ਖ਼ਬਰ ਹੈ ਕਿ ਸੂਬੇ ਦੇ ਰਾਜੇ ਦੇ ਦੋ ਜਰਨੈਲਾਂ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਅੜੀ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੀਆਂ ਗੜਬੜੀਆਂ ਖਿਲਾਫ਼ ਹਥਿਆਰ ਚੁੱਕ ਹੀ ਲਏ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਕੇਬਲ ਤੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਵਕਾਲਤ ਕਰ ਰਹੇ ਸਨ। ਮੁਖਮੰਤਰੀ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਾ ਕਰਨ ਦੀ ਦੁਹਾਈ ਦੇ ਕੇ ਇਸ ਮਾਮਲੇ ਨੂੰ ਟਾਲ ਰਹੇ ਸਨ। ਨਵਜੋਤ ਸਿੰਘ ਸਿੱਧੂ ਨੇ ਫਾਸਟਵੇਅ ਖਿਲਾਫ਼ ਜੰਗ ਵਿੱਢ ਦਿਤੀ। ਉਹਨਾ ਕੈਬਨਿਟ ਮੀਟਿੰਗ 'ਚ ਫੈਸਲਾ ਲੈਣ ਲਈ ਕੈਪਟਨ ਨੂੰ ਮਜ਼ਬੂਰ ਕਰ ਦਿੱਤਾ। ਇਕ ਸੂਚਨਾ ਮੁਤਾਬਕ ਫਾਸਟਵੇਅ ਵਿਰੁੱਧ 2600 ਕਰੋੜ ਟੈਕਸ ਨਾ ਦੇਣ ਦਾ ਮਾਮਲਾ ਹੈ। ਫਾਸਟਵੇਅ, ਇਕ ਕੇਬਲ ਕੰਪਨੀ ਹੈ, ਜਿਸ ਦੇ ਪੰਜਾਬ ਵਿੱਚ 25 ਲੱਖ ਦੇ ਲਗਭਗ ਖਪਤਕਾਰ ਹਨ।
ਸੱਚੀ ਗੱਲ ਤਾਂ ਇਹੋ ਹੀ ਆ ਕਿ ਪੰਜਾਬ ਨੂੰ ਲੁੱਟ-ਲੁੱਟ, ਨੇਤਾਵਾਂ-ਅਫਸਰਾਂ ਘਸਿਆਰਾ ਬਣਾ ਦਿਤਾ। ਸੱਚੀ ਗੱਲ ਤਾਂ ਇਹੋ ਆ ਕਿ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਵੱਢੀ ਖੋਰ ਅਫਸਰਾਂ-ਮਾਫੀਆ-ਮੋਟੇ ਢਿੱਡਾਂ ਵਾਲੇ ਨੇਤਾਵਾਂ ਪੰਜਾਬ ਦੇ ਉਡਣੇ ਪਰ ਹੀ ਕੱਟ ਦਿਤੇ। ਸੱਚੀ ਗੱਲ ਤਾਂ ਇਹੋ ਹੀ ਆ ਕਿ ਪੰਜਾਬ ਦੇ ਸੂਰਬੀਰਾਂ ਦਾ ਸਰੀਰ ਨਿੱਸਲਾ ਹੋ ਗਿਆ, 'ਅਕਲ ਘਾਹ ਚਰਨ ਤੁਰ ਗਈ' ਸ਼ਕਲ ਰਹੀ ਕੋਈ ਨਾ, ਅਸਲੋਂ ਵਿਗੜ ਗਈ। ਤੱਕੜੇ ਜੁੱਸੇ, ਸੁਹੱਪਣ, ਪਤਾ ਹੀ ਨਹੀਂ ਲੱਗਾ ਕਿਥੇ ਤੁਰ ਗਿਆ? ਸੱਚੀ ਗੱਲ ਤਾਂ ਇਹੋ ਹੀ ਆ ਕਿ ਪੰਜਾਬ 'ਚ ਜਿਸਦੀ ਲਾਠੀ ਉਸਦੀ ਭੈਂਸ ਦੇ ਵਰਤਾਰੇ ਨੇ ਲੋਕਾਂ ਨੂੰ ਹਾਜ਼ਰ-ਹਜ਼ੂਰ ਬਨਣ ਦੇ ਰਾਹ ਤੋਰ ਦਿਤਾ। ਅਤੇ ਇਹ ਆਪਣੇ ਨੇਤਾ, ਇਹ ਆਪਣੇ ਸਮਾਜ ਸੇਵਕ,ਇਹ ਆਪਣੇ ਲੇਖਕ-ਬੁਧੀਜੀਵੀ "ਨੀਰੂ ਬੰਸਰੀ ਬਜਾਤਾ ਰਹਾ, ਰੋਮ ਜਲਤਾ ਰਹਾ" ਦੀ ਕਹਾਵਤ ਨੂੰ ਸਿੱਧ ਕਰਨ ਲਈ ਦਿਨੇ ਵੀ ਸੁੱਤੇ ਨਜ਼ਰੀ ਆਏ। ਭਾਈ ਸੱਚੀ ਗੱਲ ਤਾਂ ਇਹੋ ਹੀ ਆ, ਆਹ ਜੇ ਦੋ ਜਰਨੈਲ ਨਿਤਰੇ ਆ, ਸੱਚ ਆਖਣ, ਆਹ ਜੇ ਦੋ ਜਰਨੈਲ ਤੁਰੇ ਆ "ਰਿਸ਼ਵਤ" ਦੇ ਅੱਥਰੇ ਘੋੜੇ ਨੂੰ ਨੱਥ ਪਾਉਣ ਤਾਂ ਮੁਬਾਰਕ!!
ਸੱਚੀ ਗੱਲ ਤਾਂ ਇਹੋ ਹੀ ਆ ਕਿ ਇਸ ਮੌਕੇ ਮੇਰੀ ਕਲਮ ਤਾਂ ਫਿਰ ਜਰਨੈਲਾਂ ਬਾਰੇ ਕਿਸੇ ਸੱਚੇ ਬੰਦੇ ਦੀ ਆਖੀ ਹੋਈ ਗੱਲ ਆਖੂ," ਸੱਚ ਪਾਵਾਂ ਸਚਿਆਰ ਪਾਵਾਂ, ਰਾਜੇ ਦੇ ਦਰਬਾਰ ਪਾਵਾਂ। ਸੱਚ ਪਿਆ ਤਾਂ ਖੀਰ ਖਵਾਸਾਂ, ਝੂਠ ਪਿਆ ਤਾਂ ਖੇਹ ਪਾਸਾਂ"।
ਤੂੰ ਨਾ ਜਾਈਂ ਮਸਤਾਂ ਦੇ ਵਿਹੜੇ
ਖ਼ਬਰ ਹੈ ਕਿ ਜੀ-20 ਸੰਮੇਲਨ ਦੇ ਦੂਸਰੇ ਦਿਨ ਦੀ ਸ਼ੁਰੂਆਤ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਖ਼ੁਦ ਉਹਨਾ ਵੱਲ ਤੁਰ ਕੇ ਗਏ ਅਤੇ ਦੋਹਾਂ ਨੇਤਾਵਾਂ ਵਿਚਾਲੇ ਇਸ ਮੌਕੇ ਗੈਰ-ਰਸਮੀ ਗੱਲਬਾਤ ਹੋਈ। ਭਾਰਤ ਦੇ ਇਕ ਪ੍ਰਤੀਨਿੱਧ ਨੇ ਟਵੀਟ ਕਰਦਿਆਂ ਦੱਸਿਆ ਕਿ ਇਹ ਇੱਕ ਯਾਦਗਾਰੀ ਪਲ ਸੀ, 'ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਵੱਲ ਵੇਖਕੇ ਹੱਥ ਹਿਲਾਇਆ ਅਤੇ ਉਹਨਾ ਨੂੰ ਖੁਦ ਮਿਲਣ ਗਏ'।
ਨਿਰਾ ਵਪਾਰੀ ਆ ਟਰੰਪ! ਮੋਦੀ ਨਾਲ ਹੱਥ ਮਿਲਾਇਆ ਹੋਊ, ਤਾਂ ਮੋਦੀ ਦੀ ਉਂਗਲੀ 'ਚੋਂ 'ਨਗ' ਵਾਲੀ ਮੁੰਦਰੀ ਵੀ ਉਸ ਲਾਹੀਂ ਹੋਊ। ਉਹਨੂੰ ਆਪਣੇ ਕੰਮ ਦੇ ਬੰਦੇ ਉਵੇਂ ਹੀ ਦਿਸ ਪੈਂਦੇ ਹਨ, ਜਿਵੇਂ ਮਦਾਰੀ ਨੂੰ ਸੱਪ ਦਿਸਦਾ, ਪਟਾਰੀ 'ਚ ਪਾਉਣ ਲਈ, ਉਹਦੇ ਦੰਦ ਕੱਢਕੇ ਖੇਡਾਂ ਦਿਖਾਉਣ ਲਈ! ਵੱਡੀ ਮੰਡੀ ਆ ਭਾਰਤ! ਇਸ ਮੰਡੀ 'ਚ ਚੋਗ ਚੀਨ ਵੀ ਚੁੱਗਦਾ ਆ, ਜਪਾਨ ਵੀ! ਰੂਸ ਵੀ ਚੁੱਗਦਾ ਆ, ਇੰਗਲਿਸਤਾਨ ਵੀ ਪਰ ਭਾਈ ਠਾਣੇਦਾਰ ਅਮਰੀਕਾ ਨਹੀਂਓ ਚਾਹੁੰਦਾ, ਉਹਦੀ ਮੰਡੀ 'ਚ ਹੀਰਿਆਂ ਦਾ ਵਪਾਰ ਕੋਈ ਨੱਕ ਫੀਨਾ, ਚੀਨਾ, ਚਿੱਟੀ ਚਮੜੀ ਵਾਲਾ ਕਰੇ! ਤਦੇ ਭਾਈ ਉਹ ਨਿੱਤ ਆਂਹਦਾ, "ਆ ਮੋਦੀ, ਤੂੰ ਜਾਹ ਮੋਦੀ। ਸਾਡੇ ਲਈ ਸੋਨੇ ਦੀਆਂ ਪੰਡਾਂ, ਲਿਆ ਮੋਦੀ! ਤੇ ਸਾਡਾ ਮੋਦੀ, ਯੋਗੀਆਂ ਦਾ ਪਿਆਰਾ ਮੋਦੀ! ਭਗਵਿਆਂ ਦਾ ਦੁਲਾਰਾ ਮੋਦੀ! ਲਾਕੇ ਹਰੀਆਂ ਐਨਕਾਂ। ਪਾਕੇ ਵਲੈਤੀ ਸੂਟ ਤੇ ਹੱਥ 'ਚ ਫੜ ਜੋਗੀ ਰਾਮਦੇਵ ਦੇ ਦੇਸੀ ਨੁਸਖੇ, ਜਾ ਵੜਦਾ ਅਮਰੀਕਾ। ਉਸੇ ਅਮਰੀਕਾ, ਜਿਸ ਅਮਰੀਕਾ ਨੇ ਉਹਨੂੰ "ਅਮਰੀਕਾ ਆਉਣੋਂ ਵਰਜਤਾ ਸੀ ਇਹ ਕਹਿਕੇ, "ਭਾਈ ਤੇਰੇ ਹੱਥ ਲਹੂ ਨਾਲ ਰੰਗੇ ਹੋਏ ਆ। ਅਤੇ ਇਧਰ ਸਾਡੇ ਖੱਬੇ ਭਾਈ, ਸਾਡੀ ਮਾਤਾ ਸੋਨੀਆ, ਸਾਡਾ ਬੀਬਾ ਲਾਲੂ ਬਥੇਰਾ ਉਹਨੂੰ ਇਹ ਕਹਿਕੇ ਵਰਜ਼ਦੇ ਆ," ਤੂੰ ਨਾ ਜਾਈਂ ਮਸਤਾਂ ਦੇ ਵਿਹੜੇ, ਤੈਨੂੰ ਵੀ ਮਸਤ ਬਣਾ ਦੇਣਗੇ ਬੀਬਾ। ਤੇਰੇ ਪੈਰੀ ਝਾਂਜਰਾਂ ਪਾ ਦੇਣਗੇ ਬੀਬਾ, ਤੈਨੂੰ ਨੱਚਣ ਲਾ ਦੇਣਗੇ ਬੀਬਾ"। ਪਰ ਭਾਈ ਮੋਦੀ ਨੂੰ ਤਾਂ ਜਾਪਦਾ "ਚਿੱਟੇ ਘਰ (ਵਾਈਟ ਹਾਊਸ)" ਦੀ ਚਿੱਟੀ ਪਰੀ ਕੁਝ ਜ਼ਿਆਦਾ ਹੀ ਪਿਆਰੀ ਲੱਗਣ ਲੱਗ ਪਈ ਆ।
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ
ਖ਼ਬਰ ਹੈ ਕਿ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦਰਮਿਆਨ ਵਜ਼ਾਰਤੀ ਵਾਧੇ ਨੂੰ ਲੈ ਕੇ ਹੋਈ ਮੀਟਿੰਗ ਤੋਂ ਬਾਅਦ ਵੀ ਮੰਤਰੀ ਮੰਡਲ 'ਚ ਫੌਰੀ ਵਿਸਥਾਰ ਦੀ ਸੰਭਾਵਨਾ ਮੱਧਮ ਨਜ਼ਰ ਆ ਰਹੀ ਹੈ। ਵਜ਼ਾਰਤੀ ਵਾਧੇ ਨੂੰ ਟਾਲਣ ਦਾ ਕੋਈ ਖਾਸ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ, ਪਰ ਹਲਕਿਆਂ ਮੁਤਾਬਕ ਕਾਂਗਰਸ ਉਪ- ਪ੍ਰਧਾਨ, ਉਪ-ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕਿਸੇ ਵਿਧਾਇਕ ਨੂੰ ਨਾਰਾਜ਼ ਕਰਕੇ ਕੋਈ ਨਵਾਂ ਮਸਲਾ ਨਹੀਂ ਖੜ੍ਹਾ ਕਰਨਾ ਚਾਹੁੰਦੇ। ਕੈਪਟਨ ਵੱਲੋਂ ਮੰਤਰੀ ਮੰਡਲ 'ਚ ਅੱਠ ਮੰਤਰੀ ਸ਼ਾਮਲ ਕਰਨ ਦੀ ਤਜ਼ਵੀਜ਼ ਸੀ, ਜਿਸਨੂੰ ਬਾਅਦ 'ਚ ਛੇ ਤੱਕ ਸੀਮਤ ਕਰ ਦਿਤਾ ਗਿਆ। ਲਗਭਗ ਦੋ ਦਰਜਨ ਤੋਂ ਵੱਧ ਵਿਧਾਇਕ ਮੰਤਰੀ ਬਨਣ ਦੀ ਦੌੜ 'ਚ ਸ਼ਾਮਲ ਹਨ।
ਊਠ ਦਾ ਬੁਲ੍ਹ ਆ ਕਿ ਡਿਗਦਾ ਹੀ ਨਹੀਂ! ਇਹ ਕੈਪਟਨ ਦੇ ਕਾਰੇ ਵੀ, ਨਿਆਰੇ ਆ! ਆਂਹਦਾ ਕਿਸਾਨਾਂ ਨੂੰ ਫਿਕਰ ਨਾ ਕਰਿਓ ਭਾਈ, ਚਾੜ੍ਹ ਲਓ ਸਿਰ ਕਰਜ਼ਾ, ਲਾਹੂੰ ਮੈਂ। ਬੱਸ ਇਕ ਵੇਰ ਗੱਦੀ 'ਤੇ ਬਿਠਾ ਦਿਉ। ਸੌ ਦਿਨਾਂ ਬਾਅਦ ਚੰਦ ਚਾੜ੍ਹ ਤਾ। ਊਠ ਦੇ ਸਿਰੋਂ ਛਾਨਣੀ ਲਾਹ ਤੀ। ਰਤਾ ਮਾਸਾ ਕੁ ਕਰਜ਼ਾ ਚੁਕਤਾ ਕਰਨ ਲਈ ਆਪਣੇ ਲਫਟੈਨ "ਮਨਪ੍ਰੀਤ" ਤੋਂ ਨਸਵਾਰ ਦੀ ਚੂੰਢੀ ਜਿਹੀ ਸੁੰਘਵਾ ਦਿਤੀ। ਅਖੇ ਥੋੜੇ ਨਾਲ ਸਬਰ ਕਰੋ। ਬਾਕੀ ਫਿਰ ਸਹੀ। ਕਿਹੜਾ ਮੁੜ ਕਰਜ਼ਾ ਲੈਣਾ ਨਹੀਂ, ਤੇ ਅਸਾਂ ਕਿਹੜਾ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਨਾ ਨਹੀਂ।
ਇਵੇਂ ਹੀ ਭਾਈ ਚੋਣ ਪ੍ਰਚਾਰ ਲਈ ਜਿਹੜੇ ਹਲਕੇ 'ਚ ਵੀ ਗਿਆ ਇਹੋ ਆਖਦਾ ਰਿਹਾ, "ਬੱਸ ਆਪਣਾ ਬੰਦਾ ਜਿਤਾ ਦਓ, ਵਜ਼ੀਰ ਮੈਂ ਬਣਾਊ"। ਅਤੇ ਆਹ ਵੇਖ ਲਉ। 100 ਦਿਨਾਂ ਬਾਅਦ, 100 ਲਾਏ ਲਾਰਿਆਂ ਵਿਚੋਂ, ਜਮ੍ਹਾਂ-ਜੁਬਾਨੀ ਤਾਂ ਸਾਰੇ ਮੰਨ ਲਏ, ਅਸਲੋਂ ਇਕ ਵੀ ਸਿਰੇ ਨਹੀਂ ਚੜ੍ਹਿਆ। ਆਖੇ ਖਜ਼ਾਨਾ ਖਾਲੀ ਆ। ਇਹਨੂੰ ਕੋਈ ਪੁੱਛੇ ਭਾਈ ਜੇ ਖਜ਼ਾਨਾ ਖਾਲੀ ਆ ਤਾਂ ਆਹ ਆਪਣੀ ਪਾਕੀ ਮਿੱਤਰ "ਆਰੂਸਾ" ਦੇ ਜਨਮ ਦਿਨ ਤੇ ਹਿਮਾਚਲ ਦੀਆਂ ਕੁੰਦਰਾਂ 'ਚ ਕੇਕ ਕੱਟਣ ਕਿਉਂ ਤੁਰਿਆ ਫਿਰਦਾ ਸਰਕਾਰੀ ਖਰਚੇ 'ਤੇ! ਤੇ ਆਹ ਵਿਚਾਰੇ ਜਿਹੜੇ ਲੋਕਾਂ ਨੇ "ਲਾਲ ਬੱਤੀ ਵਾਲੀ ਕਾਰ" ਲੈਣ ਲਈ ਜਿਤਾਕੇ ਸੱਤ-ਅਸਮਾਨੀਂ ਪਹੁੰਚਾ ਦਿਤੇ, ਉਹਨਾ ਨੂੰ ਵੀ ਭਾਈ ਦਰਸ਼ਨ-ਦੀਦਾਰੇ ਦੇਣੇ ਹੀ ਛੱਡ 'ਤੇ ਲੋਕਾਂ ਨੂੰ ਤਾਂ ਦਰਸ਼ਨ ਦੇਣੇ ਹੀ ਕੀ ਆ। ਤਦੇ ਭਾਈ ਇਹ ਬੰਦੇ ਮਾਰੇ ਮਾਰੇ ਫਿਰਦੇ, ਰੁਦਨ ਕਰਦੇ, ਵਿਰਲਾਪ ਕਰਦੇ, ਉਸ ਸਮੇਂ ਨੂੰ ਸੋਚ ਨਿਹੋਰੇ ਮਾਰ ਆਖਦੇ ਆ, ਜਦੋਂ ਉਹਨਾ ਕੈਪਟਨ ਨਾਲ ਤੋੜ ਚੜ੍ਹਾਉਣ ਲਈ ਯਾਰੀਆਂ ਲਾਈਆਂ ਸਨ, "ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ, ਨਿੱਜ ਤੇਰੇ ਬੋਤੇ 'ਤੇ ਚੜ੍ਹੀ"।
ਨਿੱਤ ਔਸੀਆਂ ਪਾਉਨੀ ਆਂ
ਖ਼ਬਰ ਹੈ ਕਿ ਕਿਸੇ ਵੀ ਮੁਲਕ ਦਾ ਭਵਿੱਖ ਉਚੇਰੀ ਸਿੱਖਿਆ ਤਹਿ ਕਰਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੀ ਸੂਬਾ ਸਰਕਾਰ ਉਚ ਸਿੱਖਿਆ ਪ੍ਰਤੀ ਅਵੇਸਲੀ ਹੈ। ਸੂਬੇ ਵਿਚ ਉਚੇਰੀ ਸਿੱਖਿਆ ਦੇ ਦੋ ਅਹਿਮ ਅਦਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਈ ਵਾਈਸ ਚਾਂਸਲਰਾਂ ਤੋਂ ਬਾਂਝੇ ਹਨ। ਸੂਬਾ ਸਰਕਾਰਾਂ ਵਲੋਂ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਵੀ ਕੋਈ ਪੱਕਾ ਵੀ.ਸੀ. ਨਹੀਂ ਜੁੜ ਸਕਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਚੇਅਰਮੈਨ ਨਹੀਂ ਹੈ ਅਤੇ ਵਾਈਸ ਚੇਅਰਮੈਨ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਜਾਪਦੈ ਪੰਜਾਬ 'ਚ ਬੁੱਧੀਜੀਵੀਆਂ ਦਾ ਵੀ ਕਾਲ ਪੈ ਗਿਆ ਹੈ। ਸਿੱਖਿਆ ਲੁਪਤ ਹੋ ਗਈ, ਵਪਾਰਕ ਸਿੱਖਿਆ ਵੱਧ ਗਈ! ਮੁਫਤ ਪੜ੍ਹਾਈ ਹਿਰਨਾਂ ਦੇ ਸਿੰਗੀ ਚੜ੍ਹ ਗਈ, ਪੈਸੇ ਟਕੇ ਦੀ ਪੜ੍ਹਾਈ ਦਾ ਬੋਲਬਾਲਾ ਹੋ ਗਿਆ। ਪਹਿਲਾਂ ਲੋਕ ਡਿਗਰੀਆਂ ਲੈਣ ਲਈ ਮੱਲਾਂ ਵਾਗੂੰ ਮਿਹਨਤਾਂ ਕਰਦੇ ਸਨ, ਹੁਣ ਡਿਗਰੀਆਂ ਜਿਵੇਂ ਦੀਆਂ ਕਹੋ, ਜਦੋਂ ਵੀ ਕਹੋ, ਜਿਥੇ ਵੀ ਕਹੋ ਹਾਜ਼ਰ ਹੋ ਜਾਂਦੀਆਂ ਆ, ਕਿਉਂਕਿ ਭਾਈ ਖੁੰਭਾਂ ਵਾਂਗੂ ਉੱਗੀਆਂ ਤਰ੍ਹਾਂ ਤਰ੍ਹਾਂ ਦੀਆਂ, ਰੰਗ-ਬਰੰਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਡਿਗਰੀਆਂ ਦੇ ਅੰਬਾਰ ਲਾਈ ਜਾਂਦੀਆਂ ਆਂ। ਇਹਨਾ ਆਪਣੀਆਂ ਯੂਨੀਵਰਸਿਟੀਆਂ ਦੇ ਆਪਣੇ ਵੀ.ਸੀ.,ਆਪਣੇ ਪਰੋ-ਵੀਸੀ, ਆਪਣੇ ਚਾਂਸਲਰ। ਬਹੁਤਾ ਪੜ੍ਹੇ ਲਿਖੇ ਗੁੜੇ ਹੋਣ ਦੀ ਲੋੜ ਹੀ ਕੋਈ ਨਹੀਂ। ਰੁੱਗ ਰੁਪੱਈਆਂ ਦਾ, ਥੱਦਾ ਕੁ ਕਾਗਜਾਂ ਦਾ, ਬੁੱਕ ਭਰ ਕੰਪਿਊਟਰਾਂ ਦਾ, ਕੁਝ ਮੁਰੱਬੇ ਜ਼ਮੀਨ ਚਾਹੀਦੀ ਆ ਤੇ ਇੱਕ ਜੁਗਾੜੂ ਬੰਦਾ, ਜਿਹੜਾ ਬੈਂਕ ਤੋਂ ਲਵੇ ਕਰਜ਼ਾ। ਉਮਰ ਹੰਡਾ ਚੁਕੇ ਬੁੱਧੀਜੀਵੀ ਪ੍ਰੋਫੈਸਰਾਂ ਨੂੰ ਕਾਬੂ ਕਰਨ ਦੀ ਜਿਸ ਕੋਲ ਹੋਵੇ ਯੁਕਤ, ਅਤੇ ਉਚ ਨੇਤਾ ਜੀ ਨਾਲ ਹੋਵੇ ਠਾਹਰ। ਹਿੱਸਾ-ਪੱਤੀ ਕਰੋ, ਲੋਕਾਂ ਨੂੰ ਫੀਸਾਂ 'ਚ ਲੁੱਟਣ ਦਾ ਕਰੋ ਅਹਿਦ, ਯੂਨੀਵਰਸਿਟੀ ਕਾਇਮ! ਡਿਗਰੀਆਂ ਵੇਚੋ, ਪੈਸੇ ਕਮਾਉ, ਦਿਨਾਂ 'ਚ ਸ਼ਹਿਨਸ਼ਾਹ ਵੀ ਬਣ ਜਾਓ ਤੇ ਅਗਲੀ ਚੋਣ ਲਈ ਭਾਈ ਕਰੋ ਤਿਆਰੀ, ਲੋਕ ਨੁਮਾਇੰਦੇ ਬਨਣ ਲਈ।
ਪਰ ਆਹ ਆਪਣੇ ਸਰਕਾਰੀ ਵਿਦਿਅਕ ਅਦਾਰੇ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ, ਤਾਂ ਭਾਈ ਭੁੱਖ-ਨੰਗ ਨਾਲ ਘੁੱਲ ਰਹੀਆਂ। ਕਿਹੜਾ ਸਿਆਣਾ ਕੰਡਿਆਂ ਦਾ ਤਾਜ ਸਿਰ ਰੱਖੇ ਤੇ ਭੂੰਡਾਂ ਦੇ ਖੱਖਰਾਂ ਨੂੰ ਛੇੜੇ! ਤਦੇ ਕੋਈ ਅਕਲ ਵਾਲਾ, ਇਹਨਾ ਯੂਨੀਵਰਸਿਟੀਆਂ ਦਾ ਵੀ.ਸੀ. ਬਨਣ ਨੂੰ ਤਿਆਰ ਨਹੀਓਂ। ਇਹ ਡੰਗ ਦੀ ਡੰਗ, ਡੰਗ ਟਪਾਉਂਦੀਆਂ ਯੂਨੀਵਰਸਿਟੀਆਂ, ਵਿਚਾਰੀਆਂ,ਕਰਮਾਂ ਮਾਰੀਆ ਨਿੱਤ ਆਪਣੇ ਨਵੇਂ ਮਾਲਕ, ਸੱਜਣ ਨੂੰ ਉਡੀਕਦੀਆਂ ਬੱਸ ਪੰਜਾਬ ਦੀ ਉਸ ਉਦਾਸ ਮੁਟਿਆਰ ਵਾਂਗਰ ਗੀਤ ਗਾਉਂਦੀਆਂ ਆਂ, ਜੀਹਦਾ ਪਤੀ ਲਾਮ ਨੂੰ ਤੁਰ ਗਿਆ ਹੋਵੇ ਜਾਂ ਵਿਦੇਸ਼ ਗਿਆ ਮੁੜ ਉਹਨੂੰ ਸੁਖ-ਸੁਨੇਹਾ ਵੀ ਨਾ ਭੇਜਦੇ ਹੋਏ, "ਨਿੱਤ ਔਸੀਆਂ ਪਾਉਂਨੀ ਆਂ, ਮਾਹੀ ਕਦੋਂ ਘਰ ਆਵੇ, ਬੈਠੀ ਕਾਂਗ ਉਡਾਉਨੀ ਆਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2060 ਤੱਕ ਭਾਰਤ ਦੀ ਆਬਾਦੀ ਇਕ ਅਰਬ ਸੱਤਰ ਕਰੋੜ ਤੱਕ ਹੋਵੇਗੀ। ਭਾਰਤ ਹੁਣ ਦੁਨੀਆਂ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ। 2060 ਤੱਕ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਤੋਂ ਟੱਪਕੇ ਦੁਨੀਆਂ 'ਚ ਪਹਿਲੇ ਨੰਬਰ 'ਤੇ ਹੋ ਜਾਵੇਗੀ।
ਇੱਕ ਵਿਚਾਰ
ਵਿਸ਼ਵਾਸ਼ਘਾਤ ਉਹਨਾ ਮੂਰਖਾਂ ਦਾ ਕੰਮ ਹੈ, ਜਿਹਨਾ ਕੋਲ ਇਮਾਨਦਾਰ ਹੋਣ ਲਈ ਸੋਝੀਵਾਨ ਦਿਮਾਗ ਨਹੀਂ ਹੁੰਦਾ...... ਬੇਂਜਾਮਿਨ ਫ੍ਰੈਂਕਲਿਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.