ਖ਼ਬਰ ਹੈ ਕਿ ਪੰਜਾਬ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਨੂੰ ਲੈ ਕੇ ਅਕਾਲੀ ਵਿਧਾਇਕਾਂ ਨੇ ਸੈਸ਼ਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।ਹੰਗਾਮੇ ਦੇ ਦੌਰਾਨ ਸਦਨ ਦੀ ਕਾਰਵਾਈ ਨਾ ਹੋਣ ‘ਤੇ ਗੁੱਸੇ ਵਿੱਚ ਆਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਉਹਨਾ ਕੋਲ 10 ਅਕਾਲੀ ਨੇਤਾਵਾਂ ਦੀ ਸੂਚੀ ਹੈ, ਜੋ ਨਜਾਇਜ਼ ਰੇਤ ਖਨਣ ਦੇ ਧੰਦੇ ਵਿਚ ਲੱਗੇ ਹੋਏ ਹਨ। ਜੇ ਉਹ ਚਾਹੁਣ ਤਾਂ ਹੁਣੇ ਹੀ ਸਦਨ ਵਿਚ ਉਹਨਾ ਦੇ ਨਾਲ ਬੋਲ ਸਕਦੇ ਹਨ, ਪਰ ਉਹ ਅਜਿਹਾ ਨਹੀਂ ਕਰਨਗੇ। ਕੈਪਟਨ ਦੇ ਇਤਨਾ ਕਹਿਣ ਉਤੇ ਅਕਾਲੀ ਵਿਧਾਇਕ ਚੁੱਪਚਾਪ ਆਪਣੀਆਂ ਸੀਟਾਂ ਉਤੇ ਬੈਠ ਗਏ।
ਅਕਾਲੀ ਹਾਰ ਗਏ। ਅਕਾਲੀ ਲੋਕਾਂ ਹਰਾ ਦਿਤੇ। ਭਾਜਪਾਈਏ ਭਜਾ ਦਿੱਤੇ। ਪੱਚੀ ਸਾਲਾਂ ਦੀ ਗੱਦੀ ਦੇ ਸੁਫਨੇ ਵੇਖਣ ਵਾਲੇ, ਲੋਕਾਂ ਨੇ ਘਰੀਂ ਬਿਠਾ ਦਿਤੇ। ਪਰ ਭਾਈ ਨਾ ਉਹਨਾ ਦੀ ਫੂੰ-ਫੂੰ ਖਤਮ ਹੋਈ, ਨਾ ਖੁੰਡਾ ਹੋਇਆ ਡੰਗ। ਕਿਸੇ ਕਵੀ ਦੇ ਕਹਿਣ ਵਾਂਗਰ, “ਫੂੰ-ਫਾਂ ਨਾ ਆਦਮੀ ਛੱਡਦਾ ਏ, ਭਾਵੇਂ ਕਿੰਨਾ ਗਰੀਬ ਮਲੰਗ ਹੋਵੇ“। ਆਹ ਵੇਖੋ ਨਾ ਰਾਜੇ ਨੇ ਹਾਲੇ 100 ਦਿਨ ਪੂਰੇ ਨਹੀਂ ਕੀਤੇ ਅਕਾਲੀ ਕਹਿੰਦੇ ਆ ਉਤਰ ਕਾਟੋ ਅਸੀਂ ਚੜ੍ਹੀਏ। ਉਹ ਭਾਈ ਸਾਹ ਤਾਂ ਲੈ ਲਵੋ। ਤੁਹਾਡੇ ਵਰਗੇ ਸਾਰੇ ਕੰਮ ਤਾਂ ਨਾ ਸਹੀਂ, ਕੁਝ ਤਾਂ ਕਰ ਲੈਣ ਦਉ ਉਹਨਾ ਨੂੰ। ਸ਼ੁਰੂਆਤ ਰੇਤੇ ਤੋਂ ਕਰ ਦਿਤੀ ਆ। ਹਾਲੇ ਬਥੇਰੇ ਕੰਮ ਪਏ ਆ ਕਰਨ ਵਾਲੇ, ਬੱਸਾਂ ਦੇ ਪਰਮਿੱਟ, ਸੇਵਾ ਕੇਂਦਰ, ਬਿਜਲੀ ਦੇ ਘਪਲੇ,ਨੌਕਰੀਆਂ ‘ਚ ਭਰਤੀ ਦੇ ਘਪਲੇ, ਨਸ਼ਿਆਂ ਦੇ ਸੌਦਾਗਰਾਂ ਨਾਲ ਭਾਈਵਾਲੀ, ਭੂ-ਮਾਫੀਏ ਨਾਲ ਆੜੀ! ਉਂਜ ਭਾਈ ਵੇਖੋ ਨੇਤਾ-ਚੌਧਰੀ ਹੁੰਦੇ ਆ ਅੰਦਰੋਂ ਪੋਲੇ, ਖੋਖਲੇ, ਡਰੂ, ਰਤਾ ਕੁ ਕਿਸੇ ਝੰਬਿਆ ਨਹੀਂ, ਬਹਿ ਜਾਂਦੇ ਆ ਸਰਫ ਦੀ ਝੱਗ ਵਾਂਗੂੰ ਕਿਉਂਕਿ ਭਾਵੇਂ ਚੌਧਰੀ ਤੇ ਭਾਵੇਂ ਹੋਵੇ ਨੇਤਾ, ਵਿਚੋਂ ਪੋਲਾ ਜੋ, ਉਹਦਾ ਨਹੀਂ ਜ਼ੋਰ ਬਣਦਾ। ਤਦੇ ਭਾਈ ਮਾਰੀ ਕੈਪਟਨ ਨੇ ਘੁਰਕੀ, ਤੇ ਬਹਿ ਗਏ ਅਕਾਲੀ ਇਕੋ ਦਬਕੇ ਚੁੱਪ। ਕੈਪਟਨ ਭਾਈ ਦਬਕਾ ਮਾਰਦਾ ਕਿਉਂ ਨਾ ਮਸਾਂ ਤਾਂ ਉਜੜੇ ਪੰਜਾਬ ਦਾ ਚੌਧਰੀ ਬਣਿਆ ਆ, ਤੇ ਅੱਜ ਕੱਲ ਉਹਦੀਆਂ ਆ ਪੌਂ ਬਾਰਾਂ। ਤਦੇ ਤਾਂ ਆਖਦੇ ਆ, “ਮਿਲੇ ਜੀਹਨੂੰ ਸਮਾਜ ਵਿੱਚ ਕੋਈ ਰੁਤਬਾ, ਤਿੱਖਾ ਉਨਾ ਹੀ ਉਸਦਾ ਡੰਗ ਹੋਵੇ“!!
ਛੱਜ ਤਾਂ ਬੋਲੇ
ਖ਼ਬਰ ਹੈ ਕਿ ਪੰਜਾਬ ਭਾਜਪਾ ਨੇ ਕੈਪਟਨ ਸਰਕਾਰ ਦੇ ਤਿੰਨ ਮਹੀਨਿਆਂ ਦਾ ਬਿਓਰਾ ਸਾਂਝਾ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜਾਬ, 75 ਕਿਸਾਨ ਖੁਦਕੁਸ਼ੀਆਂ ਦਾ ਗਵਾਹ ਬਣਿਆ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਮਹੀਨੇ ਪੰਜਾਬ ‘ਚ 16, ਦੂਜੇ ‘ਚ 26, ਤੀਜੇ ‘ਚ 33ਕਿਸਾਨ-ਖੁਦਕੁਸ਼ੀਆਂ ਹੋਈਆਂ ਹਨ। ਉਹਨਾ ਇਹ ਵੀ ਕਿਹਾ ਕਿ ਕੈਪਟਨ ਦੀ ਸਰਕਾਰ ਅਰਾਜਕਤਾ ਅਤੇ ਭਿ੍ਰਸ਼ਟਾਚਾਰ ਦਾ ਦੂਜਾ ਨਾਂ ਬਣ ਚੁੱਕੀ ਹੈ। ਉਹਨਾ ਇਹ ਵੀ ਕਿਹਾ ਕਿ ਇਸ ਗੁੰਡਾ ਗਰਦੀ ਅਤੇ ਦਲਿਤਾਂ ਉਤੇ ਜ਼ੁਲਮਾਂ ਦੀ ਆਪਣੀ ਪਿਛਲੀ ਦੋ ਮਹੀਨਿਆਂ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਸੂਬੇ ਸਕੱਤਰ ਵਨੀਤ ਜੋਸ਼ੀ ਨੇ ਕੀਤਾ।
ਰਤਾ ਕੁ ਝਾਤੀ ਭਾਈ ਅਗਲ-ਬਗਲ ਵੀ ਮਾਰ ਲਉ। ਰਤਾ ਕੁ ਦੂਰ ਹਰਿਆਣਾ ਆ, ਜਿਥੇ ਸੜਕਾਂ ‘ਤੇ ਰੋਕ ਕੇ ਪ੍ਰਵਾਸੀ ਔਰਤਾਂ ਦੀ ਹਰਿਆਣਾ ਬੰਦ ਦੌਰਾਨ ਇੱਜਤ ਨੂੰ ਹੱਥ ਪਾਇਆ ਤੇ ਆਪਣਾ ਭਾਜਪਾ ਮੁੱਖਮੰਤਰੀ ਹੱਥ ਤੇ ਹੱਥ ਧਰਕੇ ਬੈਠਾ ਰਿਹਾ। ਰਤਾ ਕੁ ਹੋਰ ਦੂਰ ਯੂ.ਪੀ. ‘ਚ ਝਾਤੀ ਮਾਰ ਲਉ, ਨਿੱਤ ਕਿਸਾਨ ਤਾਂ ਆਪੇ ਮਰਦੇ ਹੀ ਹਨ, ਭੀੜਾਂ, ਮਰਜ਼ੀ ਨਾਲ ਲੋਕ-ਹੱਤਿਆਵਾਂ ਕਰਨ ਅਤੇ ਮੁਸਲਿਮ ਮਜ਼ਨੂਆਂ ਨੂੰ ਸਬਕ ਸਿਖਾਉਣ ਲਈ ਕੁਟਾਪਾ ਚਾੜ੍ਹਦੀਆਂ ਹਨ। ਹੁਣੇ ਜਿਹੇ ਮੱਧ ਪ੍ਰਦੇਸ਼ ਵਾਲਿਆਂ ਛੇ ਕਿਸਾਨ ਸੜਕਾਂ ਉਤੇ ਗੋਲੀਆਂ ਨਾਲ ਥਾਂਏ ਭੁੰਨ ਦਿਤੇ, ਅਖੇ ਰੋਟੀ ਕਿਉਂ ਮੰਗਦੇ ਹੋ, ਭੁੱਖੇ ਮਰੋ। ਰਾਜਸਥਾਨ ‘ਚ ਗਊਆਂ ਲੈਕੇ ਤੁਰੇ ਜਾਂਦੇ ਲੋਕਾਂ ਨੂੰ ਘੇਰਕੇ ਉਹਨਾ ‘ਚੋਂ ਇੱਕ ਨੂੰ ਦਸਮ-ਦੁਆਰ ਵਿਖਾ ਦਿਤਾ।
ਰਤਾ ਕੁ ਵੱਧ ਬੋਲਣ-ਕੁਸਕਣ ਵਾਲੇ, ਵਿਚਾਰਾਂ ਦੀ ਗਰਮੀ ਵਿਖਾਉਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ,ਰਤਾ ਕੁ ਅਣਖ ਨਾਲ ਜੀਉਣ ਵਾਲੇ, ਭਾਈ ਤੁਹਾਡੇ ਚੌੜੀ ਛਾਤੀ ਵਾਲੇ ਆਕਾ ਨੇ ਅੰਦਰ ਕੀਤੇ ਹੋਏ ਆ, ਜੇਕਰ ਰਤਾ ਕੁ ਪੰਜਾਬ ‘ਚ ਰਾਜੇ ਦਾ ਰਾਣਾ ਰੇਤ-ਖਾਨਾ ਖਰੀਦਦਾ, ਉਹਦੇ ਰਾਜ ‘ਚ ਜੇ ਕਿਸਾਨ ਪਹਿਲਾਂ ਦੀ ਤਰ੍ਹਾਂ ਖੁਦਕੁਸ਼ੀ ਕਰਦੇ ਆ, ਉਹਦੇ ਰਾਜ ‘ਚ ਜੇ ਬਾਬੂ ਮੇਜ਼ ਥੱਲਿਉਂ ਦੀ ਗਾਂਧੀ ਦਾ ਨੋਟ ਲੈਕੇ ਫਾਈਲ ਅਗਾਂਹ ਤੋਰਦੇ ਆ ਤਾਂ ਭਲਾ ਉਸਨੂੰ ਕਿਉਂ ਨਿੰਦੀ ਜਾਂਦੇ ਓ, ਹੈ ਤਾਂ ਭਾਈ ਉਹ ਵੀ ਤੁਹਾਡੀ ਹੀ ਕੈਟੇਗਰੀ ਦਾ। ਉਂਜ ਭਾਈ ਭਾਈ ਛੱਜ ਤਾਂ ਬੋਲੇ,ਛਾਨਣੀ ਕਿਉਂ ਬੋਲੇ ਜੀਹਦੇ ‘ਚ ਛੱਤੀ ਸੌ ਛੇਕ ਹੋਣ।
ਆਪੇ ਤੂੰ ਸੰਕਟ ਉਪਜਾਵੇਂ, ਨਿਕਟੀ ਹੋ ਕੇ ਆਪ ਬਚਾਵੇਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੱਗੇ ਗੋਡੇ ਟੇਕਦਿਆਂ 14 ਜੂਨ ਦੀ ਹੋਈ ਕਾਰਜਕਾਰੀ ਮੀਟਿੰਗ ਵਿੱਚ ਜਥੇਦਾਰ ਦੀ ਕਾਰਜਸ਼ੈਲੀ ਦੀ ਖਿੱਲੀ ਉਡਾਉਣ ਦੇ ਦਿਤੇ ਬਿਆਨ ਦੀ ਮੁਆਫ਼ੀ ਮੰਗਦਿਆਂ ਕਿਹਾ ਕਿ ਅਕਾਲੀ ਦਲ ਵਲੋਂ 12 ਜੂਨ ਨੂੰ ਦਿਤੇ ਗਏ ਧਰਨੇ ਵਿਚ ਸ਼ਮੂਲੀਅਤ ਕਰਨ ਬਾਰੇ ਉਹਨਾ ਨੇ ਜਥੇਦਾਰ ਨੂੰ ਆਪਣਾ ਸਪਸ਼ਟੀਕਰਨ ਦੇ ਦਿਤਾ ਸੀ। ਜਥੇਦਾਰ ਵਿਰੁੱਧ ਬੋਲਦਿਆਂ ਪ੍ਰੋ: ਬਡੂੰਗਰ ਨੇ ਕਿਹਾ ਸੀ ਕਿ ਜਥੇਦਾਰ ਨੂੰ ਉਹਨਾ ਦੇ ਧਰਨਿਆਂ ‘ਚ ਸ਼ਮੂਲੀਅਤ ਕਰਨ ਜਾਂ ਨਾ ਕਰਨ ਬਾਰੇ ਰਾਏ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਯਾਦ ਰਹੇ ਜਥੇਦਾਰ ਨੇ ਕਿਹਾ ਸੀ ਕਿ ਪ੍ਰੋ: ਬਡੂੰਗਰ ਇਕ ਧਾਰਮਿਕ ਸੰਸਥਾ ਦੇ ਮੁਖੀ ਹਨ ਤੇ ਉਹਨਾ ਦੀ ਨਿੱਜੀ ਰਾਇ ਹੈ ਕਿ ਪ੍ਰੋਫੈਸਰ ਬਡੂੰਗਰ ਨੂੰ ਧਰਨਿਆਂ ‘ਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ।
ਸਮਾਂ ਹੀ ਕੁਝ ਐਹੋ ਜਿਹਾ ਪੰਜਾਬ ‘ਚ ਆਇਆ ਹੋਇਆ। ਨੇਤਾ ਲੋਕ ਆਪੇ ਅੱਗ ਲਾਉਂਦੇ ਨੇ, ਆਪੇ ਬੁਝਾਉਣ ਤੁਰ ਪੈਂਦੇ ਨੇ। ਆਪੇ ਨਸ਼ੇ ਲਾਏ, ਆਪੇ ਹਟਾਉਣ ਤੁਰ ਪਏ। ਆਪੇ ਮਾਫੀਆ ਰਾਜ ਕਾਇਮ ਕੀਤਾ, ਆਪੇ ਮਾਫੀਆ ਮਿਟਾਉਣ ਤੁਰ ਪਏ। ਆਪੇ ਗੈਂਗਾਂ ਨੂੰ ਛੁਟੀ ਦਿਤੀ ਆਪੇ ਉਹਨਾ ਦੀ ਢਿੰਬਰੀ ਟੈਟ ਕਰਨ ਤੁਰ ਪਏ। ਇਸੇ ਕਿਰਦਾਰ ਨੇ ਭਾਈ ਪੰਜਾਬ ‘ਚ ਸੰਕਟ ਵਧਾਇਆ। ਲੋਕਾਂ ਦੇ ਜੁਆਕ ਮਰਵਾਏ, ਆਪਣੇ ਵਿਦੇਸ਼ੀ ਪਹੁੰਚਾਏ। ਲੋਕਾਂ ਦੀਆਂ ਜ਼ਮੀਨਾਂ ਵਿਕਵਾਈਆ ਆਪਣੀਆਂ ਸਵਿੱਟਰਜਰਲੈਂਡ ਦੀਆਂ ਬੈਂਕਾਂ ‘ਚ ਜਮ੍ਹਾਂ ਕਰਵਾਈਆਂ। ਇਹੋ ਹਾਲ ਬਾਦਲਾਂ ਦੀ ਸੱਜੀ ਬਾਂਹ ਪ੍ਰੋ: ਬਡੂੰਗਰ ਦਾ ਆ। ਜਿਹੜਾ ਆਪੇ ਸਮੱਸਿਆ ਖੜੀ ਕਰਦਾ ਆ ਅਤੇ ਆਪੇ ਨਿਪਟਾਰਾ ਕਰਨ ਉਹਨਾ ਵਲ ਤੁਰ ਪੈਂਦਾ ਆ, ਜਿਹਨਾ ਨੂੰ ਉਹ ਸ਼ਾਇਦ “ਜਥੇਦਾਰ“ ਹੀ ਨਹੀਂ ਸਮਝਦਾ। ਉਂਜ ਭਾਈ ਅਕਾਲੀ ਦਲ, ਸ਼੍ਰੋਮਣੀ ਕਮੇਟੀ ਵਾਲਿਆਂ ਕੋਲ ਸੱਭੋ ਫਾਰਮੂਲੇ ਆ, ਆਪਣੀ ਪਰਚੀ ‘ਚੋਂ ਕੱਢੇ ਆਪਣਿਆਂ ਲਈ। ਤਦੇ ਤਾਂ ਉਹਨਾ ਬਾਰੇ ਕਿਹਾ ਜਾਂਦਾ, “ ਆਪੇ ਸੰਕਟ ਉਪਜਾਵੇ, ਨਿਕਟੀ ਹੋ ਕੇ ਆਪ ਬਚਾਵੇਂ“।
ਫਿਰ ਦੇਸ਼ ਹੈ ਕਿਉਂ ਪਰਦੇਸ ਜਿਹਾ?
ਖ਼ਬਰ ਹੈ ਕਿ ਹਜ਼ਾਰਾਂ ਦੀ ਗਿਣਤੀ ‘ਚ ਪ੍ਰਵਾਸੀ ਪੰਜਾਬੀ ਹਰ ਵਰ੍ਹੇ ਪੰਜਾਬ ਆਉਂਦੇ ਹਨ, ਆਪਣੀ ਯਾਦਾਂ ਤਾਜ਼ਾ ਕਰਦੇ ਹਨ। ਆਪਣੇ ਪਿੰਡਾਂ, ਸ਼ਹਿਰਾਂ ਦੀ ਉਨਤੀ ਲਈ ਕਾਮਨਾ ਕਰਦੇ ਹਨ। ਆਪਣੀ ਕਮਾਈ ਵਿਚੋਂ ਬਣਦਾ-ਸਰਦਾ ਪਿੰਡਾਂ/ਸ਼ਹਿਰਾਂ ਦੇ ਚਲ ਰਹੇ ਪ੍ਰਾਜੈਕਟਾਂ ਲਈ ਦਾਨ ਦੇਂਦੇ ਹਨ, ਪਰ ਇੱਕ ਰਿਪੋਰਟ ਅਨੁਸਾਰ ਜਦੋਂ ਉਹ ਆਪਣੀ ਪਿਛਲੀ ਜ਼ਮੀਨ, ਜਾਇਦਾਦ ਦੇ ਹਿੱਸੇ ਦੀ ਗੱਲ ਆਪਣੇ ਸਕੇ ਸਬੰਧੀਆਂ ਨਾਲ ਕਰਦੇ ਹਨ ਤਾਂ ਬਹੁਤੀ ਵੇਰ ਉਹਨਾ ਨੂੰ ਨਿਰਾਸ਼ਾ ਹੁੰਦੀ ਹੈ। ਕਈਆਂ ਦੀਆਂ ਜਾਇਦਾਦਾਂ ਰਿਸ਼ਤੇਦਾਰਾਂ ਹੜ੍ਹੱਪੀਆਂ ਹੁੰਦੀਆਂ ਹਨ, ਕਿਸੇ ਉਤੇ ਝੂਠੇ ਕੇਸ ਦਰਜ਼ ਕੀਤੇ ਹੁੰਦੇ ਹਨ। ਖ਼ਬਰ ਹੈ ਕਿ ਹਜ਼ਾਰਾਂ ਦੀ ਗਿਣਤੀ ‘ਚ ਝੂਠੇ ਕੇਸ ਪ੍ਰਵਾਸੀਆਂ ਤੇ ਦਰਜ਼ ਹਨ ਅਤੇ ਉਧਰ ਕਈ ਪ੍ਰਵਾਸੀ ਪੰਜਾਬੀ ਇਧਰ ਵਿਆਹ ਕਰਾਉਂਦੇ ਹਨ, ਪਰ ਆਪਣੀਆਂ ਨਵ-ਵਿਆਹੀਆਂ ਨੂੰ ਇਧਰ ਹੀ ਛੱਡ ਮੁੜ ਵਤਨ ਨੇ ਪਰਤਦੇ।
ਗੱਲ ਪੈਸੇ ਦੀ ਆ। ਪਿਆਰ ‘ਤੇ ਪੈਸਾ ਦੁਸ਼ਮਣ! ਮੁਹੱਬਤ ਅਤੇ ਸਵਾਰਥ ਆਪਸੀ ਵੈਰੀ! ਪ੍ਰਦੇਸ਼ ਗਏ ਪ੍ਰਦੇਸੀ ਅਟੈਚੀ ਚੁੱਕ ਘਰ ਵੱਲ ਜਦੋਂ ਰੁਖ ਕਰਦੇ ਆ, ਹਵਾਈ ਅੱਡੇ ਤੇ ਜੇਬ ਖਾਲੀ! ਵਲੈਤੀਆ ਆਇਆ ਤਾਂ ਟੈਕਸੀ ਵਾਲਿਆਂ, ਮਠਿਆਈਆਂ ਵਾਲਿਆਂ, ਕੱਪੜੇ ਵਾਲਿਆਂ ਦੀਆਂ ਪੌਂ ਬਾਰਾਂ। ਇੱਕ ਪੌਂਡ ਦੇ 90 ਰੁਪਈਏ, ਇੱਕ ਡਾਲਰ ਦੇ60 ਰੁਪਈਏ ਵਾਲਾ ਜਦੋਂ ਉਹਨਾ ਨੂੰ ਦਿਸਦਾ ਆ, ਉਹ ਭਾਈ ਉਹਦੀ ਕਮਾਈ ‘ਚੋਂ ਹਿੱਸਾ ਭਾਲਦੇ ਆ, ਜਿਹੜੀ ਕਮਾਈ ਉਸ ਰਾਤਾਂ ਉਨੀਂਦਰੇ ਕੱਟਕੇ, ਹੱਥੀਂ ਰੱਟਣ ਪੁਆਕੇ, ਬਾਲ-ਬੱਚਿਆਂ ਤੋਂ ਦੂਰ ਰਹਿ ਕੇ ਕੀਤੀ ਹੁੰਦੀ ਆ।
ਮੋਹ ਦੀਆਂ ਤੰਦਾਂ ਟੁਟ ਜਾਂਦੀਆਂ ਭਾਈ ੳਦੋਂ, ਜਦੋਂ ਵਲੈਤੀਆ ਮੰਗਦਾ ਆ ਆਪਣਾ ਹਿੱਸਾ। ਰਿਸ਼ਤੇ ‘ਚ‘ਭਾਈ‘ ਆਂਹਦਾ, ਕਾਹਦਾ ਹਿੱਸਾ? ਅਸੀਂ ਉਹਦੇ ਰਿਸ਼ਤੇਦਾਰੀ ਨਹੀਂ ਸਾਂਭੀ, ਵਿਦੇਸ਼ ਨਹੀਂ ਭੇਜਿਆ! ਤਦੇ ਟੁਟਦੀ ਆ ਤੜੱਕ ਕਰਕੇ ਰਿਸ਼ਤੇਦਾਰੀ, ਪੈਸਿਆ ਕਰਕੇ, ਤਦੇ ਟੁਟਦਾ ਆ ਮੋਹ ਝੂਠੇ ਸਤਿਕਾਰੇ ਸ਼ਬਦਾਂ ਕਰਕੇ ਤੇ ਪ੍ਰਦੇਸੀ ਆਖਦਾ ਆ, ਇਹ ਮੇਰਾ ਦੇਸ਼ ਕੇਹਾ, ਜਿਥੇ ਮੇਰਾ ਕੋਈ ਆਪਣਾ ਹੈ ਹੀ ਨਹੀਂ! ਉਹ ਖਾਲੀ ਅਟੈਚੀ ਚੁੱਕ, ਬਿਨ੍ਹਾਂ ਪਿਛੇ ਵੱਲ ਵੇਖਿਆ ਇਹੋ ਆਹਦਾ ਆ, ਇਹ ਦੇਸ਼ ਮੈਨੂੰ ਲੱਗੇ ਕਿਉਂ ਪ੍ਰਦੇਸ਼ ਜਿਹਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇ ਰਾਸ਼ਟਰੀ ਅਪਰਾਧ ਬਿਊਰੋ ਦੀ ਰਿਪੋਰਟ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ ਵਿਚ 2009 ਤੋਂ 2015ਤੱਕ ਕੁਲ 796 ਨਾਗਰਿਕਾਂ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ।
ਇੱਕ ਵਿਚਾਰ
ਸੋਨੇ ਅਤੇ ਚਾਂਦੀ ਦੇ ਟੁਕੜੇ ਨਹੀਂ, ਬਲਕਿ ਚੰਗੀ ਸਿਹਤ ਹੀ ਅਸਲੀ ਧੰਨ ਹੈ......ਮਹਾਤਮਾ ਗਾਂਧੀ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.