ਗੱਲ ਤਾਂ ਬਹੁਤ ਛੋਟੀ ਜਿਹੀ ਹੈ ਪਰ ਧਿਆਨ ਦੇਣ ਦੇ ਯੋਗ ਹੈ। ਸ਼ਾਇਦ ਮੇਰੇ ਹਾਣ ਦੇ ਨੌਜਵਾਨ ਮੇਰੀ ਇਸ ਲਿਖਤ ਵਿਚਲੀਆਂ ਗੱਲਾਂ ਨਾਲ ਕੁਝ ਸਾਂਝ ਮਹਿਸੂਸ ਕਰ ਸਕਣ ਅਤੇ ਉਨ੍ਹਾਂ ’ਤੇ ਵਿਚਾਰ ਕਰ ਸਕਣ। ਗੱਲਾਂ-ਬਾਤਾਂ ਕਰਨਾ, ਨੱਚਣਾ ਗਾਉਣਾ ਕੀਹਨੂੰ ਨਹੀਂ ਪਸੰਦ। ਹਰ ਕੋਈ ਆਪਣੀਆਂ ਭਾਵਨਾਵਾਂ ਪ੍ਰਗਟਾਉਣ, ਗੱਲਾਂ ਕਰਨ ਅਤੇ ਹੋਰ ਜ਼ੁਬਾਨੀ ਸਰਗਰਮੀਆਂ ਲਈ ਬੋਲੀ ਜਾਂ ਭਾਸ਼ਾ ਦੀ ਵਰਤੋਂ ਕਰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਬੋਲੀ ਦਾ ਬਸ ਇੰਨਾ ਹੀ ਮਹੱਤਵ ਹੈ? ਕੀ ਮਾਂ-ਬੋਲੀ ਦੀ ਕੋਈ ਵਿਲੱਖਣ ਭੂਮਿਕਾ ਨਹੀਂ?
ਦੂਜੇ ਪਾਸੇ ਇਸ ਨਾਲ ਰਲਦਾ-ਮਿਲਦਾ ਸਵਾਲ ਇਹ ਵੀ ਹੈ ਕਿ ਸਭਿਆਚਾਰ ਦੀ ਕੀ ਮਹੱਤਤਾ ਹੈ? ਬੇਸ਼ੱਕ ਇਹ ਇਨਸਾਨ ਦੀ ਸ਼ਖਸੀਅਤ ’ਚ ਸੁਧਾਰ ਤੇ ਨਿਖਾਰ ਲਿਆਉਂਦਾ ਹੈ ਅਤੇ ਕੋਈ ਆਪਣੀਆਂ ਜੜ੍ਹਾਂ ਤੋਂ ਦੂਰ ਰਹਿ ਕੇ ਗਿਆਨੀ ਅਤੇ ਨਿਮਰ ਨਹੀਂ ਬਣ ਸਕਦਾ। ਪਰ ਕੀ ਅੱਜ-ਕੱਲ੍ਹ ਸਭਿਆਚਾਰਕ ਹੋਣਾ ਪਛੜੇ ਹੋਣ ਦੀ ਨਿਸ਼ਾਨੀ ਹੈ?
ਮੇਰੇ ਵਰਗੀ ਨੌਜਵਾਨ ਪੀੜ੍ਹੀ ਵਿੱਦਿਆ ਤੇ ਸਮਾਜਿਕ ਰੁਤਬੇ ਹਾਸਲ ਕਰਨ ਦੀ ਦੌੜ ਵਿੱਚ ਇੰਨੀ ਰੁੱਝੀ ਹੋਈ ਹੈ ਹੋਈ ਹੈ ਕਿ ਪੱਛਮੀ ਸਭਿਆਚਾਰ ਨਾਲ ਲਗਾਓ ਵਧੀ ਜਾ ਰਿਹਾ ਹੈ ਅਤੇ ਆਪਣੇ ਸਭਿਆਚਾਰ ਵੱਲ ਝੁਕਾਅ ਘਟ ਰਿਹਾ ਹੈ। ਦੋਸ਼ ਤਾਂ ਸਾਡਾ ਵੀ ਨਹੀਂ ਕਿਉਂਕਿ ਕੁਝ ਤਾਂ ਸ਼ਹਿਰੀਕਰਨ ਨੇ ਸਾਨੂੰ ਆਪਣੇ ਸਭਿਆਚਾਰ ਤੋਂ ਵਾਂਝਿਆਂ ਕਰ ਦਿੱਤਾ ਹੈ ਤੇ ਕੁਝ ਵਿੱਦਿਅਕ ਮੰਗਾਂ ਨੇ। ਅੱਜ ਕੱਲ੍ਹ ਤਾਂ ਵੱਡੇ ਵੀ ‘ਆਧੁਨਿਕਤਾਵਾਦੀ’ ਹੁੰਦੇ ਜਾ ਰਹੇ ਹਨ। ਉਂਜ ਵੀ, ਬਜ਼ੁਰਗਾਂ ਨਾਲੋਂ ਵੱਖਰੇ ਰਹਿਣ ਦੇ ਰਿਵਾਜ ਕਾਰਨ ਦਾਦੀਆਂ-ਨਾਨੀਆਂ ਦੀਆਂ ਸਿੱਖਿਆਵਾਂ ਤਾਂ ਨਸੀਬ ਹੀ ਨਹੀਂ ਹੁੰਦੀਆਂ। ਸਕੂਲ, ਦਫਤਰ, ਹੋਟਲ-ਗੱਲ ਕੀ ਹਰ ਥਾਂ ਅੰਗਰੇਜ਼ੀ ਦਾ ਹੀ ਜ਼ੋਰ ਚਲਦਾ ਹੈ। ਕਿਸੇ ਵੀ ‘ਇਲੀਟ’ ਪ੍ਰਾਈਵੇਟ ਸਕੂਲ ਵਿੱਚ ਮਾਂ-ਬੋਲੀ ਤਾਂ ਦੂਰ, ਹਿੰਦੀ ਬੋਲਣਾ ਵੀ ਮਨ੍ਹਾਂ ਹੁੰਦੀ ਹੈ। ਉਂਜ, ਮੈਂ ਖੁਸ਼ਕਿਸਮਤ ਹਾਂ: ਮੇਰੇ ਜਮਾਤ ਤੋਂ 1 ਤੋਂ 10 ਵਾਲਾ ਸਕੂਲ- - ਔਰੋਬਿੰਦੋ ਸਕੂਲ - ਚੰਡੀਗੜ੍ਹ ਵਿੱਚ ਹੋਣ ਦੇ ਬਾਵਜੂਦ 8ਵੀਂ ਜਮਾਤ ਤੱਕ ਚਾਰੇ ਭਾਸ਼ਾਵਾਂ ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਦੇ ਲਾਜ਼ਮੀ ਵਿਸ਼ੇ ਸਨ। ਮਾਂ-ਬੋਲੀ ਹੋਣ ਕਰਕੇ ਪੰਜਾਬੀ ਨਾਲ ਤਾਂ ਰਿਸ਼ਤਾ ਕਦੇ ਨਹੀਂ ਟੁੱਟਿਆ ਪਰ ਅੱਠਵੀਂ ਤੋਂ ਬਾਅਦ ਸੰਸਕ੍ਰਿਤ ਨਾਲ ਕੋਈ ਨਾਤਾ ਹੀ ਨਹੀਂ ਰਿਹਾ।
ਹੁਣ ਸਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਵਿਖਾਵੇ ਦੀ ਜ਼ਿੰਦਗੀ ਨੇ ਇਸ ਨੂੰ ਲਾਂਭੇ ਕਰ ਦਿੱਤਾ ਹੈ। ਜੋ ਪੁਰਾਣੇ ਰਿਵਾਜਾਂ-ਰਵਾਇਤਾਂ ਬਰਕਰਾਰ ਰੱਖਦਾ ਹੈ। ਉਸ ਨੂੰ ਲੋਕਾਂ ਦੀ ਵਾਹ-ਵਾਹ ਜੋ ਨਹੀਂ ਮਿਲਦੀ। ਮੈਂ ਬਚਪਨ ਤੋਂ ਘਰ ’ਚ ਆਪਣੀ ਮਾਂ-ਬੋਲੀ ਪੰਜਾਬੀ ਬੋਲਦੀ-ਸੁਣਦੀ ਰਹੀ ਹਾਂ। ਪੰਜਾਬੀ ਸਭਿਆਚਾਰ ਅਤੇ ਬੋਲੀ ਦੀ ਮਹੱਤਤਾ ਵੀ ਵਾਰ-ਵਾਰ ਸਮਝਾਈ ਜਾਂਦੀ ਰਹੀ ਹੈ। ਮੇਰੇ ਨਾਨਕੇ ਅਤੇ ਦਾਦਕੇ ਦੋਵੇਂ ਵੰਡ ਵੇਲੇ ਉਧਰੋਂ ਭਾਵ ਹੁਣ ਵਾਲੇ ਏਧਰ ਆਏ ਸਨ। ਪੰਜਾਬੀ ਅਤੇ ਪੰਜਾਬੀਅਤ ਉਨ੍ਹਾਂ ਵਿੱਚ ਵਸੀ ਹੋਈ ਹੈ। ਅੱਜ ਵੀ ਸਵਰਗੀ ਨਾਨੀ-ਮਾਂ ਕਹੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਹਨ। ਜਦੋਂ ਵੀ ਉਨ੍ਹਾਂ ਕੋਲ ਰਹਿਣ ਜਾਣਾ, ਕੋਈ ਨਾ ਕੋਈ ਕਹਾਵਤ, ਗੁਰਬਾਣੀ ਦੀ ਤੁਕ ਜਾਂ ਕੋਈ ਸਿਆਣੀ ਗੱਲ ਸਿੱਖ ਕੇ ਹੀ ਆਉਣਾ। ਦੱਸੋ, ਕਿਹੜੀ ਕਿਤਾਬ ਪੜ੍ਹ ਕੇ ਇਹੋ ਜਹੀਆਂ ਸਿੱਖਿਆਵਾਂ ਨਾਲ ਰਿਸ਼ਤਾ ਬਣੇਗਾ?
ਮੇਰੇ ਪਿਤਾ ਸਮਾਨ ਮਾਸੜ ਜੀ (ਜਾਂ ਲੇਖ ਦੀ ਰਸਮੀ ਪਾਬੰਦੀਆਂ ਨੂੰ ਭੁੱਲ ਕੇ ਬੋਲਾਂ ਤਾਂ ਮੇਰੇ ਪਿਤਾ ਤੋਂ ਵੀ ਵਧ ਕੇ) ਪੰਜਾਬੀ ਦੇ ਪੱਤਰਕਾਰ ਹਨ। ਉਨ੍ਹਾਂ ਨੇ ਆਪਣੇ ਤਜਰਬੇ ਦੇ ਲਾਭ ਸਾਨੂੰ ਬੱਚਿਆਂ ਨੂੰ ਦੇਣ ਦਾ ਹਮੇਸ਼ਾ ਉਪਰਾਲਾ ਕੀਤਾ ਹੈ। ਪਰ ਜਦੋਂ ਤੱਕ ਆਪ ਨੂੰ ਅਹਿਸਾਸ ਨਹੀਂ ਹੁੰਦਾ, ਤਦੋਂ ਤੱਕ ਉਸ ਉਮਰ ਵਿੱਚ ਵੱਡਿਆਂ ਦੀਆਂ ਗੱਲਾਂ ਕੁਝ ਸਮੇਂ ਬਾਅਦ ਲੋਪ ਹੀ ਹੋ ਜਾਂਦੀਆਂ ਹਨ। ਸ਼ਹਿਰ ਦੀ ਵਸਨੀਕ ਹੋਣ ਕਰਕੇ ਘਰੋਂ ਮਿਲੀ ਇਹੋ ਜਹੀ ਅਮੋਲਕ ਸਿੱਖਿਆ ਦਾ ਅਸਰ ਘਟਦਾ ਰਿਹਾ।
ਪਰ ਹੁਣ ਮੇਰੀ ਪੜ੍ਹਾਈ ਹੀ ਮੇਰੇ ਇਨ੍ਹਾਂ ਵਿਚਾਰਾਂ ਦਾ ਕਾਰਨ ਬਣ ਗਈ। ਪੰਜਾਬ ਦੀ ਜੁਡੀਸ਼ੀਅਲ ਪ੍ਰੀਖਿਆ ਵਾਸਤੇ ਪੰਜਾਬੀ ਪੜ੍ਹਨੀ ਲਾਜ਼ਮੀ ਹੈ। ਉਸ ਦੀ ਤਿਆਰੀ ਲਈ ਮੈਂ ਤਕਰੀਬਨ ਇੱਕ ਸਾਲ ਪਹਿਲਾਂ ਪੰਜਾਬੀ ਫੇਰ ਪੜ੍ਹਨੀ-ਲਿਖਣੀ ਸ਼ੁਰੂ ਕੀਤੀ। ਪੰਜਾਬੀ ਬੋਲਣ ਦੀ ਤਾਂ ਸਮੱਸਿਆ ਹੀ ਨਹੀਂ ਸੀ ਪਰ ਲਿਖਣੀ-ਪੜ੍ਹਨੀ 8ਵੀਂ ਜਮਾਤ ਤੋਂ ਬਾਅਦ ਬੰਦ ਸੀ। ਹੌਲੀ-ਹੌਲੀ ਇਸ ਪ੍ਰਕਿਰਿਆ ਵਿੱਚ ਕਦੋਂ ਆਪਣੀ ਮਾਂ-ਬੋਲੀ ਨਾਲ ਹੋਰ ਡੂੰਘਾ ਪਿਆਰ ਪੈ ਗਿਆ,ਪਤਾ ਹੀ ਨਹੀਂ ਲੱਗਾ। ਨਾਲ ਹੀ ਸਿੱਖ ਇਤਿਹਾਸ ਤੇ ਸਭਿਆਚਾਰ ਬਾਰੇ ਜਾਣਨ ਦੀ ਵੀ ਤਾਂਘ ਹੋਰ ਵੱਧ ਗਈ। ਦੇਸੀ ਮਹੀਨਿਆਂ ਦੇ ਨਾਂ, ਗੁਰੂਆਂ ਦੇ ਨਾਮ ਵਰਗੀਆਂ ਗੱਲਾਂ ਸਿੱਖਣ ਦਾ ਸ਼ੌਕ ਵਧਦਾ ਰਿਹਾ।
ਕੁਝ ਦਿਨ ਪਹਿਲਾਂ ਇੱਕ ਪੰਜਾਬੀ ਫਿਲਮ ‘ਰੱਬ ਦਾ ਰੇਡੀਓ’ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਸਾਦੀ ਤੇ ਠੇਠ ਭਾਸ਼ਾ। ਅਜਿਹੀ ਫ਼ਿਲਮ ਅੱਜ ਕੱਲ੍ਹ ਦੁਰਲੱਭ ਹੁੰਦੀ ਹੈ। ਪੰਜਾਬ ਦਾ ਅਸਲ ਸਭਿਆਚਾਰ, ਰਵਾਇਤੀ ਢੰਗ ਦੇ ਸੂਟ ਅਤੇ ਪਿੰਡ ਦੀਆਂ ਕੁੜੀਆਂ ਵਿੱਚੋਂ ਝਲਕਦੀ ਮਾਸੂਮੀਅਤ ਸਭ ਕੁਝ ਮੋਹਕ ਸੀ। ਫਰਵਰੀ ਮਾਹ ਵਿੱਚ ਇੱਕ ਕੌੜੇ ਤਜਰਬੇ ਵਿੱਚ ਵੀ ਪੰਜਾਬੀ ਭਾਸ਼ਾ ਨੇ ਮਿੱਠਾ ਰਸ ਪਾ ਦਿੱਤਾ। ਮੈਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੋਈ। ਪਰ ਇਸ ਕਾਰਪੋਰੇਟ ਹਸਪਤਾਲ ਦੀਆਂ ਨਰਸਾਂ ਦੀ ਪੰਜਾਬੀ ’ਚ ਗੱਲਬਾਤ ਨੇ ਮੇਰੇ ਅੰਦਰ ਸਾਕਾਰਤਮਿਕਤਾ ਭਰ ਦਿੱਤੀ। ਆਪਣੀ ਭਾਸ਼ਾ ਦੀ ਮਿਠਾਸ ਹੀ ਕੁਝ ਅਲਹਿਦਾ ਹੁੰੰਦੀ ਹੈ। ਉਂਜ, ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਦੇ ਇੰਨੇ ਨੇੜੇ ਹੁੰਦੇ ਹੋਏ ਵੀ ਇਹ ਲੇਖ ਲਿਖਦਿਆਂ ਮੈਨੂੰ ਪੰਜਾਬੀ ਦੇ ਕੋਈ ਸ਼ਬਦ ਨਹੀਂ ਅਹੁੜ ਰਹੇ ਸਨ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਇੰਟਰਨੈੱਟ ਵਰਤਣਾ ਪਿਆ। ਇਸ ਤੋਂ ਇਹੋ ਜਾਪਿਆ ਕਿ ਅਸੀਂ ਭਾਵੇਂ ਅੰਗਰੇਜ਼ਾਂ ਦੇ ਗ਼ੁਲਾਮ ਨਹੀਂ ਰਹੇ, ਪਰ ਅੰਗਰੇਜ਼ੀ ਵਾਲੇ ਵਾਲੇ ਜ਼ਰੂਰ ਹੋ ਗਏ ਹਾਂ।
( 10 ਜੂਨ , 2017 ਦੇ ਪੰਜਾਬੀ ਟ੍ਰਿਬਿਊਨ ਦੇ ਧੰਨਵਾਦ ਸਹਿਤ)
Punjabi Tribune link given below :
http://punjabitribuneonline.com/2017/06/%E0%A8%A6%E0%A8%BF%E0%A8%B2-%E0%A8%A6%E0%A9%87-%E0%A8%A8%E0%A9%87%E0%A9%9C%E0%A9%87-%E0%A9%9B%E0%A8%BF%E0%A9%B0%E0%A8%A6%E0%A8%97%E0%A9%80-%E0%A8%A4%E0%A9%8B%E0%A8%82-%E0%A8%A6%E0%A9%82%E0%A8%B0/
-
ਹੈਲੀ ਫਰ ਕੌਰ, ਸਟੂਡੈਂਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ
helly21june@gmail.com
11111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.