ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਸ਼ੇਰਗਿੱਲ
''ਨਾਗ਼ ਛੇੜ ਲਿਆ ਕਾਲਾ ਮੰਤਰ ਯਾਦ ਨਹੀਂ !''.........ਇਹ ਸਾਡੇ ਪੰਜਾਬ ਦੀ ਸਦੀਆਂ ਪੁਰਾਣੀ ਕਹਾਵਤ ਹੈ, ਜਿਸ ਨੂੰ ਕਿਸੇ ਵੇਲੇ ਸਾਰੇ ਸੰਸਾਰ ਤੇ ਰਾਜ ਕਰਨ ਵਾਲੇ ਬਰਤਾਨੀਆ ਦੇ ਵਰਤਮਾਨ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਖ਼ੁਸ਼ਫਹਿਮੀ ਦਾ ਸ਼ਿਕਾਰ ਹੋ ਕੇ ਆਪਣੇ-ਆਪ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਪ੍ਰਧਾਨ ਮੰਤਰੀ ਗ੍ਰਹਿ ਦੇ ਬਾਹਰ ਬਿਆਨ ਦੇ ਕੇ ਅਮਲੀਜਾਮਾ ਪਹਿਨਾਇਆ ਹੈ, ਜਿਸ ਦੇ ਨਤੀਜੇ ਵਜੋਂ ਪਹਿਲੇ ਪ੍ਰਧਾਨ ਮੰਤਰੀ ਨੂੰ ਨਮੋਸ਼ੀ ਕਾਰਨ ਅਸਤੀਫ਼ਾ ਦੇਣਾ ਪਿਆ ਸੀ ਅਤੇ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ, ਡੇਵਿਡ ਕੈਮਰਨ, ਦੀ ਵਜ਼ਾਰਤ ਵਿਚ ਗ੍ਰਹਿ ਮੰਤਰੀ ਦੀ ਪਦਵੀ ਤੇ ਬੈਠੀ, ਥਰੀਸਾ ਮੇਅ, ਨੂੰ ਪਾਰਟੀ ਨੇ ਆਪਣਾ ਨੇਤਾ ਅਤੇ ਪ੍ਰਧਾਨ ਮੰਤਰੀ ਬਣਾ ਲਿਆ ਸੀ। ਪ੍ਰਧਾਨ ਮੰਤਰੀ ਬਣਨ ਪਿੱਛੋਂ ਡੇਵਿਡ ਕੈਮਰਨ ਵੱਲੋਂ ਕੌਮੀ ਪੱਧਰ ਤੇ ਰਾਏ-ਸ਼ੁਮਾਰੀ ਜਾਂ ਲੋਕ ਮਤ ਪ੍ਰਾਪਤ ਕਰਨ ਦਾ ਫ਼ੈਸਲਾ ਸੀ ਕਿ ਕੀ ਬਰਤਾਨੀਆ ਨੂੰ 44 ਸਾਲ ਤੋਂ ਯੂਰਪੀ ਸੰਘ ਦਾ ਮੈਂਬਰ ਹੋਣ ਦੇ ਬਾਵਜੂਦ ਅੱਗੇ ਤੋਂ ਇਸ ਯੂਰਪੀ ਗੁੱਟਬੰਦੀ ਵਿਚ ਹੀ ਰਹਿਣਾ ਚਾਹੀਦਾ ਹੈ, ਜਾਂ, ਇਸ ਤੋਂ ਬਾਹਰ ਆਪਣੇ ਬਲਬੂਤੇ ਤੇ ਸੁਤੰਤਰ ਤੌਰ ਤੇ ਰਹਿਣਾ ਅਤੇ ਵਿਚਰਨਾ ਚਾਹੀਦਾ ਹੈ। ਨਤੀਜੇ ਵਜੋਂ ਉਸ ਦੀ ਪਾਰਟੀ ਦੇ ਇੱਕ ਆਗੂ ਬੌਰਿਸ ਜਾਨਸਨ, ਨੇ ਯੂਰਪੀ ਸੰਘ ਤੋਂ ਬਾਹਰ ਆਉਣ ਦੀ ਬਾਗ਼ੀ ਸੁਰ ਅਤੇ ਸਰਗਰਮੀ ਅਪਣਾਅ ਲਈ ਅਤੇ ਵਿਰੋਧੀ ਲੇਬਰ ਪਾਰਟੀ ਅਤੇ ਹੋਰ ਪਾਰਟੀਆਂ ਨੇ ਕੈਮਰਨ ਸਰਕਾਰ ਦੇ ਯੂਰਪ ਸੰਘ ਵਿਚ ਰਹਿਣ ਦੀ ਨੀਤੀ ਅਤੇ ਵਿਚਾਰਧਾਰਾ ਦਾ ਵਿਰੋਧ ਕੀਤਾ। ਇਸ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਪ੍ਰਧਾਨ ਮੰਤਰੀ ਦੀ ਪਦਵੀ ਅਤੇ ਯੂਰਪ ਸੰਘ ਦੀ ਮੈਂਬਰਸ਼ਿਪ ਤੋਂ ਹੱਥ ਧੋਣੇ ਪਏ।
ਨਮੋਸ਼ੀਆਂ ਅਤੇ ਚੁਨੌਤੀਆਂ : ਦੂਜੀ ਵੇਰ ਉਸੇ ਤਰ੍ਹਾਂ ਨਵੀਂ ਪ੍ਰਧਾਨ ਮੰਤਰੀ ਬਣੀ, ਥਰੀਸਾ ਮੇਅ, ਵੱਲੋਂ ਬਰਤਾਨੀਆ ਦੀ ਪਾਰਲੀਮੈਂਟ ਵਿਚ 650 ਸੀਟਾਂ ਵਿਚੋਂ 330 ਸੀਟਾਂ ਦਾ ਸਪਸ਼ਟ ਬਹੁਮਤ ਮਾਣਦੇ ਹੋਏ ਹੋਰ ਸੀਟਾਂ ਜਿੱਤਣ ਅਤੇ ਸ਼ਕਤੀਸ਼ਾਲੀ ਬਹੁਮਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਆਪਣੇ ਘਰ ਦੇ ਬਾਹਰ 18 ਅਪ੍ਰੈਲ ਨੂੰ ਕੌਮੀ ਚੋਣਾਂ ਕਰਨ ਦਾ ਐਲਾਨ ਕਰ ਦਿੱਤਾ ਕਿ 8 ਜੂਨ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਨਤੀਜੇ ਵਜੋਂ 8 ਜੂਨ ਨੂੰ ਪ੍ਰਧਾਨ ਮੰਤਰੀ, ਥਰੀਸਾ ਮੇਅ, ਦੀ ਕੰਨਜ਼ਰਵੇਟਿਵ (ਟੋਰੀ) ਪਾਰਟੀ ਹੋਰ ਰਾਜਨੀਤਕ ਪਾਰਟੀਆਂ ਨਾਲੋਂ ਕੁੱਲ ਵੋਟਾਂ ਤਾਂ ਪ੍ਰਾਪਤ ਕਰ ਗਈ, ਪਰ 650 ਸੀਟਾਂ ਵਾਲੀ ਪਾਰਲੀਮੈਂਟ ਵਿਚ ਪਹਿਲਾਂ ਵਾਂਗ ਸਪਸ਼ਟ ਬਹੁਮਤ ਦੀ ਬਜਾਏ ਕੇਵਲ 318 ਸੀਟਾਂ ਪ੍ਰਾਪਤ ਕਰ ਸਕੀ, ਜਦ ਕਿ ਉਸ ਨੂੰ ਘੱਟੋ-ਘੱਟ 326 ਸੀਟਾਂ ਦੀ ਲੋੜ ਸੀ, ਅਤੇ ਹੈ। ਪਾਰਲੀਮੈਂਟ ਵਿਚ ਕਿਸੇ ਵੀ ਗੰਭੀਰ ਮਸਲੇ ਤੇ ਜਾਂ ਯੂਰਪੀ ਸੰਘ ਵਿਚੋਂ ਨਿਕਲਣ ਦੇ ਕਿਸੇ ਵੀ ਮਸਲੇ ਤੇ ਬਹੁਮਤ ਪ੍ਰਾਪਤ ਕਰਨ ਜਾਂ ''ਨੋ ਕਨਫੀਡੈਂਸ ਮੋਸ਼ਨ'' ਮਸਲੇ ਵੇਲੇ ਟੋਰੀ ਪਾਰਟੀ ਦੀ ਪ੍ਰਧਾਨ ਮੰਤਰੀ ਨੂੰ ਕਿਸੇ ਨਾ ਕਿਸੇ ਹੋਰ ਰਾਜਨੀਤਕ ਪਾਰਟੀ ਨਾਲ ਸਮਝੌਤਾ ਜਾਂ ਸੌਦੇਬਾਜ਼ੀ ਕਰਨੀ ਪਵੇਗੀ। ਜਿੱਥੇ 18 ਅਪ੍ਰੈਲ ਦੇ ਨਿੱਜੀ ਫ਼ੈਸਲੇ ਅਤੇ ਐਲਾਨ ਅਨੁਸਾਰ ਨਤੀਜੇ ਵਜੋਂ ਪ੍ਰਧਾਨ ਮੰਤਰੀ ਨੂੰ ਨਮੋਸ਼ੀ ਹੋਈ ਹੈ, ਉੱਥੇ ਪਾਰਟੀ ਦੇ ਅੰਦਰ ਅਤੇ ਵਿਰੋਧੀ ਪਾਰਟੀਆਂ ਜਾਂ ਯੂਰਪੀ ਦੇਸ਼ਾਂ ਦੇ ਫ਼ੈਸਲਿਆਂ ਵਿਰੁੱਧ ਬਾਹਰ ਅਨੇਕਾਂ ਚੁਨੌਤੀਆਂ ਦਾ ਨਿਤ ਮੁਕਾਬਲਾ ਕਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਜਾਂ ਇਉਂ ਕਹਿ ਲਵੋ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਵਰਤਮਾਨ ਪ੍ਰਧਾਨ ਮੰਤਰੀ ਦੇ ਫ਼ੈਸਲੇ ਅਤੇ ਵਿਚਾਰਧਾਰਾ ਦੀਆਂ ਸਿਆਸੀ ਨਰਦਾਂ ਪੁੱਠੀਆਂ ਪੈ ਗਈਆਂ।
ਭਾਰਤੀ ਪ੍ਰਾਪਤੀਆਂ : 8 ਜੂਨ ਦੀਆਂ ਚੋਣਾਂ ਤੋਂ ਬਾਅਦ ਜਿੱਥੇ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਆਪਣੇ ਇਰਾਦਿਆਂ ਵਿਚ ਇਤਿਹਾਸਕ ਨਮੋਸ਼ੀਆਂ ਪ੍ਰਾਪਤ ਹੋਈਆਂ ਵੇਖੀਆਂ ਗਈਆਂ ਹਨ, ਉੱਥੇ ਤੀਜੇ ਸਾਬਕਾ ਅਤੇ ਸਵਰਗਵਾਸੀ ਟੋਰੀ ਪਾਰਟੀ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੇ ਬੇਲੋੜੇ ਇਤਿਹਾਸਕ ਬਿਆਨ ਨੂੰ ਵੀ ਮੂੰਹ ਦੀ ਖਾਣੀ ਪਈ ਹੈ, ਜਿਸ ਨੇ ਭਾਰਤ ਦੀ ਸੁਤੰਤਰਤਾ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਸੀ ਕਿ ਭਾਰਤ ਦੇ ਲੋਕ ਸੁਤੰਤਰਤਾ ਅਤੇ ਸੁਤੰਤਰ ਰਾਜ ਪ੍ਰਬੰਧ ਕਰਨ ਦੇ ਹਾਲੇ 50 ਵਰ੍ਹੇ ਯੋਗ ਨਹੀਂ ਹੋਣਗੇ, ਇਸ ਲਈ ਸੁਤੰਤਰਤਾ ਦਾ ਐਲਾਨ ਨਾ ਕੀਤਾ ਜਾਵੇ। ਪਰ ਭਾਰਤੀਆਂ ਨੇ ਸੁਤੰਤਰਤਾ ਤੋਂ ਬਾਅਦ ਬਰਤਾਨੀਆ ਦੀਆਂ ਗੋਰਾ-ਸ਼ਾਹੀ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਬਸਤੀਆਂ ਦੇ ਉਲਟ ਆਪਣੀ ਗਣਤੰਤਰਤਾ ਵੀ ਪ੍ਰਾਪਤ ਕਰ ਲਈ ਸੀ, ਜਿਸ ਦੇ ਫਲਸਰੂਪ ਬਰਤਾਨੀਆ ਵੱਲੋਂ ਭਾਰਤ ਦਾ ਪ੍ਰਬੰਧ ਚਲਾਉਣ ਵਾਲਾ, 1935 ਵਿਚ ਬਣਾਇਆ ਭਾਰਤੀ ਕਾਨੂੰਨ ਰੱਦ ਕਰਕੇ ਭਾਰਤ ਦਾ ਭਾਰਤੀਆਂ ਵੱਲੋਂ ਕੌਮੀ ਪ੍ਰਬੰਧ ਚਲਾ ਰਿਹਾ ਭਾਰਤੀ ਸੰਵਿਧਾਨ 26 ਜਨਵਰੀ, 1950 ਤੋਂ ਲਾਗੂ ਹੋਇਆ। ਬੀਤੇ 50 ਸਾਲ ਦੌਰਾਨ ਜਿੱਥੇ ਲਗਭਗ 16 ਲੱਖ ਭਾਰਤੀ ਮੂਲ ਦੇ ਬਰਤਾਨੀਆ ਵੱਸਦੇ ਲੋਕ ਇਸ ਬਹੁ-ਨਸਲੀ, ਬਹੁ-ਕੌਮੀ, ਬਹੁ-ਧਰਮੀ ਅਤੇ ਬਹੁ-ਭਾਸ਼ੀ ਦੇਸ਼ ਦਾ ਬਰਤਾਨਵੀ ਨਾਗਰਿਕ ਬਣ ਕੇ ਅਨਿੱਖੜਵਾਂ ਅੰਗ ਬਣ ਗਏ ਹਨ, ਉੱਥੇ 50 ਸਾਲ ਦੇ ਅੰਦਰ-ਅੰਦਰ ਬਰਤਾਨਵੀ ਲੋਕਾਂ ਵੱਲੋਂ ਚੁਣੇ ਹੋਏ 5 ਪ੍ਰਤੀਨਿਧ ਬਰਤਾਨਵੀ ਪਾਰਲੀਮੈਂਟ, ਹਾਊਸ ਆਫ਼ ਕਾਮਨਜ਼, ਦੇ ਮੈਂਬਰ ਬਣ ਚੁੱਕੇ ਸਨ, ਜੋ ਪਿਆਰਾ ਸਿੰਘ ਖਾਬੜਾ, ਪਰਮਜੀਤ ਸਿੰਘ ਢਾਂਡਾ, ਮਾਰਸ਼ਾ ਸਿੰਘ, ਅਸ਼ੋਕ ਕੁਮਾਰ ਅਤੇ ਕੀਥ ਵਾਜ਼ ਸਨ। ਉਹ ਵਧਦੇ ਵਧਦੇ ਹੁਣ ਭਾਰਤੀ ਮੂਲ ਕੇ 12 ਐਮ.ਪੀ. 8 ਜੂਨ ਦੀਆਂ ਚੋਣਾਂ ਵਿਚ ਜਿੱਤ ਕੇ ਬਰਤਾਨਵੀ ਪਾਰਲੀਮੈਂਟ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ।
ਭਾਰਤੀ ਮੂਲ ਦੇ ਸੰਸਦ : ਬੇਸ਼ੱਕ ਅਣਵੰਡੇ ਬਰਤਾਨਵੀ ਭਾਰਤ ਦੇ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੀ ਭਾਰਤੀ ਮੂਲ ਦੇ ਐਮ.ਪੀ. ਬਣੇ ਹਨ, ਪਰ ਗਣਤੰਤਰ ਭਾਰਤ ਦੇ ਜੋ ਇੱਕ ਦਰਜਨ ਭਾਰਤੀ, ਗੁਜਰਾਤੀ, ਪੰਜਾਬੀ ਅਤੇ ਸਿੱਖ ਵਰਗਾਂ ਨਾਲ ਸਬੰਧਿਤ ਹਨ, ਉਨ੍ਹਾਂ ਵਿਚੋਂ ਚੌਥੀ ਵੇਰ ਲਗਾਤਾਰ ਜਿੱਤਦੇ ਆ ਰਹੇ ਵਰਿੰਦਰ ਸ਼ਰਮਾ, ਤੀਜੀ ਵੇਰ ਜਿੱਤੀ ਸੀਮਾ ਮਲਹੋਤਰਾ, ਪਹਿਲੀ ਸਿੱਖ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ, ਪਹਿਲਾ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ, ਕੀਥ ਵਾਜ਼ ਅਤੇ ਉਸ ਦੀ ਭੈਣ ਵੈਲਰੀ ਵਾਜ਼, ਰਾਜ ਮੰਤਰੀ ਬਣੇ ਅਲੋਕ ਸ਼ਰਮਾ, ਕੈਬਨਿਟ ਮੰਤਰੀ ਪ੍ਰੀਤੀ ਪਟੇਲ, ਸੈਲੇਸ਼ ਵਾਗ, ਲੀਸਾ ਨੰਦੀ, ਰਿਸ਼ੀ ਮੂਨਕ ਅਤੇ ਗੋਆ ਮੂਲ ਦੀ ਸੂਲਾ ਫਰਨਾਂਡੇਜ ਦੇ ਨਾਉਂ ਵਰਨਣਯੋਗ ਹਨ।
ਦਸਤਾਰ ਦੀ ਇਤਿਹਾਸਕ ਫਤਿਹ : ਇਸ ਵੇਲੇ ਭਾਰਤੀ ਮੂਲ ਦੇ ਲਗਭਗ 18 ਲੱਖ ਬਰਤਾਨਵੀ ਅਤੇ ਭਾਰਤੀ ਨਾਗਰਿਕ ਵਾਸੀਆਂ ਵਿਚ ਸਿੱਧੇ, ਪੰਜਾਬ ਜਾਂ ਬਰਾਸਤਾ ਪੂਰਬੀ ਅਫ਼ਰੀਕਾ, ਈਰਾਨ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਸਿੱਖਾਂ ਦੀ ਗਿਣਤੀ 5 ਲੱਖ ਦੇ ਆਲੇ ਦੁਆਲੇ ਘੁੰਮਦੀ ਹੈ। ਜਿੱਥੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵੇਲੇ ਸਿੱਖ ਰੈਜਮੈਂਟਾਂ ਦੇ ਦਸਤਾਰਧਾਰੀ ਸਿੱਖ ਫ਼ੌਜੀਆਂ ਨੇ ਹੋਰ ਬਰਤਾਨੀਆ ਪੱਖੀ ਫ਼ੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਰਤਾਨੀਆ ਨੂੰ ਜਿੱਤਣ ਲਈ ਆਪਣੀਆਂ ਸ਼ਹੀਦੀਆਂ ਪਾ ਕੇ ਜਾਂ ਕੁਰਬਾਨੀਆਂ ਕਰਕੇ ਸਹਿਯੋਗ ਦਿੱਤਾ ਉੱਥੇ ਗਣਤੰਤਰ ਭਾਰਤ ਤੋਂ ਆਏ ਸਿੱਖਾਂ ਨੂੰ ਬਰਤਾਨੀਆ ਦੇ ਪਹਿਲੇ ਰਾਸ਼ਟਰ ਮੰਡਲ ਆਵਾਸੀ ਕਾਨੂੰਨ 1962 ਅਤੇ ਫਿਰ 1971 ਦੇ ਆਵਾਸੀ ਕਾਨੂੰਨ ਬਾਅਦ ਬਰਤਾਨੀਆ ਵਿਚ ਰੁਜ਼ਗਾਰ ਪ੍ਰਾਪਤ ਕਰਨ ਜਾਂ ਮੋਟਰਸਾਈਕਲ ਤੇ ਸਵਾਰੀ ਕਰਨ ਵੇਲੇ ਸਿੱਖ ਦਸਤਾਰ ਵਿਰੁੱਧ ਉਸ ਤਰ੍ਹਾਂ ਵਿਤਕਰਾ ਕੀਤਾ ਜਾਣ ਲੱਗਾ, ਜਿਵੇਂ ਭਾਰਤੀ ਸਿੱਖ ਅੱਜ ਤੋਂ 111 ਸਾਲ ਪਹਿਲਾਂ ਤੋਂ ਬਰਤਾਨੀਆ ਸਾਮਰਾਜੀ ਸਰਕਾਰਾਂ ਦੇ ਅਧੀਨ ਸਿੱਖਾਂ ਨਾਲ ਕੈਨੇਡਾ ਦੇ ਬ੍ਰਿਟਿਸ਼, ਕੋਲੰਬੀਆ, ਅਮਰੀਕਾ ਦੇ ਕੈਲੇਫੋਰਨੀਆ ਅਤੇ ਹੋਰ ਥਾਵਾਂ ਤੇ ਨਸਲਵਾਦੀ ਘ੍ਰਿਣਾ ਦਾ ਸ਼ਿਕਾਰ ਹੁੰਦੇ ਆ ਰਹੇ ਸਨ। ਇਸ ਦੌਰ ਵਿਚ 1972 ਤੋਂ 1979 ਤੱਕ ਸਿੱਖ ਵਿਰੋਧੀ ਨਸਲਵਾਦੀ ਕਤਲ, ਅਗਜ਼ਨੀ ਅਤੇ ਜਬਰੀ ਕੇਸ ਕੱਟਣ ਦੀਆਂ ਵਾਰਦਾਤਾਂ ਵੀ ਹੋਈਆਂ। ਬਰਤਾਨਵੀ ਆਵਾਸੀ ਕਾਨੂੰਨ, 1971 ਵਿਰੁੱਧ ਬਰਤਾਨੀਆ ਭਰ ਵਿਚ ਭਾਰਤੀ ਕਾਮਿਆਂ ਅਤੇ ਕਰਮਚਾਰੀਆਂ ਦੀਆਂ ਸੰਸਥਾਵਾਂ ਵੱਲੋਂ ਲੰਦਨ ਅਤੇ ਹੋਰ ਸ਼ਹਿਰਾਂ ਵਿਚ ਰੋਸ ਵਿਖਾਵੇ ਅਤੇ ਮੁਜ਼ਾਹਰੇ ਕੀਤੇ ਗਏ।
ਦਸਤਾਰ-ਵਿਰੋਧੀ ਵਿਤਕਰੇ ਅਤੇ ਉਸਾਰੀ ਕੰਮਾਂ ਤੇ ਕਾਮਿਆਂ ਨੂੰ ਦਸਤਾਰ ਉਤਾਰ ਕੇ ਟੋਪ ਪਹਿਨਣ ਲਈ ਮਜਬੂਰ ਕਰਨਾ ਅਤੇ ਮੋਟਰਸਾਈਕਲ ਚਲਾਉਣ ਵੇਲੇ ਟੋਪ ਪਹਿਨਣ ਵਾਲੀਆਂ ਸਖ਼ਤੀਆਂ ਵਿਰੁੱਧ ਹਾਈ ਵੈਕਮ ਵੱਸਦੇ ਅਤੇ ਬਰਤਾਨੀਆ ਦੇ ਟੈਲੀਕਮਿਊਨੀਕੇਸ਼ਨ ਵਿਭਾਗ ਵਿਚ ਕੰਮ ਕਰਦੇ, ਬਲਦੇਵ ਸਿੰਘ ਚਹਿਲ ਨੇ ਮੋਟਰ ਸਾਈਕਲ ਖ਼ਰੀਦ ਕੇ ਆਪਣੀ ਪਗੜੀ ਨਾਲ (ਟੋਪ ਤੋਂ ਬਗੈਰ) ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਤੇ ਸ: ਚਹਿਲ ਨੂੰ ਵਾਰੋ-ਵਾਰ 44 ਵੇਰ ਜੁਰਮਾਨਾ ਹੋਇਆ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਪੈਂਟਨਵਿਲ ਜੇਲ੍ਹ ਵਿਚ 30 ਦਿਨ ਲਈ ਡੱਕ ਦਿੱਤਾ ਗਿਆ ਸੀ। ਮੋਟਰਸਾਈਕਲ ਜਾਂ ਮੋਪਿਡ ਪਗੜੀ ਨਾਲ ਚਲਾਉਣ ਦੀ ਛੋਟ 1975 ਵਿਚ ਬਰਤਾਨਵੀ ਕਾਨੂੰਨ ਵਿਚ ਮਿਲੀ। ਇਸ ਦਸਤਾਰ ਵਿਰੋਧੀ ਨਸਲਵਾਦ ਦੇ ਖ਼ਿਲਾਫ਼ ਬਲਦੇਵ ਸਿੰਘ ਚਹਿਲ ਨੂੰ ਵੁਲਵਰਹੈਂਪਟਨ ਦੇ ਨਿਰਮਲ ਸਿੰਘ ਸੇਖੋਂ, ਗਰੇਵਜੈਂਡ ਦੇ ਸਵਰਨ ਸਿੰਘ, ਸੁੰਦਰ ਸਿੰਘ ਸਾਗਰ, ਬਲਵੀਰ ਸਿੰਘ ਧਾਲੀਵਾਲ ਅਤੇ ਸੋਹਣ ਸਿੰਘ ਲੱਖਪੁਰੀ ਆਦਿ ਨੇ ਦਸਤਾਰ ਦੇ ਹੱਕ ਵਿਚ ਸਹਿਯੋਗ ਦਿੱਤਾ।
ਦਸਤਾਰਧਾਰੀ ਐਮ.ਪੀ. : ਭਾਵੇਂ 1987 ਤੋਂ ਲਗਾਤਾਰ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਪਾਰਲੀਮੈਂਟ ਦੇ ਮੈਂਬਰ ਬਣੇ ਆ ਰਹੇ ਹਨ, ਪਰ 8 ਜੂਨ ਦੀਆਂ ਚੋਣਾਂ ਵੇਲੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ, ਤਨਮਨਜੀਤ ਸਿੰਘ ਢੇਸੀ, ਜਿੱਤ ਪ੍ਰਾਪਤ ਕਰਕੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਬਰਤਾਨਵੀ ਸੰਸਦ ਵਿਚ ਪਹੁੰਚੇ ਹਨ। ਇਸ ਦੇ ਨਾਲ ਹੀ ਪਹਿਲੀ ਵੇਰ ਬਰਮਿੰਘਮ-ਐਜਬਾਸਟਨ ਤੋਂ ਸਿੱਖ ਐਮ.ਪੀ. ਬੀਬੀ ਪ੍ਰੀਤ ਕੌਰ ਬਣੀ ਹੈ, ਜੋ ਸਮੈਦਿਕ ਹਾਈ ਸਟਰੀਟ ਗੁਰਦੁਆਰਾ ਸਾਹਿਬ ਦੇ ਸਾਬਕਾ ਅਤੇ ਸਵਰਗੀ ਪ੍ਰਧਾਨ, ਦਲਜੀਤ ਸਿੰਘ ਸ਼ੇਰਗਿੱਲ ਦੀ ਸਪੁੱਤਰੀ ਹੈ।
ਇਨ੍ਹਾਂ ਦੋਹਾਂ ਸਿੱਖ ਉਮੀਦਵਾਰਾਂ ਦੇ ਜਿੱਤ ਨੇ ਐਮ.ਪੀ. ਬਣਨ ਤੇ ਜਿੱਥੇ ਇੱਥੋਂ ਦੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਵੇਖੀ ਗਈ ਹੈ, ਉੱਥੇ ਪੰਜਾਬ ਵਿਚ ਇਨ੍ਹਾਂ ਦੇ ਘਰਾਂ ਅਤੇ ਜੱਦੀ ਪਿੰਡਾਂ ਵਿਚ ਲੋਕਾਂ ਵੱਲੋਂ ਖ਼ੁਸ਼ੀ ਵਿਚ ਲੱਡੂ ਵੰਡਦੇ ਅਤੇ ਵਧਾਈਆਂ ਦੇਂਦੇ ਵੇਖਿਆ ਗਿਆ ਹੈ।
ਨਰਪਾਲ ਸਿੰਘ ਸ਼ੇਰਗਿੱਲ
ਟੈਲੀਫ਼ੋਨ : 07903-190 838
shergill@journalist.com
-
ਨਰਪਾਲ ਸਿੰਘ ਸ਼ੇਰਗਿੱਲ, ਲੇਖਕ
shergill@journalist.com
+44 790 3190 838
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.