ਖ਼ਬਰ ਹੈ ਕਿ ਦੇਸ਼ ਵਿੱਚ ਅਸਿੱਧੀ ਕਰ ਪ੍ਰਣਾਲੀ ‘ਚ ਇਕ ਸਾਰ ਵਸਤੂ ਅਤੇ ਸੇਵਾ ਕਰ ਟੈਕਸ ਜੀ.ਐਸ.ਟੀ. 30 ਜੂਨ ਦੀ ਅੱਧੀ ਰਾਤ ਨੂੰ ਲਾਗੂ ਕੀਤਾ ਗਿਆ। ਕਾਂਗਰਸ, ਐਨ ਡੀ. ਐਮ. ਕੇ,ਖੱਬੀਆਂ ਪਾਰਟੀਆਂ, ਤਿ੍ਰਮੂਲ ਕਾਂਗਰਸ ਨੇ ਇਸ ਸਮਾਗਮ ਦਾ ਬਾਈਕਾਟ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਵਾਂਗਰ ਜੀ.ਐਸ.ਟੀ. ਨੂੰ ਬਿਨ੍ਹਾਂ ਤਿਆਰੀ ਜਲਦਬਾਜੀ ‘ਚ ਲਾਗੂ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਭਾਰਤ ‘ਚ ਅਜਿਹਾ ਹੀ ਜੀ.ਐਸ.ਟੀ. ਲਿਆਂਦੇ ਜਾਣ ਦੀ ਲੋੜ ਹੈ, ਜੋ ਕਰੋੜਾਂ ਨਾਗਰਿਕਾਂ, ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਚਿੰਤਾ ਵਿੱਚ ਨਾ ਪਾਏ। ਉਹਨਾ ਕਿਹਾ ਕਿ ਨੋਟਬੰਦੀ ਵਾਂਗਰ ਜੀ.ਐਸ.ਟੀ ਨੂੰ ਇੱਕ ਅਸਮੱਰਥ ਅਤੇ ਅਸੰਵੇਦਨਸ਼ੀਲ ਸਰਕਾਰ ਤਿਆਰੀ ਤੋਂ ਬਗੈਰ ਲਾਗੂ ਕਰ ਰਹੀ ਹੈ।
ਊਠ ਅੜਾਂਦਿਆਂ ਹੀ ਲੱਦੀਦੇ ਨੇ। ਨੇਤਾ ਜੀ ਨੂੰ ਸੁਫਨਾ ਆਉਂਦਾ, ਨੋਟਬੰਦੀ ਲਾਗੂ ਕਰ ਦਿਓ! ਰਾਤ ਨੂੰ ਹੁਕਮ ਜਾਰੀ ਹੁੰਦਾ ਆ। ਅਰਦਲੀ ਹਾਜ਼ਰ। ਨੋਟਬੰਦੀ ਲਾਗੂ! ਸੁਫਨਾ ਆਉਂਦਾ ਹੈ ਜੀ.ਅਸ.ਟੀ. ਲਾਗੂ ਕਰਨ ਦਾ! ਹੁਕਮ ਜਾਰੀ ਹੁੰਦਾ ਆ। ਅਰਦਲੀ ਹਾਜ਼ਰ! ਰਾਤ ਨੂੰ ਵੱਡੇ ਸਮਾਗਮ ‘ਚ ਜੇ.ਐਸ.ਟੀ. ਲਾਗੂ ਕਰਨ ਲਈ ਜਸ਼ਨ ਮਨਾਏ ਜਾਂਦੇ ਹਨ, ਜਿਵੇਂ ਦੇਸ਼ ਨੇ ਕੋਈ ਜੰਗ ਜਿੱਤ ਲਈ ਹੋਵੇ। ਵਪਾਰੀ ਸੜਕ ‘ਤੇ ਹੈ ਤਾਂ ਹੋਵੇ। ਕਾਰਖਾਨੇਦਾਰ ਚੀਕਾਂ ਮਾਰਦਾ ਹੈ ਤਾਂ ਮਾਰੇ। ਮੁਲਾਜ਼ਮ, ਮਜ਼ਦੂਰ, ਕਿਸਾਨ ਚੀਕਦਾ ਹੈ ਤਾਂ ਚੀਕੇ। ਦੁਕਾਨਦਾਰ ਵਪਾਰੀ ਕੋਲ ਕੰਪਿਊਟਰ ਹੈ ਨਹੀਂ ਤਾਂ ਆਪੇ ਲਿਆਵੇ, ਸਰਕਾਰ ਨੂੰ ਕੀ? ਉਸਨੂੰ ਜੀ.ਐਸ.ਟੀ. ਦੀ ਸਮਝ ਨਹੀਂ ਤਾਂ ਸਰਕਾਰ ਨੇ ਠੇਕਾ ਲਿਆ ਹੋਇਆ? ਆਪੇ ਸੀ.ਏ. ਤੋਂ ਚੰਮ ਲਹਾਵੇ ਤੇ ਖਰਚਾ ਲੋਕਾਂ ਤੇ ਪਾਵੇ ਸਰਕਾਰ ਨੂੰ ਕੀ? ਮਹਿੰਗਾਈ ਵੱਧਦੀ ਹੈ ਤਾਂ ਵਧੇ। ਗਰੀਬ ਦਾ ਢਿੱਡ ਸੁੰਗੜਦਾ ਹੈ ਤਾਂ ਸੁੰਗੜੇ। ਭਾਈ ਵੱਡਿਆਂ ਦੀਆਂ ਝੋਲੀਆਂ ਭਰਨੀਆਂ ਚਾਹੀਦੀਆਂ ਨੇ। ਵੱਡਿਆਂ ਦੀ ਵਾਛਾਂ ਖਿੜਣੀਆਂ ਚਾਹੀਦੀਆਂ ਨੇ। ਜਿਥੇ ਪਹਿਲਾਂ ਉਹਨਾ ਦੇ ਖਜ਼ਾਨੇ ਟਕਾ ਡਿੱਗਦਾ ਸੀ,ਹੁਣ ਆਨਾ, ਦੁਆਨੀ ਨਾ ਡਿਗੂ ਤਾਂ ਨੇਤਾਵਾਂ ਦਾ ਕਾਰੋਬਾਰ ਕਿਵੇਂ ਚੱਲੂ? ਨੇਤਾਵਾਂ ਦੀ ਠੱਗੀ-ਠੋਰੀ ਨੂੰ ਹੁਲਾਰਾ ਕਿਵੇਂ ਆਊ?
ਮਹਿੰਗਾਈ ਵਧੂ! ਵਪਾਰ ਘਟੂ! ਲੁੱਟ ਵਧੂ! ਰੁਜ਼ਗਾਰ ਘਟੂ। ਤਾਂ ਸਰਕਾਰ ਨੂੰ ਕੀ? ਕੋਈ ਮਰੇ ਕੋਈ ਜੀਵੇ ਸਰਕਾਰ ਨੂੰ ਕੀ? ਸੁਥਰਾ ਘੋਲ ਪਤਾਸਾ ਪੀਵੇ ਸਰਕਾਰ ਨੂੰ ਕੀ? ਸਰਕਾਰ ਤਾਂ ਭਾਈ ਸਰਕਾਰ ਆ ਜਿਹੜੀ ਜਦੋਂ ਆਂਹਦੀ ਆ, ਚਿੜੀਏ ਮਰ ਜਾ, ਚਿੜੀ ਮਰ ਜਾਂਦੀ ਆ। ਜੇ ਆਂਹਦੀ ਆ ਚਿੜੀਏ ਜੀ ਪੈ ਚਿੜੀ ਜੀਊ ਪੈਂਦੀ ਆ। ਉਂਜ ਭਾਈ ਆਮ ਆਦਮੀ ਤਾਂ ਪਿੱਸਦਾ, ਕਰਿੱਝਦਾ, ਰੋਂਦਾ ਕਲਪਦਾ,ਜੀ.ਐਸ.ਟੀ. ਬਾਰੇ ਇੰਜ ਹੀ ਆਖੂ, “ਦੁੱਧ ਦੀ ਰਾਖੀ ਬਿੱਲਾ ਬਹਾਤਾ ਅੱਜ ਸਰਕਾਰਾਂ ਨੇ, ਕਰਜ਼ੇ ਦੇ ਭਾੜੈ ਤੇ ਆਮ ਬੰਦਾ ਲਾਤਾ ਅੱਜ ਸਰਕਾਰਾਂ ਨੇ“।
ਸੋਚੋ ਯਾਰੋ ਮਾਲੀ ਕਿਉਂ ਮੁਰਝਾਇਆ ਹੈ?
ਖ਼ਬਰ ਹੈ ਕਿ ਮੰਦਸੌਰ (ਮੱਧ ਪ੍ਰਦੇਸ਼) ਗੋਲੀ ਕਾਂਡ ਦੇ ਬਾਅਦ ਸੂਬੇ ਵਿੱਚ 53 ਤੋਂ ਜਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ, ਪਰ ਸੂਬੇ ਦੀ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਵਿਜਾਏ ਗਿਨੀਜ਼ ਬੁੱਕ ਵਿਚ ਨਾਮ ਦਰਜ਼ ਕਰਵਾਉਣ ਦੇ ਚੱਕਰ ਵਿੱਚ 250 ਕਰੋੜ ਰੁਪਏ ਖਰਚ ਚੁੱਕੀ ਹੈ। ਸੂਬੇ ਵਿੱਚ 2ਜੁਲਾਈ ਤੋਂ 6 ਕਰੋੜ ਤੋਂ ਵੀ ਜਿਆਦਾ ਪੌਦੇ ਲਗਾਉਣ ਦਾ ਮਹਾਂਉਤਸਵ ਸਿਰਫ ਪ੍ਰਦੇਸ਼ ਦਾ ਨਾਮ ਗਿਨੀਜ਼ ਬੁੱਕ ਵਿੱਚ ਦਰਜ਼ ਕਰਾਉਣ ਲਈ ਕੀਤਾ। ਇਕ ਪੌਦਾ ਗਿਨੀਜ਼ ਬੁੱਕ ਵਿੱਚ ਲੱਗਿਆ ਦਿਖਾਉਣ ਲਈ 40 ਰੁਪਏ ਪ੍ਰਤੀ ਪੌਦਾ ਖਰਚ ਹੈ, ਇਸ ਹਿਸਾਬ ਨਾਲ ਲਗਪਗ 250 ਕਰੋੜ ਰੁਪਏ ਦਾ ਖਰਚਾ ਆਏਗਾ। ਯਾਦ ਰਹੇ ਕਿ ਮੱਧ ਪ੍ਰਦੇਸ਼ ‘ਚ ਪਿਛਲੇ 12 ਸਾਲਾ ‘ਚ 50 ਕਰੋੜ ਪੌਦੇ ਲਗਾਏ ਦੱਸੇ ਗਏ ਹਨ, ਜਦਕਿ ਅਸਲ ‘ਚ ਉਹ ਪੌਦੇ ਮੌਜੂਦ ਵੀ ਹਨ ਕਿ ਨਹੀਂ, ਇਸਦਾ ਕੋਈ ਹਿਸਾਬ ਨਹੀਂ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਮੁਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੀ ਬਰਾਡਿੰਗ ਅਤੇ ਪ੍ਰਚਾਰ ‘ਚ ਲੱਗੇ ਹੋਏ ਹਨ।
ਕੋਈ ਸੱਪਾਂ ਦੀਆਂ ਸਿਰੀਆ ਮਿੱਧੇ। ਕਣਕ ਉਗਾਵੇ। ਗੰਨਾ ਉਗਾਵੇ। ਦਾਲਾਂ,ਫਲ, ਜੌਂ, ਸਬਜੀਆਂ ਉਗਾਵੇ। ਆਮ ਲੋਕਾਂ ਸਮੇਤ ਨੇਤਾਵਾਂ ਦਾ ਢਿੱਡ ਭਰੇ ਅਤੇ ਆਪ ਕਰਜ਼ੇ ਥੱਲੇ ਦੱਬ, ਮੁੜ ਅਣਿਆਈ ਮੌਤੇ ਧਰਤੀ‘ਚ ਹੀ ਦਫਨ ਹੋ ਜਾਵੇ। ਈਹਦੀ ਚਿੰਤਾ ਕੀਹਨੂੰ? ਨੇਤਾ ਨੂੰ ? ਅਫ਼ਸਰ ਨੂੰ? ਬਾਬੂ ਨੂੰ? ਨੇਤਾ ਦਾ ਦਾਅ ਲੱਗੇ ਤਾਂ ਕਿਸਾਨ ਦੀ ਜ਼ਮੀਨ ਹੜੱਪੇ। ਬਾਬੂ ਅਫ਼ਸਰ ਦਾ ਦਾਅ ਲੱਗੇ ਤਾਂ ਉਸਦੀ ਫਸਲ ‘ਚੋਂ ਹਿੱਸਾ ਮੁੱਛੇ। ਆੜਤੀਏ, ਸ਼ਾਹੂਕਾਰ ਦਾ ਦਾਅ ਲੱਗੇ ਤਾਂ ਕਿਸਾਨ ਦੀ ਜ਼ਮੀਨ ਦਾ ਬਹੀ-ਖਾਤੇ ‘ਚ ਐਸਾ ਗੂਠਾ ਲੁਆਵੇ ਕਿ ਵਿਚਾਰਾ ਰਾਤਾਂ ਨੂੰ ਵੀ ਤਾਰੇ ਗਿਣੇ। ਦਿਨੇ ਵੀ ਤਾਰੇ ਗਿਣੇ। ਤੇ ਫਿਰ ਤਾਰੇ ਗਿਣਦਿਆਂ, ਉਹ ਲਕੜੀ ਵਾਂਗਰ ਸੁਕੂ ਨਾ ਤਾਂ ਕੀ ਸੇਠ ਦੀ ਗੋਗੜ ਵਾਗੂੰ ਵਧੂ, ਫੁਲੂ ਹਰਾ ਹੋਊ? ਸੇਠ ਨੇ ਉਸਦੀ, ਫਸਲ ਠਗਣੀ ਹੈ ਤੇ ਨਾਲ ਹੀ ਕਿਸਾਨ ਦੀ ਗੱਠੜੀ ਬੰਨ ਦੇਣੀ ਆ। ਤਾਂ ਫਿਰ ਮੇਰੇ ਵਰਗੇ ਕਿਸੇ ਕਵੀ ਨੂੰ ਕਹਿਣਾ ਤਾਂ ਪਊ, “ਸੋਚੋ ਯਾਰੋ ਮਾਲੀ ਕਿਉਂ ਮੁਰਝਾਇਆ ਹੈ?
ਬਿ੍ਰਹਾ ਮਾਰੀ ਕੂੰਜ ਵਿਚਾਰੀ ਜੋ ਵਿਲਕੇ
ਖ਼ਬਰ ਹੈ ਕਿ ਕਾਂਗਰਸ ਦੀ ਅਗਵਾਈ ‘ਚ ਰਾਸ਼ਟਰਪਤੀ ਅਹੁਦੇ ਲਈ ਸਾਂਝੀ ਉਮੀਦਵਾਰ ਮੀਰਾ ਕੁਮਾਰ ਨੇ ਚੋਣਾਂ ਨੂੰ ਦਲਿਤ ਬਨਾਮ ਦਲਿਤ ਦਾ ਰੰਗ ਦਿਤੇ ਜਾਣ ਨੂੰ ਸ਼ਰਮਨਾਕ ਦੱਸਿਆ ਹੈ। ਉਹਨਾ ਕਿਹਾ ਕਿ ਜਦੋਂ ਕੋਵਿੰਦ ਅਤੇ ਉਹਨਾ ਨਾਮਜ਼ਦਗੀ ਕਾਗਜ ਭਰੇ ਤਾਂ ਇਹ ਜਾਤੀ ਦਾ ਮਾਮਲਾ ਬਣ ਗਿਆ। ਮੀਰਾ ਕੁਮਾਰ ਨੇ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਦਾ ਚੋਣ ਦਲਿਤ ਬਨਾਮ ਦਲਿਤ ਵਿਚ ਤਬਦੀਲ ਹੋ ਚੁੱਕੀ ਹੈ। ਮੀਰਾ ਕੁਮਾਰ ਨੇ ਕਿਹਾ ਕਿ ਉਹਨਾ ਨੂੰ 17 ਵਿਰੋਧੀ ਪਾਰਟੀਆਂ ਨੇ ਉਮੀਦਵਾਰ ਚੁਣਿਆ ਹੈ।
ਹੌਕੇ, ਹਾਵੇ, ਆਹਾਂ, ਕੂਕਾਂ, ਕਤਲਾਂ, ਲੁੱਟਾਂ, ਬਲਾਤਕਾਰਾਂ, ਭਿ੍ਰਸ਼ਟਾਚਾਰ, ਘੁਟਾਲਿਆਂ, ਉਧਾਲਿਆਂ,ਖੁਦਕੁਸ਼ੀਆਂ ਦੇ ਦੇਸ਼ ਹਿੰਦੋਸਤਾਨ ‘ਚ ਮਾਨਵ-ਜਾਤੀ ਦਾ ਰੰਗ ਵੀ ਵੱਖਰਾ ਹੈ ਅਤੇ ਢੰਗ ਵੀ! ਕਿੱਡਾ ਮਾਣ ਕਰਨ ਵਾਲਾ ਹੈ ਦੇਸ਼ ਹੈ ਆਪਣਾ ਜਿਥੇ ਦਲਿਤ ਦੇ ਹੱਥੋਂ ਹਾਲੀ ਵੀ ਪਾਣੀ ਨਹੀਂ ਪੀਤਾ ਜਾਂਦਾ,ਡਾਬੇ, ਰੈਸਟੋਰੈਂਟ, ਹੋਟਲਾਂ ‘ਚ ਬਣੀ ਸੁਆਦਲੀ ਰੋਟੀ ਤਾਂ ਖਾ ਲਈ ਜਾਂਦੀ ਹੈ। ਕਿੱਡਾ ਮਾਣ ਕਰਨ ਵਾਲਾ ਹੈ ਦੇਸ਼ ਆਪਣਾ, ਜਿਥੇ ਮੰਦਰ ‘ਚ ਦਲਿਤ ਅਤੇ ਨਾਰੀ ਨੂੰ “ਉਚੇ ਦਰਜੇ ਦੇ ਭਗਵਾਨ“ ਅੱਗੇ ਨਮਸਕਾਰ ਕਰਨ ਦੀ ਆਗਿਆ ਨਹੀਂ ਦਿਤੀ ਜਾਂਦੀ। ਤੇ ਆਖਰ ਇਹੋ ਜਿਹੇ ਦੇਸ਼ ‘ਚ ਇੱਕ ਔਰਤ ਹੌਕਾ, ਚੀਕ, ਰੁਦਨ, ਹਾਵਾ, ਬੇਬਸੀ, ਨਾਲ ਆਪਣੇ ਮਨ ਦੀ ਵੇਦਨਾ ਪ੍ਰਗਟ ਕਰੇ ਕਿ ਕਿਹੋ ਜਿਹਾ ਹੈ ਇਹ ਮੁਲਕ ਜਿਥੇ ਦੇਸ਼ ਦੇ ਪਹਿਲੇ ਅਹੁਦੇ ਦੀ ਲੜਾਈ ਵੀ ਦਲਿਤ-ਕਮ-ਦਲਿਤ ਹੈ ਤਾਂ ਉਸ ਮੁਲਕ ਬਾਰੇ ਇਹੋ ਕਹਿਣਾ ਬਣਦਾ ਹੈ, “ਕੋਈ ਮੇਰੇ ਦਰਦਾਂ ਨੂੰ ਪੜ੍ਹਕੇ ਰੋ ਲੈਂਦਾ ਹੈ, ਕੋਈ ਮੇਰੇ ਦਰਦਾਂ ਨਾਲ ਖਫਾ ਹੋ ਕੇ, ਕੋਈ ਮਨਾ ਕੇ ਰੋ ਪੈਂਦਾ ਹੈ, ਕੋਈ ਮੇਰੇ ਦਰਦਾਂ ਨੂੰ ਦੇ ਖੁਸ਼ੀਆਂ, ਕੋਈ ਤੜਫਾਕੇ ਰੋ ਪੈਂਦਾ ਹੈ“। ਤੇ ਬੀਬੀ ਮੀਰਾ “ਬਿ੍ਰਹਾ ਮਾਰੀ ਕੂੰਜ ਵਿਚਾਰੀ ਜੋ ਵਿਲਕੇ“ ਪਰ ਲੱਭੇ ਕੀ, ਇਸ ਭੀੜ ‘ਚ ਤਾਂ ਸੱਭੋ ਕੁਝ ਪਹਿਲਾਂ ਹੀ ਗੁਆਚ ਚੁੱਕਾ ਹੈ।
ਜਿਸ ਵੈਦ ਨੇ ਨਹੀਂ ਦਵਾ ਦੇਣੀ
ਖ਼ਬਰ ਹੈ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਇਕ ਵੇਰ ਫਿਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ। ਇਸ ਵੇਰ ਸਵਾਮੀ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਸਵਾਮੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ‘ਚ ਕੰਮ ਕਰਨ ਵਾਲੇ ਲੋਕ ਸਰਕਾਰ ‘ਚ ਸ਼ਾਮਲ ਹਨ। ਸਵਾਮੀ ਨੇ ਇਸ ਸਬੰਧ ਵਿਚ ਕੇਂਦਰੀ ਮੰਤਰੀ ਜੈਅੰਤ ਸਿਨਹਾ ਦਾ ਨਾਂਅ ਵੀ ਘਸੀਟਿਆ ਹੈ। ਉਹਨਾ ਕਿਹਾ ਕਿ ਸਿਨਹਾ ਮਾਰਗਨ ਸਟੈਕਲੀ ‘ਚ ਕੰਮ ਕਰਦੇ ਹਨ ਅਤੇ ਅਜਿਹੇ ਵਿਅਕਤੀਆਂ ਨੂੰ ਸਰਕਾਰ ਤੋਂ ਦੂਰ ਰਖਣਾ ਚਾਹੀਦਾ ਹੈ। ਸਵਾਮੀ ਨੇ ਕਿਹਾ ਕਿ ਜੀ.ਐਸ.ਟੀ. ਖਤਰਨਾਕ ਸਾਬਤ ਹੋ ਸਕਦਾ ਹੈ। ਸਵਾਮੀ ਨੇ ਇਹ ਵੀ ਕਿਹਾ ਕਿ ਜੇਕਰ ਜੀ.ਐਸ.ਟੀ. ਲਾਗੂ ਕੀਤਾ ਗਿਆ ਤਾਂ ਇਹ ਸਰਕਾਰ ਲਈ ਵਾਟਰਲੂ ਸਾਬਤ ਹੋਵੇਗਾ।
ਮੋਦੀ ਜੀ ਦਾ ਸਵਾਮੀ ਲਈ ਜਵਾਬ ਹੋਵੇਗਾ, “ਨਾ ਬਸ ਮੇਰੇ ਨਾ ਬਸ ਤੇਰੇ“, ਇਹ ਤਾਂ ਬਸ, ਉਪਰਲੇ ਦੇ ਹੱਥ ਬਸ ਹੈ, ਜੋ ਦੇਸ਼ ਨੂੰ ਚਲਾਉਂਦਾ ਹੈ। ਦੇਸ਼ ਦੇ ਲੋਕਾਂ ਨੂੰ ਭੁਖਿਆਂ ਬਘਿਆੜਾਂ, ਟਰੰਪਾਂ, ਸ਼ਰੰਪਾਂ,ਅੱਗੇ ਪਾਉਂਦਾ ਹੈ। ਟਰੰਪ ਆਂਹਦਾ ਆ, ਅਮਰੀਕਾ ਅਮਰੀਕੀਆਂ ਦਾ ਬਾਕੀ ਸੱਭ ਚਲੋ ਬਾਹਰ। ਦੇਸ਼ ਦਾ ਆਕਾ ਆਰ.ਐਸ.ਐਸ ਆਂਹਦਾ ਆ, ਹਿੰਦੋਸਤਾਨ ਹਿੰਦੂਆਂ ਦਾ ਬਾਕੀ ਸਭ ਚਲੋ ਬਾਹਰ। ਜੀ.ਐਸ.ਟੀ., ਨੋਟਬੰਦੀ, ਮੰਤਰੀ-ਸੰਤਰੀ ਸਾਰੇ ਭਾਈ ਕਾਰਪੋਰੇਟੀਆਂ ਦੇ ਤਾਸ਼ ਦੇ ਪੱਤੇ ਆ। ਵੇਖੋ ਨਾ ਫਿਰ ਵੀ ਸਵਾਮੀ ਬਿਨਾਂ ਮੰਗਿਆ ਮੋਦੀ ਨੂੰ ਸਲਾਹਾਂ ਦੇਣ ਤੋਂ ਨਹੀਂ ਹਟਦਾ, ਇਹ ਜਾਣਦਿਆਂ ਹੋਇਆ ਵੀ ਕਿ “ਜਿਸ ਵੈਦ ਨੇ ਨਹੀਂ ਦਵਾ ਦੇਣੀ, ਉਹਨੂੰ ਨਬਜ਼ ਦਿਖਾਉਣ ਦਾ ਕੀ ਫਾਇਦਾ“।
ਨਹੀਂ ਰੀਸਾਂ ਦੇਸ਼ ਮਹਾਨ ਦਿਆਂ
ਪਾਣੀ ਤੋਂ ਬਿਜਲੀ ਪੈਦਾ ਕਰਨ ਵਾਲੀਆਂ ਦੇਸ਼ ਵਿੱਚ 13,363 ਵਿਕਾਸ ਯੋਜਨਾਵਾਂ ਵੱਖੋ-ਵੱਖਰੀਆ ਸਟੇਜਾਂ ਉਤੇ ਅਟਕੀਆਂ ਪਈਆਂ ਹਨ।
ਇੱਕ ਵਿਚਾਰ
ਜਨਸੰਖਿਆ ਵਿੱਚ ਵਾਧਾ ਧਰਤੀ ਦੇ ਭੰਡਾਰਾਂ ਉਤੇ ਭਾਰੀ ਦਬਾਅ ਬਣਾ ਰਿਹਾ ਹੈ। ਲੜਕੀਆਂ ਨੂੰ ਸਿੱਖਿਆ ਦੇਕੇ ਹੀ ਇਸ ਵਾਧੇ ‘ਤੇ ਰੋਕ ਲਗਾਈ ਜਾ ਸਕਦੀ ਹੈ...... ਅਲ ਗੌਰ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.