ਖ਼ਬਰ ਹੈ ਕਿ ਇੱਕ ਸਮੇਂ ਹਿੰਦੂ ਧਰਮ ਉਦਾਰਵਾਦੀ ਸੀ, ਪਰ ਤੇਜੀ ਨਾਲ ਕੱਟੜਪੰਥੀਆਂ ਅਤੇ ਪ੍ਰਤੀਕਿਰਿਆਵਾਦੀਆਂ ਦੇ ਹੱਥਾਂ ਵਿੱਚ ਜਾ ਰਿਹਾ ਹੈ। ਗਾਂਧੀ ਦੇ ਸ਼ਬਦਾਂ ਵਿੱਚ ਕਹੀਏ ਤਾਂ ਹਿੰਦੂ ਉਦਾਰਵਾਦ ਇਕ ਇਹੋ ਜਿਹੇ ਮਕਾਨ ਦੀ ਤਰ੍ਹਾਂ ਸੀ, ਜਿਸਦੀਆਂ ਖਿੜਕੀਆਂ ਖੁਲ੍ਹੀਆਂ ਹੁੰਦੀਆਂ ਸਨ ਤਾਂ ਕਿ ਬਾਹਰ ਦੀ ਹਵਾ ਆਜ਼ਾਦੀ ਨਾਲ ਉਸਦੇ ਵਿੱਚ ਆ ਸਕੇ, ਅਤੇ ਜੇਕਰ ਟੈਗੋਰ ਨੂੰ ਯਾਦ ਕਰਦੇ ਹੋਏ ਕਹੀਏ ਤਾਂ ਇੱਕ ਸਮੇਂ ਹਿੰਦੂ ਧਰਮ ਇੱਕ ਇਹੋ ਜਿਹੇ ਦੀਵੇ ਦੀ ਤਰ੍ਹਾਂ ਸੀ, ਜਿਸਦੀ ਰੋਸ਼ਨੀ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਰੌਸ਼ਨੀ ਖਿਲਾਰ ਸਕਦੀ ਸੀ, ਪਰ ਹਿੰਦੂ ਨੇਤਾ ਖ਼ੁਦ 'ਚ ਸਿਮਟਦੇ ਜਾ ਰਹੇ ਹਨ ਅਤੇ ਪਿਛੇ ਵੱਲ ਦੇਖ ਰਹੇ ਹਨ। ਅਤੇ ਹਿੰਦੂਆਂ ਦੀ ਵੱਡੀ ਆਬਾਦੀ ਨੇ ਆਪਣੀ ਸਮਝਦਾਰੀ ਉਤੇ ਵੱਡਾ ਸਾਰਾ ਜਿੰਦਰਾ ਲਗਾ ਦਿਤਾ ਹੈ ਅਤੇ ਚਾਬੀ ਬਾਹਰ ਸੁੱਟ ਦਿਤੀ ਹੈ।
ਪ੍ਰਤੱਖ ਨੂੰ ਪ੍ਰਮਾਣ ਕਾਹਦਾ? ਆਹ ਹੁਣੇ ਜਿਹੇ ਯੂ.ਪੀ. 'ਚ ਘਟਨਾ ਵਾਪਰੀ। ਆਪਣੇ ਪਿਆਰੇ ਰਾਸ਼ਟਰਵਾਦੀ ਮੋਦੀ ਨੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਮ 'ਤੇ ਨਾਹਰਾ ਲਾਇਆ। ਕੱਟੜ ਹਿੰਦੂ ਇੱਕਠੇ ਕੀਤੇ। ਦੇਸ਼ ਦਾ ਸੰਵਿਧਾਨ ਜਾਵੇ ਢੱਠੇ ਖੂਹ 'ਚ! ਅਲਪ ਸੰਖਿਅਕਾਂ ਦੀ ਢਿੰਮਰੀ ਟਾਇਟ ਕੀਤੀ ਤੇ ਇੱਕ ਯੋਗੀ ਮੁੱਖ ਮੰਤਰੀ ਦੇ ਸ਼ਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ ਗਿਆ, ਜਿਹੜਾ ਯੁਵਕਾਂ ਦੀ ਲਵ ਜਿਹਾਦ ਵਾਹਿਨੀ ਦਾ ਸਰਪ੍ਰਸਤ ਸੀ! ਦੇ ਦਿਤੀ ਖੁਲ੍ਹ ਉਹਨੂੰ ਜੋ ਜੀਅ ਆਉਂਦਾ ਕਰ! ਉਹਦੀ "ਫੌਜ" ਨੇ ਜਿਥੇ ਦੇਖੇ ਪਿਆਰ ਕਰਨ ਵਾਲਿਆਂ ਨੂੰ ਨਾਕੋ ਚਨੇ ਚਬਾ ਦਿਤੇ।ਉਹਦੀ ਗਊ ਰੱਖਿਅਕ ਫੌਜ ਨੇ ਜਿਥੇ ਦੇਖੇ ਪਸ਼ੂਆਂ ਦੇ ਦਲਿਤ ਮੁਸਲਿਮ ਵਪਾਰੀ ਢਾਅ ਲਏ, ਕੁੱਟ ਕੁੱਟ ਉਹਨਾ ਦੀ ਚੰਮ ਲਾਹ ਦਿਤੀ। ਐਸਾ ਕੁਟਾਪਾ ਚਾੜ੍ਹਿਆ ਕਿ ਵਿਚਾਰੇ ਕਈ ਰੱਬ ਨੂੰ ਹੀ ਪਿਆਰੇ ਹੋ ਗਏ! ਕੌਣ ਪੁੱਛਣ ਵਾਲਾ ਆ ਭਾਈ ਉਹਨਾ ਨੂੰ। ਜਦ ਉਹਨਾ ਦਾ "ਆਕਾ" ਹਾਕਮ ਆ। ਜਦ ਉਹਨਾ ਦੇ "ਆਕਾ" ਦਾ "ਆਕਾ" ਦੇਸ਼ ਦਾ ਹਾਕਮ ਆ। ਜਦ ਦੇਸ਼ ਦੇ ਹਾਕਮ ਦੇ "ਆਕਾ" ਇਹੋ ਜਿਹਾ ਆ, ਜਿਹੜੇ ਭੀੜਾਂ ਤੋਂ ਇਨਸਾਫ ਕਰਾਉਣ ਦਾ ਮੁਦੱਈ ਆ। ਜੀਹਨਾ ਦਾ ਵਿਚਾਰ ਆ ਢਾਅ ਦਿਉ ਮਸਜਿਦਾਂ! ਤੋੜ ਸੁੱਟੋ ਗਿਰਜ਼ੇ। ਅਤੇ ਉਸਾਰ ਲਵੋ ਮੰਦਿਰ ਤਾਂ ਭਾਈ ਉਹਨਾ ਨੂੰ ਪੁੱਛਣ ਵਾਲਾ ਬਚਿਆ ਹੀ ਕੌਣ ਆ?
ਉਂਜ ਭਾਈ ਆਹ ਜਿਹੜਾ ਯੂ.ਪੀ. ਦਾ ਯੋਗੀ ਆ ਬੜਾ ਹੀ ਦਰਿਆ ਦਿਲ ਆ। ਗੱਦੀ 'ਤੇ ਬੈਠਦਿਆਂ ਹੀ ਉਸ ਕਾਗਜ਼ਾਂ 'ਚ ਕਿਸਾਨਾਂ ਦੇ ਕਰਜੇ ਮਾਫ਼ ਕਰ ਦਿੱਤੇ। ਵੱਡੇ ਬੰਦਿਆਂ ਦੀਆਂ ਬੱਤੀ ਕਾਰਾਂ, ਉਹਨਾ ਨੂੰ ਮਿਲਦੀ "ਖਾਸ ਬਿਜਲੀ" ਦੇ ਕੁਨੈਕਸ਼ਨ ਕਟਵਾ ਦਿਤੇ। ਬੜਾ ਹੀ ਇਨਸਾਫ ਪਸੰਦ ਆ ਯੂ.ਪੀ. ਦਾ ਮੁਖਮੰਤਰੀ, ਆਪਣੇ "ਆਕਾ" ਗੁਜਰਾਤ ਦੇ ਪੁਰਾਣੇ ਮੁਖਮੰਤਰੀ ਤੋਂ ਵੀ ਚਾਰ ਰੱਤੀਆਂ ਉਤੇ, ਜਿਹਦੇ ਰਾਜ 'ਚ ਵਿਚਾਰਿਆਂ" ਬੰਦਿਆਂ ਨੂੰ ਗੁਜਰਾਤ 'ਚ ਜਿਊਣ ਦਾ ਹੱਕ "ਅੱਖਾਂ ਮੀਟੀ ਰੱਖਕੇ" ਉਸ ਖੋਹ ਲਿਆ ਸੀ। ਕੀ ਕਹੀਏ, ਯੁੱਗ ਹੀ ਧੱਕੇ ਦਾ ਆ। ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ! ਉਂਜ ਅਸੀਂ ਆ ਜਨਤਾ ਦੇ ਸੇਵਾਦਾਰ, ਪਰ ਸੇਵਾ ਕਰਦੇ ਆ ਡੰਡੇ ਨਾਲ! ਹੈ ਕਿ ਨਾ? ਤਦੇ 'ਤੇ ਕਿਹਾ ਜਾਂਦਾ ਆ ਭਾਈ, " ਮੁੱਲਾਂ ਤੇ ਮਿਸ਼ਾਲਚੀ ਦੋਵੇਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿੱਤ"।
ਅਸੀਂ ਪਿਆਰ ਤੈਨੂੰ ਕੀਤਾ ਕੀ ਕਸੂਰ ਹੋ ਗਿਆ?
ਖ਼ਬਰ ਹੈ ਕਿ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ 'ਚ ਮੁਲਾਕਾਤ ਕੀਤੀ। ਉਹਨਾ ਨੇ ਵਜ਼ਾਰਤ 'ਚ ਵਾਧੇ ਅਤੇ ਸੂਬੇ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਲੱਗੇ ਦੋਸ਼ਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ। ਕੈਪਟਨ ਨੇ ਇਸ ਮੁਲਾਕਾਤ ਬਾਰੇ ਤਫਸੀਲ ਨਾਲ ਦੱਸਦਿਆਂ ਕਿਹਾ ਕਿ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਉਹਨਾ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਸੀ ਹੋਈ, ਜਿਸ ਕਾਰਨ ਉਹ ਆਪਣੇ ਦਿੱਲੀ ਦੌਰੇ ਦੌਰਾਨ ਉਪ-ਪ੍ਰਧਾਨ ਨੂੰ ਮਿਲੇ ਹਨ।
ਸੁਣਿਆ ਰਾਹੁਲ ਨੇ ਕੈਪਟਨ ਨੂੰ ਆਖਿਆ ਬਈ ਕੈਪਟਨ ਸਿੰਹਾਂ, ਆਹ ਜਿਹੜਾ ਤੂੰ ਆਪਣਾ "ਛਕੜਾ" ਚੌਥੇ ਗੇਅਰ 'ਚ ਤੁਰਿਆਂ ਜਾਦਿਆਂ "ਰਾਣੇ ਦੇ ਰੇਤੇ" 'ਚ ਫਸਾ ਲਿਆ ਆ, ਇਹ ਤਾਂ ਭਾਈ ਤੈਨੂੰ ਆਪੇ ਹੀ ਕੱਢਣਾ ਪਊ। ਚੰਗਾ ਭਲਾ ਤੂੰ ਰਾਜ ਚਲਾਉਂਦਾ ਸੀ, ਲੋਕਾਂ ਨੂੰ ਮੋਦੀ ਵਾਂਗਰ ਲਾਰੇ ਲਾਈ ਜਾਂਦਾ ਸੀ, ਆਪਣੇ ਆੜੀ ਨੂੰ ਆਂਹਦਾ ਭਾਈ ਤੱਤਾ ਤੱਤਾ ਨਾ ਚੱਟ, ਅਗਲੇ ਸਾਲ "ਪੜਛੇ" ਲਾਹ ਲਈਂ, ਐਤਕੀ 'ਕਾਲੀਆਂ ਦੀਆਂ ਬੇੜੀਆਂ 'ਚ ਹੀ ਵੱਟੇ ਪਏ ਰਹਿਣ ਦੇ।ਵੇਖੋ ਨਾ "ਆਰਿਵਟ" ਬੱਸਾਂ ਵੀ ਹਾਲੇ ਉਹਨਾ ਦੀਆਂ ਉਵੇਂ ਚੱਲੀ ਜਾਂਦੀਆਂ। ਆਹ, ਅੜੇ, ਅਫਸਰ ਵੀ ਤੇਰੇ ਬੰਦਿਆਂ ਦੀਆਂ ਸੁਨਣ ਨਾਲੋਂ ਆਪਣੇ ਪੁਰਾਣੇ ਯਾਰਾਂ ਦੀਆਂ ਸੁਣੀ, ਮੰਨੀ ਜਾਂਦੀ ਆ। ਪਰ ਤੇਰਾ ਬੰਦਾ ਤਾਂ ਬਾਹਲਾ ਹੀ ਕਾਹਲਾ ਨਿਕਲਿਆ। ਉਂਜ ਉਹ ਵੀ ਠੀਕ ਆ, ਆਹ ਵੇਖ ਨਾ ਪੰਜਾਬ ਦੇ ਲੋਕ ਵੀ ਤਾਂ ਕਾਹਲੇ ਪਏ ਹੋਏ ਆ, ਅਖੇ ਨਸ਼ੇ ਦਿਨਾਂ 'ਚ ਬੰਦ ਕਰ ਦਿਉ। ਅਖੇ, ਕਰਜ਼ੇ ਮਾਫ ਕਰ ਦਿਉ। ਅਖੇ, ਘਰ ਪਰਤੀ ਨੌਕਰੀ ਦੇ ਦਿਉ। ਅਖੇ, ਮਹਿੰਗਾਈ ਘੱਟ ਕਰ ਦਿਉ। ਅਖੇ, ਰਿਸ਼ਵਤ ਬੰਦ ਕਰ ਦਿਉ। ਭਾਈ ਉਹਨਾ ਨੂੰ ਸਮਝਾ ਬਈ ਮੈਂ ਆਂ ਰਾਜਾ, ਮਹਾਰਾਜਾ , ਮੇਰੇ ਕੰਮ ਕਰਨ ਦਾ ਆਪਣਾ ਹੀ ਸਟਾਇਲ ਆ। ਜਨਤਾ ਲੱਖ ਪਈ ਆਖੇ, "ਰਾਜਿਆਂ, ਅਸੀਂ ਪਿਆਰ ਤੈਨੂੰ ਕੀਤਾ ਕੀ ਕਸੂਰ ਹੋ ਗਿਆ? ਤੇਰਾ ਹਰ ਵਾਅਦਾ ਸਾਡੇ ਲਈ ਨਸੂਰ ਹੋ ਗਿਆ" ਉਹਨਾ ਨੂੰ ਮੇਰੇ ਵਲੋਂ ਆਖੀਂ, "ਸਬਰ ਕਰਨ, ਜਿੰਨੇ ਕੁ ਨਸ਼ੇ, ਆਤਮ ਹੱਤਿਆ, ਵਿਦੇਸ਼ ਜਾਣੋ ਪੰਜਾਬ 'ਚ ਬਚ ਗਏ ਉਹਨਾ ਨੂੰ ਅੰਨ ਦਾਣੇ ਦੇ ਨਾਲ ਨਾਲ ਖੰਡ ਪੱਤੀ ਵੀ ਦੇ ਦਿਆਂਗੇ।
ਰੁੱਸ ਕੇ ਨਾ ਜਾਈਂ ਅੜਿਆ
ਖ਼ਬਰ ਹੈ ਕਿ ਪਹਿਲੀ ਜੁਲਾਈ 2017 ਤੋਂ ਪ੍ਰਸਤਾਵਿਤ ਵਸਤੂ ਤੇ ਸੇਵਾਕਰ (ਜੇ.ਐਸ.ਟੀ.) ਲਾਗੂ ਹੋਣ ਤੋਂ ਬਾਅਦ ਸੋਨੇ 'ਤੇ ਤਿੰਨ ਫੀਸਦੀ, ਬਿਸਕੁਟਾਂ 'ਤੇ 18%, ਬੀੜੀ ਤੇ 28 ਫੀਸਦੀ ਟੈਕਸ ਲੱਗੇਗਾ। ਸੋਲਰ ਪੈਨਲਾਂ ਉਤੇ ਟੈਕਸ 18% ਤੋਂ ਘਟਾਕੇ 5% ਅਤੇ 500 ਰੁਪਏ ਤੋਂ ਘੱਟ ਕੀਮਤ ਦੀਆਂ ਜੁੱਤੀਆਂ ਚਪਲਾਂ ਤੇ ਟੈਕਸ 5% ਹੋਵੇਗਾ, ਜਦਕਿ ਪੂਜਾ ਸਮੱਗਰੀ ਦੇ ਸਬੰਧ 'ਚ ਜੇ.ਐਸ.ਟੀ. ਦੀ ਦਰ ਸਿਫਰ ਰੱਖਣ ਦਾ ਫੈਸਲਾ ਕੀਤਾ ਹੈ।
ਠੀਕ ਹੀ ਤਾਂ ਕੀਤਾ ਸਰਕਾਰ ਨੇ। ਚੁਲ੍ਹਾ ਟੈਕਸ, ਚੁਲ੍ਹੇ 'ਤੇ, ਰੋਟੀਆਂ 'ਤੇ, ਟੋਲ ਟੈਕਸ ਪਹੀਆ ਵਾਹਣਾ 'ਤੇ, ਸਕੂਟਰਾਂ ਮੋਟਰਾਂ ਸਾਈਕਲਾਂ ਉਤੇ, ਮੋਟਰਾਂ 'ਤੇ ਕਾਰਾਂ ਤੇ ਟੈਕਸ, ਰੇਡੀਉ, ਟੀ.ਵੀ. ਲਿਪਸਟਿਕ, ਚਾਹ, ਕਪੜੇ, ਬਿਸਕੁਟਾਂ, ਤੇ ਇਥੋਂ ਤੱਕ ਬੀਬੀਆਂ ਦੇ ਕੰਨਾਂ ਦੇ ਬੁੰਦਿਆਂ ਤੇ ਟੈਕਸ ਵੀ ਲਾਉਣੋਂ ਨਹੀਂ ਉੱਕੀ ਸਰਕਾਰ! ਉਂਜ ਭਾਈ ਸਰਕਾਰ ਨੇ ਸੋਚਿਆ ਹਊ ਸਾਰੀ ਉਮਰ ਤਾਂ ਬੰਦਾ ਟੈਕਸ ਦਿੰਦਾ ਰਹੂ, ਖੁਸ਼ ਹੁੰਦਾ ਰਹੂ ਕਿ ਉਹ ਸਰਕਾਰ ਚਲਾਉਂਦਾ ਆ। ਆਪਣੇ ਸਰੀਰ ਦੀਆਂ ਹੱਡੀਆਂ ਰਗੜ ਰਗੜ ਕੇ, ਦੋ ਡੰਗ ਰੋਟੀ ਕਮਾਉਣ ਤੋਂ ਬਾਅਦ, ਜੇ ਉਹਨੂੰ ਬੀੜੀ ਦਾ ਸੂਟਾ ਲਾਉਣ ਉਤੇ ਵੀ ਸਰਕਾਰ ਟੈਕਸ ਲਾਉਂਦੀ ਆ, ਤਾਂ ਘੱਟੋ ਘੱਟ ਉਹਦੀਆਂ ਆਖ਼ਰੀ ਰਸਮਾਂ ਸਮੇਂ ਵਰਤੀ ਜਾਣ ਵਾਲੀ ਪੂਜਾ ਸਮੱਗਰੀ ਤੋਂ ਤਾਂ ਉਹਨੂੰ ਟੈਕਸ ਤੋਂ ਮੁਕਤੀ ਮਿਲ ਜਾਏ। ਉਂਜ ਭਾਈ ਆਮ ਬੰਦੇ ਦੀ ਮੁਕਤੀ ਕਿਹੜਾ ਸੌਖੀ ਹੁੰਦੀ ਆ। ਕਿਸੇ ਵਿਚਾਰੇ ਨੂੰ ਮੱਛੀ ਖਾ ਜਾਂਦੀਆਂ, ਕਿਸੇ ਨੂੰ ਖਾ ਜਾਂਦੇ ਆ ਦੇਸ਼ ਦੇ ਵੱਡੇ ਵੱਡੇ ਮੱਗਰਮੱਛ! ਫਿਰ ਵੀ ਕਿਸੇ ਨੂੰ ਦੋ ਗਿੱਠ ਥਾਂ ਨਹੀਂ ਮਿਲਦੀ, ਕਿਸੇ ਨੂੰ ਬਾਲਣ ਨਹੀਂ ਮਿਲਦਾ। ਤਦੇ ਸਰਕਾਰ ਦੇ ਦਿਮਾਗ 'ਚ ਆਇਆ ਕਿ ਜੀਊਦਿਆਂ ਤਾਂ ਅਸੀਂ ਬੰਦਾ ਮਰਿਆ ਜਿਹਾ ਕਰੀ ਰੱਖਣਾ, ਆਖਰੀ ਵੇਲੇ ਤਾਂ ਕੁਝ ਇਹੋ ਜਿਹਾ ਕਰ ਦਈਏ ਕਿ ਸਰਕਾਰ ਕਹਿਣ ਜੋਗੀ ਰਹਿ ਜਾਏ, "ਰੁਸਕੇ ਨਾ ਜਾਈਂ ਅੜਿਆ, ਰੁਸਕੇ ਨਾ ਜਾਈਂ"।
ਛੱਡ ਖਹਿੜਾ ਮਰਨੇ ਦਾ , ਰਖ ਜੇਰਾ ਲੜਨੇ ਦਾ
ਖ਼ਬਰ ਹੈ ਕਿ ਸੂਬੇ 'ਚ ਕਰਜ਼ਾ ਲੈ ਕੇ ਮੋੜ ਨਾ ਸਕਣ 'ਤੇ ਖੁਦਕੁਸ਼ੀਆਂ ਕਰਨਾ ਅਮੁੱਕ ਸਿਲਸਿਲਾ ਬਣਦਾ ਜਾ ਰਿਹਾ ਹੈ। ਕਰਜ਼ੇ ਦੇ ਝੰਬੇ ਚਾਰ ਕਿਸਾਨਾਂ ਨੇ ਤਿੰਨ ਜੂਨ ਨੂੰ ਖੁਦਕੁਸ਼ੀ ਕਰ ਲਈ। ਉਹਨਾ ਨੇ ਆੜਤੀਆਂ, ਬੈਂਕਾਂ, ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਸੀ, ਜਿਸਨੂੰ ਮੋੜਨਾ ਉਹਨਾ ਲਈ ਵੱਡੀ ਮੁਸੀਬਤ ਸੀ। ਇਹਨਾ ਵਿਚੋਂ ਇੱਕ ਕਿਸਾਨ ਉਤੇ ਲੱਖਾਂ ਦਾ ਕਰਜ਼ਾ ਸੀ ਜਿਸਨੇ ਜ਼ਹਿਰੀਲੀ ਦਵਾਈ ਨਿਗਲ ਲਈ। ਇਕ ਕਿਸਾਨ ਦਲਿਤ ਪਰਿਵਾਰ ਨਾਲ ਸਬੰਧਤ ਸੀ ਜੋ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ, ਜਿਸਨੇ ਪੰਜ ਏਕੜ ਨਰਮਾ ਬੀਜਿਆ ਸੀ, ਪਰ ਉਹ ਪੁੰਗਰਿਆ ਹੀ ਨਾ। ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕੀਤੀ ਤੇ ਪਿਛੇ ਦੋ ਪੁਤਰ ਤੇ ਆਪਣੀ ਪਤਨੀ ਛੱਡ ਗਿਆ। ਇੱਕ ਨੌਜਵਾਨ ਖੇਤ ਕਾਮੇ ਨੇ ਮੋਟਰ ਵਾਲੇ ਕੋਠੇ 'ਚ ਮੰਜੇ ਵਾਲੀ ਦੌਣ ਤੋੜਕੇ ਫਾਹਾ ਲੈ ਲਿਆ!
ਨਿੱਤ ਮੌਤਾਂ ਹੋ ਰਹੀਆਂ ਨੇ! ਕੋਈ ਕੈਂਸਰ ਨਾਲ ਮਰ ਰਿਹਾ। ਕੋਈ ਨਸ਼ੇ ਨਾਲ ਮਰ ਰਿਹਾ। ਕੋਈ ਗੰਦੇ ਪਾਣੀ, ਗੰਦੇ ਧੂੰਏ ਨਾਲ ਪੈਦਾ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ। ਕੋਈ ਛੋਟੀ ਉਮਰੇ ਮਰ ਰਿਹਾ, ਕੋਈ ਵੱਡੀ ਉਮਰੇ ਮਰ ਰਿਹਾ। ਕਿਸੇ "ਨੰਨੀ ਧੀ" ਨੂੰ ਪੇਟ 'ਚ ਮਾਰ ਦਿਤਾ ਜਾ ਰਿਹੈ ਤੇ ਕਿਸੇ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ ਨੂੰ ਪੈਦਾ ਕੀਤੇ ਹਾਲਾਤ ਮਰਨ ਤੇ ਮਜ਼ਬੂਰ ਕਰ ਰਹੇ ਆ।
ਪਰ ਭਾਈ, ਜੁੰਮੇਵਾਰੀ ਕੀਹਦੀ ਆ? ਮੇਰੀ ਆ? ਤੇਰੀ ਆ? ਸਾਡੀ ਆ? ਸਰਕਾਰ ਦੀ ਆ? ਸਮਾਜ ਦੀ ਆ? ਆਖ਼ਿਰ ਕੀਹਦੀ ਆ? ਜੇਕਰ ਰੋਟੀ ਦੇ ਸਾਧਨ ਸਰਕਾਰਾਂ ਨਾ ਦਊ ਤਾਂ ਜੁੰਮੇਵਾਰੀ ਸਰਕਾਰ ਦੀ ਆ? ਜੇਕਰ ਬੀਮਾਰ ਸੋਚ ਦਊ ਤਾਂ ਜੁੰਮੇਵਾਰੀ ਸਮਾਜ ਦੀ ਆ? ਇਹ ਤਾਂ ਸੋਚਣਾ ਹੀ ਪਊ।
ਪਰ ਇਹ ਵੀ ਤਾਂ ਸੋਚਣਾ ਪਊ ਮਰਨ ਤੋਂ ਪਹਿਲਾਂ, "ਛੱਡ ਖਹਿੜਾ ਮਰਨੇ ਦਾ ਰੱਖ ਜੇਰਾ ਲੜਨੇ ਦਾ" ਤਦੇ ਸਰਕਾਰ ਨਾਲ ਲੜ ਹੋਊ, ਸਮਾਜ ਨਾਲ ਲੜ ਹਊ, ਬੀਮਾਰ ਸੋਚ ਨਾਲ ਲੜ ਹੋਊ ਅਤੇ ਆਪਣੇ ਆਪ ਨਾਲ ਲੜ ਹੋਊ? ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇਸ਼ ਦੇ 8.4 ਕਰੋੜ ਬੱਚੇ ਸਕੂਲ ਨਹੀਂ ਜਾਂਦੇ, ਜਿਹਨਾ ਵਿਚੋਂ 78 ਲੱਖ ਇਸ ਕਰਕੇ ਸਕੂਲ ਨਹੀਂ ਜਾਂਦੇ ਕਿ ਉਹਨਾ ਨੂੰ ਛੋਟੀ ਉਮਰ ਹੀ ਮਜ਼ਦੂਰੀ ਕਰਨੀ ਪੈਂਦੀ ਹੈ। ਭਾਰਤ ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ 82.2 ਲੱਖ ਹੈ।
ਇੱਕ ਵਿਚਾਰ
ਉਹ ਵਿਅਕਤੀ ਅਸਲ ਵਿੱਚ ਮੂਰਖ ਹੈ ਜੋ ਗੰਗਾ ਦੇ ਕੰਢੇ ਨਿਵਾਸ ਕਰਦਿਆਂ ਖੂਹ ਪੁੱਟਦਾ ਹੈ...... ਸਵਾਮੀ ਵਿਵੇਕਾਨੰਦ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.