ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਦਿਆਂ ਮੈਂ ਸਾਥੀਆਂ ਸਣੇ ਪੰਜਾਬੀ ਬੋਲਦੇ ਸੂਬਿਆਂ ਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ।
ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਵਾਰੀ ਆਈ। ਦੋ ਰੋਜ਼ਾ ਕਾਨਫਰੰਸ ਕਰਨ ਚ ਸੁਸ਼ੀਲ ਸ਼ਰਮਾ ਤੇ ਖਾਲਿਦ ਹੁਸੈਨ ਨੇ ਕਾਫ਼ੀ ਸਹਿਯੋਗ ਦਿੱਤਾ। ਲਗ ਪਗ ਸਭ ਲੇਖਕ ਦੋਸਤ ਸ਼ਾਮਿਲ ਹੋਏ। 2011 ਜਾਂ 2012 ਦੀ ਗੱਲ ਹੈ।
ਜੰਮੂ ਯੂਨੀਵਰਸਿਟੀ ਵਿੱਚ ਕਈ ਦਹਾਕੇ ਪਹਿਲਾਂ ਬਣੇ ਪੰਜਾਬੀ ਵਿਭਾਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਰਦੀਪ ਸਿੰਘ ਗਿੱਲ ਨੇ ਦੋਵੇਂ ਦਿਨ ਭਰਪੂਰ ਹਾਜ਼ਰੀ ਭਰੀ।
ਹਰਦੀਪ ਉਦੋਂ ਰਣਬੀਰ ਸਿੰਘ ਪੁਰਾ ਦਾ ਡੀ ਐੱਸ ਪੀ ਨਿਯੁਕਤ ਸੀ। ਇੱਕ ਹੋਰ ਸਬ ਡਿਵੀਯਨ ਦਾ ਵੀ ਨਾਲ ਹੀ ਇੰਚਾਰਜ ਸੀ। ਉਸ ਦੀ ਰੀਝ ਸੀ ਕਿ ਅਸੀਂ ਪੰਜਾਬ ਪਰਤਦਿਆਂ ਉਸ ਨੂੰ ਮਿਲ ਕੇ ਜਾਈਏ। ਰਣਬੀਰ ਸਿੰਘ ਪੁਰਾ ਰਾਹ ਚ ਹੀ ਤਾਂ ਪੈਂਦਾ ਸੀ।
ਮੈਂ ਆਪਣੇ ਸਾਥੀਆਂ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ ਤੇ ਸਤੀਸ਼ ਗੁਲ੍ਹਾਟੀ ਸਮੇਤ ਪਰਤਦਿਆਂ ਹਰਦੀਪ ਕੋਲ ਚਲੇ ਗਏ।
ਸਰਹੱਦ ਵੇਖਣ ਦੀ ਤਾਂਘ ਦੱਸੀ ਤਾਂ ਉਸ ਬੀਐੱਸ ਐੱਫ ਤੋਂ ਪ੍ਰਵਾਨਗੀ ਲੈ ਕੇ ਸੁਚੇਤਗੜ੍ਹ ਚੌਂਕੀ ਜਾ ਪੁੱਜੇ।
ਏਥੇ ਸਰਹੱਦੀ ਬੁਰਜੀ ਨੂੰ ਇੱਕ ਪਿੱਪਲ ਨੇ ਚਹੁੰਪਾਸਿਓ ਂ ਕੱਜਿਆ ਹੋਇਆ ਸੀ।
1947 ਤੋਂ ਪਹਿਲਾਂ ਇਹ ਸਿੱਧਾ ਰਾਹ ਸੀ ਸਿਆਲਕੋਟ ਨੂੰ। ਸਿਰਫ਼ 11 ਕਿਲੋਮੀਟਰ ਇਸ ਤੋਂ ਅੱਗੇ।
ਮੈਂ ਬੁਰਜੀ ਕੋਲ ਬਹਿ ਕੇ ਫੋਟੋ ਖਿਚਾਈ।
ਮੇਰੇ ਵਡੇਰਿਆਂ ਦਾ ਜ਼ਿਲ੍ਹਾ ਸੀ ਸਿਆਲਕੋਟ। ਨਾਰੋਵਾਲ ਤਹਿਸੀਲ ਭਾਵੇਂ ਏਥੋਂ ਦੂਰ ਸੀ ਪਰ....ਮਨ ਭਰ ਆਇਆ।
ਬੁਰਜੀ ਵਾਲੇ ਪਿੱਪਸ ਦੀ ਛਾਂ ਦੋਹਾਂ ਮੁਲਕਾਂ ਤੇ ਪੈ ਰਹੀ ਸੀ।
ਮੈਂ ਆਖਿਆ, ਹਕੂਮਤਾਂ ਵਾਲਿਓ! ਆਹ ਛਾਂ ਵੰਡ ਕੇ ਵਿਖਾਓ।
ਕਿਸੇ ਵਕਤ ਬੁਰਜੀ ਤੇ ਬੈਠੇ ਕਿਸੇ ਜਨੌਰ ਨੇ ਪਿੱਪਲ ਦੀਆਂ ਗੋਲ੍ਹਾਂ ਖਾਕੇ ਏਥੇ ਵਿੱਠ ਕੀਤੀ ਹੋਵੇਗੀ, ਓਹੀ ਬੀਜ ਉੱਗ ਪਿਆ, ਹੁਣ ਘਣਛਾਵਾਂ ਬਿਰਖ਼ ਹੈ ਪਿੱਪਲ ਦਾ।
ਬੀ ਐੱਸ ਐੱਫ ਨੇ ਏਧਰ ਤੇ ਪਾਕਿਸਤਾਨ ਰੇਂਜਰਜ ਨੇ ਓਧਰ ਥੜ੍ਹੇ ਬਣਾਏ ਨੇ।
ਨਿੱਕੇ ਮੋਟੇ ਮਸਲੇ ਨਜਿੱਠਣ ਲਈ ਦੋਹੀਂ ਪਾਸੀਂ ਬਹਿ ਜਾਂਦੇ ਨੇ।
ਦਿਲ ਕੀਤਾ ਇਨ੍ਹਾਂ ਥੜ੍ਹਿਆਂ ਨੂੰ ਮੁਹੱਬਤ ਦੀਆਂ ਕਵਿਤਾਵਾਂ ਵਾਲਾ ਕਵੀ ਦਰਬਾਰ ਸੁਣਾਈਏ। ਏਧਰੋਂ ਸੁਰਜੀਤ ਪਾਤਰ , ਲੋਚੀ, ਮਨਜਿੰਦਰ ਸਮੇਤ ਅਸੀਂ ਹੋਈਏ, ਓਧਰੋੰ ਬਾਬਾ ਨਜਮੀ, ਅਫਜਲ ਸਾਹਿਰ ਤੇ ਬਾਕੀ ਟੱਬਰ ਆਵੇ, ਬਲ਼ਦੀ ਸਰਹੱਦ ਤੇ ਸ਼ਬਦ ਤਰੌਂਕਾ ਮਾਰੀਏ, ਜੇ ਸਰਹੱਦੀ ਬੁਰਜੀ ਤੇ ਪਿੱਪਲ ਉੱਗ ਸਕਦੈ ਤਾਂ ਸਾਡੀਆਂ ਕਵਿਤਾਵਾਂ ਕਿਓ ਂ ਨਹੀਂ ਜੜ੍ਹ ਫੜ ਸਕਦੀਆਂ।
ਕਾਦਰਯਾਰ, ਪੂਰਨ ਭਗਤ, ਮਾਂ ਇੱਛਰਾਂ, ਸਰ ਮੁਹੰਮਦ ਇਕਬਾਲ, ਫੈਜ਼ ਅਹਿਮਦ ਫ਼ੈਜ਼, ਗਵੱਈਏ ਨਵਾਬ ਘੁਮਿਆਰ,ਲਾਲ ਚੰਦ ਯਮਲਾ ਜੱਟ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਰਾਜਿੰਦਰ ਸਿੰਘ ਬੇਦੀ, ਕਰਤਾਰ ਸਿੰਘ ਕਲਾਸਵਾਲੀਆ, ਕਰਤਾਰ ਸਿੰਘ ਬਲੱਗਣ, ਕਪੂਰ ਸਿੰਘ ਘੁੰਮਣ ਤੇ ਕਿੰਨੇ ਹੋਰ ਪੁਰਖਿਆਂ ਦੀ ਧਰਤੀ ਤੋਂ ਸਿਰਫ਼ 11 ਕਿਲੋਮੀਟਰ ਉਰੇ ਇੱਕ ਹਾਉਕਾ ਸੀ, ਜੋ ਅੱਜ ਵੀ ਜਿਉਂਦਾ ਹੈ, ਜਾਗਦਾ ਹੈ।
ਜੇ ਹਰਦੀਪ ਗਿੱਲ ਅੱਜ ਇਹ ਤਸਵੀਰ ਨਾ ਘੱਲਦਾ ਤਾਂ ਯਾਦਾਂ ਦੇ ਪੰਖੇਰੂਆਂ ਨੇ ਟਿਕ ਕੇ ਬੈਠੇ ਰਹਿਣਾ ਸੀ।
ਧਰਤੀ ਵਾਲਿਓ!
ਇਸ ਖਿੱਤੇ ਦੀ ਬਾਸਮਤੀ ਵਿਸ਼ਵ ਮੰਡੀ ਦੀ ਮਹਾਂਰਾਣੀ ਸੀ, ਹੁਣ ਜ਼ਹਿਰੀ ਧੂੰਆਂ ਦਮ ਘੁੱਟਦਾ ਹੈ, ਬਾਸਮਤੀ ਨੂੰ ਮਹਿਕਣ ਦਿਓ, ਨਿਸਰਨ ਦਿਓ, ਸਰਹੱਦ ਦੇ ਦੋਹੀਂ ਪਾਸੀਂ। ਇਸ ਬਾਸਮਤੀ ਦੇ ਚੌਲ ਸਾਨੂੰ ਹਰਦੀਪ ਨੇ ਦੇ ਕੇ ਤੋਰਿਆ ਸੀ। ਹੁਣ ਉਹ ਸੇਵਾਮੁਕਤ ਹੋ ਚੁਕਾ ਹੈ ਪਰ ਬਾਸਮਤੀ ਦੇ ਚੌਲਾਂ ਦੀ ਮਹਿਕ ਹੁਣ ਵੀ ਸੁਚੇਤ ਗੜ੍ਹ ਲੈ ਵੜੀ ਹੈ।
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.