ਬੁਲਾਰੇ ਨੇ ਵਿਰੋਧ ਕਰਦਿਆਂ ਆਖਿਆ ਹੈ ਕਿ ਜਿਹੜੀਆਂ ਕੌਮਾਂ ਆਪਣੇ ਖਿੱਤੇ ਦੀ ਮਾਤ ਭਾਸ਼ਾ ਵਿਚ ਸਿੱਖਿਆ ਦਿਤੀਆਂ ਹਨ ਉਹੀ ਜੀਊਂਦੀਆਂ ਰਹਿੰਦੀਆਂ ਹਨ। ਪੰਜਾਬ 'ਚ ਪੰਜਾਬੀ ਮਾਧਿਆਮ 'ਚ ਸਿੱਖਿਆ ਦੇਣ ਨਾਲ ਹੀ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।
ਪੰਜਾਬ 'ਚ ਤਾਂ ਭਾਈ ਜਾਂ ਰਹਿ ਗਈ ਆ ਹਮਕੋ-ਤਮਕੋ ਅਤੇ ਜਾ ਰਹਿ ਗਈ ਆ ਯੈਸ-ਨੋ। ਪੰਜਾਬ 'ਚ ਨਾ ਹੁਣ ਤਾਈ-ਚਾਚੀ-ਭੂਆ ਲਭਦੀ ਆ, ਨਾ ਲੱਭਦਾ ਆ ਫੁਫੜ-ਤਾਇਆ-ਚਾਚਾ। ਹੁਣ ਤਾਂ ਇਥੇ ਆਂਟੀ, ਅੰਕਲ ਦੀਆਂ ਪੌਂ-ਬਾਰਾਂ ਆਂ। ਦਫ਼ਤਰ ਅੰਗਰੇਜ਼ੀ ਨਾਲ ਮੜ੍ਹੇ ਪਏ ਆ, ਬਜ਼ਾਰ ਆਇਲਿਟਸ (ਅੰਗਰੇਜ਼ੀ ਟੈਸਟ) ਦੇ ਸਕੂਲਾਂ ਨਾਲ ਭਰੇ ਪਏ ਆ। ਸਰਕਾਰਾਂ ਪੰਜਾਬੀ ਦਫ਼ਤਰੋਂ ਚੁੱਕ ਤੀ, ਸਕੂਲੋਂ ਪ੍ਰਾਈਵੇਟ ਸਕੂਲਾਂ ਵਾਲਿਆ ਭਜਾ ਤੀ, ਬਜ਼ਾਰੋ ਕਾਰੋਬਾਰੀਆਂ ਨਠਾ ਦਿਤੀ ਅਤੇ ਆਹ ਰਹਿੰਦੀ ਖੂੰਹਦੀ ਪੰਜਾਬੀ ਦੀ ਬੇੜੀ ਮੌਜੂਦਾ ਸਰਕਾਰ ਨੇ ਨਿਠਾ ਤੀ। ਹੁਣ ਨਾ ਨਿਆਣਾ, ਊੜਾ ਐੜਾ ਸਿਖੂ, ਨਾ ਸਿੱਖੂ ਕਾ ਖਾ, ਸਿੱਧਾ ਅੰਗਰੇਜ਼ੀ ਪੱਠੇ ਖਾਊ ਅਤੇ ਘਰ-ਬਾਹਰ ਰੰਗ-ਬਿਰੰਗਾ ਜਿਹਾ ਹੋ ਜਾਊ। ਘਰ ਰਹੂ ਤਾਂ ਮਾਂ ਆਖੂ ਹਿੰਦੀ ਬੋਲ, ਸਕੂਲੇ ਰਹੂ ਦਸਵੀਂ ਪੜ੍ਹੀ ਮੈਡਮ ਆਖੂ ਅੰਗਰੇਜ਼ੀ ਬੋਲ ਜਾਂ ਬੋਲ ਹਿੰਦੀ, ਪੰਜਾਬੀ ਵੀ ਕੋਈ ਬੋਲੀ ਆ। ਤਦੇ ਤਾਂ ਵਿਅੰਗ ਲਿਖਦਾ ਪ੍ਰੋ: ਕੈਲਵੀ ਆਂਹਦਾ ਆ, " ਮਾਂ ਬੋਲੀ ਨੂੰ ਬੂਹਿਓਂ ਬਾਹਰ ਕੀਤਾ, ਖੋਲ੍ਹ ਦਿਤੇ ਅੰਗਰੇਜ਼ੀ ਲਈ ਗੇਟ ਯਾਰੋ"।
ਬਿਨਾ ਤੇਲ ਬੱਤੀ ਦੀਵਾ ਜਗੇ ਕੋਈ?
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਚਾਚਾ-ਭਤੀਜਾ ਹਨ, ਜਿਹੜੇ ਅੰਦਰੋਂ ਮਿਲੇ ਹੋਏ ਹਨ। ਇਹ ਗੱਲ ਸੰਸਦ ਮੈਂਬਰ ਭਗਵੰਤ ਮਾਨ ਨੇ ਆਖੀ ਹੈ। ਉਹਨਾ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਨਾਲ ਕੀਤੇ ਸਮਝੌਤੇ ਤਹਿਤ ਹੀ ਸੱਤਾ 'ਚ ਆਈ ਹੈ, ਜਿਸ 'ਚ ਇਹ ਫੈਸਲਾ ਹੋਇਆ ਕਿ ਸਾਡੀ ਸਰਕਾਰ ਵੇਲੇ ਅਸੀਂ ਤੁਹਾਨੂੰ ਤੰਗ ਨਹੀਂ ਕਰਦੇ ਤੇ ਤੁਸੀਂ ਸਾਨੂੰ ਨਾ ਕਰਿਓ!
ਜਦੋਂ ਚੋਣਾਂ 'ਚ ਕੈਪਟਨ ਦਾ ਖੂੰਡਾ ਖੜਕਦਾ ਸੀ ਤਾਂ ਆਂਹਦਾ ਸੀ, ਬਣ ਲੈਣ ਦਿਓ ਮੇਰੀ ਸਰਕਾਰ, ਅਕਾਲੀਆਂ ਨੂੰ ਲੰਮੇ ਪਾਊਂ! ਬਣ ਲੈਣ ਦਿਓ ਮੇਰੀ ਸਰਕਾਰ, ਮਹੀਨੇ 'ਚ ਨਸ਼ੇ ਦੇ ਸਮਗਲਰਾਂ ਨੂੰ ਜੇਲ੍ਹਾਂ 'ਚ ਡੱਕੂੰ। ਬਣ ਲੈਣ ਦਿਓ ਮੇਰੀ ਸਰਕਾਰ, ਭ੍ਰਿਸ਼ਟਾਚਾਰੀਆਂ, ਨਸ਼ੇਖੋਰਾਂ, ਮਾਫੀਏ ਵਾਲਿੳ ਨੂੰ ਚੰਗਾ ਚੋਖਾ ਸਬਕ ਸਿਖਾਊਂ! ਬਣ ਲੈਣ ਦਿਓ ਮੇਰੀ ਸਰਕਾਰ, ਹਰੇਕ ਦੇ ਖੀਸੇ ਮੋਬਾਇਲ ਪਾਊਂ। ਪਰ ਅੱਜਕਲ ਵਾਹਵਾ ਬਦਲੇ ਬਦਲੇ ਸੇ ਲਗ ਰਹੇ ਹੈਂ ਮਹਾਰਾਜਾ ਜੀ। ਆਂਹਦੇ ਆ, "ਬਦਲੇ ਦੀ ਰਾਜਨੀਤੀ ਤੋਂ ਤੋਬਾ"। ਆਂਹਦੇ ਆ, ਉਹੀ ਕੁਝ ਕਰੂੰ, ਜੋ ਕਾਨੂੰਨ ਕਹੂ! ਜਾਪਦਾ ਅੰਦਰ-ਖਾਤੇ ਸੀਟੀ ਰਲ ਗਈ ਆ! ਜਿਹਨਾ ਤੋਂ ਆਪ ਵਾਲਿਆਂ ਤੋਂ ਡਰ ਸੀ, ਉਹ ਉਹਨਾ ਰਲਕੇ ਢਾ ਲਏ। ਹੁਣ ਰਾਜੇ ਬਾਦਲ, ਰਾਜ ਕਰਨ ਜਾਂ ਰਾਜੇ ਕੈਪਟਨ ਰਾਜ ਕਰਨ ਇਕੋ ਗੱਲ ਆ ਕਿਉਂਕਿ ਭਾਈ ਚਾਰ ਮਹੀਨਿਆਂ 'ਚ ਨਾ ਰਾਜ ਦੀ ਤੂੰਬੀ ਦੀ ਸੁਰ ਬਦਲੀ ਆ, ਨਾ ਬੇਸੁਰੇ ਅਲਗੋਜੇ ਸੁਰ 'ਚ ਆਏ ਆ। ਤਦੇ ਕਹਿੰਦੇ ਆ ਇਹਨਾ ਗੁੱਝੀਆਂ ਰਮਜਾਂ ਬਾਰੇ ਗੁੰਗਾ ਜਾਣੇ ਜਾਂ ਜਾਣੇ ਗੁੰਗੇ ਦੀ ਮਾਂ, ਪਰ ਅਸੀਂ ਤਾਂ ਆਂਹਨੇ ਆ, "ਬਿਨ੍ਹਾਂ ਤੇਲ ਬੱਤੀ ਦੀਵਾ ਜਗੇ ਕੋਈ? ਮੇਰੇ ਸੱਜਣਾ ਗੱਲ ਨਹੀਂ ਹੋ ਸਕਦੀ"?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਹਰ ਘੰਟੇ ਬਾਅਦ 15 ਤੋਂ 29 ਸਾਲ ਦੀ ਉਮਰ ਵਿਚਕਾਰਲਾ ਇਕ ਵਿਦਿਆਰਥੀ ਖੁਦਕੁਸ਼ੀ ਕਰਦਾ ਹੈ। ਰਾਸ਼ਟਰੀ ਕਰਾਈਮ ਬਿਊਰੋ ਦੀ ਰਿਪੋਰਟ ਮੁਤਾਬਿਕ ਪਿਛਲੇ ਪੰਜ ਸਾਲਾਂ 'ਚ 39,775 ਵਿਦਿਆਰਥੀੳ ਨੇ ਆਪਣੇ-ਆਪ ਨੂੰ ਮਾਰ ਮੁਕਾਇਆ। ਪੂਰੇ ਸੰਸਾਰ ਵਿਚ ਕੁਲ ਮਿਲਾਕੇ ਅੱਠ ਲੱਖ ਲੋਕ ਖੁਦਕੁਸ਼ੀ ਕਰਦੇ ਹਨ ਅਤੇ ਉਹਨਾ 'ਚੋਂ ਭਾਰਤੀਆਂ ਦੀ ਗਿਣਤੀ ਇੱਕ ਲੱਖ ਪੈਂਤੀ ਹਜ਼ਾਰ ਆਂਕੀ ਗਈ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ 'ਚ ਖੁਦਕੁਸ਼ੀ ਕਰਨ ਵਾਲਿਆਂ 'ਚ ਭਾਰਤੀ ਦਾ ਪਹਿਲਾ ਸਥਾਨ ਹੈ।
ਇੱਕ ਵਿਚਾਰ
ਮਾਨਵ ਜਾਤੀ ਦੀਆਂ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਆਪਸੀ ਸਹਿਯੋਗ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.