ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਜੋਜਨ ਸ਼ਬਦ ਦੂਰੀ (ਲੰਬਾਈ) ਮਾਪਣ ਦੀ ਐਫ. ਪੀ. ਐਸ ਪ੍ਰਣਾਲੀ ਨਾਲ ਸੰਬੰਧਿਤ ਹੈ। ਭਾਰਤ ਸਰਕਾਰ ਦੁਆਰਾ 1 ਅਪ੍ਰੈਲ, 1947 ਤੋਂ ਇੰਟਰਨੈਸ਼ਨਲ ਸਿਸਟਮ ਆਫ ਯੁਨਿਟਸ ਦੀ ਐਮ. ਕੇ. ਐਸ ਪ੍ਰਣਾਲੀ ਅਪਨਾਉਣ ਨਾਲ ਸਾਡੇ ਦੇਸ਼ ਵਿਚ ਸਦੀਆਂ ਤੋਂ ਚੱਲ ਰਹੀ ਦੂਰੀ ਮਾਪਣ ਦੀ ਐਫ. ਪੀ. ਐਸ ਪ੍ਰਣਾਲੀ ਦਾ ਚਲਣ ਬੰਦ ਹੋ ਗਿਆ ਸੀ। ਇਸ ਪ੍ਰਣਾਲੀ ਦੀਆਂ ਇਕਾਈਆਂ ਹੇਠ ਲਿਖੇ ਅਨੁਸਾਰ ਸਨ:-
8 ਸੂਤ = 1 ਇੰਚ
12 ਇੰਚ = 1 ਫੁੱਟ
3 ਫੁੱਟ = 1 ਗਜ਼
220 ਗਜ਼ = 1 ਫਰਲਾਂਗ
8 ਫਰਲਾਂਗ = 1 ਮੀਲ ਜਾਂ 1760 ਗਜ਼
ਸਾਧਾਰਨ ਗਿਆਨ ਲਈ ਇਹ ਜਾਣ ਲੈਣਾ ਚਾਹੀਦਾ ਹੈ ਕਿ ਐਮ. ਕੇ. ਐਸ ਪ੍ਰਣਾਲੀ ਅਨੁਸਾਰ 1.609 ਕਿਲੋਮੀਟਰ ਦਾ ਇੱਕ ਮੀਲ ਹੁੰਦਾ ਸੀ।
ਗੁਰਬਾਣੀ ਗਹੁ ਨਾਲ ਪੜ੍ਹਨ ‘ਤੇ ਪਤਾ ਲਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਮੀਲ ਤੋਂ ਵੱਧ ਦੂਰੀ ਮਾਪਣ ਲਈ ਕੋਸ ਜਾਂ ਕੋਹ ਅਤੇ ਜੋਜਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ‘ਗੁਰੁ ਸ਼ਬਦ ਰਤਨਾਕਰ ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਨ੍ਹਾਂ ਸ਼ਬਦਾਂ ਬਾਰੇ ਕੁਝ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਕੋਸ ਮਿਨਾਰ, ਜੀ ਟੀ ਰੋਡ
ਕੋਸ:- ਸਭ ਤੋਂ ਪਹਿਲਾਂ ਕੋਸ ਦੀ ਲੰਬਾਈ ਗਾਂ ਦੇ ਰੰਭਣ ਤੋਂ ਥਾਪੀ ਗਈ ਅਰਥਾਤ ਜਿੱਥੋਂ ਤੱਕ ਗਾਂ ਦੇ ਰੰਭਣ ਦੀ ਅਵਾਜ਼ ਜਾਂਦੀ ਸੀ ਉਸ ਦੂਰੀ ਨੂੰ ਕੋਸ ਕਿਹਾ ਜਾਂਦਾ ਸੀ। ਫਿਰ ਅਲੱਗ-ਅਲੱਗ ਇਲਾਕਿਆਂ ਦੇ ਲੋਕਾਂ ਨੇ ਕੋਸ ਦੀ ਲੰਬਾਈ ਭਿੰਨ-ਭਿੰਨ ਕਲਪ ਲਈ ਲੇਕਿਨ ਹਿੰਦੁਸਤਾਨ ਦੇ ਜ਼ਿਆਦਾਤਰ ਭਾਗਾਂ ਵਿਚ ਕੋਸ ਦੀ ਲੰਬਾਈ 4000 ਗਜ਼ ਮੰਨੀ ਜਾਂਦੀ ਸੀ। ਪੰਜਾਬੀ ਵਿਚ ਕੋਸ ਨੂੰ ਕੋਹ ਕਿਹਾ ਜਾਂਦਾ ਹੈ। ਹਰਿਆਣਾ ਅਤੇ ਪੰਜਾਬ ਪ੍ਰਾਂਤਾਂ ਵਿੱਚੋਂ ਵਰਤਮਾਨ ਸਮੇਂ ਲੰਘਦੇ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਲ- ਨਾਲ ਅੱਜ ਵੀ ਜਿਹੜੇ ਉੱਚੇ-ਉੱਚੇ ਮਿਨਾਰ ਦਿਖਾਈ ਦਿੰਦੇ ਹਨ ਉਨ੍ਹਾਂ ਨੂੰ ਕੋਸ ਮਿਨਾਰ ਕਿਹਾ ਜਾਂਦਾ ਹੈ। ਯਾਦ ਰਹੇ ਕਿ ਪਹਿਲਾਂ ਇਸ ਮਾਰਗ ਨੂੰ Grand Trunk Road ਕਿਹਾ ਜਾਂਦਾ ਸੀ। ਸੋਲਵੀਂ ਸਦੀ ਵਿਚ ਸਭ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਨੇ ਉਕਤ ਮਾਰਗ ਦੇ ਨਾਲ-ਨਾਲ ਪੱਕੀਆਂ ਇੱਟਾਂ ਨਾਲ ਕਲੱਕਤਾ ਨੂੰ ਪਿਸ਼ਾਵਰ ਅਤੇ ਕਾਬੁਲ ਨਾਲ ਜੋੜਦੀ ਇਸ ਸੜਕ ਦੇ ਨਾਲ-ਨਾਲ ਯਾਤਰੀਆਂ ਦੀ ਸਹੂਲਤ ਲਈ ਇਹ ਮਿਨਾਰ ਬਣਵਾਏ ਸਨ। ਬਾਆਦ ਵਿਚ ਮੁਗ਼ਲ ਬਾਦਸ਼ਾਹਾਂ ਨੇ ਹਿੰਦੁਸਤਾਨ ਵਿਚ ਆਪਣੇ-ਆਪਣੇ ਰਾਜ ਕਾਲ ਦੌਰਾਨ ਹੋਰ ਵੀ ਕਈ ਸ਼ਾਹੀ ਮਾਰਗਾਂ ਦੇ ਕਿਨਾਰੇ- ਕਿਨਾਰੇ ਅਜਿਹੇ ਮਿਨਾਰ ਬਣਵਾਏ ਸਨ। ਆਪਸ ਵਿਚ ਇੱਕ-ਇੱਕ ਕੋਸ ਦੀ ਦੂਰੀ ‘ਤੇ ਬਣਵਾਏ ਹਰੇਕ ਮਿਨਾਰ ਦੇ ਨੇੜੇ ਇਕ ਘੋੜਾ ਅਤੇ ਘੋੜ ਸਵਾਰ ਹਰ ਵੇਲੇ ਤਿਆਰ ਰਹਿੰਦਾ ਸੀ ਜੋ ਮਹੱਤਵਪੂਰਨ ਦਸਤਾਵੇਜ਼ ਅਤੇ ਡਾਕ ਆਦਿ ਅਗਲੇ ਮਿਨਾਰ ਤਕ ਪਹੁੰਚਾਉਂਦੇ ਸਨ। ਕੋਸ ਬਾਰੇ ਉਕਤ ਜਾਣਕਾਰੀ ਗੁਰਬਾਣੀ ਅੰਦਰ ਸੁਸ਼ੋਭਿਤ ਉਨ੍ਹਾਂ ਬਚਨਾਂ ਦੇ ਭਾਵ- ਅਰਥ ਸਮਝਣ ਵਿਚ ਸਹਾਈ ਹੁੰਦੀ ਹੈ ਜਿਨ੍ਹਾਂ ਵਿਚ ਕੋਸ ਜਾਂ ਕੋਹ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਗੁਰਬਾਣੀ ਅੰਦਰ ਆਈਆਂ ਅਜਿਹੀਆਂ ਕੁਝ ਪੰਕਤੀਆਂ ਇਸ ਪ੍ਰਕਾਰ ਹਨ:
-ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ( ਪੰਨਾ 464)
-ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ॥ (ਪੰਨਾ 264)
-ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਰਿ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (ਪੰਨਾ 1378)
ਜੋਜਨ (ਯੋਜਨ):- ਯੋਜਨ ਦਾ ਮੂਲ ਜੋਤਣਾ ਹੈ ਭਾਵ ਬੈਲ ਨੂੰ ਹਲ ਜਾਂ ਗੱਡੇ ਅੱਗੇ ਜੋੜਨਾ। ਵੀਹਵੀਂ ਸਦੀਂ ਦੇ ਲੱਗਭਗ ਸਤਵੇਂ ਦਹਾਕੇ ਤਕ ਹਿੰਦੁਸਤਾਨ ਵਿਚ ਖੇਤੀ ਬੈਲਾਂ ਨਾਲ ਕੀਤੀ ਜਾਂਦੀ ਸੀ। ਖੇਤ ਵਾਹੁਣ ਲਈ ਬੈਲਾਂ ਦੀ ਜੋੜੀ ਪੰਜਾਲੀ ਵਿਚ ਜੋਤ ਕੇ ਇਸ ਨਾਲ ਹਲ ਬੰਨਿਆ ਹੁੰਦਾ ਸੀ।
ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਗਉੜੀ ਰਾਗ ਵਿਚ ਉਚਾਰੀ ਬਾਣੀ ਅੰਦਰ ਹਲ ਅਤੇ ਬੈਲ ਜੋਤਣ ਦਾ ਕੀਤਾ ਗਿਆ ਉਲੇਖ ਨਿਮਨ ਪ੍ਰਕਾਰ ਹੈ:
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥
ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ॥ (ਪੰਨਾ 166)
ਪੁਰਾਣੇ ਸਮਿਆਂ ਵਿਚ ਭਾਰ ਦੀ ਢੋਆ-ਢੁਆਈ ਲਈ ਬੈਲਾਂ ਦੀ ਜੋੜੀ ਲੱਕੜ ਦੇ ਬਣੇ ਪਹੀਆਂ ਵਾਲੇ ਗੱਡੇ ਦੇ ਅਗਲੇ ਹਿੱਸੇ ਵਿਚ ਬਣੇ ਜੂਲੇ ਨਾਲ ਜੋਤੇ ਜਾਂਦੇ ਸਨ। ਬੈਲ ਇਹ ਗੱਡਾ ਵੱਧ ਤੋਂ ਵੱਧ ਚਾਰ ਕੋਸ ਤਕ ਲਿਜਾ ਸਕਦੇ ਸਨ। 16000 ਗਜ਼ ਦੀ ਇਸ ਦੂਰੀ ਨੂੰ ਯੋਜਨ ਕਿਹਾ ਜਾਂਦਾ ਸੀ।
ਉਕਤ ਵਿਵਰਣ ਅਨੁਸਾਰ ਜੋਜਨ (ਯੋਜਨ) ਦੇ ਅਰਥ ਹਨ:
16000÷1760×1.609 ਭਾਵ 14.63 ਕਿਲੋਮੀਟਰ
ਭਾਸਕਰਾਚਾਰਯ ਦੁਆਰਾ ਆਪਣੀ ਪਤਨੀ ਲੀਲਾਵਤੀ (ਜੋ ਇਕ ਵਿਦਵਾਨ ਇਸਤਰੀ ਸੀ) ਦੇ ਨਾਉਂ ‘ਤੇ ਬਣਾਏ ਹਿਸਾਬ ਦੇ ਗ੍ਰੰਥ ਵਿਚ ਵੀ ਯੋਜਨ ਦੀ ਲੰਬਾਈ 16000 ਗਜ਼ ਹੀ ਲਿਖੀ ਮਿਲਦੀ ਹੈ।
ਧਨਾਸਰੀ ਰਾਗ ਵਿਚ ਭਗਤ ਨਾਮਦੇਵ ਜੀ ਦੁਆਰਾ ਉਚਾਰੇ ਸ਼ਬਦ ਦੀਆਂ ਜਿਨ੍ਹਾਂ ਪੰਕਤੀਆਂ ਵਿਚ ਜੋਜਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਹ ਹੇਠ ਲਿਖੇ ਅਨੁਸਾਰ ਹਨ:
ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ॥
ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ॥ (ਪੰਨਾ 693)
ਉਪਰੋਕਤ ਵਿਸਥਾਰ ਦੇ ਆਧਾਰ ‘ਤੇ ਉਕਤ ਪੰਕਤੀਆਂ ਦੇ ਅਰਥ ਹਨ: ਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ ਬਲੀ ਭਰਾ ਸਨ, ਉਹ ਇਹ ਮਾਣ ਕਰਦੇ ਰਹੇ ਕਿ ਪਾਤਸ਼ਾਹੀ ਕੇਵਲ ਉਨ੍ਹਾਂ ਦੀ ਹੀ ਹੈ, ਪਾਂਡਵ ਇਸ ਧਰਤੀ ਦੇ ਕੀਹ ਲੱਗਦੇ ਹਨ? ਕੁਰਖੇਤਰ ਦੇ ਜੰਗ ਵੇਲੇ ਕੌਰਵਾਂ ਦੀ ਸੈਨਾ ਦਾ ਖਿਲਾਰ 175.46 ਕਿਲੋਮੀਟਰ (12×14.63 ਕਿ.ਮੀ) ਤਕ ਸੀ ਪਰ ਕਿਧਰ ਗਈ ਉਹ ਬਾਦਸ਼ਾਹੀ ਅਤੇ ਕਿੱਧਰ ਗਿਆ ਉਹ ਛੱਤਰ? ਕੁਰਖੇਤਰ ਦੇ ਜੰਗ ਵਿਚ ਗਿੱਰਝਾਂ ਨੇ ਕੌਰਵਾਂ ਦੀਆਂ ਲੋਥਾਂ ਖਾਧੀਆਂ।2।
ਗੁਰਬਾਣੀ ਦੇ ਜਿਸ ਸ਼ਬਦ ਵਿਚ ਉੱਪਰ ਲਿਖੀਆਂ ਪੰਕਤੀਆਂ ਸੁਸ਼ੋਭਿਤ ਹਨ ਉਸ ਸ਼ਬਦ ਦੇ ਭਾਵ-ਅਰਥ ਹਨ ਕਿ ਅਹੰਕਾਰ ਚਾਹੇ ਕਿਸੇ ਚੀਜ਼ ਦਾ ਵੀ ਹੋਵੇ, ਮਾੜਾ ਹੈ।
-
ਕਰਮ ਸਿੰਘ, ਲੇਖਕ
harmanradio@gmail.com
0061431197305
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.