ਸੰਪਾਦਕ: ਸਰਬਜੀਤ ਸੋਹੀ
ਸੁਚੇਤ ਪਹਿਰੇਦਾਰੀ ਸੁੱਚੋ ਸਭਿਆਚਾਰ ਦੀ
''ਪੰਜਾਂ ਪਾਣੀਆਂ ਦੇ ਗੀਤ'' ਪੁਸਤਕ ਅਸਲ ਵਿੱਚ ਪੁਸਤਕ ਨਹੀਂ, ਸੁਪਨੇ ਦਾ ਆਕਾਰ ਹੈ, ਜਿਸ ਨੂੰ ਸਾਕਾਰ ਕਰਨ ਲਈ ਮੇਰੇ ਨਿੱਕੇ ਵੀਰ ਸਰਬਜੀਤ ਸੋਹੀ ਨੇ ਪਹਿਲਕਦਮੀ ਕੀਤੀ ਹੈ। ਖ਼ੁਦ ਜਿਉਂਦਾ ਜਾਗਦਾ ਸਿਰਜਕ ਹੋਣ ਕਰਕੇ ਉਸਦੇ ਸਰੋਕਾਰ ਸਿਹਤਮੰਦ ਹਨ। ਫ਼ਿਕਰਮੰਦੀਆਂ ਵੀ ਸਮਾਜਕ ਹਨ। ਵਿਅਕਤੀ ਵੱਲੋਂ ਸਮਾਜ ਮੁਖੀ ਹੋਣਾ ਕਿਸੇ ਵੀ ਵੇਲੇ ਸਮਾਜਕ ਤਬਦੀਲੀ ਦਾ ਆਧਾਰ ਬਣਦਾ ਰਿਹਾ ਹੈ। ਪਹਿਲਾਂ ਪਹਿਲ ਸਮਾਜ ਸੁਪਨਾ ਲੈਂਦਾ ਸੀ, ਸਾਂਝਾ ਸਮਾਜਿਕ ਸੁਪਨਾ ਤੇ ਵਿਅਕਤੀ ਉਸ ਦੀ ਪੂਰਤੀ ਲਈ ਸੀਸ ਤਲੀ ਤੇ ਧਰ ਕੇ ਤੁਰ ਪੈਂਦੇ ਸਨ।
ਇਕਵੀਂ ਸਦੀ ਦੇ ਸ਼ਾਤਰ ਦੁਸ਼ਮਣ ਨੇ ਆਪਣੇ ਹਥਿਆਰ ਬਦਲ ਲਏ ਹਨ। ਹੁਣ ਉਹ ਟੈਂਕ ਤੋਪਾਂ ਲੈ ਕੇ ਹਮਲਾਵਰ ਬਣ ਕੇ ਨਹੀਂ ਆਉਂਦਾ ਸਗੋਂ ਸਾਡੀ ਜੜ੍ਹ ਤੇ ਵਾਰ ਕਰਦਾ ਹੈ, ਸਿਉਂਕ ਵਾਂਗ।
ਸਾਡੀ ਜਵਾਨੀ ਨੂੰ ਕੁਰਾਹੇ ਪਾਉਣ ਲਈ ਹਥਿਆਰਾਂ ਦੀ ਮਹਿਮਾ, ਗੁੰਡਾ ਗਰੋਹਾਂ ਵਿੱਚ ਸ਼ਾਮਲ ਹੋ ਕੇ ਫੋਕੀ ਸ਼ਾਨ ਦੀ ਰਖਵਾਲੀ, ਨਸ਼ਾਖ਼ੋਰੀ, ਔਰਤ ਨੂੰ ਭੋਗਣ ਯੋਗ ਵਸਤੂ ਬਣਾ ਕੇ ਰਿਸ਼ਤਾ ਨਾਤਾ ਪ੍ਰਬੰਧ ਦੀ ਤਮੀਜ਼ ਭੁਲਾਉਣਾ, ਧਰਤੀ, ਮਾਂ ਬੋਲੀ ਅਤੇ ਕੁੱਖਾਂ ਦੀ ਤਲਾਸ਼ੀ ਲੈ ਲੈ ਕੇ ਨਸਲਘਾਤ ਦੇ ਰਾਹ ਪੰਜਾਬ ਨੂੰ ਤੋਰਨਾ ਸਾਡੇ ਦੁਸ਼ਮਣਾਂ ਦੇ ਏਜੰਡੇ ਵਿੱਚ ਸ਼ਾਮਲ ਹੈ। ਘਰ ਪਰਿਵਾਰ ਤੇ ਮਾਣ ਦੀ ਥਾਂ ਬਾਜ਼ਾਰ ਤੇ ਟੇਕ ਵੱਧਣਾ ਵੀ ਕਿਸੇ ਗੁਪਤ ਏਜੰਡੇ ਦਾ ਪ੍ਰਤੀਫ਼ਲ ਹੈ।
ਹੁਣ ਸਵਾਲ ਇਹ ਹੈ ਕਿ ਆਪਣੇ ਦੁਸ਼ਮਣ ਦੀਆਂ ਚਾਲਾਂ ਜਾਣਦੇ ਹੋਏ ਇਸ ਦਾ ਟਾਕਰਾ ਕਿਵੇਂ ਕੀਤਾ ਜਾਵੇ। ਸਰਬਜੀਤ ਸੋਹੀ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਹ ਕਿਤਾਬ ਇਨ੍ਹਾਂ ਦੁਸ਼ਮਣਾਂ ਦੇ ਖਿਲਾਫ਼ ਕੀਤੀ ਕੋਸ਼ਿਸ਼ ਮਾਤਰ ਹੀ ਹੈ।
ਪੰਜਾਬ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਸੰਕਲਪ ਦੇ ਲੜ ਲਾਇਆ ਸੀ। ਮਕਸਦ ਇਹ ਸੀ ਕਿ ਹਰ ਮਸਲੇ ਦੇ ਹੱਲ ਲਈ ਵਿਅਕਤੀ ਤੇ ਹੀ ਨਜ਼ਰਾਂ ਨਾ ਟਿਕਾਉ ਸਗੋਂ ਲਿਖੇ ਲਿਖਾਏ ਵਿਧਾਨ ਰੂਪੀ ਗੁਰੂ ਸ਼ਬਦ ਨੂੰ ਪੁੱਛੋ। ਤਕਲੀਫ ਦੇਹ ਬਾਤ ਇਹ ਹੈ ਕਿ ਸ਼ਬਦ ਗੁਰੂ ਤਾਂ ਕਹਿੰਦਾ ਹੈ ਕਿ ਪਵਨ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਤਾ ਹੈ, ਇਹੀ ਸਾਨੂੰ ਦਿਨ ਰਾਤ ਖਿਡਾਉਂਦੇ ਨੇ। ਫਿਰ ਅਸੀਂ ਕਿਸ ਤੋਂ ਅਗਵਾਈ ਲੈ ਕੇ ਰੁੱਖਾਂ ਦੇ ਮੁੱਢ ਆਰੀ ਫੇਰ ਰਹੇ ਹਾਂ। ''ਬਲਿਹਾਰੀ ਕੁਦਰਤਿ ਵੱਸਿਆ'' ਕੇਵਲ ਰਾਗੀ ਸਿੰਘਾਂ ਦੇ ਗਾਇਨ ਵਾਸਤੇ ਹੀ ਤਾਂ ਨਹੀਂ ਨਾ ਜੀਵਨ ਤੋਰ ਨੂੰ ਸਹੀ ਦਿਸ਼ਾ ਵਿੱਚ ਤੋਰਨ ਵਾਸਤੇ ਸੀ। 'ਪੱਤੇ ਪੱਤੇ ਗੋਬਿੰਦ ਬੈਠਾ' ਪੜ੍ਹ ਕੇ ਅਸੀਂ ਰਾਹੇ ਰਾਹ ਤੁਰਦੇ ਤੁਰਦੇ ਕੁਰਾਹੇ ਪੈ ਗਏ ਹਾਂ। ਜਿਸ ਧਰਤੀ ਤੇ ਗੁਰਦੁਆਰੇ ਵੀ ਟਾਹਲੀ ਸਾਹਿਬ, ਬੇਰ ਸਾਹਿਬ, ਪਿੱਪਲੀ ਸਾਹਿਬ ਤੇ ਫ਼ਲਾਹੀ ਸਾਹਿਬ ਹੋਣ, ਉਥੇ ਆਰੀਆਂ ਵਾਲਿਆਂ ਦੀ ਸਰਦਾਰੀ ਫ਼ਿਕਰਮੰਦੀ ਦਾ ਆਧਾਰ ਹੈ।
'ਪੰਜਾਂ ਪਾਣੀਆਂ ਦੇ ਗੀਤ' ਇਨ੍ਹਾਂ ਆਰੀਬਾਜ਼ਾਂ ਦੇ ਖ਼ਿਲਾਫ਼ ਬਹੁਤ ਵੱਡੀ ਲਹਿਰ ਦਾ ਸ਼ੁਭ ਆਰੰਭ ਹੈ। ਸ਼ਬਦ ਵੀ ਤਾਂ ਹਥਿਆਰ ਹੁੰਦੇ ਨੇ, ਪੰਜਾਬ ਨੇ ਇਨ੍ਹਾਂ ਸ਼ਬਦ ਬਾਣਾਂ ਨਾਲ ਵਿੰਨ੍ਹੇ ਆਲਮਗੀਰ ਬਾਦਸ਼ਾਹ ਔਰਗੰਜ਼ੇਬ ਵਰਗੇ ਮਰਦੇ ਵੇਖੇ ਹਨ। ਜ਼ਫ਼ਰਨਾਮਾ ਕਿਵੇਂ ਸ਼ਸਤਰ ਬਣਿਆ, ਇਸ ਲਈ ਕਿਸੇ ਹੋਰ ਪ੍ਰਮਾਣ ਦੀ ਜਰੂਰਤ ਨਹੀਂ ਹੈ।
ਭਾਰਤ ਤੋਂ ਮੇਰੇ ਸਮੇਤ ਪੰਜ ਗੀਤਕਾਰਾਂ ਅਮਰੀਕ ਸਿੰਘ ਤਲਵੰਡੀ, ਹਰਬੰਸ ਮਾਲਵਾ, ਮਨਜਿੰਦਰ ਸਿੰਘ ਧਨੋਆ ਤੇ ਤਰਲੋਚਨ ਲੋਚੀ ਤੋਂ ਇਲਾਵਾ ਆਸਟਰੇਲੀਆ ਤੋਂ ਕੰਵਲ ਢਿੱਲੋਂ, ਆਤਮਾ ਹੇਅਰ, ਸੁਰਜੀਤ ਸੰਧੂ, ਪਾਲ ਰਾਊਕੇ ਅਤੇ ਸਰਬਜੀਤ ਸੋਹੀ ਦੇ ਇਹ ਗੀਤ ਕੇਵਲ ਸ਼ਬਦ ਨਹੀਂ ਸਗੋਂ 100 ਤੀਰ ਹਨ ਜੋ ਹਰ ਬੁਰੀ ਸੋਚ ਵਾਲੇ ਰਾਵਣ-ਪੰਥੀ ਦੀ ਹਿੱਕ ਚੀਰਨਗੇ।
ਸਰਬਜੀਤ ਸੋਹੀ ਦੀ ਇਹ ਕੋਸ਼ਿਸ਼ ਭਾਵੇਂ ਹੁਣ ਨਿੱਕੀ ਜਾਪੇ ਪਰ ਇਸਦੇ ਦੂਰ ਨਤੀਜੇ ਮੈਂ ਹੁਣ ਵੀ ਚਿਤਵ ਸਕਦਾਂ। ਪਿ੍ਰੰਸੀਪਲ ਤਖ਼ਤ ਸਿੰਘ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਮੇਰੀ ਵਕਾਲਤ ਕਰੇਗਾ।
ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ,
ਮੇਰਾ ਪਰਛਾਵਾਂ ਪਵੇ, ਕਿੱਥੇ ਕੁ ਜਾ ਕੇ।
ਬੁਲੰਦੀ ਪ੍ਰਭਾਵ ਖੇਤਰ ਵਿੱਚ ਲੁਕੀ ਹੁੰਦੀ ਹੈ। ਸੁਰੀਲੇ ਕੰਠ ਜਦ ਇਨ੍ਹਾਂ ਗੀਤਾਂ ਨੂੰ ਗਾਇਨ ਉਪਰੰਤ ਪੌਣਾਂ ਹਵਾਲੇ ਕਰਨਗੇ ਤਾਂ ਇਸ ਦਾ ਅਸਰ ਹੋਰ ਵਧੇਗਾ। ਕਿਸੇ ਗੀਤ ਨੂੰ ਅਸਲ ਵਿੱਚ ਸੁਜਿੰਦ ਹੀ ਗਾਇਕ ਕਰਦਾ ਹੈ।
ਪੰਜਾਬੀ ਮਾਨਸਿਕਤਾ ਖੁੰਢੀ ਕਰਨ ਲਈ ਜਿਵੇਂ ''ਖਾਉ, ਪੀਓੁ, ਐਸ਼ ਕਰੋ ਮਿੱਤਰੋਂ'' ਕਲਚਰ ਵਧ ਰਿਹਾ ਹੈ, ਇਹ ਪੰਜਾਬੀਆਂ ਲਈ ਕੁਲ ਘਾਤਕ ਹੈ। ਪੰਜਾਬੀ ਤਾਂ ਜੀਅ ਜਾਨ ਲਾ ਕੇ ਮਿਹਨਤ ਕਰਨ ਵਾਲੇ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਸਨ ਪਰ ਅੱਜ, ਮੈਂ, ਮੈਂ, ਮੈਂ ਦੀ ਰੱਟ ਨੇ ਸਾਨੂੰ ਕੌਡੀਓਂ ਖੋਟੇ ਕਰ ਦਿੱਤਾ ਹੈ। ਇਹ ਗੀਤ ਸੰਗ੍ਰਹਿ ਇਸੇ ਰੋਗ ਤੋਂ ਮੁਕਤੀ ਲਈ ਰਾਮਬਾਣ ਅੋਸ਼ਧੀ ਹੈ।
ਸਮੂਹਕ ਜਨ-ਵਿਹਾਰ ਅਤੇ ਸਰਬੱਤ ਦਾ ਸੰਕਲਪ ਜੀਉਂਦਾ ਰੱਖਣਾ ਹਰ ਸਿਹਤਮੰਦ ਸੋਚ ਵਾਲੇ ਵਿਅਕਤੀ ਦਾ ਫ਼ਿਕਰ ਹੋਣਾ ਚਾਹੀਦਾ ਹੈ। ਅਸੀਂ ਵਿਅਕਤੀ, ਵਜੋਂ ਵਿਕਾਸ ਕਰ ਰਹੇ ਹਾਂ, ਸਫ਼ੈਦੇ ਵਾਂਗ ਗਗਨ ਚੁੰਮ ਰਹੇ ਹਾਂ, ਪਰ ਸਮਸ਼ਟੀ ਰੂਪ ਵਿੱਚ ਬੋਹੜਾਂ ਪਿੱਪਲਾਂ ਵਾਂਗ ਫ਼ੈਲ ਨਹੀਂ ਰਹੇ। ਗਗਨਮੁਖੀ ਹੋ ਗਏ ਹਾਂ ਪਰ ਧਰਤਮੁਖੀ ਨਹੀਂ ਰਹੇ। ਅੰਬਰ ਵੀ ਸਾਡਾ ਹੈ ਤੇ ਧਰਤੀ ਵੀ। ਇਹ ਸਾਰੇ ਗੀਤ ਇਨ੍ਹਾਂ ਸਵਾਲਾਂ ਦਾ ਉੱਤਰ ਹਨ।
ਰਿਸ਼ਤਾ ਨਾਤਾ ਪ੍ਰਬੰਧ ਦੀਆਂ ਤੰਦਾ ਕਮਜ਼ੋਰ ਪੈਣ ਦੇ ਪਹਿਰ ਵਿੱਚ ਹੀ ਮਨਜਿੰਦਰ ਧਨੋਆ ਨੂੰ ਭਰਾਵਾਂ ਦੇ ਸਾਥ ਵਰਗਾ ਗੀਤ ਲਿਖਣਾ ਪੈ ਰਿਹਾ ਹੈ। ਤ੍ਰੈਲੋਚਨ ਲੋਚੀ ਨੂੰ ਚਿਰਾਗਾਂ ਨੂੰ ਜਗਾਉਣ ਦੀ ਜ਼ਰੂਰਤ ਪੈ ਰਹੀ ਹੈ। ਮੇਰੇ ਵਰਗਿਆਂ ਨੂੰ ਬਿਰਖਾਂ ਦੀ ਵਕਾਲਤ ਕਰਨੀ ਪੈ ਰਹੀ ਹੈ। ਕੁੱਖਾਂ ਦੀ ਸਲਾਮਤੀ ਵਿੱਚ ਹੀ ਸਾਡੀ ਹੋਂਦ ਲੁਕੀ ਹੋਈ ਹੈ। ਹਰਬੰਸ ਮਾਲਵਾਂ ਹੋਵੇ ਜਾਂ ਕੰਵਲ ਢਿੱਲੋਂ, ਸੁਰਜੀਤ ਸੰਧੂ ਹੋਵੇ ਜਾਂ ਅਮਰੀਕ ਤਲਵੰਡੀ, ਸਾਰੇ ਹੀ ਸਮਾਜ ਮੁਖੀ ਬੋਲਾਂ ਸਮੇਤ ਹਾਜ਼ਰ ਹਨ।
ਆਤਮਾ ਹੇਅਰ ਦੇ ਗੀਤਾਂ ਵਿਚਲੀ ਹੂਕ ਹਰ ਮਨੁੱਖ ਦੇ ਮਨ ਵਿੱਚੋਂ ਉੱਠਣੀ ਚਾਹੀਦੀ ਹੈ।
ਬਰਿਸਬੇਨ ਦੇ ਇੰਡੋਜ਼ ਕਾਫ਼ਲੇ ਦਾ ਮਹੱਤਵਪੂਰਨ ਅੰਗ ਮਨਮੀਤ ਅਲੀਸ਼ੇਰ ਪਿਛਲੇ ਸਾਲ ਭਾਵੇਂ ਚਲਾ ਗਿਆ ਪਰ ਯਾਦਾਂ ਵਿੱਚੋਂ ਖਾਰਜ ਕਰਨਾ ਅਸੰਭਵ ਹੈ। ਉਸਦੀ ਯਾਦ ਵਿੱਚ ਦੋ ਗੀਤ ਇਸ ਸੰਗ੍ਰਹਿ ਦੀ ਜ਼ੀਨਤ ਹਨ। ਸਰਬਜੀਤ ਸੋਹੀ ਮੂਲ ਰੂਪ ਵਿੱਚ ਨਜ਼ਮ ਦਾ ਸ਼ਾਇਰ ਹੈ। ਉਸ ਦੇ ਗੀਤ ਪੜ੍ਹ ਕੇ ਉਸ ਦੇ ਮਨ ਅੰਦਰ ਬੈਠੇ ਮਾਸੂਮ ਬਾਲ ਦੇ ਨਿਕਟ ਦਰਸ਼ਨ ਹੋਏ ਹਨ। ਅਸਲ ਵਿੱਚ ਗੀਤ ਦੀ ਸਿਰਜਣਾ ਵੇਲੇ ਸਿਰਜਕ ਨੂੰ ਪੂਰਾ ਪਿਘਲਣਾ ਪੈਂਦਾ ਹੈ। ਆਪਣਾ ਆਪਾ ਗੀਤ ਵਿੱਚ ਢਾਲਣਾ ਪੈਂਦਾ ਹੈ। ਸਿਆਣਪਾਂ ਤੇ ਉਪਦੇਸ਼ ਦਾ ਭਾਰ ਗੀਤ ਵਿੱਚ ਓਪਰਾ ਹੋਵੇ ਤਾਂ ਉਹ ਲੋਕ-ਕੰਠ ਤੇ ਨਹੀਂ ਚੜ੍ਹਦੇ ਪਰ ਜੇ ਕੋਈ ਸ਼ਾਇਰ ਪੂਰਾ ਪਿਘਲ ਜਾਵੇ ਆਪਣਾ ਆਕਾਰ ਸ਼ਬਦਾਂ 'ਚ ਸੰਪੂਰਨ ਸਾਕਾਰ ਕਰ ਜਾਵੇ ਤਾਂ ਉਹ ਨੰਦ ਲਾਲ ਨੂਰਪੂਰੀ, ਕਰਤਾਰ ਸਿੰਘ ਬਲੱਗਣ, ਸ਼ਿਵਕੁਮਾਰ ਜਾਂ ਚਰਨ ਸਿੰਘ ਸਫ਼ਰੀ ਬਣ ਜਾਂਦਾ ਹੈ।
ਮੈਨੂੰ ਮਾਣ ਹੈ ਕਿ ਸਾਡੇ ਪੁੁਰਖਿਆਂ ਨੇ ਬੜੀ ਮਿਹਨਤ ਨਾਲ ਪੰਜਾਬੀ ਮਨ ਨੂੰ ਸਿਹਤਮੰਦ ਦਿਸ਼ਾ ਵਿੱਚ ਲੰਮਾ ਸਮਾਂ ਤੋਰਿਆ।
ਮੇਰੇ ਸਮਾਂ ਕਾਲ ਵਿੱਚ ਜੇ ਅੱਜ ਹਥਿਆਰਾਂ ਦੀ ਬੇਲੋੜੀ ਮਹਿਮਾ, ਅਸ਼ਲੀਲ ਇਸ਼ਾਰਿਆਂ ਵਾਲੇ ਹਲਕੇ ਗੀਤ, ਗੁੰਡਾ ਗਰੋਹਾਂ ਦਾ ਸਿਭਆਚਾਰ ਉਸਾਰਨ ਵਾਲੇ ਗੀਤ ਲਿਖੇ ਜਾ ਰਹੇ ਹਨ ਤਾਂ ਇਹ ਵਰਤਾਰਾ ਰਾਤੋ ਰਾਤ ਨਹੀਂ ਵਾਪਰ ਗਿਆ। ਸਾਡੀ ਨਿਰੰਤਰ ਗਫ਼ਲਤ ਇਸ ਲਈ ਜ਼ਿੰਮੇਵਾਰ ਹੈ। ਹੁਣ ਅਸੀਂ ਗਾਫਿਲ ਨਹੀਂ ਹੋਣਾ ਲਗਾਤਾਰ ਜਾਗਣਾ ਹੈ।
''ਪੰਜਾਂ ਪਾਣੀਆਂ ਦੇ ਗੀਤ'' ਚੌਂਕੀਦਾਰ ਦਾ ਪਾਟਿਆ ਬਾਂਸ ਹੈ ਜੋ ਲਗਾਤਾਰ ''ਜਾਗਦੇ ਰਹੋ'' ਦਾ ਹੋਕਾ ਦੇਵੇਗਾ। ਹਕੂਮਤਾਂ ਨੂੰ ਵੀ ਬਦਨੀਤੀਆਂ ਤੇ ਨੀਂਦਰਾਂ ਤਿਆਗ ਕੇ ਨੀਤੀਆਂ ਉਸਾਰਨ ਲਈ ਦਬਾਅ ਬਣੇਗਾ।
ਮੇਰਾ ਵਿਸ਼ਵਾਸ ਹੈ ਕਿ ਇਹੋ ਜਿਹੇ ਸੰਗ੍ਰਹਿ ਦੇਸ਼ ਬਦੇਸ਼ 'ਚ ਲਗਾਤਾਰ ਸੰਪਾਦਿਤ ਹੋਣੇ ਚਾਹੀਦੇ ਹਨ। ਇਹ ਪੁਸਤਕ ਆਰੰਭ ਹੋ ਸਕਦੀ ਹੈ, ਅੰਤ ਨਹੀਂ। ਸਫ਼ਾ ਸੀਮਾ ਕਾਰਨ ਦਸ ਗੀਤਕਾਰ ਸਾਨੂੰ ਦੇਸ਼ ਬਦੇਸ਼ ਪਸਰੇ ਪੰਜਾਬੀ ਮਨ ਦੇ ਕੁਝ ਕੁ ਪੱਖਾਂ ਦੇ ਦਰਸ਼ਨ ਕਰਵਾਉਂਦੇ ਹਨ। ਭਵਿੱਖ ਵਿੱਚ ਹੋਰ ਚੰਗੀਆਂ ਕਿਰਤਾਂ ਸੰਪਾਦਿਤ ਹੋਣ, ਇਹ ਮੇਰਾ ਸੁਪਨਾ ਹੈ, ਤਾਂ ਜੋ ਪੰਜਾਬੀ ਗਾਇਕ ਵੀਰਾਂ ਨੂੰ ਬਹਾਨਾ ਨਾ ਰਹੇ ਕਿ ਚੰਗੇ ਗੀਤ ਕਿੱਥੋਂ ਲਈਏ?
''ਪੰਜਾਂ ਪਾਣੀਆਂ ਦੇ ਗੀਤ'' ਕਈ ਤਰ੍ਹਾਂ ਨਾਲ ਚੰਗੀ ਸ਼ੁਰੂਆਤ ਹੈ।
ਸਰਬਜੀਤ ਸੋਹੀ ਤੇ ਕਾਫ਼ਲੇ ਨੂੰ ਮੁਬਾਰਕਾਂ!
ਸਾਬਕਾ ਪ੍ਰਧਾਨ
ਪੰਜਾਬੀ ਸਾਹਿੱਤ ਅਕਾਡਮੀ
ਲੁਧਿਆਣਾ
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.