ਸੰਨ 2008 ਵਿਚ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਚ ਸਾਲਾਨਾ ਸਿੱਖ ਖੇਡਾਂ ਸਨ। ਮੈਂ ਅਤੇ ਰਣਜੀਤ ਖੇੜਾ ਸਿਡਨੀ ਤੋਂ ਫਲਾਈਟ ਅਤੇ ਚਰਨਾਮਤ ਸਿੰਘ ਮੈਲਬੋਰਨ ਤੋਂ ਜਹਾਜ਼ ਰਾਹੀਂ ਪਰਥ ਏਅਰ ਪੋਰਟ ਤੇ ਪਹੁੰਚ ਕੇ ਇਕੱਠੇ ਹੋਏ। ਪਹਿਲੀ ਰਾਤ ਨੂੰ ਆਪਸ ਵਿਚ ਅਗਲੇ ਦਿਨਾ ਦੀਆਂ ਸਲਾਹਾਂ ਕਰ ਰਹੇ ਸੀ। ਮੈਂ ਚਰਨਾਮਤ ਭਾਜੀ ਨੂੰ ਕਿਹਾ ਕਿ ਕਮੈਂਟਰੀ ਦੌਰਾਨ ਤੁਸੀਂ ਅਨਾਊਂਸਮੈਂਟ ਕਰ ਦਿਓ ਕਿ ਅਸੀਂ ਸ. ਬਲਵੰਤ ਸਿੰਘ ਉੱਪਲ ਨੂੰ ਮਿਲਣਾ ਚਾਹੁੰਦੇ ਹਾਂ। ਉਨ੍ਹਾਂ ਪੁੱਛਿਆ ਕਿ ਇਹ ਕੌਣ ਹਨ। ਮੈਂ ਸੰਖੇਪ ਵਿਚ ਦੱਸਿਆ ਕਿ ਇਹ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਕੰਪਿਊਟਰ ਵਿਚ ਪੰਜਾਬੀ ਫੌਂਟ ਬਣਾ ਕੇ ਟਾਈਪ ਕੀਤਾ ਹੈ ਅਤੇ ਫ਼ਲੌਪੀ ਡਿਸਕਾਂ ਰਾਹੀਂ ਹੋਰਨਾਂ ਵਾਸਤੇ ਉਪਲਬਧ ਕਰਵਾਇਆ ਹੈ। ਬਹੁਤ ਹੀ ਵੱਡਾ ਕਾਰਜ ਕੀਤਾ ਹੈ।
ਦੂਸਰੇ ਦਿਨ ਮੈਚ ਸ਼ੁਰੂ ਹੋ ਗਏ। ਪਹਿਲੇ ਹੀ ਮੈਚ ਵਿਚ ਚਰਨਾਮਤ ਸਿੰਘ ਨੇ ਮੈਨੂੰ ਸੰਬੋਧਨ ਕਰ ਕੇ ਅਨਾਊਂਸਮੈਂਟ ਕੀਤੀ ਕਿ ਅਮਨਦੀਪ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਗਰਾਊਂਡ ਦੇ ਲਾਗੇ ਖੜੇ ਸੋਨਾਲੀਕਾ ਟਰੈਕਟਰ ਕੋਲ ਆ ਜਾਵੇ, ਉਸ ਨੂੰ ਇੱਕ ਪਰਵਾਰ ਮਿਲਣਾ ਚਾਹੁੰਦਾ ਹੈ। ਮੈਂ ਉਤਸੁਕ ਹੋ ਕੇ ਤੁਰ ਪਿਆ ਕਿਉਂਕਿ ਮੈਨੂੰ ਕੋਈ ਵੀ ਪਰਵਾਰ ਇਸ ਸੂਬੇ ਵਿਚ ਜਾਣਦਾ ਨਹੀਂ ਸੀ। ਜਦੋਂ ਲਾਗੇ ਪਹੁੰਚਿਆ ਤਾਂ ਮੈਂ ਆਪਣੇ ਮਾਤਾ ਪਿਤਾ ਦੇ ਹਮ ਉਮਰ ਸ਼ਖ਼ਸੀਅਤਾਂ ਨੂੰ ਸੱਤ ਸ਼੍ਰੀ ਅਕਾਲ ਬੁਲਾਈ ਅਤੇ ਉਨ੍ਹਾਂ ਨੇ ਕਿਹਾ ਕਿ ਪੁੰਨੂਮਜਾਰੇ(ਸਾਡਾ ਪਿੰਡ) ਵਾਲਾ ਅਮਰਜੀਤ ਸਾਡਾ ਰਿਸ਼ਤੇਦਾਰੀ ਵਿਚੋਂ ਭਰਾ ਲੱਗਦਾ ਹੈ ਅਤੇ ਉਸ ਨੇ ਫ਼ੋਨ ਕੀਤਾ ਸੀ ਕਿ ਤੂੰ ਆ ਰਿਹਾ ਹੈਂ। ਮੁੱਢਲੀ ਜਾਣ ਪਹਿਚਾਣ ਹੋਈ। ਆਂਟੀ ਜੀ ਨੇ ਕਿਹਾ ਕਿ ਮੇਰਾ ਨਾਮ ਨਵਤੇਜ ਉੱਪਲ ਹੈ ਅਤੇ ਇਹ ਹਨ ਤੇਰੇ ਅੰਕਲ ਬਲਵੰਤ। ਸੁਣਦੇ ਸਾਰ ਹੀ ਮੇਰੇ ਅੰਦਰ ਝੁਣਝੁਣੀ ਪੈਦਾ ਹੋਈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਹ ਸਾਫ਼ਟਵੇਅਰ ਵਾਲੇ ਉੱਪਲ ਅੰਕਲ ਤਾਂ ਨਹੀਂ? ਉਨ੍ਹਾਂ ਨੇ ਹਾਂ ਪੱਖੀ ਸਿਰ ਹਿਲਾ ਦਿੱਤਾ। ਮੈਂ ਦੁਬਾਰਾ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਦੇਖੋ ਰੰਗ ਕਰਤਾਰ ਦੇ, ਲੱਭਣਾ ਸਾਨੂੰ ਚਾਹੀਦਾ ਹੈ ਪਰ ਲੱਭ ਤੁਸੀਂ ਸਾਨੂੰ ਰਹੇ ਹੋ! ਮੈਂ ਚਰਨਾਮਤ ਅਤੇ ਰਣਜੀਤ ਭਾਜੀ ਨੂੰ ਵੀ ਦੱਸਿਆ, ਉਨ੍ਹਾਂ ਦੀ ਵੀ ਖ਼ੁਸ਼ੀ ਦੀ ਹੱਦ ਨਾ ਰਹੀ।
ਸ਼ਾਮ ਨੂੰ ਹੀ ਅੰਕਲ ਆਂਟੀ ਸਾਨੂੰ ਆਪਣੇ ਘਰ ਲੈ ਗਏ। ਕਾਰ ਵਿਚੋਂ ਉੱਤਰਦੇ ਸਾਰ ਹੀ ਜਾਮਣਾ ਦਾ ਦਰਖ਼ਤ ਸੀ। ਪਹਿਲਾਂ ਤਾਂ ਅਸੀਂ ਰੱਜ ਕੇ ਜਾਮਣਾ ਖਾਧੀਆਂ, ਫਿਰ ਅੰਕਲ ਨੇ ਬੈਕ ਯਾਰਡ(ਗਾਰਡਨ) ਵਿਚ ਲੱਗੀ ਬੰਬੀ ਚਲਾ ਦਿੱਤੀ ਅਤੇ ਆਲ਼ੇ-ਦੁਆਲੇ ਲੱਗੇ ਅਨੇਕ ਫਲ ਫਰੂਟ ਦੇਖ ਕੇ ਮਹਿਸੂਸ ਕੀਤਾ ਕਿ ਇਹ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਹਨ। ਫਿਰ ਸ਼ੁਰੂ ਹੋਈ ਸਾਫ਼ਟਵੇਅਰ ਦੀ ਗੱਲ।
“1986 ਜਾਂ 87 ਦੀ ਗੱਲ ਹੈ ਕਿ ਮਨ ਵਿਚ ਵਿਚਾਰ ਆਇਆ ਕਿ ਅੰਗਰੇਜ਼ੀ ਭਾਸ਼ਾ ਵਾਂਗ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੰਪਿਊਟਰ ਦੇ ਨਵੀਨ ਮਾਧਿਅਮ ਵਿਚ ਅੰਕਿਤ ਕੀਤਾ ਜਾਵੇ। ਇਸ ਕਾਰਜ ਨੂੰ ਪੂਰਾ ਕਰਨ ਲਈ ਪਹਿਲਾਂ ਕੰਪਿਊਟਰ ਭਾਸ਼ਾ ਡੌਸ(DOS), ਅਸੈਂਬਲੀ, ਬੇਸਿਕ, ਟਰਬੋ-ਬੇਸਿਕ ਅਤੇ ਸੀ ਭਾਸ਼ਾ ਸਿੱਖੀ। ਹਾਲਾਂਕਿ ਕੁੱਝ ਪੰਜਾਬੀ ਦੇ ਫੌਂਟ ਛਾਪਣ ਲਈ ਉਪਲਬਧ ਸਨ ਪਰ ਇਸ ਕਾਰਜ ਵਾਸਤੇ ਸਕਰੀਨ ਫੌਂਟ ਦੀ ਜ਼ਰੂਰਤ ਸੀ। ਇਸ ਕਰ ਕੇ ਪਹਿਲਾਂ ਕੰਮ ਫੌਂਟ ਬਣਾਉਣਾ ਅਤੇ ਉਸ ਉਪਰੰਤ ਪੰਜਾਬੀ ਦਾ ਐਡੀਟਰ ਬਣਾਉਣਾ ਸੀ। ਫੌਂਟ ਵਿਚ ਲਾਗਾ-ਮਾਤਰਾ ਨੂੰ ਦਿਖਾਉਣ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਅੰਗਰੇਜ਼ੀ ਵਿਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਜਦੋਂ ਅੱਖਰ ਟਾਈਪ ਕਰ ਕੇ ਉਸ ਨਾਲ ਮਾਤਰਾ ਟਾਈਪ ਹੁੰਦੀ ਸੀ ਤਾਂ ਪਹਿਲਾ ਅੱਖਰ ਮਿਟ ਜਾਂਦਾ ਸੀ। ਇਸ ਸਮੱਸਿਆ ਦਾ ਹੱਲ ਅਸੈਂਬਲੀ ਭਾਸ਼ਾ ਦੀ ਪ੍ਰੋਗਰਾਮਿੰਗ ਨਾਲ ਹੋਇਆ ਜਿਸ ਵਿਚ ਇੱਕ ਫੰਕਸ਼ਨ ਐਕਸ.ੳ.ਆਰ(XOR) ਹੁੰਦਾ ਹੈ। ਇਹ ਭਾਸ਼ਾ ਬਹੁਤ ਹੀ ਔਖੀ ਹੈ ਪਰ ਇਸ ਵਿਚ ਵਿਸ਼ਾਲਤਾ ਬਹੁਤ ਹੈ। ਹੁਣ ਇਸ ਦੀ ਵਰਤੋਂ ਕਰ ਕੇ ਫੌਂਟ ਅਤੇ ਐਡੀਟਰ ਦੋਵੇਂ ਤਿਆਰ ਹੋ ਚੁੱਕੇ ਸਨ। ਫਿਰ ਅੱਖਰਾਂ ਦੇ ਅਰਥ ਲੱਭਣ ਲਈ ਸਰਚ ਦਾ ਇੰਜਨ ਬਣਾਇਆ ਗਿਆ। ਇਸ ਤੋਂ ਉਪਰੰਤ ਇਸ ਸਾਰੇ ਤਾਣੇ-ਬਾਣੇ ਨੂੰ ਟਰਬੋ-ਬੇਸਿਕ(Turbo Basic) ਵਿਚ ਕੰਮਪਾਈਲ ਕਰ ਕੇ ਇੱਕ ਐਕਸੀ(.exe) ਫਾਈਲ ਬਣਾਈ ਗਈ ਜਿਸ ਨੂੰ ਕਿਸੇ ਵੀ ਕੰਪਿਊਟਰ ਉੱਤੇ ਚਲਾਇਆ ਜਾ ਸਕਦਾ ਸੀ। ਸਾਰੇ ਕਾਰਜ ਲਈ ਤਕਰੀਬਨ ਅੱਠ ਸਾਲ ਲੱਗੇ।”
“ਇਸ ਉਪਰੰਤ ਅਸੀਂ ਦੋਨਾਂ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟਾਈਪਿੰਗ ਦਾ ਕੰਮ ਆਰੰਭ ਕੀਤਾ। ਕੁੱਝ ਹੋਰ ਗੁਰਮੁਖਾਂ ਨੇ ਟਾਈਪਿੰਗ ਵਿਚ ਮਦਦ ਕੀਤੀ। ਘਰ ਦੇ ਇੱਕ ਕਮਰੇ ਵਿਚ ਗੁਰੂ ਸਾਹਿਬ ਅਤੇ ਲੈਪਟਾਪ ਰੱਖ ਦਿੱਤੇ ਗਏ। ਜਿਸ ਦਾ ਵੀ ਸਮਾ ਲੱਗਦਾ, ਆ ਕੇ ਟਾਈਪ ਕਰਦਾ।”
ਨਵਤੇਜ ਜੀ ਨੇ ਦੱਸਿਆ ਕਿ ਛੇ ਮਹੀਨੇ ਵਾਸਤੇ ਉਹ ਘਰ ਤੋਂ ਬਾਹਰ ਨਹੀਂ ਗਏ। ਨਵਾਂ ਸਾਧਨ ਹੋਣ ਕਰ ਕੇ ਗ਼ਲਤੀਆਂ ਬਹੁਤ ਹੋ ਜਾਂਦੀਆਂ ਸਨ ਅਤੇ ਉਹ ਹਰ ਪੰਕਤੀ ਦੇ ਅੱਖਰ ਅਤੇ ਮਾਤਰਾਵਾਂ ਗਿਣ ਕੇ ਫਿਰ ਟਾਈਪ ਹੋਈ ਪੰਕਤੀ ਨਾਲ ਮੇਲਦੇ। ਇਸ ਤਰਾਂ ਸਖ਼ਤ ਮਿਹਨਤ ਤੋਂ ਬਾਅਦ ਸਾਰਾ ਖਰੜਾ 1.44mb ਦੀਆਂ ਚਾਰ ਫ਼ਲੌਪੀ ਡਿਸਕਾਂ ਵਿਚ ਪਾਇਆ ਗਿਆ।
ਬਲਵੰਤ ਸਿੰਘ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਬੜਾ ਮਾਨ ਮਹਿਸੂਸ ਹੋ ਰਿਹਾ ਸੀ ਪਰ ਮਨ ਵਿਚ ਇੱਕ ਡਰ ਵੀ ਸੀ ਕਿ ਸਿੱਖ ਜਗਤ ਇਸ ਕਾਰਜ ਪ੍ਰਤੀ ਕੀ ਰਵੱਈਆ ਅਪਣਾਉਂਦਾ ਹੈ। ਹੋ ਸਕਦਾ ਹੈ ਕਿ ਕੁੱਝ ਸੰਪਰਦਾਵਾਂ ਇਸ ਨੂੰ ਬਾਣੀ ਦੀ ਬੇਅਦਬੀ ਨਾ ਕਰਾਰ ਦੇ ਦੇਣ। ਕੁੱਝ ਸਲਾਹ ਮਸ਼ਵਰਿਆਂ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਸੰਪਰਕ ਕੀਤਾ ਜਾਵੇ। ਉਹ ਜਹਾਜ਼ ਫੜ ਕੇ ਅੰਮ੍ਰਿਤਸਰ ਪਹੁੰਚੇ। ਉਸ ਸਮੇਂ ਟੌਹੜਾ ਸਾਹਿਬ ਪ੍ਰਧਾਨ ਸਨ ਅਤੇ ਆਪਣੇ ਘਰ ਗਏ ਹੋਏ ਸਨ। ਪਹਿਲੀ ਮਿਲਣੀ ਉਨ੍ਹਾਂ ਦੇ ਘਰ ਹੀ ਹੋਈ। ਉਨ੍ਹਾਂ ਦਾ ਘਰ ਅਤੇ ਰਹਿਣੀ ਸਹਿਣੀ ਬੜੀ ਸਾਦਾ ਸੀ ਪਰ ਟੌਹੜਾ ਸਾਹਿਬ ਨੇ ਕਾਰ ਅਤੇ ਡਰਾਈਵਰ ਦੇ ਕੇ ਬਲਵੰਤ ਸਿੰਘ ਜੀ ਨੂੰ ਪ੍ਰੋਫੈਸਰ ਮਨਜੀਤ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਭੇਜਿਆ। ਪ੍ਰੋ ਮਨਜੀਤ ਸਿੰਘ ਨੇ ਸਾਰਾ ਕੁੱਝ ਦੇਖਿਆ ਪਰਖਿਆ ਅਤੇ ਕਿਹਾ ਕਿ ਉਹ ਟੌਹੜਾ ਸਾਹਿਬ ਨਾਲ ਸਲਾਹ ਕਰ ਕੇ ਅਗਲੀ ਕਾਰਵਾਈ ਦੱਸਣਗੇ। ਅਗਲੇ ਹੀ ਦਿਨ ਸ. ਬਲਵੰਤ ਸਿੰਘ ਜੀ ਨੂੰ ਸੁਨੇਹਾ ਆਇਆ ਕਿ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰਣਾਲੀ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਉਨ੍ਹਾਂ ਦੇ ਇਸ ਉੱਦਮ ਨੂੰ ਮਨਜ਼ੂਰੀ ਅਤੇ ਉਪਰੰਤ ਸਰੋਪੇ ਨਾਲ ਸਨਮਾਨਿਆ ਜਾਵੇਗਾ। ਇਹ ਗੱਲ ਸੰਨ 1993 ਦੀ ਹੈ।
ਇਸ ਉੱਦਮ ਨੂੰ ਬਹੁਤ ਸਲਾਹਿਆ ਗਿਆ। ਦੇਸ਼ ਵਿਦੇਸ਼ ਤੋਂ ਇਹਨਾਂ ਡਿਸਕਾਂ ਦੀ ਮੰਗ ਆਉਂਦੀ ਸੀ। ਸ. ਬਲਵੰਤ ਸਿੰਘ ਜੀ ਦੱਸਦੇ ਹਨ ਕਿ ਇੱਕ ਵਾਰੀ ਉਹ ਟੋਰਾਂਟੋ ਗੁਰੂ ਘਰ ਵਿਚ ਪੇਸ਼ਕਾਰੀ ਕਰ ਕੇ ਕਾਰ ਪਾਰਕ ਵਿਚ ਜਾ ਰਹੇ ਸਨ ਤਾਂ ਇੱਕ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ। ਉਸ ਨੇ ਕਿਹਾ;
“ਤੁਸੀਂ ਤਾਂ ਬਾਣੀ ਦੀ ਬੇਅਦਬੀ ਕਰ ਰਹੇ ਹੋ”
“ਉਹ ਕਿਵੇਂ?”
“ਤੁਸੀਂ ਬਾਣੀ ਨੂੰ ਡਿਸਕਾਂ ਵਿਚ ਪਾ ਦਿੱਤਾ, ਪ੍ਰਕਾਸ਼ ਕਿਸ ਤਰਾਂ ਕਰਨਾ ਹੈ, ਸੰਤੋਖਣਾ ਕਿਵੇਂ ਹੈ? ਰਹਿਤ ਮਰਿਆਦਾ ਕੀ ਹੈ? ਸੁੱਚਮ ਦਾ ਕਿਵੇਂ ਖਿਆਲ ਰੱਖਿਆ ਜਾਵੇਗਾ?” ਇੱਕ ਹੀ ਸਾਹ ਵਿਚ ਉਸ ਨੇ ਕਈ ਸਵਾਲ ਦਾਗ਼ ਦਿੱਤੇ।
“ਦੇਖੋ ਸਿੰਘ ਸਾਹਿਬ, ਡਿਸਕ ਵਿਚ ਬਾਣੀ ਬਹੁਤ ਹੀ ਸੂਖਮ ਰੂਪ ਵਿਚ ਹੈ, ਜਿਵੇਂ ਇਲੈਕਟਰੌਨ ਪੱਧਰ ਤੇ, ਜੇ ਇਸ ਨੂੰ ਦ੍ਰਿਸ਼ਟਮਾਨ ਕਰਨਾ ਹੈ ਤਾਂ ਕੰਪਿਊਟਰ ਚਾਲੂ ਕਰ ਕੇ ਫਿਰ ਸਕਰੀਨ ਉੱਤੇ ਇਹ ਇਲੈਕਟਰੌਨ ਅੱਖਰ ਬਣ ਕੇ ਬਾਣੀ ਦਾ ਪ੍ਰਕਾਸ਼ ਕਰਨਗੇ। ਇਸ ਨਾਲ ਬਾਣੀ ਦਾ ਪਾਸਾਰ ਬਹੁਤ ਜ਼ਿਆਦਾ ਹੋਵੇਗਾ ਅਤੇ ਸੁੱਚਮ, ਸ਼ਰਧਾ ਦੇ ਵੀ ਸਾਧਨ ਬਣ ਜਾਣਗੇ”। ਮੇਰੀ ਕੋਸ਼ਿਸ਼ ਸੀ ਠਰਮੇ ਨਾਲ ਉਸ ਨੂੰ ਜਵਾਬ ਦਿੱਤਾ ਜਾਵੇ।
ਉਹ ਸਿੰਘ “ਮੈਂ ਨਾ ਮਾਨੋ” ਵਾਲੀ ਜ਼ਿੱਦ ਕਰ ਰਿਹਾ ਸੀ ਅਤੇ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਮੈਂ ਵੀ ਥੋੜ੍ਹੀ ਤਲਖ਼ੀ ਵਿਚ ਆ ਗਿਆ।
“ਮੇਰਾ ਤਾਂ ਤੂੰ ਪੁੱਛ ਲਿਆ ਪਰ ਪਹਿਲਾਂ ਇਹ ਦੱਸ ਕਿ ਤੂੰ ਗੁਰਬਾਣੀ ਦੇ ਕਿਤਨਾ ਕੁ ਨੇੜੇ ਏ?”
“ਮੈਨੂੰ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਮੂੰਹ ਜ਼ੁਬਾਨੀ ਆਉਂਦੀਆਂ” ਉਸ ਨੇ ਵੀ ਤਲਖ਼ੀ ਵਿਚ ਕਿਹਾ।
“ਅੱਛਾ, ਲੈ ਜਵਾਬ ਤੂੰ ਆਪ ਹੀ ਦੇ ਦਿੱਤਾ। ਹੁਣ ਤੂੰ ਮੈਨੂੰ ਇਹ ਦੱਸ ਕਿ ਜਦੋਂ ਤੂੰ ਟਾਇਲਟ ਜਾਨਾਂ, ਉਦੋਂ ਪੰਜ ਪਉੜੀਆਂ ਕਿੱਥੇ ਰੱਖਦਾ? ਉਦੋਂ ਨੀ ਬੇਅਦਬੀ ਹੁੰਦੀ? ਤੇਰੇ ਦਿਮਾਗ਼ ਵਿਚ ਵੀ ਤਾਂ ਨਿਉਰੋਨ ਇਲੈਕਟਰੌਨ ਪੱਧਰ ਤੇ ਚੱਲਦੇ ਹਨ।”
ਸਾਡੇ ਸੁਰ ਉੱਚੀ ਹੋ ਗਏ ਸਨ ਅਤੇ ਸਿੰਘ ਦੇ ਕੁੱਝ ਸਾਥੀ ਵੀ ਏਨੇ ਨੂੰ ਆ ਗਏ ਸੀ। ਇਹ ਦੇਖ ਕੇ ਮੈਂ ਨੇ ਆਪਣੇ ਸਾਥੀ ਨੂੰ ਸਮਾਨ ਫੜਾ ਕੇ ਕਾਰ ਵਿਚ ਰੱਖਣ ਨੂੰ ਕਿਹਾ ਅਤੇ ਉਸ ਸਿੰਘ ਵੱਲ ਨੂੰ ਥੋੜ੍ਹਾ ਤੜ ਕੇ ਬੋਲਿਆ;
“ਦੇਖ ਸਿੰਘਾ, ਬਹੁਤ ਹੋ ਗਿਆ। ਇਸ ਤਰਾਂ ਕੋਈ ਫ਼ੈਸਲਾ ਨਹੀਂ ਹੁੰਦਾ ਦਿਸਦਾ। ਹੁਣ ਐਦਾਂ ਕਰਦੇ ਆਂ ਕਿ ਆਪਾਂ ਦੋਵੇਂ ਇੱਥੇ ਹੀ ਘਸੁੰਨ-ਮੁੱਕੀ ਤੇ ਗੁੱਥਮਗੁੱਥਾ ਹੋ ਲੈ ਨੇ ਆ। ਜਿਹੜਾ ਢਹਿ ਗਿਆ, ਉਹ ਗ਼ਲਤ ਦੂਜਾ ਸਹੀ।”
ਇਹ ਸੁਣ ਕੇ ਸਿੰਘ ਦੇ ਸਾਥੀਆਂ ਨੇ ਮੈਨੂੰ ਨਿਮਰਤਾ ਨਾਲ ਠੰਢੇ ਕਰਦੇ ਹੋਏ ਕਿਹਾ, “ਸ਼੍ਰੀ ਮਾਨ ਜੀ, ਤੁਸੀਂ ਆਪਣਾ ਵਕਤ ਖ਼ਰਾਬ ਨਾ ਕਰੋ, ਤੁਸੀਂ ਬਹੁਤ ਮਹਾਨ ਕਾਰਜ ਕੀਤਾ ਹੈ। ਇਸ ਦੀ ਤਾਂ ਆਦਤ ਹੀ ਪੈ ਚੁੱਕੀ ਹੈ ਕਿ ਕੋਈ ਵੀ ਗੁਰੂ ਘਰ ਆਵੇ, ਉਸ ਦੇ ਗਲ ਇਸ ਨੇ ਪੈਣਾ ਹੀ ਹੁੰਦਾ ਹੈ” ਅਤੇ ਉਹ ਬਾਂਹ ਫੜ ਕੇ ਆਪਣੇ ਸਾਥੀ ਨੂੰ ਉਸ ਦੀ ਕਾਰ ਤੱਕ ਛੱਡ ਆਏ।
ਸ ਬਲਵੰਤ ਸਿੰਘ ਜੀ ਜ਼ਿਲ੍ਹਾ ਜਲੰਧਰ ਵਿਚ ਪਿੰਡ ਗੱਦੋਵਾਲੀ ਦੇ ਰਹਿਣ ਵਾਲੇ ਹਨ। ਪੱਛਮੀ ਆਸਟ੍ਰੇਲੀਆ ਵਿਚ 1978 ਵਿਚ ਆਪ ਜੀ ਨੇ ਬਤੌਰ ਇਲੈਕਟ੍ਰੀਕਲ ਇੰਜੀਨੀਅਰ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ ਅਤੇ ਸੂਬੇ ਦੇ ਅਸਿਸਟੈਂਟ ਚੀਫ਼ ਇੰਜੀਨੀਅਰ ਵਜੋਂ ਰਿਟਾਇਰ ਹੋਏ। ਆਪਣੇ ਸੁਫਨੇ ਨੂੰ ਸੱਚ ਕਰਨ ਲਈ ਹੁਣ ਉਹ ਆਪਣੇ ਜੱਦੀ ਪਿੰਡ ਦੇ ਲਾਗੇ ਤਕਰੀਬਨ 900 ਬੱਚਿਆਂ ਲਈ ਸਕੂਲ ਸਥਾਪਿਤ ਕਰ ਕੇ ਉਸ ਨੂੰ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਸਕੂਲ ਵਿਚ ਤਕਰੀਬਨ 35 ਅਧਿਆਪਕ ਹਨ ਅਤੇ ਸੋਲ੍ਹਾਂ ਬੱਸਾਂ 33 ਪਿੰਡਾਂ ਤੋਂ ਬੱਚੇ ਲੈ ਕੇ ਆਉਂਦੀਆਂ ਹਨ। ਆਪਣੀ ਸਾਰੀ ਪੂੰਜੀ ਇਸ ਸਕੂਲ ਵਿਚ ਲਗਾ ਦਿੱਤੀ ਹੈ। ਕਈ ਵਾਰੀ ਤਾਂ ਆਪਣੀ ਪੈਨਸ਼ਨ ਵੀ ਖ਼ਰਚ ਕਰਨੀ ਪੈਂਦੀ ਹੈ। ਉਨ੍ਹਾਂ ਦੀ ਇੱਛਾ ਹੈ ਕਿ ਇਸ ਸਕੂਲ ਦੇ ਨਾਲ ਕਾਲਜ ਵੀ ਬਣਾ ਦਿੱਤਾ ਜਾਵੇ।
-
ਅਮਨਦੀਪ ਸਿੰਘ ਸਿੱਧੂ,
harmanradio@gmail.com
+61431197305
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.