ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨ.ਡੀ.ਏ. ਵਲੋਂ ਬਿਹਾਰ ਦੇ ਗਵਰਨਰ ਰਾਮਨਾਥ ਕੋਬਿੰਦ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਅਤੇ ਸਭ ਨੂੰ ਇਕ ਵੇਰ ਫਿਰ ਚੌਂਕਾ ਦਿੱਤਾ ਹੈ। ਇਸ ਫੈਸਲੇ ਨਾਲ ਉਤਰਪ੍ਰਦੇਸ਼ ਤੋਂ ਪਹਿਲਾ ਅਤੇ ਦੇਸ਼ ਦਾ ਦੂਸਰਾ ਦਲਿਤ ਰਾਸ਼ਟਰਪਤੀ ਮਿਲਣਾ ਤਹਿ ਹੋ ਗਿਆ ਹੈ। ਇਸ ਨਾਲ ਭਾਜਪਾ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧ ਦਿਤੇ ਹਨ। ਦਲਿਤ ਮੁੱਦੇ ਉਤੇ ਵਿਰੋਧੀ ਧਿਰ ਦੇ ਹਮਲੇ ਝੱਲ ਰਹੀ ਭਾਜਪਾ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦਲਿਤ ਨੇਤਾ ਕੋਬਿੰਦ ਨੂੰ ਉਮੀਦਵਾਰ ਬਣਾਕੇ ਵੱਡਾ ਦਾਅ ਚੱਲਿਆ ਹੈ। ਪਾਰਟੀ ਨੇ ਵਿਰੋਧੀ ਧਿਰ, ਦਲਿਤ ਮੁੱਦਾ; ਸੰਘ ਏਜੰਡਾ, ਯੂ.ਪੀ. ਅਤੇ ਬਿਹਾਰ ਨੂੰ ਇਕੋ ਵੇਲੇ ਨਾਲ ਨਾਲ ਲਿਆ ਹੈ। ਕਾਨਪੁਰ ਦਿਹਾਤ ਦੇ ਪਰੌਂਖ ਪਿੰਡ ਦੇ ਰਹਿਣ ਵਾਲੇ ਕੋਬਿੰਦ ਲੰਮੇ ਸਮੇਂ ਤੋਂ ਆਰ.ਐਸ.ਐਸ.(ਸੰਘ) ਅਤੇ ਭਾਜਪਾ ਨਾਲ ਜੁੜੇ ਹੋਏ ਹਨ। ਅਤੇ ਪੇਸ਼ੇ ਤੋਂ ਵਕੀਲ ਰਹੇ ।
ਭਾਜਪਾ ਦਾ ਪ੍ਰਧਾਨ, ਸੰਘੀ। ਦੇਸ਼ ਦਾ ਪ੍ਰਧਾਨ ਮੰਤਰੀ, ਸੰਘੀ। ਯੂ.ਪੀ. ਦਾ ਮੁੱਖਮੰਤਰੀ, ਸੰਘੀ। ਮੱਧ ਪ੍ਰਦੇਸ਼ ਦਾ ਮੁੱਖਮੁੰਤਰੀ,ਸੰਘੀ। ਹਰਿਆਣਾ ਦਾ ਮੁੱਖਮੰਤਰੀ, ਸੰਘੀ। ਅਤੇ ਲਉ ਹੁਣ ਪੇਸ਼ ਹੈ ਦੇਸ਼ ਦਾ ਰਾਸ਼ਟਰਪਤੀ ਪੂਰਾ ਪੂਰਾ ਸੰਘੀ। ਇਹ ਸਾਰਾ ਕੁਝ ਭਾਈ ਕੀਤਾ ਕਰਾਇਆ, ਆਹ ਆਪਣੇ ਆਰ.ਐਸ.ਐਸ. ਮੁਖੀ ਭਾਗਵਤ ਦਾ ਹੈ, ਜਿਸ ਭਾਜਪਾ ਦਾ ਬਜ਼ੁਰਗ ਨੇਤਾ ਲਾਲ ਕਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਘੁੱਟੀ ਸੰਘੀ ਅਤੇ ਹਿੱਕ ‘ਤੇ ਉਹਨਾ ਦੇ ਤੇ ਦੇਸ਼ ਤੇ ਬਿਠਾ ਦਿਤਾ, ਮੋਦੀ ਦੇ ਸ਼ਬਦਾਂ ‘ਚ ‘ਸੰਵਿਧਾਨ ਗਿਆਤਾ, ਕਾਨੂੰਨ ਦਾਨ, ਗਰੀਬੋਂ ਦਲਿਤੋਂ ਕੀ ਆਵਾਜ਼, “ਜੀ ਹਜ਼ੂਰ“ ਰਾਮਨਾਥ ਕੋਬਿੰਦ। ਜਿਹੜਾ ਮੋਦੀ ਅਤੇ ਸੰਘ ਦੀ ਸੰਘ-ਪਾੜ੍ਹਵੀ ਆਵਾਜ਼ ਬਣੇਗਾ। ਲਉ ਭਾਈ, ਲੱਖ ਮੋਦੀ ਨੂੰ ਲੋਕ ਛਲੀਆ ਆਖਣ। ਲੋਕ ਲੱਖ ਮੋਦੀ ਨੂੰ ਜ਼ਾਲਮ ਆਖਣ। ਲੋਕ ਲੱਖ ਮੋਦੀ ਨੂੰ ਕਾਫਰ ਆਖਣ। ਲੋਕ ਲੱਖ ਮੋਦੀ ਨੂੰ ਵਾਇਦਿਆਂ ਤੋਂ ਮੁਕਰਣ ਵਾਲਾ ਆਖਣ। ਪਰ ਭਾਈ ਕੋਬਿੰਦ ਲਈ ਤਾਂ ਮੋਦੀ, ਸੰਘ ਰਬ ਵਰਗੇ ਨਿਕਲੇ,ਜਿਹਨਾ ਵਰਗਿਆਂ ਨੂੰ ਬਾਬਾ ਬੁਲ੍ਹੇ ਸ਼ਾਹ ਸਲਾਹ ਦਿੰਦਾ ਆ, “ਲੋਕ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ“ ਤੇ ਭਾਈ ਹਿੰਦੋਸਤਾਨ ਦਾ ਪਹਿਲਾ ਬੰਦਾ, ਹੁਣ ਛਿਪੰਜਾ ਇੰਚ ਛਾਤੀ ਵਾਲੇ ਨੂੰ “ਆਹੋ ਆਹੋ ਨਾ ਆਖੂ ਤਾਂ ਕੀ ਆਖੂ“?
ਬੱਸ ਕਰ ਜੀ ਹੁਣ ਬਸ ਕਰ ਜੀ, ਕਾਈ ਗੱਲ ਅਸਾਂ ਨਾਲ ਹੱਸ ਕਰ ਜੀ
ਖ਼ਬਰ ਹੈ ਕਿ ਪੰਜਾਬ ‘ਚ ਕੈਪਟਨ ਸਰਕਾਰ ਵਲੋਂ 14785 ਕਰੋੜ ਦੇ ਮਾਲੀ ਘਾਟੇ ਵਾਲਾ ਪਲੇਠਾ ਬਜ਼ਟ ਪੇਸ਼ ਕੀਤਾ ਗਿਆ ਹੈ। ਬਜ਼ਟ ਤਜ਼ਵੀਜ਼ਾਂ ‘ਚ ਖੇਤੀ ਖੇਤਰ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸ਼ਹਿਰੀ ਵਿਕਾਸ ਨੂੰ ਪਹਿਲੀ ਵੇਰ ਵਿਸ਼ੇਸ਼ ਤਰਜੀਹ ਦਿਤੀ ਗਈ ਹੈ। ਬਜ਼ਟ ਦਾ ਕੁਲ ਆਕਾਰ 1,18,238 ਕਰੋੜ ਦਾ ਹੈ, ਜਦਕਿ ਅਸਲ ਬਜ਼ਟ 90,738 ਕਰੋੜ ਹੋਵੇਗਾ। ਸਰਕਾਰ ਦੀਆਂ ਕੁਲ ਪ੍ਰਾਪਤੀਆਂ 1,05, 515 ਕਰੋੜ ਦੀਆਂ ਹੋਣਗੀਆਂ ਜਦਕਿ ਘਾਟਾ 14785 ਕਰੋੜ ਦਾ ਹੋਵੇਗਾ। ਬਜ਼ਟ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਪੈਨਸ਼ਨਾਂ ‘ਚ ਵਾਧੇ, ਅਸ਼ੀਰਵਾਦ ਸਕੀਮ ‘ਚ ਵਾਧੇ ਲਈ ਸਵੱਛ ਪੰਜਾਬ ਤੇ ਸੋਹਣਾ ਪੰਜਾਬ ਲਈ ਰਕਮ ਰੱਖੀ ਗਈ ਹੈ। ਇਸ ਸਮੇਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ-ਭਾਜਪਾ ਨੇ ਬਾਈਕਾਟ ਕੀਤਾ।
ਬਜ਼ਟ ਪੇਸ਼ ਕਰਨ ਵੇਲੇ ਭਾਈ ਕੈਪਟਨ ਦਾ ਖੂੰਡਾ ਹੀ ਗੈਰਹਾਜ਼ਰ ਸੀ, ਤਾਂ ਭਾਜਪਾਈਆਂ, ਅਕਾਲੀਆਂ, ਆਮ-ਆਦਮੀ ਵਾਲਿਆਂ ਭਲਾ ਅੰਦਰ ਬੈਠਕੇ ਕੀ ਕਰਨਾ ਸੀ? ਅਕਾਲੀ-ਭਾਜਪਾ ਵਾਲੇ 10 ਸਾਲ ਬਜ਼ਟ ਸੁਣ-ਸੁਣ, ਰਕਮਾਂ ਗਿਣ-ਗਿਣ, ਵਾਧੇ-ਘਾਟੇ ਇਧਰ-ਉਧਰ ਕਰ-ਕਰ ਥੱਕ-ਹਾਰ ਚੁੱਕੇ ਆ। ਬਥੇਰਾ ਉਹਨਾ ਰੱਜ ਲਿਆ। ਬਥੇਰਾ ਉਹਨਾ ਪੰਜਾਬ ਦਾ ਢਿੱਡ ਵੱਢ ਲਿਆ। ਬਥੇਰਾ ਉਹਨਾ ਪੰਜਾਬ ਦੇ ਪੜਛੇ ਲਾਹ ਲਏ। ਹੁਣ ਵਾਰੀ ਆ ਭਾਈ ਕਾਂਗਰਸੀਆਂ ਦੀ, ਜੋ ਨਿੱਕ-ਸੁੱਕ ਬਚਿਆ, ਉਹਦਾ ਪਾ ਲੈਣ ਹਿੱਸਾ-ਪੱਤੀ। ਬਾਕੀ ਰਹੀ“ਨਵਿਆਂ-ਆਦਮੀਆਂ“ ਦੀ ਗੱਲ ਤਾਂ ਹਾਲੇ ਬਾਹੀ-ਖਾਤੇ ਲਿਖਣੇ ਨਹੀਂ ਜਾਣਦੇ। ਜਮ੍ਹਾਂ-ਘਟਾਉ, ਜਰਬਾਂ-ਤਕਸੀਮਾਂ ਉਹਨਾ ਦੀ ਬੱਸ ਦੀ ਗੱਲ ਹੈ ਹੀ ਨਹੀਂ।
ਉਂਜ ਭਾਈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਸੰਭਾਲਣ ਵਾਲੇ ਮਨਪ੍ਰੀਤ ਬਾਦਲ ਨੇ ਬਥੇਰਾ ਆਖਿਆ ਸ਼ਰੀਕਾਂ ਬਾਦਲਾਂ ਨੂੰ ਵੀ ਅਤੇ ਪੁਰਾਣੇ ਜੋਟੀਦਾਰਾਂ ਆਮ ਵਾਲਿਆਂ ਨੂੰ ਵੀ ਕਿ ਹੁਣ ਬੱਸ ਕਰੋ ਆਉ ਪੰਜਾਬ ਸੁਆਰੀਏ ਸਵੱਛ ਸੋਹਣਾ ਪੰਜਾਬ ਸਿਰਜੀਏ “ਬੱਸ ਕਰ ਜੀ ਹੁਣ ਬੱਸ ਕਰ ਜੀ, ਢਾਈ ਗੱਲ ਅਸਾਂ ਨਾਲ ਹੱਸ ਕਰ ਜੀ“ ਪਰ ਜਾਪਦਾ “ਦਿੱਲੀ ਵਾਲੇ “ਆਮ“ਅਤੇ ਦਸ ਵਰ੍ਹਿਆਂ ਵਾਲੇ “ਖਾਸ“ ਅਕਾਲੀ-ਭਾਜਪਾ ਹਾਸਿਆਂ-ਠੱਠਿਆਂ ਦੀ ਪੰਜਾਬੀ-ਟੋਟਕਿਆਂ, ਭੰਗੜਿਆ-ਗਿੱਧਿਆ, ਘੱਗਰਿਆਂ-ਤੁਰਲਿਆਂ ਦੀ ਗੱਲ ਹੀ ਭੁੱਲ ਚੁੱਕੇ ਆ।
ਕੌਣ ਹਾਲੇ ਵੀ ਦੱਸੋ ਸੱਚ ਨੂੰ ਲੁਕੋ ਰਿਹਾ ਹੈ
ਖ਼ਬਰ ਹੈ ਕਿ ਦੇਸ਼ ਦੀ ਉੱਘੀ ਨਾਰੀਵਾਦੀ ਲੇਖਕਾ ਨੈਨਤਾਰਾ ਸਹਿਗਲ ਨੇ ਕੇਂਦਰ ਸਰਕਾਰ ‘ਤੇ ਸਖ਼ਤ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗੱਠ ਜੋੜ(ਐਨ ਡੀ ਏ) ਸਰਕਾਰ ਦਰਅਸਲ ਆਰ.ਐਸ.ਐਸ ਦੀ ਸਰਕਾਰ ਹੈ। ਸਹਿਗਲ ਨੇ ਅਸਿਹਸ਼ੀਲਤਾ ਵਧਣ ਦੇ ਮੁੱਦੇ ‘ਤੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿਤਾ ਸੀ। ਉਸਨੇ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਲੇਖਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਜੇ ਸਾਹਿਤ ਅਕਾਦਮੀ ਨੇ ਕੁਝ ਕੀਤਾ ਹੈ ਤਾਂ ਸਿਰਫ਼ ਚੁੱਪ ਰਹਿਣ ਦਾ ਕੰਮ ਕੀਤਾ ਹੈ।
ਆਹ ਆਖੀ ਊ ਨੈਨਤਾਰਾ ਨੇ ਮੋਦੀ ਦੀ “ਮਨ ਕੀ ਬਾਤ“। ਪ੍ਰਤੱਖ ਨੂੰ ਪ੍ਰਮਾਣ ਦੀ ਤਾਂ ਹੁਣ ਲੋੜ ਹੀ ਨਹੀਂ ਕਿ ਸਰਕਾਰ ਕੀਹਦੀ ਹੈ? ਸਰਕਾਰ ਭਾਜਪਾ ਦੀ, ਸਰਕਾਰ ਸੰਘ ਦੀ, ਸਰਕਾਰ ਤਕੜਿਆਂ ਦੀ, ਸਰਕਾਰ ਲੱਠ ਮਾਰਾਂ ਦੀ!! ਸਰਕਾਰ ਮੋਦੀ ਦੀ, ਸਰਕਾਰ ਭਗਵਤ ਦੀ। ਆਹ ਵੇਖੋ ਹੁਣ ਮਨ ਦੀ ਬਾਤ ‘ਚ ਮੋਦੀ ਲੱਖ ਪਿਆ ਆਖੇ ਕਿ ਐਮਰਜੈਂਸੀ ਦੌਰਾਨ ਅਖ਼ਬਾਰਾਂ ਨੂੰ ਬੇਕਾਰ ਕਰ ਦਿੱਤਾ ਗਿਆ ਸੀ। 25 ਜੂਨ 1975 ਦੀ ਰਾਤ ਭਾਰਤੀ ਜਮਹੂਰੀਅਤ ਲਈ ਕਾਲੀ ਰਾਤ ਸੀ! ਪਰ ਭਾਈ ਹੁਣ ਤਾਂ ਹਰ ਦਿਨ ਵੀ ਕਾਲਾ ਹੈ,ਰਾਤ ਦੀ ਤਾਂ ਗੱਲ ਹੀ ਛੱਡ ਦਿਉ! ਜਿਹੜਾ ਬੋਲੇ, ਉਹਦੇ ਮੂੰਹ ਤੇ ਚੇਪੀ। ਜਿਹੜੇ ਲਿਖੇ ਉਹਦੀ ਕਲਮ ਤੋੜੀ। ਫਿਰ ਵੀ ਜੋ ਬੋਲਿਆ ਲੇਖਕ ਪੇਰੂਮਲ ਦੀ ਤਰ੍ਹਾਂ ਉਪਰ ਪਹੁੰਚਾ ਦਿੱਤਾ। ਕਲਮਾਂ ਖਰੀਦ ਲਈਆਂ। ਅਖ਼ਬਾਰਾਂ ਖਰੀਦ ਲਈਆਂ। ਮੀਡੀਆ ਖਰੀਦ ਲਿਆ। ਫਿਰ ਭਲਾ ਐਮਰਜੈਂਸੀ ਦੀ ਕੀ ਲੋੜ? ਉਂਜ ਹੀ ਐਮਰਜੈਂਸੀ ਹੈ! ਅਦਾਲਤਾਂ ਤੋਂ ਬਿਨਾਂ ਭੀੜਾਂ ਵੱਲੋਂ ਇਨਸਾਫ! ਸਰਕਾਰ ਬਿਨਾਂ ਭੀੜਾਂ ਵੱਲੋਂ ਮੌਤ ਦੀ ਸਜ਼ਾ! ਲੋਕ ਚੁੱਪ! ਕਲਮਾਂ ਚੁੱਪ-ਗੜੁੱਪ! ਅਦਾਲਤਾਂ ਬੇ-ਬਸ? ਸਰਕਾਰ ਮੋਨ! ਇਹ ਚੁੱਪ ਸਵਾਲ ਖੜੇ ਕਰਦੀ ਹੈ, “ਕੌਣ ਹਾਲੇ ਵੀ ਦੱਸੋ ਸੱਚ ਨੂੰ ਲੁਕੋ ਰਿਹਾ ਹੈ। ਕੌਣ ਹੈ ਦੋਸ਼ੀ ਜੋ ਸੱਚ ਨੂੰ ਲੁਕੋ ਰਿਹਾ ਹੈ?
ਕਿਹੜਾ ਸਾਡਾ ਮਿੱਤਰ ਕਿਹੜਾ ਦੁਸ਼ਮਣ ਹੈ
ਖ਼ਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਜਦੋਂ ਉਹ ਆਪਣੇ ‘ਸੱਚੇ ਦੋਸਤ‘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਤਾਂ ਉਹਨਾ ਨਾਲ ਰਣਨੀਤਕ ਮੁੱਦਿਆਂ ‘ਤੇ ਚਰਚਾ ਹੋਵੇਗੀ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ, ਵਿਚਾਲੇ ਅੱਤਵਾਦ ਵਿਰੁੱਧ ਸਹਿਯੋਗ, ਭਾਰਤ- ਪ੍ਰਸ਼ਾਤ ਖੇਤਰ ‘ਚ ਰੱਖਿਆ ਭਾਈਵਾਲੀ, ਆਲਮੀ ਸਹਿਯੋਗ, ਵਪਾਰ, ਕਾਨੂੰਨ ਤੇ ਅਮਨ ਤੇ ਊਰਜਾ ਸਮੇਤ ਕਈ ਮਸਲਿਆਂ ਉਤੇ ਗੱਲਬਾਤ ਹੋਵੇਗੀ। ਇਸ ਸਮੇਂ ਮੋਦੀ ਨੂੰ ਵਰਕਿੰਗ ਡਿਨਰ ਮੌਜੂਦਾ ਅਮਰੀਕੀ ਪ੍ਰਾਸ਼ਾਸ਼ਨ ਵਲੋਂ ਕਰਵਾਇਆ ਜਾਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੈ।
ਜ਼ਰੂਰ ਟਰੰਪ ਨੇ ਡਿਨਰ ‘ਚ ਮੋਦੀ ਲਈ ਮਲਾਈ ਦਾ ਪ੍ਰਬੰਧ ਕੀਤਾ ਹੋਵੇਗਾ। ਟਰੰਪ ਮੋਦੀ ਨੂੰ ਮਲਾਈ ਖੁਆਏਗਾ। ਟਰੰਪ ਮੋਦੀ ਨੂੰ ਮਲਾਈ ਲਾਏਗਾ ਅਤੇ ਵਿਸ਼ਵ ਦਾ ‘ਠਾਣੇਦਾਰ‘ ਟਰੰਪ ਆਪਣੀਆਂ ਛਮਕਾਂ ਨਾਲ ਮੋਦੀ ਦੇ ਪਿੰਡੇ ਉਤੇ ਨਾ ਦਿਸਦੀਆਂ ਲਾਸ਼ਾਂ ਪਾਏਗਾ,ਜਿਹਨਾ ਦਾ ਪਤਾ ਮੋਦੀ ਨੂੰ ਦੇਸ਼ ਆ ਕੇ ਆਪਣੇ “ਮਖਮਲੀ ਬੈਡ“ ਸੌਣ ਸਮੇਂ ਪਤਾ ਲੱਗੇਗਾ। ਟਰੰਪ ਨੇ ਉਂਜ ਭਾਈ ਮੋਦੀ ਦੌਰੇ ਤੋਂ ਪਹਿਲਾਂ ਹੀ ਜਾਇਜ ਭਾਰਤੀ ਅਮਰੀਕੀਆਂ ਦੇ ਨਜਾਇਜ਼ ਤੌਰ ਤੇ ਅਮਰੀਕਾ ਠਹਿਰੇ ਹੋਏ ਲੱਖਾਂ ਭਾਰਤੀਆਂ ਉਤੇ ਛਮਕਾ ਚਲਾ ਦਿਤੀਆਂ ਹਨ। ਟਰੰਪ ਨੇ ਪਹਿਲਾਂ ਹੀ ਵਿਸ਼ਵ ਵਾਤਾਵਰਨ ਸਮਝੌਤਾ ਰੱਦ ਕਰਕੇ ਮੋਦੀ ਦੇ “ਸਵੱਛ ਇੰਡੀਆ“ ਪ੍ਰਾਜੈਕਟ ‘ਚ ਬੇੜੀ ‘ਚ ਬੱਟੇ ਪਾ ਦਿੱਤੇ ਹਨ।
ਨਿਰਾ ਚਾਨਕੀਆ ਆ ਵਪਾਰੀ ਟਰੰਪ! ਭੋਲਾ ਮੋਦੀ ਕੀ ਸਮਝੇ ਉਹਦੀਆਂ ਗੱਲਾਂ ਤੇ ਗੁੱਝੀਆ ਬਾਤਾਂ! ਆਖੂਗਾ ਹਿੰਦੀ ਅਮਰੀਕੀ ਭਾਈ ਭਾਈ ਤੇ ਟੀਕਾ ਲਾਏਗਾ ਮਾਰਫੀਏ ਦਾ! ਜੀਹਦੇ ਅਸਰ ਨਾਲ ਮੋਦੀ ਛਟਪਟਾਏਗਾ, ਦੇਸ਼ ਛਟਪਟਾਏਗਾ ਇਹ ਕਹਿੰਦਿਆਂ, “ਕਿਹੜਾ ਸਾਡਾ ਮਿੱਤਰ ਕਿਹੜਾ ਦੁਸ਼ਮਣ ਹੈ“।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੇ ਕੁਲ ਪੜ੍ਹੇ ਲਿਖੇ ਗਰੇਜੂਏਟ ਨੌਜਵਾਨਾਂ ਵਿੱਚੋਂ ਅੱਧੇ ਬੇਰੁਜ਼ਗਾਰ ਹਨ।
ਇੱਕ ਵਿਚਾਰ
ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਤਹਿ ਕਰ ਲਵੋ ਕਿ ਤੁਸੀਂ ਆਪਣਾ ਨਿਸ਼ਾਨਾ ਠੀਕ ਤਰ੍ਹਾਂ ਨਾਲ ਪਛਾਣ ਲਿਆ ਹੈ......ਟਾਮ ਪਿਲਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.