ਕਹਿੰਦੇ ਹਨ ਕਿ ਕਲ੍ਹਾ ਕਿਸੇ ਦੀ ਮੋਹਤਾਜ਼ ਨਹੀਂ ਹੁੰਦੀ, ਇਹ ਜਮਾਂਦਰੂ ਹੁੰਦੀ ਹੈ। ਬੱਸ ਜੇਕਰ ਲੋੜ ਹੁੰਦੀ ਹੈ ਅੰਦਰਲੀ ਕਲ੍ਹਾ ਨੂੰ ਚਮਕਾਉਣ ਦੀ। ਕੁੱਝ ਅਜਿਹਾ ਹੀ ਕਰ ਕੇ ਦਿਖਾਇਆ ਹੈ ਮੋਗਾ ਜ਼ਿਲ੍ਹੇ ’ਚ ਰਹਿਣ ਵਾਲੇ ਸੰਦੀਪ ਸਿੰਘ ਨੇ। ਜਿਸ ਨੇ ਆਪਣੀ ਕਲ੍ਹਾ ਦੇ ਦਮ ’ਤੇ ਉਹ ਮੁਕਾਮ ਹਾਸਿਲ ਕਰ ਲਿਆ ਹੈ ਜਿਸ ਬਾਰੇ ਲੋਕ ਸੋਚਦੇ ਸੋਚਦੇ ਇਸ ਜਹਾਨੋਂ ਰੁਖਸਤ ਹੋ ਜਾਂਦੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਬੱਡੂਵਾਲ ’ਚ ਰਹਿਣ ਵਾਲੇ ਸੰਦੀਪ ਸਿੰਘ ਨੇ ਪੰਜਾਬ ਦਾ ਨਾਮ ਕਲ੍ਹਾ ਦੇ ਦਮ ’ਤੇ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ’ਚ ਦਰਜ ਕਰਵਾ ਕੇ ਪੂਰੀ ਦੁਨੀਆਂ ’ਚ ਰੌਸ਼ਨ ਕਰ ਦਿੱਤਾ ਹੈ। ਇਹ ਕਲ੍ਹਾ ਹੈ ਉਂਗਲਾਂ ’ਤੇ ਬਾਲ ਨੂੰ ਫਿਰਕੀ ਦੀ ਤਰ੍ਹਾਂ ਘੁਮਾਉਣ ਦੀ। ਪੜ੍ਹਨ ਨੂੰ ਭਾਵੇਂ ਇਹ ਆਮ ਲੱਗੇ ਪਰ ਜਿਸ ਤਰ੍ਹਾਂ ਸੰਦੀਪ ਨੇ ਆਪਣੀ ਮਿਹਨਤ ਅਤੇ ਜਜ਼ਬੇ ਸਦਕਾ ਇਸ ਨੂੰ ਕੀਤਾ ਹੈ ਉਹ ਕਾਬਲੇ ਤਾਰੀਫ਼ ਹੈ। ਕਿਸਾਨ ਦੇ ਘਰ ਜਨਮਿਆ ਸੰਦੀਪ ਆਪਣੀ ਵੱਖਰੀ ਕਲ੍ਹਾ ਦੇ ਜ਼ਰੀਏ ਅੱਜ ਚੰਗਾ ਨਾਮ ਕਮਾ ਰਿਹਾ ਹੈ। ਮੁਖਤਿਆਰ ਸਿੰਘ ਦੇ ਘਰ ਤੇ ਕੁਲਵਿੰਦਰ ਕੌਰ ਦੀ ਕੁੱਖੋਂ ਜਨਮੇ ਸੰਦੀਪ ਨੂੰ ਇਸ ਦਾ ਬਚਪਨ ਤੋਂ ਹੀ ਸ਼ੌਂਕ ਸੀ ਤੇ ਇਸ ਸ਼ੌਂਕ ਨੇ ਸੰਦੀਪ ਨੂੰ ਵੱਖਰੀ ਪਹਿਚਾਣ ਦਵਾਈ ਹੈ।
ਸੰਦੀਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹਾਸਿਲ ਕਰਨ ਉਪਰੰਤ ਗ੍ਰੈਜੁਏਸ਼ਨ ਅਰਜਨ ਦਾਸ ਕਾਲਜ ਧਰਮਕੋਟ ਤੋਂ ਕੀਤੀ। ਅੱਜ ਕੱਲ੍ਹ ਸੰਦੀਪ ਐਮ ਏ (ਪੰਜਾਬੀ) ਦੀ ਪੜ੍ਹਾਈ ਕਰ ਰਿਹਾ ਹੈ। ਸੰਦੀਪ ਵਾਲੀਵਾਲ (ਸ਼ੂਟਿੰਗ) ਦਾ ਇੱਕ ਚੰਗਾ ਖਿਡਾਰੀ ਹੈ ਤੇ ਪੇਂਡੂ ਖੇਡ ਟੂਰਨਾਮੈਂਟ ਤੋਂ ਇਲਾਵਾ ਉੱਚ ਪੱਧਰੀ ਟੂਰਨਾਮੈਂਟਾਂ ’ਚ ਹਿੱਸਾ ਲੈ ਕੇ ਚੰਗਾ ਨਾਮ ਕਮਾ ਚੁੱਕਾ ਹੈ। ਇਸ ਦੇ ਨਾਲ ਨਾਲ ਉਸ ਨੇ ਕਾਲਜ ਪੱਧਰ ’ਤੇ ਅਥਲੈਟਿਕਸ ਦੇ ਥਰੋਅ ਈਵੈਂਟ ਵਿੱਚ ਹਿੱਸਾ ਲਿਆ ਤੇ ਕਾਲਜ ਦਾ ਸਰਬੋਤਮ ਅਥਲੀਟ ਵੀ ਬਣਿਆ। ਸੰਦੀਪ ਨੇ 2004 ਵਿੱਚ ਇੱਕ ਉਂਗਲ ’ਤੇ ਵਾਲੀਬਾਲ ਘਮਾਉਣੀ ਸ਼ੁਰੂ ਕੀਤੀ ਸੀ ਤੇ ਜਲਦ ਹੀ ਅਮਰੀਕਾ ਦੇ ਡੇਵਿਡ ਕੇਨ ਦੁਆਰਾ ਬਣਾਏ 33 ਸੈਕਿੰਡਾਂ ਦੇ ਰਿਕਾਰਡ ਨੂੰ ਤੋੜ ਕੇ ਨਵਾਂ 45 ਸੈਕਿੰਡਾਂ ਦਾ ਰਿਕਾਰਡ ਸਿਰਜ ਦਿੱਤਾ ਸੀ। ਇਸ ਤੋਂ ਬਾਅਦ ਗਿੰਨੀਜ਼ ਬੁੱਕ ਵਾਲਿਆਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹ ਸਿਰਫ਼ ਬਾਸਕਿਟਬਾਲ ਤੇ ਫੁੱਟਬਾਲ ਘਮਾਉਣ ਦੇ ਰਿਕਾਰਡ ਨੂੰ ਹੀ ਬੁੱਕ ’ਚ ਦਰਜ ਕਰਦੇ ਹਨ। ਇਸ ਉਪਰੰਤ ਸੰਦੀਪ ਨੇ ਬਾਸਕਿਟਬਾਲ ਘੁਮਾਉਣ ਦੀ ਲਗਨ ਨਾਲ ਮਿਹਨਤ ਕੀਤੀ ਤੇ ਮੁਹਾਰਤ ਹਾਸਿਲ ਕਰਨ ਲਈ ਹਰ ਰੋਜ਼ ਘੰਟਾਂ ਘੰਟਾਂ ਅਭਿਆਸ ਕੀਤਾ। ਜਿਸ ਸਦਕਾ ਸੰਦੀਪ ਅੱਜ ਵਿਸ਼ਵ ਪੱਧਰੀ ਰਿਕਾਰਡ ਕਾਇਮ ਕਰਨ ’ਚ ਕਾਮਯਾਬ ਹੋ ਸਕਿਆ ਹੈ। ਸੰਦੀਪ ਨੇ ਪਹਿਲਾ ਰਿਕਾਰਡ ਮੂੰਹ ’ਚ ਬਰੱਸ਼ ਪਾ ਕੇ ਉਸ ’ਤੇ ਬਾਸਕਿਟਬਾਲ ਲਗਾਤਾਰ 53 ਸੈਕਿੰਡ ਘੁਮਾ ਕੇ ਭਾਰਤ ਦੇ ਹੀ ਡੀਪਾਂਸ਼ੂ ਮਿਸ਼ਰਾ ਦੇ 42.92 ਸੈਕਿੰਡ ਦੇ ਰਿਕਾਰਡ ਨੂੰ ਤੋੜ ਕੇ ਕਾਇਮ ਕੀਤਾ ਹੈ। ਸੰਦੀਪ ਨੇ ਇਸ ਪੇਸ਼ਕਾਰੀ ਨੂੰ ਗਿਨੀਜ਼ ਬੁੱਕ ਦੇ ਨਿਰਧਾਰਿਤ ਮਾਪਦੰਡਾਂ ਤਹਿਤ ਭੇਜਿਆ ਸੀ। ਜਿਸ ਨੂੰ ਗਿਨੀਜ਼ ਬੁੱਕ ਵੱਲੋਂ ਵੈਬਸਾਈਟ ਰਾਹੀਂ ਮਾਨਤਾ ਦੇ ਦਿੱਤੀ ਹੈ ਜਿਸ ਸਦਕਾ ਸੰਦੀਪ ਦੇ ਨਾਮ ਇਹ ਕੀਰਤੀਮਾਨ ਹੋ ਗਿਆ ਹੈ। ਗਿਨੀਜ਼ ਬੁੱਕ ਸੰਦੀਪ ਦੇ ਕੀਰਤੀਮਾਨ ਨੂੰ 2018 ਦੇ ਐਡੀਸ਼ਨ ‘ਚ ਛਾਪੇਗੀ।
ਦੂਜਾ ਰਿਕਾਰਡ ਸੰਦੀਪ ਨੇ ਤਿੰਨ ਬਾਸਕਿਟਬਾਲਾਂ ਨੂੰ ਇੱਕੋ ਸਮੇਂ ਘੁਮਾਉਣ ਦਾ ਬਣਾਇਆ। ਇਸ ’ਚ ਦੋ ਗੇਂਦਾਂ ਨੂੰ ਦੋਨੋਂ ਹੱਥਾਂ ਦੀ 1-1 ਉਂਗਲ ’ਤੇ ਅਤੇ ਇੱਕ ਬਾਲ ਮੂੰਹ ‘ਚ ਬਰੱਸ਼ ਪਾ ਕੇ ਉਸ ’ਤੇ ਬਾਲ ਘੁਮਾਉਣ ਦਾ ਬਣਾਇਆ। ਇਹ ਰਿਕਾਰਡ ਉਸ ਨੇ ਨੇਪਾਲ ਦੇ ਧਾਨੇਸਵਰ ਗੁਰਗਈ ਦੇ 11 ਸਕਿੰਟ ਦੇ ਰਿਕਾਰਡ ਨੂੰ ਤੋੜਕੇ 19 ਸੈਕਿੰਡ ਦਾ ਨਵਾਂ ਕੀਰਤੀਮਾਨ ਸਿਰਜਿਆ। ਜਿਸ ਨੂੰ ਲਿਮਕਾ ਬੁੱਕ ਵੱਲੋਂ ਮਾਨਤਾ ਦਿੱਤੀ ਗਈ। ਇਸ ਤੋਂ ਬਿਨ੍ਹਾਂ ਸੰਦੀਪ ਨੇ ਇੱਕ ਹੋਰ ਰਿਕਾਰਡ ਅੱਖਾਂ ਬੰਨ੍ਹ ਕੇ 36.73 ਸੈਕਿੰਡ ਦਾ ਬਣਾਇਆ। ਇਸ ਰਿਕਾਰਡ ’ਚ ਵੀ ਸੰਦੀਪ ਨੇ ਭਾਰਤ ਦੇ ਹੀ ਡਿਪਾਂਸ਼ੂ ਮਿਸ਼ਰਾ ਨੂੰ ਪਛਾੜਿਆ ਜਿਸ ਨੇ 30 ਸੈਕਿੰਡ ਦਾ ਰਿਕਾਰਡ ਸਥਾਪਿਤ ਕੀਤਾ ਹੋਇਆ ਸੀ। ਇਹ ਰਿਕਾਰਡ ਯੂਨੀਕ ਵਰਲਡ ਰਿਕਾਰਡ ਸੰਸਥਾ ਵੱਲੋਂ ਦਰਜ ਕੀਤਾ ਗਿਆ। ਸੰਦੀਪ ਅੱਜ ਕੱਲ੍ਹ ਆਪਣੇ ਇਸ ਅਨੋਖੇ ਹੁਨਰ ਕਾਰਨ ਕਈ ਪੇਂਡੂ ਖੇਡ ਮੇਲਿਆਂ ਦੀ ਸ਼ਾਨ ਬਣਿਆ ਹੋਇਆ ਹੈ। ਜਿੱਥੇ ਉਸ ਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਗਿੰਨੀਜ਼ ਬੁੱਕ ,ਲਿਮਕਾ ਬੁੱਕ, ਗੋਲਡਨ ਵਿਸ਼ਵ ਰਿਕਾਰਡ ਅਤੇ ਯੂਨੀਕ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ।
ਸੰਦੀਪ ਦੀ ਦਿਲੀ ਇੱਛਾ ਹੈ ਕਿ ਉਹ ਆਪਣੇ ਇਸ ਹੁਨਰ ਨੂੰ ਹੋਰ ਵੀ ਸੁਧਾਰੇ ਅਤੇ ਆਉਣ ਵਾਲੇ ਸਮੇਂ ’ਚ ਉਹ ਹੋਰ ਵੀ ਕੀਰਤਮਾਨ ਸਥਾਪਿਤ ਕਰੇ। ਜਿਸ ਕਾਰਨ ਉਸ ਦੀ ਨਿਰੰਤਰ ਮਿਹਨਤ ਵੀ ਜਾਰੀ ਹੈ।ਸੰਦੀਪ ਦਾ ਅਗਲਾ ਟੀਚਾ ਇੱਕੋ ਸਮੇਂ ਤਿੰਨ ਬਾਸਕਿਟਬਾਲਾਂ ਨੂੰ ਘੁਮਾ ਕੇ ਗਿੰਨੀਜ਼ ਬੁੱਕ ਆਫ ਰਿਕਾਰਡਜ਼ ’ਚ ਨਾਮ ਦਰਜ ਕਰਵਾਉਣ ਦੀ ਹੈ। ਉਹ ਅੱਜ ਕੱਲ੍ਹ ਇੱਕੋ ਸਮੇਂ ਚਾਰ ਬਾਲਾਂ ਘੁਮਾਉਣ ਦਾ ਵੀ ਨਿਰੰਤਰ ਅਭਿਆਸ ਕਰਨ ’ਚ ਲੱਗਿਆ ਹੋਇਆ ਹੈ। ਆਸ ਕਰਦੇ ਹਾਂ ਕਿ ਸੰਦੀਪ ਦੀ ਮਿਹਨਤ ਹੋਰ ਵੀ ਰੰਗ ਲਿਆਵੇ ਤੇ ਉਹ ਆਪਣੇ ਇਸ ਹੁਨਰ ਸਦਕਾ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਇਸ ਤਰ੍ਹਾਂ ਰੌਸ਼ਨ ਕਰਦਾ ਰਹੇ।
-
ਹਰਪਿੰਦਰ ਸਿੰਘ ਟੌਹੜਾ, ਲੇਖਕ
tiwana.harpinder7@gmail.com
98140 02555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.