ਲੁਧਿਆਣਾ ਜਿਲ੍ਹੇ ਦੇ ਹਲਕਾ ਦਾਖਾ ਵਿੱਚ ਐਸ ਵੇਲੇ ਸੱਤਾ ਦੇ 4 ਕੇਂਦਰ ਕੰਮ ਕਰ ਰਹੇ ਨੇ। ਹਲਕੇ ਵਿੱਚ ਵਿੱਚ ਕਾਂਗਰਸ ਦਾ ਐਮ. ਐਲ. ਏ. ਨਾ ਹੋਣ ਤੇ ਹਲਕਾ ਇੰਚਾਰਜ ਦੀ ਰਵਾਇਤ ਖਤਮ ਹੋਣ ਕਾਰਨ ਸੱਤਾ ਕੋਈ ਇੱਕ ਵਾਹਦ ਕੇਂਦਰ ਵਜੂਦ ਵਿੱਚ ਨਹੀਂ ਆ ਸਕਿਆ। ਜੀਹਦਾ ਇੱਕ ਹੋਰ ਕਾਰਨ ਕਾਂਗਰਸੀ ਉਮੀਦਵਾਰ ਦਾ ਵੋਟਾਂ ਵਿੱਚ ਤੀਜੇ ਨੰਬਰ ਤੇ ਆਉਣਾ ਵੀ ਹੈ। ਤੀਜੇ ਨੰਬਰ ਤੇ ਆਉਣ ਕਰਕੇ ਉਹਦੀ ਅਗਾਂਹ ਨੂੰ ਟਿਕਟ ਹਾਸਲ ਕਰਨ ਦੀ ਦਾਅਵੇਦਾਰੀ ਢਿੱਲੀ ਪੈਣ ਕਰਕੇ ਹੀ ਕਈ ਹੋਰ ਉਮੀਦਵਾਰ ਦਾਅਵੇਦਾਰੀ ਪੇਸ਼ ਕਰਨ ਲਈ ਹੁਣ ਤੋਂ ਹੀ ਕੰਮ ਕਰਨ ਲੱਗੇ ਨੇ। ਇੰਨਾਂ ਚਾਰ ਕੇਂਦਰਾਂ ਵਿੱਚ ਮੇਜਰ ਸਿੰਘ ਭੈਣੀ, ਅਨੰਦ ਸਰੂਪ ਸਿੰਘ ਮੋਹੀ, ਡਾਕਟਰ ਕਰਨ ਵੜਿੰਗ ਅਤੇ ਮੇਜਰ ਸਿੰਘ ਮੁੱਲਾਂਪੁਰ ਹਨ।
ਮੇਜਰ ਸਿੰਘ ਭੈਣੀ: ਮੇਜਰ ਸਿੰਘ ਭੈਣੀ ਇਸ ਵਾਰ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੂੰ ਕੁੱਲ ਪੋਲ ਹੋਈਆਂ 1 ਲੱਖ 46 ਹਜ਼ਾਰ 313 ਵੋਟਾਂ ਵਿਚੋਂ 28571 ਵੋਟਾਂ ਭਾਵ 19.5 ਫੀਸਦੀ ਵੋਟਾਂ ਮਿਲੀਆਂ। ਪਿਛਲੀ ਰਵਾਇਤ ਮੁਤਾਬਿਕ ਤਾਂ ਹਲਕੇ ਦੀ ਸੱਤਾ ਦਾ ਕੇਂਦਰ ਰੂਲਿੰਗ ਪਾਰਟੀ ਦੇੇ ਉਮੀਦਵਾਰ ਵਜੋਂ ਉਹਨਾਂ ਨੂੰ ਹੀ ਬਣਨਾ ਚਾਹੀਦਾ ਸੀ। ਪਰ ਸਰਕਾਰ ਵੱਲੋਂ ਹਲਕਾ ਇੰਚਾਰਜ ਦਾ ਅਹੁਦਾ ਖਤਮ ਕਰਨ ਕਰਕੇ ਉਹ ਸਿੱਧੇ ਹਲਕਾ ਇੰਚਾਰਜ ਨਹੀਂ ਅਖਵਾ ਸਕਦੇ। ਪਰ ਪੁਰਾਣਾ ਸਿਆਸੀ ਪਿਛੋਕੜ ਵਾਲਾ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਰਕਾਰੇ ਸਰਬਾਰੇ ਮਾਨਤਾ ਮਿਲ ਰਹੀ ਹੈ ਅਤੇ ਕੰਮ ਵੀ ਹੋ ਰਹੇ ਨੇ। ਉਨ੍ਹਾਂ ਆਪਦੇ ਘਰ ਪਿੰਡ ਭੈਣੀ ਵਿੱਚ ਕੰਮ ਕਾਜ ਕਰਾਉਣ ਵਾਲੇ ਲੋਕਾਂ ਦੀ ਭੀੜ ਜੁੜਦੀ ਹੈ। ਉਨ੍ਹਾਂ ਨੇ ਮੁੱਲਾਂਪੁਰ- ਦਾਖਾ ਮੰਡੀ ਵਿੱਚ ਬਕਾਇਦਾ ਇੱਕ ਦਫਤਰ ਵੀ ਖੋਲ੍ਹਿਆ ਹੈ। ਉਥੇ ਵੀ ਲੋਕ ਉਹਨਾਂ ਨੂੰ ਮਿਲਦੇ ਨੇ। ਮੇਜਰ ਸਿੰਘ ਭੈਣੀ ਦੇ ਪਿਤਾ ਦੋ ਵਾਰ ਐਮ. ਐਲ. ਏ. ਰਹੇ ਸ. ਗੁਰਦੀਪ ਸਿੰਘ ਭੈਣੀ ਵੀ ਆਪਦੇ ਪੁੱਤ ਦਾ ਕੰਮ ਕਾਜ ਦੇਖਦੇ ਨੇ ਤੇ ਲੋਕਾਂ ਦੇ ਕੰਮ ਕਰਾਉਂਦੇ ਨੇ।
ਅਨੰਦ ਸਰੂਪ ਸਿੰਘ ਮੋਹੀ: ਸ. ਮੋਹੀ ਪੁਰਾਣੇ ਕਾਂਗਰਸੀ ਨੇ। ਬੀਤੇ 50 ਸਾਲ ਤੋਂ ਸਿਆਸਤ ਚ ਨੇ। ਪੰਚਾਇਤੀ ਅਦਾਰਿਆਂ ਤੇ ਕੋਆਪਰੇਟਿਵ ਇਲੈਕਸ਼ਨ ਲੜਨ ਦਾ ਉਨ੍ਹਾਂ ਡਾਢਾ ਤਜ਼ਰਬਾ ਹੈ ਤੇ ਇਸੇ ਦੀ ਬਦੌਲਤ ਪਿੰਡਾਂ ਚ ਉਨ੍ਹਾਂ ਦੇ ਸੈੱਲ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਨੇੜਤਾ ਭਾਵੇਂ ਲੁਕੀ ਛਿਪੀ ਨਹੀਂ ਸੀ ਪਰ ਉਨ੍ਹਾਂ ਦੇ ਪੁੱਤਰ ਦਮਨਜੀਤ ਸਿੰਘ ਨੂੰ ਮੁੱਖ ਮੰਤਰੀ ਨੇ ਆਪਦਾ ਓ. ਐਸ. ਡੀ. ਲਾ ਕੇ ਇਸ ਨੇੜਤਾ ਦੀ ਤਸਦੀਕ ਵੀ ਕੀਤੀ ਹੈ। ਇਸੇ ਤਸਦੀਕ ਕਰਕੇ ਹੀ ਉਨ੍ਹਾਂ ਨੂੰ ਕਿਸੇ ਅਫ਼ਸਰ ਨੂੰ ਫੋਨ ਕਰਨ ਵੇਲੇ ਆਪਦੀ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਪੈਂਦੀ ਸਿਰਫ ਇੰਨਾਂ ਹੀ ਕਹਿਣਾ ਕਾਫੀ ਹੈ "ਮੈਂ ਅਨੰਦ ਸਰੂਪ ਸਿੰਘ ਮੋਹੀ ਬੋਲਦਾਂ" ਉੱਚ ਸਿਆਸੀ ਘਰਾਣਿਆਂ ਨਾਲ ਪੁਰਾਣੀਆਂ ਰਿਸ਼ਤੇਦਾਰੀਆਂ ਅਤੇ ਖੁਦ ਦੀ ਵੱਕਾਰੀ ਸਮਾਜਿਕ ਪੁਜ਼ੀਸ਼ਨ ਦੀ ਬਦੌਲਤ ਵੱਡੇ ਅਫਸਰਾਂ ਨਾਲ ਦੋਸਤੀਆਂ ਅਤੇ ਪਰਿਵਾਰਿਕ ਰਿਸ਼ਤਿਆਂ ਕਰਕੇ ਕੰਮ ਕਰਾਉਣ ਦੀ ਸਮੱਰਥਾ ਵੀ ਉਨ੍ਹਾਂ ਦੇ ਸੱਤਾ ਕੇਂਦਰ ਨੂੰ ਮਜ਼ਬੂਤੀ ਦੇ ਰਹੀ ਹੈ। ਉਨ੍ਹਾਂ ਨੇ ਵੀ ਮੁੱਲਾਂਪੁਰ-ਦਾਖਾ ਮੰਡੀ ਚ ਜੀ. ਟੀ. ਰੋਡ ਤੇ ਆਪਦਾ ਦਫਤਰ ਖੋਲ ਲਿਆ ਹੈ ਜਿਥੇ ਕੰਮ ਕਾਜ ਕਰਵਾਉਣ ਵਾਲੇ ਲੋਕਾ ਦੀ ਆਵਾਜਾਈ ਲੱਗੀ ਰਹਿੰਦੀ ਹੈ। ਪਿਛਲੀ ਚੋਣ ਚ ਵੀ ਮੋਹੀ ਸਾਹਿਬ ਟਿਕਟ ਦੇ ਦਾਅਵੇਦਾਰ ਸਨ ਅਤੇ ਐਂਤਕੀ ਹੋਰ ਜੋਸ਼ੋ ਖਰੋਸ਼ ਨਾਲ ਦਾਅਵੇਦਾਰੀ ਪੇਸ਼ ਕਰ ਸਕਦੇ ਹਨ।
ਡਾਕਟਰ ਕਰਨ ਵੜਿੰਗ: ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਚੱਕਾਂ ਵਾਲੀ ਦੇ ਰਹਿਣ ਵਾਲੇ ਇਸ ਨੌਜੁਆਨ ਆਗੂ ਨੇ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਲਗਭਗ 2 ਮਹੀਨੇ ਪਹਿਲਾਂ ਦਾਖਾ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸੇ ਦੌਰਾਨ ਹੀ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਆਪਦਾ ਓ. ਐਸ. ਡੀ. ਥਾਪਿਆ ਸੀ। ਅੱਜ ਦੀ ਤਰੀਕ ਚ ਡਾ. ਵੜਿੰਗ ਦੀ ਮੁੱਖ ਮੰਤਰੀ ਨਾਲ ਸਿੱਧੀ ਨੇੜਤਾ ਬਾਬਤ ਤਾਂ ਕੁੱਝ ਪਤਾ ਨਹੀਂ ਪਰ ਮੁੱਖ ਮੰਤਰੀ ਦੇ ਖਾਸਮ ਖਾਸ ਅਤੇ ਹਲਕਾ ਫਰੀਦਕੋਟ ਦੇ ਐਮ. ਐਲ. ਏ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਮਾਰਫਤ ਉਨ੍ਹਾਂ ਨੂੰ ਮੁੱਖ ਮੰਤਰੀ ਦਫਤਰ ਤੋਂ ਸਿਆਸੀ ਕਰੰਟ ਮਿਲਦਾ ਹੈ। ਕਿੱਕੀ ਢਿੱਲੋਂ ਨਾਲ ਉਹਨਾਂ ਦੀਆਂ ਕਾਰੋਬਾਰੀ ਸਾਂਝਾ ਦੀ ਵੀ ਕਨਸੋਅ ਹੈ। ਇਸੇ ਵਜਾਹ ਕਰਕੇ ਅਫਸਰਾਂ ਕੋਲ ਵੜਿੰਗ ਸਾਹਿਬ ਦਾ ਫੋਨ ਵੀ ਖੜਕਦਾ ਰਹਿੰਦਾ ਹੈ ਤੇ ਅਸਰ ਅੰਦਾਜ਼ ਵੀ ਹੁੰਦਾ ਹੈ। ਡਾ. ਵੜਿੰਗ ਨੇ ਭੋਗ, ਮੰਗਣੇ, ਵਿਆਹਾਂ ਦੇ ਜ਼ਰੀਏ ਪਿੰਡਾਂ ਚ ਵਿਚਰਨਾ ਵੀ ਸ਼ੁਰੂ ਕੀਤਾ ਹੋਇਆ ਹੈ। ਨੌਜੁਆਨ ਮੁੰਡਿਆਂ ਨੂੰ ਉਹ ਸਰਪੰਚੀ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਾਉ ਲਈ ਥਾਪੜਾ ਦਿੰਦੇ ਨੇੇ ਅਤੇ ਨਾਲੋਂ ਜਿੱਤ ਯਕੀਨੀ ਬਨਾਉਣ ਖਾਤਰ ਸਰਕਾਰੀ ਮਦਦ ਭਰੋਸਾ ਵੀ ਦੇ ਰਹੇ ਹਨ। ਇਸ ਕਰਕੇ ਅਜਿਹੇ ਚੋਣਾਂ ਲੜਨ ਦੇ ਚਾਹਵਾਨ ਉਨ੍ਹਾਂ ਦੇ ਨੇੜੇ ਲੱਗ ਰਹੇ ਨੇ। ਉਨ੍ਹਾਂ ਨੇ ਵੀ ਮੁੱਲਾਂਪੁਰ ਦਾਖਾ ਵਿੱਚ ਜੀ. ਟੀ. ਰੋਡ ਆਪਦਾ ਦਫਤਰ ਖੋਲਿਆ ਹੋਇਆ ਹੈ ਪਰ ਇਥੇ ਲੋਕਾਂ ਦਾ ਕੋਈ ਖਾਸ ਕੱਠ ਮੱਠ ਅਜੇ ਦੇਖਣ ਨੂੰ ਨਹੀਂ ਮਿਲਿਆ।
ਮੇਜਰ ਸਿੰਘ ਮੁੱਲਾਂਪੁਰ : ਸਭ ਤੋਂ ਵਿਲੱਖਣ ਸੱਤਾ ਦਾ ਕੇਂਦਰ ਬਿਨਾਂ ਕਿਸੇ ਅਹੁਦੇ ਵਾਲੇ ਨੌਜਵਾਨ ਕਾਂਗਰਸੀ ਲੀਡਰ ਮੇਜਰ ਸਿੰਘ ਮੁੱਲਾਂਪੁਰ ਵਾਲਾ ਹੈ, ਉਹਨੇ ਆਪਦਾ ਕੋਈ ਦਫਤਰ ਨਹੀਂ ਖੋਲਿਆ ਪਰ ਪਿੰਡ ਮੁੱਲਾਂਪਰ ਵਿੱਚ ਉਹਨਾਂ ਦੇ ਘਰੇ ਕੰਮ ਧੰਦੇ ਕਰਾਉਣ ਵਾਲਿਆਂ ਤੋਂ ਇਲਾਵਾ ਉਹਨਾਂ ਕਾਂਗਰਸੀ ਵਰਕਰਾਂ ਦਾ ਮੇਲਾ ਭਰਦਾ ਹੈ ਜਿਹੜੇ ਅਕਾਲੀ ਰਾਜ ਦੌਰਾਨ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ।ਕਿਉਂਕਿ ਉਸ ਦੌਰ ਚ ਦਾਖਾ ਹਲਕੇ ਦਾ ਸਿਰਫ ਮੇਜਰ ਸਿੰਘ ਮੁੱਲਾਂਪੁਰ ਹੀ ਇੱਕੋ ਇੱਕ ਕਾਂਗਰਸੀ ਆਗੂ ਸੀ ਜੇਹੜਾ ਕਾਂਗਰਸੀ ਵਰਕਰਾਂ ਖਾਤਰ ਮੂਹਰੇ ਲੱਗ ਕੇ ਅਕਾਲੀ ਐਮ. ਐਲ. ਏ. ਮਨਪ੍ਰੀਤ ਸਿੰਘ ਇਆਲੀ ਨਾਲ ਸਿਰ ਭੇੜਵੀਂ ਲੜਾਈ ਲੜਦਾ ਰਿਹਾ। ਉਨ੍ਹੀ ਦਿਨੀ ਹਲਕੇ ਦੇ ਸਾਰੇ ਕਾਂਗਰਸੀ ਲੀਡਰ ਮਨਪ੍ਰੀਤ ਸਿੰਘ ਇਆਲੀ ਦਾ ਨਾਮ ਲੈਣ ਤੋਂ ਵੀ ਡਰਦੇ ਸੀ। ਮੇਜਰ ਸਿੰਘ ਮੁੱਲਾਂਪੁਰ ਨੂੰ ਨਾ ਹੀ ਉਦੋਂ ਕੋਈ ਸਿਆਸੀ ਸਰਪ੍ਰਸਤੀ ਹਾਸਲ ਸੀ ਤੇ ਨਾ ਹੀ ਅੱਜ ਹੈ। ਪਰ ਇਹ ਗੱਲ ਸਮਝੋਂ ਬਾਹਰ ਹੈ ਕਿ ਬਿਨਾਂ ਕਿਸੇ ਸਿਆਸੀ ਕਰੰਟ ਤੋਂ ਲੋਕ ਉਸ ਕੋਲ ਆਪਦੇ ਮਸਲਿਆਂ ਦੇ ਹੱਲ ਦੀ ਉਮੀਦ ਰੱਖ ਰਹੇ ਨੇ। ਉਹਦੇ ਕੋਲ ਭੀੜ ਦਾ ਵੱਧਣਾ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਆਖਰ ਲੋਕਾਂ ਦੇ ਪੱਲੇ ਕੁੱਝ ਨਾ ਕੁੱਝ ਤਾਂ ਪਇੰਦਾ ਹੀ ਹੋਊ। ਮੇਜਰ ਸਿੰਘ ਮੁੱਲਾਂਪੁਰ ਦੀ ਲੋਕਾਂ ਵਿੱਚ ਅਜਿਹੀ ਮਕਬੂਲੀਅਤ ਤੋਂ ਜਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਚੌਧਰੀ ਸੁਨੀਲ ਜਾਖੜ ਬਾਖੂਬੀ ਵਾਕਫ ਨੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
ਗੁਰਪ੍ਰੀਤ ਸਿੰਘ ਮੰਡਿਆਣੀ
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.