ਸੋਸ਼ਲ ਮੀਡੀਆ ਉਪਰ ਅੱਜ ਕਲ ਵੱਖ-ਵੱਖ ਤਰ੍ਹਾਂ ਦੇ ਬਹਿਸ-ਮੁਬਾਹਸੇ ਹੋ ਰਹੇ ਹਨ।ਫ਼ੇਸਬੁੱਕ, ਟਵਿੱਟਰ, ਵਟਸਐਪ, ਬਲਾਗ ਆਦਿ ਉਪਰ ਵੱਡੀਆਂ ਵੱਡੀਆਂ ਬਹਿਸਾਂ ਚੱਲ ਰਹੀਆਂ ਹਨ।ਹਰ ਕੋਈ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ।ਕੋਈ ਮੋਜੂਦਾ ਸਿਸਟਮ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਰਿਹਾ ਹੈ ਅਤੇ ਕੋਈ ਇਸ ਦੇ ਖ਼ਿਲਾਫ਼ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ।ਚਲੋ ਖ਼ੈਰ, ਇਹ ਇਕ ਵੱਖਰਾ ਵਿਸ਼ਾ ਹੈ।ਪਰ, ਅਹਿਮ ਗੱਲ ਇਹ ਹੈ ਕਿ ਇਸ ਬਹਿਸ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ, ਵਿਸ਼ੇਸ਼ ਤੋਰ ਤੇ ਨੋਜਵਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਹੀ ਨਹੀਂ ਬਣਵਾਈ।ਜੇ ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀ ਵੋਟ ਬਣਵਾ ਲਈ ਤਾਂ ਅੱਗੋਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਟਾਇਮ ਹੀ ਨਹੀਂ ਲੱਗਦਾ ਜਾਂ ਫਿਰ ਕਹਿਣਗੇ ਕਿ ਸਾਡੀ ਇਕ ਵੋਟ ਨਾਲ ਕਿਹੜਾ ਕੋਈ ਫਰਕ ਪੈ ਜਾਵੇਗਾ ਜਾਂ ਫਿਰ ਇਹ ਸੋਚਦੇ ਹਨ ਕਿ ਵੋਟ ਪਾਉਣ ਲਈ ਉਨ੍ਹਾਂ ਨੂੰ ਕਾਫ਼ੀ ਦੇਰ ਤਕ ਲਾਇਨ ਵਿਚ ਖੜ੍ਹਾ ਹੋਣਾ ਪਵੇਗਾ ਅਤੇ ਅਨੁਸ਼ਾਸਨ ਦੀ ਪਾਲਣਾ ਕਰਨੀ ਹੋਵੇਗੀ।ਅਜਿਹੇ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਸਿਰਫ਼ ਇਕ ਵੋਟ ਕਾਰਨ ਬਣਦੀ-ਬਣਦੀ ਰਹਿ ਗਈ ਸੀ।
ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ।ਜਿਸ ਤਰ੍ਹਾਂ ਸੜਕ ਉਤੇ ਵਾਹਨ ਚਲਾਉਣ ਲਈ ਡਰਾਇਵਿੰਗ ਲਾਇੰਸਸ ਦੀ ਲੋੜ ਹੁੰਦੀ ਹੈ ਅਤੇ ਡਰਾਇਵਿੰਗ ਲਾਇਸੰਸ ਬਣਵਾਉਣ ਲਈ ਘਟੋ ਘੱਟ ਉਮਰ 18 ਸਾਲ ਨਿਰਧਾਰਤ ਹੈ।ਇਸੇ ਤਰ੍ਹਾਂ ਦੇਸ਼ ਵੀ ਇਕ ਵਾਹਨ ਵਾਂਗ ਹੈ।ਇਸ ਨੂੰ ਚਲਾਉਣ ਲਈ ਵੀ ਸਾਨੂੰ ਵੋਟ ਪਾਉਣੀ ਪਵੇਗੀ।18 ਸਾਲ ਦੀ ਉਮਰ ਹੋਣ ਤੇ ਦੇਸ਼ ਦੇ ਹਰ ਨਾਗਰਿਕ ਨੂੰ ਸਾਡਾ ਸੰਵਿਧਾਨ ਵੋਟ ਬਣਾਉਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ।ਵੋਟ ਬਣਾਉਣ ਲਈ ਯੋਗਤਾ ਉਮਰ ਪਹਿਲਾਂ 20 ਸਾਲ ਹੁੰਦੀ ਸੀ ਪਰ 28 ਮਾਰਚ, 1989 ਨੂੰ ਇਕ ਸੋਧ ਰਾਹੀਂ ਵੋਟ ਬਣਾਉਣ ਦੀ ਉਮਰ ਹੱਦ 18 ਸਾਲ ਕਰ ਦਿੱਤੀ ਗਈ।ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਡਰਾਇਵਿੰਗ ਲਾਇਸੰਸ ਬਣਵਾਉਣ ਨੂੰ ਅਸੀ ਤਰਜੀਹ ਦਿੰਦੇ ਹਾਂ ਤਾਂ ਵੋਟ ਬਣਵਾਉਣਾ ਵੀ ਸਾਡਾ ਸੰਵਿਧਾਨਕ ਫ਼ਰਜ਼ ਹੈ।ਕੋਈ ਵੀ ਵੋਟਰ ਦੇਸ਼ ਵਿਚ ਸਿਰਫ਼ ਇਕ ਜਗ੍ਹਾ ਹੀ ਵੋਟ ਬਣਵਾ ਸਕਦਾ ਹੈ।
ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਰਾਹੀਂ ਸਰਕਾਰ ਚਲਾਉਣ ਲਈ ਆਪਣੇ ਨੁਮਾਇੰਦੇ ਚੁਣਨ ਦੇ ਅਧਿਕਾਰ ਨੂੰ ਵੋਟ ਦਾ ਅਧਿਕਾਰ ਕਹਿੰਦੇ ਹਨ।ਭਾਰਤੀ ਸੰਵਿਧਾਨ ਦੀ ਧਾਰਾ 325 ਅਤੇ 326 ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗ਼ਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੈ।ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਵਰਗ, ਫ਼ਿਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ 13 ਫ਼ੀਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ।ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਿਕ ਅਤੇ ਆਰਥਿਕ ਸਥਿਤੀ ਵਾਲੇ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ।ਪਰ ਆਜ਼ਾਦੀ ਮਗਰੋਂ ਡਾ. ਬੀ. ਆਰ. ਅੰਬੇਦਕਰ ਦੀ ਅਣਥੱਕ ਮਿਹਨਤ ਸਦਕਾ 26 ਜਨਵਰੀ, 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ।
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਬਣਾਉਣ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਦੇਸ਼ ਭਰ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ।ਆਮ ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸਾਲ 25 ਜਨਵਰੀ ਨੂੰ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤਕ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ।ਇਸ ਦਿਨ ਸਕੂਲਾਂ/ਕਾਲਜਾਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ 25 ਜਨਵਰੀ, 1950 ਨੂੰ ਹੀ ਭਾਰਤੀ ਚੋਣ ਕਮਿਸ਼ਨ ਦਾ ਗਠਨ ਹੋਇਆ ਸੀ।ਇਹ ਵੀ ਇਕ ਕੋੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ 18ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਇਵਿੰਗ ਲਾਇਸੰਸ ਜਾਂ ਪਾਸਪੋਰਟ ਬਣਵਾਉਣ ਲਈ ਹਰ ਕੋਈ 18 ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ।ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਹੈ ਕਿ ਅਸੀ ਆਪਣਾ ਨਾਮ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ ਨਾ ਕਿ ਲੋੜ ਪੈਣ ਤੇ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਆਪਣਾ ਨਾਮ ਆਪਣੇ ਸਬੰਧਤ ਬੂਥ ਦੀ ਵੋਟਰ ਲਿਸਟ ਵਿਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੋਈ ਵੀ ਵਿਅਕਤੀ ਵੋਟ ਨਹੀਂ ਪਾ ਸਕਦਾ।
ਭਾਰਤੀ ਚੋਣ ਕਮਿਸ਼ਨ ਵੱਲੋਂ ਮਿਤੀ 01.01.2017 ਨੂੰ ਆਧਾਰ ਬਣਾ ਕੇ ਫ਼ੋਟੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ ਦਾ ਕੰਮ ਮਿਤੀ 01 ਜੁਲਾਈ, 2017 ਤੋੋਂ ਸ਼ੁਰੂ ਹੋ ਚੁੱਕਾ ਹੈ ਜੋ 31 ਜੁਲਾਈ, 2017 ਤੱਕ ਚੱਲੇਗਾ। ਭਾਰਤੀ ਚੋੋਣ ਕਮਿਸ਼ਨ ਵੱਲੋੋਂ ਇਸ ਵਾਰ ਪਹਿਲੀ ਵਾਰ ERO NET ਰਾਹੀਂ ਵੋੋਟਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਇਸ ਤਹਿਤ ਕੋੋਈ ਵੀ ਯੋਗ ਬਿਨੈਕਾਰ NVSP ਅਤੇ CSCs ਰਾਹੀਂ ਆਨਲਾਇਨ ਫਾਰਮ ਨੰਬਰ 6 ਭਰ ਸਕਦਾ ਹੈ।ਇਸ ਵਿਸ਼ੇਸ਼ ਮੁਹਿੰਮ ਦੋਰਾਨ ਨਵੀਂ ਵੋਟ ਬਣਵਾਉਣ ਲਈ 6 ਨੰਬਰ ਫ਼ਾਰਮ, ਮਰ ਚੁੱਕੇ ਜਾਂ ਸਿਫ਼ਟ ਹੋ ਚੁੱਕੇ ਵੋਟਰਾਂ ਲਈ 7 ਨੰਬਰ ਫ਼ਾਰਮ, ਵੋਟਰ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ (ਜਿਵੇਂ ਨਾਮ, ਫ਼ੋਟੋ, ਜਨਮ ਤਰੀਕ ਜਾਂ ਪਤਾ ਆਦਿ) ਲਈ 8 ਨੰਬਰ ਫ਼ਾਰਮ, ਵਿਧਾਨ ਸਭਾ ਹਲਕੇ ਵਿਚ ਹੀ ਇਕ ਜਗ੍ਹਾ ਤੋਂ ਦੂਜ਼ੀ ਜਗ੍ਹਾ ਰਿਹਾਇਸ਼ ਸਿਫ਼ਟ ਕਰਨ ਲਈ 8ਏ ਫ਼ਾਰਮ ਸਬੰਧਤ ਬੀ.ਐਲ.ਓ. ਰਾਹੀਂ ਭਰੇ ਜਾਣਗੇ।ਫ਼ਾਰਮ ਨੰਬਰ 6 ਭਰਨ ਲਈ ਜਨਮ ਮਿਤੀ ਦਾ ਸਰਟੀਫਿਕੇਟ ਅਤੇ ਰਿਹਾਇਸ਼ ਦਾ ਪਰੂਫ ਹੋਣਾ ਲਾਜ਼ਮੀ ਹੈ।ਫ਼ਾਰਮ ਨੰਬਰ 6 ਸਿਰਫ਼ ਉਹੀ ਵਿਅਕਤੀ ਭਰ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਵਾਲੇ ਸਾਲ ਦੀ 1 ਜਨਵਰੀ ਨੂੰ ਉਸ ਦੀ ਉਮਰ 18 ਸਾਲ ਹੋ ਚੁੱਕੀ ਹੋਵੇ।ਇਸ ਤੋਂ ਇਲਾਵਾ ਬਿਨੈਕਾਰ ਉਸ ਵਿਧਾਨ ਸਭਾ ਹਲਕੇ ਦਾ ਨਾਗਰਿਕ ਹੋਵੇ ਜਿਥੇ ਉਹ ਆਪਣੀ ਵੋਟ ਬਣਵਾਉਣੀ ਚਾਹੁੰਦਾ ਹੈ।09 ਜੁਲਾਈ, 2017 ਅਤੇ 23 ਜੁਲਾਈ, 2017 (ਐਤਵਾਰ) ਨੂੰ ਬੀ.ਐਲ.ਓਜ਼ ਆਪਣੇ-ਆਪਣੇ ਬੂਥ ਉਪਰ ਬੈਠ ਕੇ ਬੂਥ ਲੈਵਲ ਏਜੰਟਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।ਜਿਹੜੇ ਲੋਕਾਂ ਨੇ ਅਜੇ ਤੱਕ ਵੋਟ ਨਹੀਂ ਬਣਵਾਈ, ਵਿਸ਼ੇਸ਼ ਤੋਰ ਤੇ 18-19 ਸਾਲ ਉਮਰ ਵਰਗ ਦੇ ਨੋਜਵਾਨ, ਇਸ ਸਮਰੀ ਰਵੀਜ਼ਨ ਦੋਰਾਨ ਆਪਣੀ ਵੋਟ ਜ਼ਰੂਰ ਬਣਵਾਉਣ।
ਮਨਪ੍ਰੀਤ ਸਿੰਘ
ਅਰਬਨ ਅਸਟੇਟ, ਫੇਜ਼-2, ਪਟਿਆਲਾ
9855093424
-
ਮਨਪ੍ਰੀਤ ਸਿੰਘ, ਲੇਖਕ
gobindgopal1401@gmail.com
9855093424
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.