ਪੰਜਾਬ ’ਚ ਕਾਂਗਰਸ ਦੀ ਕੈਪਟਨ ਸਰਕਾਰ ਨੇ 23 ਜੂਨ 2017 ਨੂੰ 100 ਦਿਨ ਪੂਰੇ ਕਰ ਲਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਜੋ ਕੁਝ ਵਾਪਰਿਆ, ਜਿਸ ਕਿਸਮ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮਾਰਸ਼ਲਾਂ ਨਾਲ ਧੱਕਾ-ਮੁੱਕੀ ਹੋਈ, ਫਿਰ ਪੱਗੋ-ਲੱਥੀ ਹੋਈ, ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੱਗੜੀ ਉਤਾਰਨ ਦਾ ਤਿੱਖਾ ਵਿਰੋਧ ਕੀਤਾ, ਇਸ ਘਟਨਾ ਨੇ ਸਾਨੂੰ 31 ਸਾਲ ਪਹਿਲਾਂ ਹੋਈ ਇੱਕ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਸੰਨ 1986 ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਧਾਨ ਸਭਾ ਵਿਚ ਇਹੋ ਕੁਝ ਕੀਤਾ ਗਿਆ ਸੀ, ਜਿਸ ਨਾਲ ਉਸ ਵੇਲੇ ਦੇ ਵਿਧਾਨ ਸਭਾ ਦੇ ਸਪੀਕਰ ਸੁਰਜੀਤ ਸਿੰਘ ਮਿਨਹਾਸ ਨੂੰ ਵੰਡੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੇ ਇੱਕ ਦਲ ਨੇ ਉਸ ਦੀ ਸੀਟ ਤੋਂ ਫੜ ਕੇ ਘਸੀਟ ਲਿਆ ਸੀ ਅਤੇ ਇਸ ਦੌਰਾਨ ਹੱਥੋ-ਪਾਈ ਹੋਈ ਸੀ ਅਤੇ ਉਹਨਾ ਦੀ ਪੱਗੜੀ ਉੱਤਰ ਗਈ ਸੀ। ਮਹੀਨਾ ਉਸ ਸਾਲ ਵੀ ਜੂਨ ਦਾ ਹੀ ਸੀ।
100 ਦਿਨ ਤੋਂ ਕੁਝ ਦਿਨ ਪਹਿਲਾਂ ਹੋਈਆਂ ਚੋਣਾਂ ’ਚ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕਦੇ ਵੀ ਇਹ ਕਿਆਸ ਨਹੀਂ ਕੀਤਾ ਹੋਵੇਗਾ ਕਿ ਉਹ ਆਪਣੇ ਲਈ ਇਹੋ ਜਿਹੇ ਨੁਮਾਇੰਦੇ ਚੁਣ ਰਹੇ ਹਨ, ਜਿਹੜੇ ਆਪਸੀ ਵਿਚਾਰ-ਵਟਾਂਦਰੇ ਰਾਹੀਂ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਗਾਲੀ-ਗਲੋਚ ਕਰਨ ਜਾਂ ਵਿਧਾਨ ਸਭਾ ਤੋਂ ਬਾਹਰ ਇੱਕ ਦੂਜੇ ’ਤੇ ਇਲਜ਼ਾਮ ਲਾਉਣ, ਇੱਕ ਦੂਜੇ ਨੂੰ ਮਾੜਾ ਸਿੱਧ ਕਰਨ ਦੀ ਸਿਆਸਤ ਕਰਨ ਨੂੰ ਲੋਕਾਂ ਦੇ ਮੁੱਦਿਆਂ, ਮਸਲਿਆਂ, ਸਮੱਸਿਆਵਾਂ ਦੇ ਹੱਲ ਤੋਂ ਜ਼ਿਆਦਾ ਤਰਜੀਹ ਦੇਣਗੇ। ਸਰਕਾਰ ਵੱਲੋਂ ਬੁਲਾਏ ਇਜਲਾਸ ਨੂੰ ਸਿਰਫ਼ ਇਸ ਗੱਲ ਉੱਤੇ ਹੀ ਨਾ ਚੱਲਣ ਦੇਣਾ ਕਿ ਸਰਕਾਰ ’ਚ ਸ਼ਾਮਲ ਮੰਤਰੀ ਖਨਣ ਮਾਮਲੇ ’ਚ ਲਿਪਤ ਹੈ ਜਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਰਿਆਦਾ ਦੀ ਉਲੰਘਣਾ ਦੇ ਮਾਮਲੇ ’ਚ ਮੁਅੱਤਲ ਕਿਉਂ ਕੀਤਾ ਗਿਆ ਹੈ ਜਾਂ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਸੰਬੰਧੀ ਲੋੜੋਂ ਵੱਧ ਹੋ-ਹੱਲਾ ਕਰਨਾ, ਜਦੋਂ ਕਿ ਪਿਛਲੀ 10 ਵਰ੍ਹਿਆਂ ਵਾਲੀ ਸਰਕਾਰ ਕਰਜ਼ਾ ਮੁਆਫੀ ਦੇ ਸੁਆਲ ਉੱਤੇ ਕੁਝ ਵੀ ਨਾ ਕਰ ਸਕੀ, ਕਿੱਥੋਂ ਤੱਕ ਜਾਇਜ਼ ਹੈ? ਪੰਜਾਬ ਦੇ ਲੋਕਾਂ ਨੇ ਕੀ ਇਹਨਾਂ ਵਿਧਾਇਕਾਂ ਨੂੰ ਇਸ ਕਰ ਕੇ ਆਪਣੇ ਨੁਮਾਇੰਦੇ ਚੁਣਿਆ ਕਿ ਉਹ ਸਿਰਫ਼ ਆਪਣੇ ਜਾਂ ਆਪਣੀ ਪਾਰਟੀ ਦੇ ਹਿੱਤ ਪੂਰਨ ਖ਼ਾਤਿਰ ਲੋਕਾਂ ਦੇ ਮਸਲਿਆਂ ਉੱਤੇ ਮਿੱਟੀ ਪਾ ਦੇਣ, ਉਹਨਾਂ ਉੱਤੇ ਵਿਚਾਰ-ਚਰਚਾ ਹੀ ਨਾ ਹੋਣ ਦੇਣ? ਜੇਕਰ ਸਰਕਾਰ ਕੋਈ ਲੋਕ-ਪੱਖੀ ਬਿੱਲ ਲਿਆਉਂਦੀ ਹੈ, ਬੱਜਟ ਵਿੱਚ ਟੈਕਸਾਂ ਦੀ ਭਰਮਾਰ ਨਹੀਂ ਕਰਦੀ ਜਾਂ ਲੋਕਾਂ ਉੱਤੇ ਕੋਈ ਟੈਕਸ ਨਹੀਂ ਲਾਉਂਦੀ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਬੱਜਟ ਵਿੱਚ ਰਕਮ ਪੇਸ਼ ਕਰਦੀ ਹੈ ਤਾਂ ਵਿਰੋਧੀ ਧਿਰ ਸਿਰਫ਼ ਵਿਰੋਧ ਖ਼ਾਤਿਰ ਹੀ ਵਿਰੋਧ ਕਿਉਂ ਕਰੇ?
100 ਦਿਨਾਂ ਦਾ ਸਮਾਂ ਸਰਕਾਰ ਦੀ ਕਾਰਗੁਜ਼ਾਰੀ ਪਰਖਣ ਲਈ ਕਾਫ਼ੀ ਨਹੀਂ, ਪਰ ਜੇਕਰ ਸਰਕਾਰ ਵਿਧਾਇਕਾਂ ਤੋਂ ਕੰਮ ਕਰਨ ਲਈ ਸਮਾਂ ਮੰਗਦੀ ਹੈ, ਕੁਝ ਕਰਨ ਦੀ ਇੱਛਾ ਸ਼ਕਤੀ ਪ੍ਰਗਟਾਉਂਦੀ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਕੀ ਥੋੜ੍ਹਾ ਸਬਰ-ਸੰਤੋਖ ਤੋਂ ਕੰਮ ਨਹੀਂ ਲੈਣਾ ਚਾਹੀਦਾ? ਹਾਲੇ ਤਾਂ ਅਗਲੇ ਪੰਜ ਸਾਲ ਪੂਰੇ ਹੋਣ ’ਚ ਲੰਮਾ ਸਮਾਂ ਪਿਆ ਹੈ। ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਾਲੇ ਆਪਣੀ ਹਾਰ ਹਾਲੇ ਪ੍ਰਵਾਨ ਕਰਨ ਦੇ ਮੂਡ ਵਿੱਚ ਨਹੀਂ ਹਨ, ਅਤੇ ਹੁਣ ਵੀ ਪੰਜਾਬ ਵਿੱਚ ‘ਬੌਸ’ ਵਾਂਗ ਵਿਚਰਨਾ ਚਾਹੁੰਦੇ ਹਨ, ਸ਼ਾਇਦ ਇਸ ਲਈ ਕਿ ਕੇਂਦਰ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਰਾਜ ਕਰ ਰਿਹਾ ਹੈ।
ਪਿਛਲੇ 10 ਵਰ੍ਹਿਆਂ ’ਚ ਜੋ ਨੁਕਸਾਨ ਸੂਬੇ ਦਾ ਅਕਾਲੀ-ਭਾਜਪਾ ਸਰਕਾਰ ਨੇ ਕੀਤਾ ਹੈ, ਕੀ ਇਹਨਾਂ ਦੋਹਾਂ ਪਾਰਟੀਆਂ ਨੇ ਇਕੱਠੇ ਬੈਠ ਕੇ ਉਸ ਦਾ ਮੁਲੰਕਣ ਕੀਤਾ ਹੈ? ਆਪਣੀਆਂ ਪ੍ਰਾਪਤੀਆਂ-ਅਪ੍ਰਾਪਤੀਆਂ ਦਾ ਲੇਖਾ-ਜੋਖਾ ਕੀਤਾ ਹੈ? ਸਿਰਫ਼ ਪ੍ਰਾਪਤੀਆਂ ਦੀ ਦਾਸਤਾਨ ਦਾ ਮੀਡੀਆ ਰਾਹੀਂ ਖਿਲਾਰਾ ਪਾ ਕੇ ਜਦੋਂ ਇਸ ਗੱਠਜੋੜ ਨੇ ਪੰਜਾਬ ’ਚ ਚੋਣ ਜਿੱਤਣੀ ਚਾਹੀ ਤਾਂ ਲੋਕਾਂ ਨੇ ਇਹਨਾਂ ਦੋਹਾਂ ਪਾਰਟੀਆਂ ਨੂੰ ਨਕਾਰ ਦਿੱਤਾ। ਆਖ਼ਿਰ ਕਿਉਂ? ਕੀ ਪਿਛਲੇ ਦਸ ਸਾਲਾਂ ਵਿੱਚ ਇਹ ਸਰਕਾਰ ਕੋਈ ਵੱਡਾ ਉਦਯੋਗ ਸਥਾਪਤ ਕਰ ਸਕੀ? ਕੀ ਪੰਜਾਬ ਦੇ ਕੈਂਸਰ ਪੀੜਤ ਰੋਗੀਆਂ ਲਈ ਕੋਈ ਹਸਪਤਾਲ ਕਾਇਮ ਕਰ ਸਕੀ? ਕੀ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਜਾਂ ਉਹਨਾਂ ਦੀ ਆਮਦਨ ਵਧਾਉਣ ਦਾ ਕੋਈ ਉਪਰਾਲਾ ਕਰ ਸਕੀ? ਕੀ ਪੰਜਾਬ ’ਚ ਸਿਹਤ ਤੇ ਸਿੱਖਿਆ ਦੇ ਖੇਤਰ ’ਚ ਕੋਈ ਵਰਨਣ ਯੋਗ ਪ੍ਰਾਪਤੀਆਂ ਕਰ ਸਕੀ? ਨੌਜਵਾਨਾਂ ਨੂੰ ਨੌਕਰੀਆਂ ਦੇ ਸਕੀ? ਪੰਜਾਬ ਦੇ ਪੰਜ ਵੇਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਆਪਣੇ ਇਲਾਜ ਲਈ ਜਾਂ ਕੈਂਸਰ ਪੀੜਤ ਆਪਣੀ ਪਤਨੀ ਦੇ ਇਲਾਜ ਲਈ ਉਹ ਅਮਰੀਕਾ ਵੱਲ ਕਿਉਂ ਰੁਖ਼ ਕਰਦੇ ਰਹੇ? ਕੀ ਉਹ ਪੰਜਾਬ ’ਚ ਉੱਚ-ਪਾਏ ਦਾ ਕੈਂਸਰ ਹਸਪਤਾਲ ਨਹੀਂ ਸੀ ਖੋਲ੍ਹ ਸਕਦੇ, ਜਿੱਥੇ ਉਹਨਾਂ ਪਰਵਾਸੀ ਪੰਜਾਬੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਸਨ, ਜਿਹੜੇ ਇਸ ਇਲਾਜ ਦੇ ਮਾਹਿਰ ਹਨ, ਜਿੱਥੇ ਉਹਨਾਂ ਵੱਡੇ ਦਾਨੀ ਪਰਵਾਸੀ ਪੰਜਾਬੀਆਂ ਤੋਂ ਮਾਇਕ ਸਹਾਇਤਾ ਲਈ ਜਾਂਦੀ, ਜੋ ‘ਆਪਣਿਆਂ’ ਲਈ ਸਭ ਕੁਝ ਕਰਨ ਲਈ ਤੱਤਪਰ ਦਿੱਸਦੇ ਹਨ? ਬਾਦਲ ਸਰਕਾਰ ਨੇ ਸਿਰਫ਼ ਉਹਨਾਂ ਸਵਾਰਥੀ ਪਰਵਾਸੀਆਂ ਦੀ ਬਾਂਹ ਫੜੀ, ਜਿਨ੍ਹਾਂ ਨੂੰ ਉਹਨਾ ਨੇ ਆਪਣਾ ਵੋਟ-ਬੈਂਕ ਵਧਾਉਣ ਦੇ ਸਾਧਨ ਵਜੋਂ ਵਰਤਣਾ ਚਾਹਿਆ। ਤਦੇ ਅੱਜ ਤੱਕ ਵੀ ਬਠਿੰਡੇ ਤੋਂ ਨਿੱਤ ਕੈਂਸਰ ਮਰੀਜ਼ਾਂ ਨਾਲ ਭਰੀ ਟਰੇਨ ਬੀਕਾਨੇਰ ਜਾਂਦੀ ਹੈ।
ਕੀ ਪੰਜਾਬ ਦੇ ਲੰਮਾ ਸਮਾਂ ਉੱਪ-ਮੁੱਖ ਮੰਤਰੀ (ਅਸਲ ’ਚ ਮੁੱਖ ਮੰਤਰੀ) ਰਹੇ ਸੁਖਬੀਰ ਸਿੰਘ ਬਾਦਲ, ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਉਨ੍ਹਾ ਨੇ ਆਪਣੇ ਬੱਚੇ ਵਿਦੇਸ਼ਾਂ ਦੇ ਸਿੱਖਿਆ ਅਦਾਰਿਆਂ ’ਚ ਕਿਉਂ ਪੜ੍ਹਨ ਲਈ ਭੇਜੇ ਹੋਏ ਹਨ? ਉਹ ਬੱਚਿਆਂ ਦੀ ਪੜ੍ਹਾਈ ਲਈ ਦਸ ਵਰ੍ਹਿਆਂ ’ਚ ਇਹੋ ਜਿਹਾ ਕੋਈ ਵਧੀਆ ਸਕੂਲ ਖੋਲ੍ਹਣ ’ਚ ਕਾਮਯਾਬ ਕਿਉਂ ਨਹੀਂ ਹੋਏ, ਜਿੱਥੇ ਉਨ੍ਹਾ ਦੇ ਬੱਚੇ ਵੀ ਪੜ੍ਹਦੇ, ਹੋਰ ਹੁਸ਼ਿਆਰ ਬੱਚੇ ਵੀ ਪੜ੍ਹਦੇ, ਆਮ ਲੋਕਾਂ ਦੇ ਆਮ ਬੱਚੇ ਵੀ ਸਿੱਖਿਆ ਲੈਂਦੇ ਅਤੇ ਆਈ ਏ ਐੱਸ, ਆਈ ਪੀ ਐੱਸ ਇਮਤਿਹਾਨਾਂ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਦੇ? ਕੀ ਕਦੇ ਉਹਨਾ ਇਸ ਗੱਲ ਵੱਲ ਗੌਰ ਕੀਤਾ ਕਿ ਪੰਜਾਬ ਦੇ ਬੱਚੇ ਪਿਛਲੇ ਦਸ ਵਰ੍ਹਿਆਂ ’ਚ ਸਿੱਖਿਆ ਤੋਂ ਮੂੰਹ ਮੋੜ ਬੈਠੇ ਹਨ, ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਬੈਠਣ ਦੀ ਬਜਾਏ ਆਇਲਿਟ ਪਾਸ ਕਰ ਕੇ ਵਿਦੇਸ਼ਾਂ ’ਚ ਜਾ ਕੇ ਸੈਟਲ ਹੋਣ ਦੇ ਚੱਕਰ ’ਚ ਹਨ, ਅਤੇ ਉਹਨਾਂ ਦੇ ਮਾਪੇ ਬਿਨਾਂ ਇਸ ਗੱਲ ਦਾ ਹਾਣ-ਲਾਭ ਜਾਣਿਆ ਉਹਨਾਂ ਨੂੰ ਉਤਸ਼ਾਹਤ ਕਰ ਰਹੇ ਹਨ? ਕੀ ਕਦੇ ਉਹਨਾ ਨੇ ਜਾਂ ਉਹਨਾ ਦੀ ਸਰਕਾਰ ਨੇ ਜਾਣਿਆ ਕਿ ਇਸ ਦਾ ਕਾਰਨ ਕੀ ਹੈ? ਕੀ ਜਾਣਿਆ ਕਿ ਇਹ ਬੇਰੁਜ਼ਗਾਰੀ ਕਾਰਨ ਹੈ? ਕੀ ਜਾਣਿਆ ਕਿ ਨਸ਼ਿਆਂ ਦੇ ਕਹਿਰ ਦਾ ਨਤੀਜਾ ਹੈ? ਕੀ ਜਾਣਿਆ ਕਿ ਮਾਪੇ ਕਿਉਂ ਆਪ ਆਪਣੀਆਂ ‘ਆਂਦਰਾਂ’ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ਵੱਲ ਕਿਸੇ ਵੀ ਹਾਲਤ ’ਚ ਭੇਜਣ, ਧੱਕਣ ਲਈ ਮਜਬੂਰ ਹਨ, ਜਿਨ੍ਹਾਂ ਨੂੰ ਉਹ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕਰਨਾ ਚਾਹੁੰਦੇ?
ਇਹ ਸਭ ਕੁਝ ਅਸੁਰੱਖਿਅਤ ਮਾਹੌਲ’ ਕਾਰਨ ਵਾਪਰਿਆ ਹੈ। ਇਹ ਸਭ ਕੁਝ ਪੰਜਾਬ ਦੇ ਕਰਜ਼ੇ ’ਚ ਗੜੁੱਚ ਹੋਣ ਕਾਰਨ ਵਾਪਰਿਆ ਹੈ। ਕਿਉਂ ਇਸ ਹਕੀਕਤ ਨੂੰ ਅਕਾਲੀ ਪ੍ਰਵਾਨ ਨਹੀਂ ਕਰਦੇ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਹੋਇਆ ਹੈ? ‘ਰਾਜ ਨਹੀਂ, ਸੇਵਾ’ ਦੇ ਸੰਕਲਪ ਨੂੰ ਤਾਰੋ-ਤਾਰ ਕੀਤਾ ਹੈ ਅਕਾਲੀ ਭਾਜਪਾ ਸਰਕਾਰ ਨੇ। ਜੇਕਰ ਇੰਜ ਨਾ ਕੀਤਾ ਹੁੰਦਾ, ਲੋਕਾਂ ਉੱਤੇ ਟੈਕਸਾਂ ਦਾ ਬੋਝ ਨਾ ਪਾਇਆ ਹੁੰਦਾ, ਮਾਫੀਆ ਰਾਜ ਸਥਾਪਤ ਕਰਨ ਦੇ ਯਤਨ ਨਾ ਹੋਏ ਹੁੰਦੇ, ਭਿ੍ਰਸ਼ਟਾਚਾਰ ਦਾ ਬੋਲਬਾਲਾ ਨਾ ਹੁੰਦਾ, ਸੰਗਤ ਦਰਸ਼ਨ ਦੇ ਨਾਮ ਉੱਤੇ ਗ੍ਰਾਂਟਾਂ ਦੀ ਲੁੱਟ ਨਾ ਹੁੰਦੀ, ‘ਸੇਵਾ ਕੇਂਦਰਾਂ’ ਰਾਹੀਂ ਲੋਕ ਸੇਵਾ ਪ੍ਰਾਪਤ ਕਰਨ ਵਾਲੀਆਂ ਸਹੂਲਤਾਂ ਮਹਿੰਗੀਆਂ ਨਾ ਕੀਤੀਆਂ ਜਾਂਦੀਆਂ, ਵਿਧਾਨ ਸਭਾ ਹਲਕਾ ਇੰਚਾਰਜ ਬਣਾ ਕੇ ਉਹਨਾਂ ਨੂੰ ‘ਸੱਭੋ ਕੁਝ’ ਆਪੇ ਕਰਨ, ਨਿਬੇੜਣ ਦੇ ਅਧਿਕਾਰ ਨਾ ਦਿੱਤੇ ਹੁੰਦੇ ਤਾਂ ਸ਼ਾਇਦ ਪੰਜਾਬ ਸਿੱਖਿਆ, ਸਿਹਤ, ਉਦਯੋਗ, ਵਾਤਾਵਰਣ, ਖੇਤੀ ਖੇਤਰ, ਅਮਨ-ਕਨੂੰਨ ਦੇ ਪੱਖੋਂ ਏਨਾ ਪਿੱਛੇ ਨਾ ਹੁੰਦਾ, ਤੇ ਸ਼ਾਇਦ ਆਪਣੀ ਪਹਿਲਾਂ ਵਾਲੀ ਦਿੱਖ, ਆਪਣਾ ਪਹਿਲਾਂ ਵਰਗਾ ਟੌਹਰ-ਟੱਪਾ ਦੁਨੀਆ ਸਾਹਵੇਂ ਬਣਿਆ ਰੱਖਣ ’ਚ ਕਾਮਯਾਬ ਹੁੰਦਾ!
ਹੁਣ ਵਾਲੀ ਕੈਪਟਨ ਸਰਕਾਰ ਨੇ ਆਪਣੇ 100 ਦਿਨਾਂ ’ਚ ਅਤੇ ਬੱਜਟ ਵਿੱਚ ਕਈ ਐਲਾਨ ਕਰ ਕੇ ਹਰ ਵਰਗ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਇਹ ਐਲਾਨ ਚੋਣ ਵਾਅਦਿਆਂ ਨਾਲ ਸੰਬੰਧਤ ਹਨ। ਜਿਵੇਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਕਰਜ਼ਾ ਕੁਰਕੀ ਖ਼ਤਮ ਕਰਨ ਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ, ਪਰ ਕੈਪਟਨ ਦੀ ਸਰਕਾਰ ਲੋਕਾਂ ਦੀ ਟਸ-ਟਸ ਕਰਦੀ ਦੁਖਦੀ ਰਗ ਦੀ ਥਾਹ ਨਹੀਂ ਪਾ ਸਕੀ। ਜੇਕਰ ਕੁਝ ਥਾਹ ਪਾਈ ਵੀ ਹੈ ਤਾਂ ਸਰਕਾਰੀ ਮਸ਼ੀਨਰੀ ਦੀ ਕੁਝ ਨਾ ਕਰਨ ਦੀ ਪਰਵਿਰਤੀ ਕਾਰਨ ਮਨ-ਚਾਹਿਆ ਮੰਤਵ ਹਾਸਲ ਨਹੀਂ ਕਰ ਸਕੀ। ਨੌਜਵਾਨ ਨੌਕਰੀਆਂ ਦੀ ਉਡੀਕ ’ਚ ਬੈਠੇ ਹਨ। ਭਲਾ ਉਹ ਇਕੱਲਾ ਸਮਾਰਟ ਫੋਨ ਲੈ ਕੇ ਕੀ ਕਰਨਗੇ? ਕਿਸਾਨਾਂ ਦੀ ਆਮਦਨ ਵਧਾਉਣ ਲਈ ਕੋਈ ਰੋਡ-ਮੈਪ ਨਹੀਂ ਬਣਾਇਆ ਗਿਆ। ਉਦਯੋਗਪਤੀ ਸਨਅਤੀ ਨੀਤੀ ਉਡੀਕ ਰਹੇ ਹਨ। ਉਹ ਇਕੱਲੀ ਬਿਜਲੀ ਨੂੰ ਕੀ ਕਰਨਗੇ? ਜੀ ਐੱਸ ਟੀ ਨਾਲ ਸੂਬੇ ਦੇ ਵਪਾਰੀਆਂ, ਉਦਯੋਗਪਤੀਆਂ ਦੇ ਸਾਹ ਸੂਤੇ ਹੋਏ ਹਨ। ਉਹ ਇਸ ਨਾਲ ਕਿਵੇਂ ਨਿਪਟਣਗੇ? ਪਹਿਲਾਂ ਹੀ ਨੋਟ-ਬੰਦੀ ਕਾਰਨ ਚੌਪਟ ਵਪਾਰ ਤੇ ਉਦਯੋਗ ਕੀ ਹੋਰ ਮੂਧੇ ਮੂੰਹ ਤਾਂ ਨਹੀਂ ਡਿੱਗੇਗਾ। ਇਸ ਦਾ ਖਦਸ਼ਾ ਉਹਨਾਂ ਨੂੰ ਵੱਢ-ਵੱਢ ਖਾ ਰਿਹਾ ਹੈ।
ਨਸ਼ਿਆਂ ਦੇ ਧੰਦੇ ਉੱਤੇ ਸ਼ਿਕੰਜਾ ਹਾਲੇ ਤੱਕ ਕੱਸਿਆ ਨਹੀਂ ਜਾ ਸਕਿਆ। ਸਰਕਾਰ ਕਹਿੰਦੀ ਹੈ ਕਿ ਐੱਸ ਟੀ ਐੱਫ਼ ਨੇ ਨਸ਼ੇ ਦੇ ਕਾਰੋਬਾਰ ’ਤੇ ਲਗਾਮ ਕੱਸਣ ’ਚ ਸਫ਼ਲਤਾ ਹਾਸਲ ਕੀਤੀ ਹੈ, ਪਰ ਐੱਸ ਟੀ ਐੱਫ਼ ਇਸ ਕਾਰੋਬਾਰ ਨਾਲ ਜੁੜੇ ਕਿਸੇ ਸਰਗੁਣੇ ਨੂੰ ਨੱਥ ਪਾਉਣ ’ਚ ਅਸਫ਼ਲ ਰਹੀ ਹੈ। ਹਾਲੇ ਤੱਕ ਨਸ਼ਾ ਕਾਰੋਬਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਲਈ ਕਨੂੰਨ ਹੀ ਨਹੀਂ ਬਣ ਸਕਿਆ। ਇਹ ਠੀਕ ਹੈ ਕਿ ਪਿਛਲੀ ਸਰਕਾਰ ਦੀ ਕਨੂੰਨ ਵਿਵਸਥਾ ਦੇ ਮੁਕਾਬਲੇ ’ਚ ਸੁਧਾਰ ਹੋਇਆ ਹੈ, ਪਰ ਗੁੰਡਾ ਅਨਸਰਾਂ ਦੇ ਗੈਂਗ ਹਾਲੇ ਵੀ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਇਸ ਤੋਂ ਵੀ ਵੱਡੀ ਗੱਲ ਇਹ ਕਿ ਪਿਛਲੀ ਸਰਕਾਰ ਵੇਲੇ ਵਾਪਰੀਆਂ ਵੱਡੀਆਂ ਘਟਨਾਵਾਂ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਾਮਧਾਰੀ ਮਾਤਾ ਦਾ ਕਤਲ, ਆਦਿ ਸੰਬੰਧੀ ਕੋਈ ਵੀ ਸੁਰਾਗ ਹਾਲੇ ਤੱਕ ਪੁਲਸ ਦੇ ਹੱਥ ਨਹੀਂ ਲੱਗਾ। ਇੰਜ ਸਵਾਲ ਉੱਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਪ੍ਰਸ਼ਾਸਨ ਅਤੇ ਪੁਲਸ ’ਚ ਆਪਣੀ ਪਕੜ ਕਾਇਮ ਕਰ ਸਕਿਆ ਹੈ ਕਿ ਨਹੀਂ?
ਮੌਜੂਦਾ ਪੰਜਾਬ ਸਰਕਾਰ ਵੱਲੋਂ ਕੁਝ ਕਰਨ ਦੀ ਇੱਛਾ ਤਾਂ ਵਿਖਾਈ ਜਾ ਰਹੀ ਹੈ, ਜਿਵੇਂ ਆਮ ਲੋਕਾਂ ਲਈ ਆਟਾ-ਦਾਲ ਸਕੀਮ ’ਚ ਚੀਨੀ ਅਤੇ ਚਾਹ ਦਾ ਵਾਧਾ, ਬੁਢਾਪਾ ਪੈਨਸ਼ਨ 500 ਤੋਂ 750 ਰੁਪਏ ਕਰਨ, ਖੇਤੀ ਦੇ ਬੱਜਟ ’ਚ ਵਾਧਾ, ਰੈੱਡ ਕਰਾਸ ਰਾਹੀਂ 10 ਰੁਪਏ ਥਾਲੀ ਚਾਲੂ ਕਰਨ ਦੀ ਸਕੀਮ, ਔਰਤਾਂ ਲਈ ਰਿਜ਼ਰਵੇਸ਼ਨ ’ਚ ਵਾਧਾ, ਵੀ ਆਈ ਪੀ ਕਲਚਰ ਦਾ ਖ਼ਾਤਮਾ ਅਤੇ ਵੀ ਆਈ ਪੀ ਗੱਡੀਆਂ ਤੋਂ ਲਾਲ ਬੱਤੀ ਹਟਾਉਣ, ਡੀ ਟੀ ਓ ਸਿਸਟਮ ਹਟਾ ਕੇ ਡਰਾਈਵਿੰਗ ਲਾਇਸੰਸ ਐੱਸ ਡੀ ਐੱਮ ਦਫ਼ਤਰਾਂ ਰਾਹੀਂ ਦੇਣਾ, ਆਦਿ-ਆਦਿ।
ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਸਿਰਫ਼ ਇਹੋ ਨਹੀਂ ਹਨ। ਲੋਕ ਉਹਨਾਂ ਦਰਦ ਭਰੇ ਦਿਨਾਂ ਨੂੰ ਭੁੱਲਣਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੱਡੇ ਜ਼ਖ਼ਮ ਦਿੱਤੇ ਹਨ। ਉਹਨਾਂ ਨੂੰ ਅਣਸੁਖਾਵਾਂ ਮਾਹੌਲ ਦਿੱਤਾ ਹੈ। ਉਹਨਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਕੀਤਾ ਹੈ। ਉਹਨਾਂ ਨੂੰ ਮਿਲਦੀਆਂ ਬਰਾਬਰ ਸਿੱਖਿਆ ਸਹੂਲਤਾਂ ਖੋਹ ਕੇ ਸਿੱਖਿਆ ਦੀਆਂ ਚਾਬੀਆਂ ਹਲਵਾਈਆਂ, ਕਾਰੋਬਾਰੀਆਂ, ਠੇਕੇਦਾਰਾਂ ਹੱਥ ਫੜਾਈਆਂ ਹਨ। ਉਹਨਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਖੋਹ ਕੇ ਪੰਜ ਤਾਰਾ, ਤਿੰਨ ਤਾਰਾ ਪ੍ਰਾਈਵੇਟ ਹਸਪਤਾਲਾਂ ਦੇ ਸਪੁਰਦ ਕਰ ਕੇ ਉਹਨਾਂ ਦੀ ਕਮਾਈ ਦਾ ਵੱਡਾ ਹਿੱਸਾ ਉਹਨਾਂ ਗੋਚਰੇ ਕਰ ਦਿੱਤਾ ਹੈ। ਮੁਫਤ ਸਰਕਾਰੀ ਕੰਮ ਕਰਾਉਣ ਜਾਂਦਿਆਂ ਸੇਵਾ ਕੇਂਦਰਾਂ, ਕਚਹਿਰੀਆਂ ’ਚ ਉਹਨਾਂ ਦੀ ਜੇਬ ਢਿੱਲੀ ਕੀਤੀ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਤੋਂ ਵੱਧ ਇਹ ਵੀ, ਜਿੱਥੇ ਪੰਜਾਬ ਦੇ ਲੋਕ ਆਪਣੇ ਵਿਰਸੇ ’ਚ ਮਿਲੀ ਵਿਚਾਰ-ਚਰਚਾ, ਆਪਸੀ ਸਾਂਝ ਦੀ ਮਜ਼ਬੂਤੀ ਨੂੰ ਮੁੜ ਪੰਜਾਬ ’ਚ ਪੱਸਰਿਆ ਦੇਖਣਾ ਚਾਹੁੰਦੇ ਹਨ, ਉਥੇ ਪ੍ਰਫੁੱਲਤ ਵਸਦੇ-ਰਸਦੇ ਪੰਜਾਬ ਦੀ ਕਲਪਨਾ ਵੀ ਹਰ ਵੇਲੇ ਉਹਨਾਂ ਦੀ ਤਾਂਘ ਹੈ। ਇਹ ਗੱਲ ਸਰਕਾਰ ਵੀ ਸਮਝੇ ਤੇ ਵਿਰੋਧੀ ਪਾਰਟੀਆਂ ਵੀ ਸਮਝਣ, ਤਦੇ ਪੰਜਾਬ ਪੰਜਾਬ ਬਣਿਆ ਰਹਿ ਸਕੇਗਾ, ਜਿਹੜਾ ਦੇਸ਼ ਦੀਆਂ ਅੰਨ ਨਾਲ ਝੋਲੀਆਂ ਵੀ ਭਰਦਾ ਰਹੇਗਾ ਅਤੇ ਆਜ਼ਾਦੀ, ਵਿਕਾਸ, ਸਾਂਝੀਵਾਲਤਾ, ਪਿਆਰ-ਅਮਨ ਦਾ ਸੰਦੇਸ਼ ਵੀ ਦੇਸ਼ ਭਰ ’ਚ ਦਿੰਦਾ ਰਹੇਗਾ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.