ਖ਼ਬਰ ਹੈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਮੰਦਸੌਰ ਇਲਾਕੇ 'ਚ ਇੱਕ ਹਫ਼ਤੇ ਦੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਸਰਕਾਰ ਨੇ ਕਿਸਾਨਾਂ ਉਤੇ ਗੋਲੀ ਚਲਾ ਦਿਤੀ। ਇਹ ਗੋਲੀ 9 ਕਿਸਾਨਾਂ ਨੂੰ ਲੱਗੀ। ਛੇ ਮੌਕੇ ਉਤੇ ਮਰ ਗਏ। ਇੱਕ ਬਾਅਦ 'ਚ ਦਮ ਤੌੜ ਗਿਆ। ਦੋ ਦੀ ਹਾਲਤ ਗੰਭੀਰ ਹੈ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਅਤੇ ਦੇਸ਼ ਦੇ ਵੱਖ ਵੱਖ ਇਲਾਕਿਆਂ 'ਚ ਫੈਲਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪ੍ਰੇਸ਼ਾਨ ਹਨ। ਉਹ ਕਰਜ਼ਾਈ ਹੋ ਰਹੇ ਹਨ। ਉਹਨਾ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਫਸਲਾਂ ਦਾ ਉਹਨਾ ਨੂੰ ਉਚਿਤ ਮੁੱਲ ਨਹੀਂ ਮਿਲਦਾ। ਕਿਸਾਨ ਆਗੂ ਆਖਦੇ ਆ, ਪਿਛਲੇ 20 ਸਾਲਾਂ 'ਚ ਤਿੰਨ ਲੱਖ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ। ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨ ਹਿੰਸਾ ਉਤੇ ਉਤਾਰੂ ਹੋ ਗਏ ਹਨ। ਉਹਨਾ ਭੋਪਾਲ ਦੇ ਫੰਦਾ ਖੇਤਰ 'ਚ ਤੋੜ-ਫੋੜ ਕੀਤੀ। ਮੰਦਸੌਰ 'ਚ ਹਾਲਾਤ ਕਾਬੂ 'ਚ ਨਾ ਰਹਿਣ ਕਾਰਨ ਕਰਫਿਊ ਲਗਵਾਉਣਾ ਪਿਆ। ਮੱਧ ਪ੍ਰਦੇਸ਼ ਦੇ ਭਾਜਪਾ ਮੁਖਮੰਤਰੀ ਸ਼ਿਵਰਾਜ ਚੌਹਾਨ ਨੇ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਕਹਿੰਦੇ ਆ "ਸੋਨ ਚਿੜੀ ਹੈ ਦੇਸ਼ ਅਸਾਡਾ"। ਉਹ ਭਾਈ ਦੇਸ਼ 'ਚ ਚਿੜੀ ਤਾਂ ਰਹੀ ਨਹੀਂ, ਉਹ ਪ੍ਰਦੂਸ਼ਤ ਵਾਤਾਵਰਨ ਨੇ ਨਿਗਲ ਲਈ। ਸੋਨਾ ਸਾਰਾ ਹੱੜਪ ਲਿਆ ਕਾਰੋਬਾਰੀਆਂ ਨੇ। ਵਪਾਰੀਆਂ ਨੇ। ਵੱਡੇ ਢਿੱਡਾਂ ਵਾਲਿਆਂ ਨੇ। ਕਾਰਪੋਰੇਟੀਆਂ ਨੇ। ਨੇਤਾਵਾਂ ਅਲਸੇਟੀਆਂ ਨੇ। ਲੋਕਾਂ ਪੱਲੇ ਤਾਂ ਸੁਆਹ ਰਹਿ ਗਈ, ਜਿਹੜੀ ਵਿਗੜੀ ਜੂਨ ਹੰਢਾਉਣ ਨੂੰ ਉਹ ਨਿੱਤ ਫੱਕ ਰਹੇ ਆ। ਕੋਈ ਪੁੱਛੇ ਸੋਨ-ਚਿੜੀ ਨੇ ਉਸ ਮੁਲਕ 'ਚ ਭਲਾ ਕੀ ਕਰਨਾ, ਜਿਹੜਾ ਬਾਹਰਲਿਆਂ ਦਾ ਹੋਵੇ ਕਰਜ਼ਾਈ, ਕਣ-ਕਣ, ਵਾਲ-ਵਾਲ ਕਰਜ਼ਾਈ! ਇਵੇਂ ਹੀ ਭਾਈ ਦੇਸ਼ ਦੇ ਕਿਸਾਨ ਆ। ਖੇਤਾਂ ਦਾ ਮਾਲਕ ਕਿਸਾਨ, ਫਸਲ ਆੜ੍ਹਤੀਏ ਦੀ। ਖੇਤਾਂ ਦਾ ਮਾਲਕ ਕਿਸਾਨ, ਖੇਤ ਬੈਂਕਾਂ ਦੇ ਨਾਂ। ਸ਼ਰੀਰ ਕਿਸਾਨਾਂ ਦਾ, ਪਰ ਇਹਨਾ ਵਿੱਚ ਵਗਦਾ ਲਹੂ ਇਹਨਾ ਆੜਤੀਆਂ, ਸ਼ਾਹੂਕਾਰਾਂ, ਬੈਕਾਂ ਦਾ। ਜਿਹੜਾ ਭਾਈ ਉਹ ਜੋਕਾਂ ਵਾਂਗਰ ਬਸ ਖੂਨ ਚੂਸੀ ਜਾਂਦੇ ਆ। ਚੂਸੀ ਜਾਂਦੇ ਆ। ਤੇ ਕਿਸਾਨ ਮਿੱਟੀ ਫੱਕੀ ਜਾਂਦੇ ਆ। ਹਵਾ ਖਾਈ ਜਾਂਦੇ ਆ। ਲੂਣ-ਸਿੱਲ ਚੱਟੀ ਜਾਂਦੇ ਆ। ਪਾਣੀ ਪੀਵੀ ਜਾਂਦੇ ਆ। ਨਾ ਪੇਟ ਰੋਟੀਆਂ ਪੈਂਦੀਆਂ, ਨਾ ਪੈਂਦਾ ਆ ਪੱਲੇ ਧੇਲਾ। ਫਸਲ ਉਗਾਉਂਦੇ ਆ। ਲਾਲ਼ੇ, ਆੜਤੀਏ, ਦਲਾਲ, ਆਉਂਦੇ ਆ। ਗੱਡੀਆਂ ਭਰ-ਭਰ, ਤੂਸ-ਤੂਸ ਸ਼ਹਿਰੀ ਚਾਲੇ ਪਾਈ ਜਾਂਦੇ ਆ। ਕਿਸਾਨ ਹਾਏ-ਤੋਬਾ ਕਰਦੇ, ਸ਼ਤੀਰਾਂ ਨੂੰ ਰੱਸੇ ਗਲੇ 'ਚ ਬੰਨ੍ਹ ਆਪੇ-ਆਪਣੀ ਰਾਸ-ਲੀਲਾ ਮੁਕਾਈ ਜਾਂਦੇ ਆ। ਜਾਂ ਮਰਨ ਲਈ ਸੜਕਾਂ 'ਤੇ ਆਈ ਜਾਂਦੇ ਆ। ਮਰਦੇ ਆ ਤਾਂ ਮਰਨ ਸਰਕਾਰ ਨੂੰ ਕੀ? ਸ਼ਾਹੂਕਾਰਾਂ ਨੂੰ ਕੀ? ਢੋਡਰ ਕਾਂਵਾਂ ਨੂੰ ਕੀ? ਉਹਨਾ ਨੂੰ ਤਾਂ ਭਾਈ ਕੱਚਾ ਮਾਸ ਚਾਹੀਦਾ ਆ ਖਾਣ ਨੂੰ! ਚਿੜੀ ਜੀਵੇ ਚਾਹੇ ਮਰੇ।
ਪੰਚ ਕਚਿਹਰੀ ਚੁੱਪ ਹੈ ਬੋਲੇ ਨਾ ਸਰਕਾਰ
ਖ਼ਬਰ ਹੈ ਕਿ ਦੇਸ਼ ਦੇ ਮਸ਼ਹੂਰ ਟੀ.ਵੀ. ਚੈਨਲ ਐਨ.ਡੀ.ਟੀ.ਵੀ. ਦੇ ਸੰਸਥਾਪਕਾਂ ਵਿਚੋਂ ਇੱਕ ਡਾ: ਪਰਾਨੋਏ ਰਾਉ ਅਤੇ ਉਸਦੀ ਪਤਨੀ ਰਾਧਿਕਾ ਦੇ ਕਾਰੋਬਾਰ ਸਬੰਧੀ ਦੇਸ਼ ਦੀ ਸੀ.ਬੀ.ਆਈ. ਨੇ ਛਾਪੇ ਮਾਰੇ ਹਨ ਅਤੇ ਉਹਨਾ ਉਤੇ ਇਲਜ਼ਾਮ ਲਗਾਇਆ ਹੈ ਕਿ ਉਹਨਾ ਦੀਆਂ ਕਈ ਕੰਪਨੀਆਂ ਹਨ ਅਤੇ ਉਹਨਾ ਵਿੱਚ ਕਾਲੇ ਧੰਨ ਦੀ ਵਰਤੋਂ ਹੁੰਦੀ ਰਹੀ ਹੈ। ਇਸ ਸਬੰਧ ਵਿੱਚ ਪ੍ਰੈਸ ਕੱਲਬ ਆਫ ਇੰਡੀਆ ਨੇ ਦੇਸ਼ ਦੇ ਵੱਡੇ ਪੱਤਰਕਾਰਾਂ ਦੀ ਮੀਟਿੰਗ ਵਿੱਚ ਇਹਨਾ ਦੋਸ਼ਾਂ ਨੂੰ ਪ੍ਰੈਸ ਦੀ ਆਜ਼ਾਦੀ ਉਤੇ ਹਮਲਾ ਕਰਾਰ ਦਿਤਾ ਹੈ।
ਸੁਣਿਆ ਤਾਂ ਇਹ ਸੀ ਕਿ ਅੱਗ ਤੋਂ ਬਿਨ੍ਹਾਂ ਧੂੰਆਂ ਨਹੀਂ ਨਿਲਕਦਾ! ਪਰ ਭਾਈ, ਹਿੰਦੋਸਤਾਨ ਦੇ ਨੇਤਾ ਜੇ ਤੂੜੀ, ਰੇਤਾ, ਬਜ਼ਰੀ, ਲੁੱਕ ਖਾ ਸਕਦੇ ਆ, ਸਰੀਆ ਹਜ਼ਮ ਕਰ ਸਕਦੇ ਆ, ਧੰਨ ਹੜ੍ਹਪ ਸਕਦੇ ਆ ਤਾਂ ਭਲਾ ਅੱਗ ਤੋਂ ਬਿਨ੍ਹਾਂ ਧੂੰਆਂ ਕਿਉਂ ਨਹੀਂ ਪੈਦਾ ਕਰ ਸਕਦੇ? ਹਿੰਦੋਸਤਾਨ 'ਚ ਨੇਤਾ ਨਹੀਂ ਡਿਕਟੇਟਰ ਪੈਦਾ ਹੁੰਦੇ ਆ। ਜਦੋਂ ਉਹਨਾ ਦੇ ਪੈਰਾਂ ਥੱਲੇ ਬਟੇਰਾ ਆ ਜਾਂਦਾ ਆ, ਤਾਂ ਉਹਨਾ ਨੂੰ ਜਾਪਦਾ ਆ "ਟਟੀਹਰੀ ਨੇ ਅਸਮਾਨ ਥੰਮਿਆ ਹੋਇਆ।" ਇਵੇਂ ਦੇ ਹੀ ਆ ਹੁਣ ਵਾਲੇ ਹਾਕਮ ਭਾਈ। ਜਿਹੜੇ ਗੁਣ ਗਾਉਂਦੇ ਉਹਨਾ ਲਈ ਸਭ ਕੁਝ ਹਾਜ਼ਰ, ਧੰਨ ਦੌਲਤ, ਸ਼ੌਹਰਤ, ਰਾਜ ਸਭਾ ਲੋਕ ਸਭਾ ਦੀ ਮੈਂਬਰੀ, ਕਿਸੇ ਸੰਸਥਾ ਦੀ ਚੇਅਰਮੈਨੀ। ਸੱਚ ਬੋਲੋਗੇ ਤਾਂ ਭਾਈ ਹਾਕਮ "ਨਾਕੋ ਚਨੇ ਤਾਂ ਚਬਾਉਣਗੇ" ਹੀ, ਲੰਮੇ ਪਾਕੇ ਕੁੱਟਣਗੇ ਵੀ ਅਤੇ ਆਖਣਗੇ ਵੀ ਸੱਟ ਤਾਂ ਨਹੀਂ ਲੱਗੀ ਭਾਈ। ਉਂਜ ਵੀ ਭਾਈ ਹਿੰਦੋਸਤਾਨ ਆ ਦੇਵੀ, ਦੇਵਤਿਆਂ ਦਾ ਮੁਲਕ। ਇਥੋਂ ਦੇ ਨੇਤਾ, ਜਦੋਂ ਰਤਾ ਕੁ ਉੱਚੇ ਹੁੰਦੇ ਆ, ਰੱਬ ਬਣ ਜਾਂਦੇ ਆ। ਵੇਖੋ ਨਾ, ਇੱਕ ਬੀਬੀ ਦੇਸ਼ ਦੀ ਮੁੱਖ ਬਣੀ ਤਾਂ ਰੱਬ ਹੀ ਬਣ ਗਈ। ਉਸ ਸਾਰੇ ਨੇਤਾ-ਸ਼ੇਤਾ, ਪੱਤਰਕਾਰ-ਲਿਖਾਰੀ-ਭਿਖਾਰੀ ਸਭ ਅੰਦਰ ਤੁੰਨ ਦਿਤੇ। ਕਿਸੇ ਨੂੰ ਸੀਅ ਤੱਕ ਨਾ ਆਖਣ ਦਿਤੀ। ਹੁਣ ਇੰਨੇ ਵਰ੍ਹਿਆਂ ਬਾਅਦ ਮਸਾਂ ਤਾਂ ਉਹਦੇ ਵਰਗਾ ਇੱਕ ਬੰਦਾ "ਰਾਜਾ" ਬਣਿਆ ਆ, ਉਹ ਵੀ ਨਿਰਾ ਰੱਬ ਆ, ਜਿਹੜਾ ਖੰਗੂਰਾ ਮਾਰਦਾ ਆ ਤਾਂ ਘਰ-ਬਾਰ ਦੇ ਬੱਚੇ, ਬੁੱਢੇ ਕੀ, ਗੁਆਂਢੀ ਘਰ ਵਾਲੇ ਵੀ ਚੁੱਪ ਕਰ ਜਾਂਦੇ ਆ। ਭਲਾ ਆਹ ਐਨ.ਡੀ.ਟੀ.ਵੀ. ਵਾਲਿਆਂ ਨੂੰ ਕੀ ਸਿਰਿਆ ਪਈ ਸੀ, ਬਈ ਆਖਣ ਕਿ "ਰਾਜਾ" ਝੂਠ ਬੋਲਦਾ ਆ। ਕਿ ਰਾਜੇ ਨੇ ਸਿਵਾਏ ਭਾਸ਼ਨ ਦੇਣ ਦੇ ਦੇਸ਼ ਦਾ ਕੁਝ ਨਹੀਂ ਕੀਤਾ। ਕਿ ਰਾਜਾ ਕਿਸੇ ਹੋਰ ਨੂੰ ਬੋਲਣ ਹੀ ਨਹੀਂ ਦਿੰਦਾ। ਕਿ ਰਾਜਾ ਸਾਮ, ਦਾਮ, ਦੰਡ ਦਾ ਮੁਦੱਈ ਆ। ਲਉ, ਭਗਤੋ ਭਾਈ ਹੁਣ, ਸੱਚ ਬੋਲਣ ਦੀ ਸਜ਼ਾ। ਇਹ ਦੇਸ਼ ਹੀ ਅਜੀਬ ਆ ਭਾਈ, ਜਾਣਦੇ ਹੀ ਤਾਂ ਹੋ ਤੁਸੀਂ ਕਿ ਇਥੇ ਭੀੜਾਂ ਸਿੱਧੀ ਮੌਤ ਦੀ ਸਜਾ ਦੇਣ ਦਾ ਹੱਕ ਰੱਖਦੀਆਂ ਆਂ। ਇਥੇ ਕਹਿਹਰੀਆਂ ਵਰ੍ਹਿਆ-ਵੱਧੀ ਚੁੱਪ ਤਮਾਸ਼ਾ ਵੇਖਦੀਆਂ ਆਂ। ਤੇ ਸਰਕਾਰਾਂ? ਸਰਕਾਰਾਂ ਤਾਂ ਭਾਈ ਭੀੜਾਂ, ਵਲੋਂ ਕਤਲੇਆਮ ਸਮੇਂ ਏਅਰ ਕੰਡੀਸ਼ਨਡ ਕਮਰਿਆਂ 'ਚ ਬੈਠ ਲਾਈਵ" ਪ੍ਰੋਗਰਾਮ ਵੇਖਦੀਆਂ ਆਂ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਹੈ ਤਾਂ ਟੀ.ਵੀ. ਵਾਲਿਉ ਜ਼ਰਾ ਦਿਲੀ ਦੇ ਕਤਲੇਆਮ ਅਤੇ ਗੁਜਰਾਤ ਦੇ ਕਤਲੇਆਮ ਦੀ "ਰੀਲ" ਜੇ ਕਦੇ ਤੁਸੀਂ ਬਣਾਈ ਹੋਵੇ ਤਾਂ ਵੇਖ ਲੈਣਾ ਭਲਿਓ ਲੋਕੋ!!
ਅਸੀਂ ਡਿਗਰੀਆਂ ਕਰੀਆਂ ਤਾਂ ਵੀ ਭੁੱਖ ਮਰੀਆਂ
ਖ਼ਬਰ ਹੈ ਕਿ ਦੇਸ਼ ਵਿੱਚ 2021 ਤੱਕ ਇੰਟਰਨੈਟ ਉਪਭੋਗਤਾ ਹੁਣ ਨਾਲੋਂ ਦੁਗਣੇ ਜਾਣੀ 82.9 ਕਰੋੜ ਹੋ ਜਾਣਗੇ। ਜਾਨੀ 59 ਫੀਸਦੀ ਹਿੰਦੋਸਤਾਨੀ ਆਬਾਦੀ ਇੰਟਰਨੈਟ ਦੀ ਵਰਤੋਂ ਕਰਨ ਲੱਗ ਪਵੇਗੀ। ਇਸਦੇ ਨਾਲ ਖ਼ਬਰਾਂ ਇਹ ਵੀ ਹਹਨ ਕਿ ਦੇਸ਼ ਵਿਚ ਪਹਿਲੀ ਵਾਰ ਇਕੋ ਵੇਲੇ 25000 ਪਿੰਡਾਂ ਵਿੱਚ ਵਾਈ-ਫਾਈ ਕੁਨੈਕਸ਼ਨ ਲਗਾਏ ਜਾਣਗੇ। ਸਰਕਾਰੀ ਕੰਪਨੀ ਬੀ.ਐਸ.ਐਨ.ਐਲ ਦੇ ਪਿੰਡਾਂ ਵਿਚ 25000 ਟੈਲੀਫੋਨ ਕੇਂਦਰ ਹਨ, ਜੋ ਆਪਟੀਕਲ ਫਾਈਬਰ ਨਾਲ ਜੁੜੇ ਹੋਏ ਹਨ, ਇਹਨਾ ਥਾਵਾਂ ਉਤੇ ਵਾਈ-ਫਾਈ ਕੁਨੇਕਸ਼ਨ ਚਾਰ ਮਹੀਨਿਆਂ 'ਚ ਚਾਲੂ ਕਰ ਦਿਤੇ ਜਾਣਗੇ ਜਿਸ ਉਤੇ 940 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸਦੇ ਨਾਲ ਇਹ ਵੀ ਖ਼ਬਰ ਹੈ ਕਿ ਦੇਸ਼ ਵਿੱਚ ਡਿਗਰੀਧਾਰੀ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਡਿਗਰੀ ਧਾਰਕ ਇੰਜੀਨੀਅਰ, ਐਮ.ਬੀ.ਏ. ਡਾਕਟਰਾਂ ਦੀ ਫੌਜ ਨੌਕਰੀਆਂ ਲੈਣ ਵਾਲਿਆਂ ਦੀ ਕਤਾਰ ਲੰਬੀ ਕਰ ਰਹੀ ਹੈ।
ਵਾਈ-ਫਾਈ ਨੌਜਵਾਨਾਂ ਨੂੰ ਹਵਾ ਵਿਚ ਉਡਾਏਗਾ? ਰੋਟੀ ਦੀ ਥਾਂ ਸੁਫਨੇ ਬਖਸ਼ੇਗਾ। ਘਰੋਂ ਬਾਹਰ ਨੌਕਰੀ ਜਾਣ ਦੀ ਲੋੜ ਹੀ ਨਹੀਂ, ਫੋਨ, ਮੌਬਾਇਲ, ਨੈੱਟ ਉਤੇ ਹੀ ਸੁਫਨਿਆਂ ਦਾ ਵਪਾਰ ਹੋਏਗਾ। ਪੱਲੇ ਕੁਝ ਪਵੇ ਨਾ ਪਵੇ, ਖਾਲੀ ਹੋਈ ਜੇਬ ਹੋਰ ਪਾਟ ਜਾਏਗੀ ਤੇ ਵੱਡੀਆਂ ਡਿਗਰੀਆਂ ਭੁੱਖ ਨਾਲ ਕੁਸ਼ਤੀ ਕਰਨਗੀਆਂ! ਵੇਖੋ ਨਾ ਵਿਗਿਆਨ ਨੇ ਹੁਣ ਬਥੇਰੀ ਤਰੱਕੀ ਕਰ ਲਈ ਹੈ। ਭੁੱਖ ਮਾਰਨ ਦੀਆਂ ਗੋਲੀਆਂ, ਉਮਰੋਂ ਪਹਿਲਾਂ ਦੁਨੀਆਂ ਤੋਂ ਤੁਰ ਜਾਣ ਦੇ ਟੀਕੇ, ਸੁਫਨਿਆਂ ਨੂੰ ਕਾਬੂ ਕਰਕੇ ਪੁਰਾਣੇ ਜੰਗਲੀ ਯੁੱਗ 'ਚ ਜਾਣ ਦੇ ਹੀਲੇ-ਵਸੀਲੇ ਭਾਈ ਭੁੱਖੇ ਮਰਦੇ ਇਹ ਡਿਗਰੀ ਧਾਰਕ ਹੀ ਤਾਂ ਕਰਨਗੇ। ਹੈ ਕਿ ਨਾ? ਉਂਜ ਫਿਕਰ ਨਾ ਕਰੋ, ਸਰਕਾਰ ਹਰ ਇੱਕ ਲਈ ਬਹੁਤ ਕੁਝ ਕਰ ਰਹੀ ਹੈ। ਦੇਸ਼ 'ਚ ਗੰਦਗੀ ਐਨੀ ਕਿ ਸਾਹ ਨਾ ਆਵੇ। ਗਰੀਬੀ ਐਨੀ ਕਿ ਹਰ ਥਾਂ ਧਾਰਮਿਕ ਸਥਾਨ ਤਾਂ ਹੋਣ ਪਰ ਪੂਜਾ ਕਰਨ ਵਾਲਿਆਂ ਦੀ ਥਾਂ ਭਿਖਾਰੀਆਂ ਦੀ ਭੀੜਾਂ ਹੋਣ। ਵਾਈ-ਫਾਈ, ਡਿਜਟਲ ਇੰਡੀਆ, ਚੱਪਲਾਂ ਪਾਕੇ ਹਵਾਈ ਸਫਰ, ਗੰਗਾ ਮਾਤਾ ਦੀ ਸਫਾਈ, ਗਊ ਮਾਤਾ ਦੀ ਰੱਖਿਆ, ਲਵ-ਜਿਹਾਦ ਬਿਰਗੇਡ, ਅਤੇ ਸੜਕਾਂ ਉਤੇ ਨਾਲੋ-ਨਾਲ ਹੀ ਇਨਸਾਫ! ਕਿਸਾਨਾਂ ਲਈ ਆਤਮ ਹੱਤਿਆ ਦਾ ਸੌਖਾ ਪ੍ਰਬੰਧ। ਫਸਲਾਂ ਲਈ ਕੀਟ ਨਾਸ਼ਕਾਂ ਦੀ ਵੱਡੀ ਗਿਣਤੀ ਤਾਂ ਕਿ ਲੋਕਾਂ ਨੂੰ ਕੈਂਸਰ ਆਦਿ ਛੇਤੀ ਚੁੰਬੜੇ। ਪਾਣੀ ਨੂੰ ਗੰਦਾ ਕਰਨ ਦਾ ਛੇਤੀ ਤੇ ਸੌਖਾ ਪ੍ਰਬੰਧ ਤਾਂ ਕਿ ਲੋਕਾਂ ਲਈ ਜਵਾਨੀ ਵੇਲੇ ਹੀ ਬੁਢਾਪਾ ਆ ਚੁੰਬੜੇ। ਤਾਂ ਕਿ ਨੌਜਵਾਨ ਪਹਿਲਾਂ ਹੀ ਰਿਟਾਇਰ ਹੋ ਜਾਣ ਤੇ ਆਖਣ "ਕੀ ਕਰਨੀਆਂ ਨੇ ਨੌਕਰੀਆਂ ਕਿਉਂਕਿ ਡਿਗਰੀਆਂ ਕਰੀਆਂ ਤਾਂ ਵੀ ਭੁਗਤ ਰਹੇ ਹਾਂ ਭੁੱਖ ਮਰੀਆਂ"।
ਭੇਤ ਭਰੀ ਇਸ ਚੁੱਪ ਦੀ ਕਿੱਦਾਂ ਪਾਈਏ ਥਾਹ?
ਖ਼ਬਰ ਹੈ ਕਿ ਜ਼ਿਲਾ ਫਾਜਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਸੁਰਿੰਦਰਪਾਲ ਸਿੰਘ ਪਹਿਲਵਾਨ ਜਨਵਰੀ 1993 'ਚ ਪੰਜਾਬ ਮੰਡੀ ਬੋਰਡ ਵਿਚ ਬਤੌਰ ਜੇ.ਈ. (ਸਿਵਲ) ਭਰਤੀ ਹੋਇਆ। 2007 ਵਿਚ ਕਾਲੀ-ਭਾਜਪਾ ਸਰਕਾਰ ਸਮੇਂ ਸਿਰ ਨਿਯਮ ਛਿੱਕੇ ਟੰਗਕੇ ਉਸਨੂੰ ਗਮਾਡਾ ਦਾ ਮੁੱਖ ਇੰਜੀਨੀਅਰ ਦਾ ਚਾਰਜ਼ ਦੇ ਦਿਤਾ ਗਿਆ ਅਤੇ ਅਕਾਲੀ-ਭਾਜਪਾ ਰਾਜ ਸਮੇਂ ਉਸ ਕੋਲ ਇਕੋ ਵੇਲੇ ਨਿਯਮਾਂ ਨੂੰ ਛਿੱਕੇ ਟੰਗਕੇ 8 ਮਹੱਤਵਪੂਰਨ ਪੋਸਟਾਂ ਦੇ ਚਾਰਜ਼ ਦਿਤੇ ਗਏ ਹੋਏ ਸਨ। ਉਸ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ 'ਬਾਦਲਾਂ' ਦੀ ਮਿਹਰ ਨਾਲ ਉਹ ਮਲਾਈ ਛਕਦਾ ਰਿਹਾ ਹੈ, ਅਤੇ ਆਪਣੇ ਅਹੁਦਿਆਂ ਦੀ ਕੁਵਰਤੋਂ ਕਰਦਿਆਂ ਉਸਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਉਤੇ ਬਣਾਈ ਕੰਪਨੀਆਂ ਨੂੰ ਠੇਕੇ ਦਿਤੇ। ਉਧਰ ਇਹ ਵੀ ਖ਼ਬਰ ਹੈ ਕਿ ਬਾਦਲਾਂ ਦੀਆਂ ਬਹੁਤੀਆਂ ਬੱਸਾਂ ਵਗੈਰ ਪਰਮਿੱਟ ਤੋਂ ਚਲਦੀਆਂ ਸਨ, ਉਹਨਾ ਵਿਚੋਂ ਕਈਆਂ ਨੂੰ ਮੁਖਮੰਤਰੀ ਦੇ ਹੁਕਮ ਨਾਲ ਥਾਣਿਆਂ 'ਚ ਡੱਕ ਦਿਤਾ ਗਿਆ ਹੈ।
"ਰਾਜ ਨਹੀਂ ਸੇਵਾ" ਦੀ ਮਹੱਤਤਾ ਦਾ ਇਵੇਂ ਹੀ ਗਿਆਨ ਹੁੰਦਾ ਹੈ। ਜਦੋਂ ਰਾਜਾ ਵਪਾਰੀ ਬਣ ਜਾਏ। ਮਹਾਰਾਜਾ ਕਾਰਪੋਰੇਟੀਆਂ ਬਣ ਜਾਏ ਤਾਂ ਉਹਦੇ ਅਹਿਲਕਾਰਾਂ "ਮਾਫੀਆ" ਬਣਕੇ ਆਪਣੇ ਰਾਜੇ ਦੀ ਸੇਵਾ ਤਾਂ ਕਰਨੀ ਹੀ ਹੋਈ। ਭਾਈ ਜੇ ਪਹਿਲਵਾਨ ਨੇ ਰਤਾ ਕੁ ਠੂੰਗਾ ਲਾ ਲਿਆ ਤਾਂ ਦੂਜਿਆਂ ਕਿਹੜੀ ਘੱਟ ਕੀਤੀ ਆ। ਕੋਈ ਚੀਫ ਪਾਰਲੀਮਾਨੀ ਸਕੱਤਰ ਬਣਕੇ ਗੈਰਕਾਨੂੰਨੀ ਢੰਗ ਨਾਲ ਲੋਕਾਂ ਦਾ ਖਜ਼ਾਨਾ ਲੁੱਟਦਾ ਰਿਹਾ, ਕੋਈ ਚੇਅਰਮੈਨ ਬਣਕੇ ਲੋਕਾਂ ਦੇ ਪੈਸਿਆਂ ਦੀ ਚੰਮ ਲਾਹੁੰਦਾ ਰਿਹਾ। ਕਿਸੇ ਪ੍ਰਦੇਸ਼ ਲੁਟਿਆ ਅਤੇ ਕਿਸੇ ਦੇਸ਼ ਲੁੱਟਿਆ। ਪਰ ਇਸ ਲੁੱਟ 'ਚ ਉਹ ਸਾਰੇ ਮਾਈ-ਭਾਈ ਸ਼ਾਮਲ ਹੋਏ, ਜਿਹੜੇ ਇਕੋ ਪਰਿਵਾਰ ਦੇ ਖਾਨਸਾਮੇ ਸਨ। ਪਰ ਲੁੱਟ ਦੇ ਮਾਲ ਨੂੰ ਕੋਈ ਦੇਸ਼ ਲੈ ਗਿਆ। ਕੋਈ ਵਿਦੇਸ਼ ਲੈ ਗਿਆ। ਅਤੇ ਆਹ "ਵਿਚਾਰਾ ਪਹਿਲਵਾਨ" ਅੜਿੱਕੇ ਆ ਗਿਆ। ਇਹ ਲੁੱਟ ਕਿਵੇਂ ਹੋਈ? ਲੁੱਟ ਕਿਥੇ ਹੋਈ? ਇਸ ਬਾਰੇ ਸਭ ਚੁੱਪ ਨੇ! ਭੇਤ ਭਰੀ ਇਸ ਚੁੱਪ ਦੀ ਕਿੱਦਾਂ ਪਾਈਏ ਥਾਹ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਡੇ ਦੇਸ਼ ਵਿੱਚ 4.82 ਕਰੋੜ ਛੋਟੇ ਬੱਚੇ, ਜਿਹਨਾ ਦੀ ਉਮਰ 1000 ਦਿਨ ਤੋਂ ਘੱਟ ਹੈ, ਛੋਟੇ ਕੱਦ ਦੀ ਸਮੱਸਿਆ ਦਾ ਸਾਹਮਣਾ ਕੁਪੋਸ਼ਣ ਕਾਰਨ ਕਰ ਰਹੇ ਹਨ।
ਇੱਕ ਵਿਚਾਰ
ਮੈਂ ਪੌਣਪਾਣੀ ਬਦਲੀ ਨੂੰ ਸਿਆਸੀ ਮੁੱਦਾ ਨਹੀਂ ਮੰਨਦਾ, ਮੈਂ ਇਸਨੂੰ ਨੈਤਿਕ ਮੁੱਦਾ ਮੰਨਦਾ ਹਾਂ......ਅਲਗੌਰ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.