ਆਰ.ਐਸ. ਖਾਲਸਾ
ਮੱਧ ਪ੍ਰਦੇਸ਼/ਚੰਡੀਗੜ੍ਹ, 8 ਜੂਨ, 2017 : ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਅੰਦਰ ਵੱਡੀ ਗਿਣਤੀ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਮਨਾਂ ਅੰਦਰ ਅੱਜ ਵੀ ਸਰਕਾਰੀ ਤਸ਼ਦੱਦ ਦਾ ਖੌਫ ਪੂਰੀ ਤਰ੍ਹਾਂ ਬਰਕਰਾਰ ਹੈ, ਕਿਉਂਕਿ ਸੂਬੇ ਦੀਆਂ ਸਰਕਾਰਾ ਨੇ ਹਮੇਸ਼ਾ ਹੀ ਗਰੀਬ ਸਿਕਲੀਗਰਾ ਨੂੰ ਆਪਣੇ ਰਾਜਸੀ ਮੁਫਾਦਾ ਲਈ ਇੱਕ ਢਾਲ ਦੇ ਤੌਰ ਤੇ ਵਰਤਿਆ ਹੈ। ਬੇਸ਼ੱਕ ਸਿੱਖ ਕੌਮ ਨਾਲ ਸਬੰਧਤ ਪ੍ਰਮੁੱਖ ਜੱਥੇਬੰਦੀਆ, ਮਨੁੱਖੀ ਅਧਿਕਾਰ ਸੰਗਠਨਾ ਅਤੇ ਸਮਾਜਿਕ ਸੰਸਥਾਵਾ ਵੱਲੋਂ ਵੱਡੇ ਪੱਧਰ ਤੇ ਮੱਧ ਪ੍ਰਦੇਸ਼ ਅੰਦਰ ਵੱਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਹੈ। ਪਰ ਇਸ ਦੇ ਬਾਵਜੂਦ ਮੱਧ ਪ੍ਰਦੇਸ਼ ਸਰਕਾਰ ਸਿਕਲੀਗਰ ਸਿੱਖਾਂ ਦੇ ਮਨ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਨਹੀ ਕਰ ਸਕੀ। ਮੱਧ ਪ੍ਰਦੇਸ਼ ਦੇ ਮੌਜੂਦਾ ਹਾਲਤਾਂ ਅਤੇ ਉੱਥੇ ਵੱਸਦੇ ਸਿਕਲੀਗਰ ਸਿੱਖਾਂ ਸਬੰਧੀ ਪੇਸ਼ ਹੈ :-
ਸਿੱਖ ਕੌਮ ਦੇ ਅਹਿਮ ਅੰਗ ਮੰਨੇ ਜਾਂਦੇ ਸਿਕਲੀਗਰ ਵਣਜਾਰੇ ਸਿੱਖਾਂ ਦਾ ਪਿਛੋਕੜ ਬਹੁਤ ਹੀ ਗੌਰਵ ਭਰਪੂਰ ਤੇ ਸੰਘਰਸ਼ ਵਾਲਾ ਰਿਹਾ ਹੈ। ਪਰ ਸਮੇਂ ਦੇ ਚੱਲਦੇ ਚੱਕਰ ਅਨੁਸਾਰ ਪੰਥ ਦੇ ਇਹ ਅਨਮੋਲ ਹੀਰੇ ਸਿਕਲੀਗਰ ਵਣਜਾਰੇ ਸਿੱਖਾਂ ਦਾ ਜੀਵਨ ਬਹੁਤ ਹੀ ਰਸਤਾਲ ਚ ਜਾਣ ਕਰਕੇ ਇਹ ਸਿੱਖ ਕੌਮ ਦੀ ਮੁੱਖ ਧਾਰਾ ਨਾਲੋ ਕਾਫੀ ਸਮਾਂ ਟੁੱਟੇ ਰਹੇ। ਬੇਸ਼ੱਕ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਆਪਣੇ ਕੁੱਲ ਬਜਟ ਅੰਦਰ ਸਿਕਲੀਗਰ ਵਣਜਾਰੇ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਂਣ ਲਈ ਵੱਡੀ ਰਾਸ਼ੀ ਰੱਖਣ ਦਾ ਦਾਅਵਾ ਕਰਦੀ ਹੈ, ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸੱਚੇ ਦਿੱਲੋਂ ਕੋਈ ਠੋਸ ਕਾਰਵਾਈ ਤੇ ਵਿਉਂਤ ਬੱਧੀ ਨਾ ਹੋਣ ਕਾਰਨ ਅੱਜ ਵੀ ਦੇਸ਼ ਦੇ ਵੱਖ-ਵੱਖ ਰਾਜਾ ਅੰਦਰ ਵੱਡੀ ਗਿਣਤੀ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖ ਅਤਿ ਦੀ ਗਰੀਬੀ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ। ਪਰ ਸਿੱੱਖ ਕੌਮ ਦੇ ਆਗੂ ਨਿੱਜੀ ਖੁਦਗਰਜੀਆਂ ਵਿੱਚ ਫਸੇ ਹੋਣ ਕਰਕੇ ਉਨਾਂ ਨੇ ਇਨ੍ਹਾਂ ਦੀ ਸੰਭਾਲ ਕਰਨ ਦੀ ਕੋਈ ਵਿਸ਼ੇਸ਼ ਲੋੜ ਨਹੀਂ ਸਮਝੀ। ਜਿਸ ਕਾਰਨ ਅੱਜ ਸਿਕਲੀਗਰ ਵਣਜਾਰੇ ਸਿੱਖ ਪੰਥ ਨਾਲੋ ਤੋੜ ਵਿਛੋੜਾ ਕਰਕੇ ਆਪਣਾ ਧਰਮ ਪਰਿਵਰਤਨ ਕਰਨ ਦੀਆਂ ਗੱਲ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਪਿਛਲੇ ਦਿਨੀ ਮੀਡੀਏ ਵੱਲੋਂ ਪ੍ਰਕਾਸ਼ਿਤ ਖਬਰਾਂ ਤੇੇ ਰਿਪੋਰਟਾ ਕਾਰਨ ਸਮੁੱਚੀ ਸਿੱਖ ਕੌਮ ਇਸ ਮੁੱਦੇ ਪ੍ਰਤੀ ਪੂਰੀ ਗੰਭੀਰਤਾ ਨਾਲ ਸੋਚਣ ਲੱਗ ਪਈ ਹੈ ਕਿ ਦੁਨੀਆਂ ਦੀ ਸਭ ਤੋਂ ਵੱਧ ਅਮੀਰ ਸਿੱਖ ਕੌਮ ਦੇ ਵਾਰਿਸ ਸਿਕਲੀਗਰ ਵਣਜਾਰੇ ਸਿੱਖ ਆਪਣਾ ਧਰਮ ਪਰਿਵਰਤਨ ਕਰ ਲੇਣਗੇ ? ਇਸੇ ਸੱਚਾਈ ਨੂੰ ਜਾਣਨ ਅਤੇ ਅਸਲ ਸੱਚਾਈ ਪਾਠਕਾ ਦੇ ਅੱਗੇ ਲਿਆਉਂਣ ਲਈ ਜਦੋਂ ਸਾਡੀ ਟੀਮ ਨੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜਿਲਿਆਂ ਜਿਵੇਂ ਭੁਪਾਲ, ਇੰਦੌਰ, ਹੋਸ਼ੰਗਾਬਾਦ, ਬੁਹਰਾਨਪੁਰ, ਖਰਗੋਨ, ਬਡਵਾੜੀ, ਦੇਵਾਸ, ਛਿੰਦਵਾਣਾ ਆਦਿ ਦਾ ਦੌਰਾ ਕੀਤਾ ਅਤੇ ਖਾਸ ਕਰਕੇ ਪਾਚੋਰੀ ਇਲਾਕੇ ਵਿੱਚ ਵੱਸਣ ਵਾਲੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਨਾਲ ਸਿੱਧੇ ਰੂਪ ਵਿੱਚ ਆਪਣਾ ਧਰਮ ਪਰਿਵਰਤਨ ਕਰਨ ਸਬੰਧੀ ਦਿੱਤੇ ਗਏ ਬਿਆਨ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੱਖ ਹਾਂ ਅਸੀਂ ਜੀਉਂਗੇ ਵੀ ਸਿੱਖੀ ਚ ਤੇ ਅਸੀਂ ਮਰਾਂਗੇ ਵੀ ਸਿੱਖੀ ਵਿੱਚ ਸਾਡੇ ਤੇ ਸਰਕਾਰ ਤੇ ਪੁਲਿਸ ਜਿੰਨਾ ਮਰਜ਼ੀ ਜ਼ੁਲਮ ਤੇ ਤਸ਼ੱਦਦ ਦਾ ਕਹਿਰ ਢਾਹ ਲਵੇ। ਸਿਕਲੀਗਰ ਭਾਈਚਾਰੇ ਨਾਲ ਸਬੰਧਤ ਆਗੂਆ ਗਿਆਨੀ ਤਕਦੀਰ ਸਿੰਘ ਤੇ ਗਿਆਨੀ ਦੀਦਾਰ ਸਿੰਘ ਨੇ ਇਸ ਗੱਲ ਦਾ ਜੋਰਦਾਰ ਖੰਡਨ ਕੀਤਾ ਕੀ ਅਸੀਂ ਆਪਣਾ ਸਿੱਖੀ ਸਵਰੂਪ ਛੱਡਣ ਜਾ ਧਰਮ ਪ੍ਰੀਵਰਤਨ ਕਰਨ ਦੀ ਕੋਈ ਗੱਲ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ ਦੇਂਦੀਆਂ ਕਿਹਾ ਕਿ ਸਾਡੇ ਕੁੱਝ ਬੇਕਸੂਰ ਵਿਅਕਤੀਆਂ ਨੂੰ ਪੁਲਿਸ ਵੱਲੋਂ ਨਜਾਇਜ਼ ਹਥਿਆਰ ਬਣਾਉਂਣ ਬਦਲੇ ਗਿਰਫਤਾਰ ਕਰਕੇ ਉਨ੍ਹਾਂ ਉਪਰ ਅੰਨਾ ਤਸ਼ੱਦਦ ਢਾਹਇਆ ਗਿਆ ਤਾਂ ਸਾਡੇ ਕੁੱਝ ਜ਼ਜ਼ਬਾਤੀ ਵੀਰਾਂ ਨੇ ਉਨ੍ਹਾਂ ਦੀਆਂ ਜਮਾਨਤਾ ਕਰਵਾਉਂਣ ਲਈ ਤੇ ਸਥਾਨਕ ਲੀਡਰਾਂ ਉਪਰ ਆਪਣਾ ਦਬਾਅ ਬਣਾਉਂਣ ਹਿੱਤ ਆਪਣੇ ਤੌਰ ਤੇ ਮੀਡੀਏ ਵਿੱਚ ਧਰਮ ਪਰਿਵਰਤਨ ਕਰਨ ਦਾ ਗਲਤ ਬਿਆਨ ਦੇ ਦਿੱਤਾ ਸੀ । ਜਿਸ ਨਾਲ ਸਮੁੱਚੇ ਸਿਕਲੀਗਰ ਭਾਈਚਾਰੇ ਦਾ ਕੋਈ ਲੈਣ ਦੇਣ ਨਹੀਂ ਹੈ। ਅਸੀ ਸਿੱਖ ਕੌਮ ਦਾ ਅਟੁੱਟ ਅੰਗ ਹਾਂ ਤੇ ਅੰਗ ਰਹਾਂਗੇ।
ਇਸ ਦੌਰਾਨ ਉਹਨਾਂ ਨੇ ਸਮੁੱਚੇ ਮੀਡੀਏ ਨੂੰ ਵੀ ਬੇਨਤੀ ਕੀਤੀ ਕਿ ਉਹ ਅਸਲ ਤੱਥਾਂ ਦੇ ਅਧਾਰ ਤੇ ਸਾਡੀਆਂ ਖਬਰਾ ਪ੍ਰਕਾਸ਼ਿਤ ਕਰੇ ਤਾਂ ਕਿ ਸਮੁੱਚੀ ਕੌਮ ਵਿੱਚ ਭੰਬਲ ਭੂਸੇ ਵਾਲੀ ਸਥਿਤੀ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੀਆਂ ਆਰਥਿਕ, ਸਮਾਜਿਕ, ਮਜਬੂਰੀਆਂ ਤੇ ਧਾਰਮਿਕ ਭਾਵਨਾਵਾਂ ਦੀ ਅਸਲ ਤਸਵੀਰ ਹੀ ਮੀਡੀਆਂ ਪ੍ਰਕਾਸ਼ਿਤ ਕਰੇ ਤਾਂ ਕਿ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਵੀਰਾਂ ਨੂੰ ਸਾਡੀ ਅਸਲ ਸਥਿਤੀ ਦਾ ਗਿਆਨ ਹੋ ਸਕੇ। ਧਰਮ ਪਰਿਵਰਤਨ ਸਬੰਧੀ ਛਪੇ ਬਿਆਨ ਦੀ ਗੱਲ ਕਰਦਿਆ ਗਿਆਨੀ ਤਕਦੀਰ ਸਿੰਘ ਨੇ ਕਿਹਾ ਕਿ ਬਾਹਰੋ ਆਏ ਕੁਝ ਘੜਮ ਚੌਧਰੀ ਲੀਡਰ ਅਤੇ ਕੁੱਝ ਨਿੱਜੀ ਟੀ.ਵੀ ਚੈਨਲਾਂ ਵਾਲੇ ਆਪਣਾ ਲਾਹਾ ਲੈਣ ਲਈ ਸਾਡੇ ਅਸਲ ਮੁੱਦਿਆਂ ਨੂੰ ਛੱਡ ਕੇ ਸਿਕਲੀਗਰ ਸਿੱਖਾਂ ਨੂੰ ਜਰਾਇਮ ਪੇਸ਼ਾਂ ਲੋਕਾਂ ਦੇ ਰੂਪ ਵੱਜੋਂ ਦੁਨੀਆਂ ਦੇ ਅੱਗੇ ਪੇਸ਼ ਕਰ ਰਹੇ ਹਨ ਅਤੇ ਧਰਮ ਪਰਿਵਰਤਨ ਦੀਆਂ ਬਿਆਨ ਬਾਜ਼ੀਆਂ ਕਰਵਾ ਰਹੇ ਹਨ। ਜੋ ਕਿ ਇਕ ਗਲਤ ਰੁਝਾਨ ਹੈ। ਉਹਨਾਂ ਨੇ ਸਮੁੱਚੀਆਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਜੋਰਦਾਰ ਅਪੀਲ ਕੀਤੀ ਅਸੀਂ ਸਿੱਖੀ ਸਵਰੂਪ ਤੇ ਧਰਮ ਵਿੱਚ ਪੂਰੀ ਤਰ੍ਹਾਂ ਪ੍ਰਪੱਕ ਹਾਂ ਅਤੇ ਅਸੀਂ ਆਪਣੇ ਇਨਸਾਫ ਤੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਜਿਸ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ।
ਜੇਲ 'ਚ ਬੰਦ ਸਿਕਲੀਗਰ ਸਿੱਖਾਂ ਦੀ ਰਿਹਾਈ ਲਈ ਪੰਥਕ ਜੱਥੇਬੰਦੀਆ ਇੱਕ ਜੁੱਟ ਹੋ ਕੇ ਸਾਂਝੀ ਕਾਨੂੰਨੀ ਲੜਾਈ ਲੜਨ -: ਸਿੱਖ ਕੌਂਸਲ ਆਫ ਸਕਾਟਲੈਂਡ
ਮੱਧ ਪ੍ਰਦੇਸ਼ ਦੇ ਜ਼ਿਲਾ ਖਰਗੋਨ ਦੇ ਪਿੰਡਾ ਸਿੰਗਨੂਰ, ਕਾਜਲਪੁਰਾ, ਭਗਵਾਨਪੁਰਾ ਅਤੇ ਜ਼ਿਲਾ ਬੁਹਰਾਨਪੁਰ ਦੇ ਇਲਾਕੇ ਪਾਚੋਰੀ ਅਤੇ ਜਿਲਾ ਬਡਵਾਨੀ ਦੇ ਕਸਬੇ ਪਰਸੂਦ ਤੋਂ ਨਜ਼ਾਇਜ ਹਥਿਆਰ ਬਣਾਉਣ ਦੇ ਦੋਸ਼ ਅਧੀਨ ਮੱਧ ਪ੍ਰਦੇਸ਼ ਦੀ ਪੁਲਿਸ ਵੱਲੋਂ 26 ਅਪ੍ਰੈਲ ਨੂੰ ਗ੍ਰਿਫਤਾਰ ਕੀਤੇ ਗਏ 46 ਸਿਕਲੀਗਰ ਵਣਜਾਰੇ ਸਿੱਖਾਂ ਦੀ ਰਿਹਾਈ ਦਾ ਮਾਮਲਾ ਦਿਨੋ-ਦਿਨ ਹੋਰ ਪੇਚੀਦਾ ਬਣਦਾ ਜਾ ਰਿਹਾ ਹੈ ਕਿਉਂਕਿ 25 ਆਰਮਜ਼ ਐਕਟ ਅਧੀਨ ਹੋਏ ਉਕਤ ਦੋਸ਼ਾਂ ਵਿੱਚ ਗ੍ਰਿਫਤਾਰ ਹੋਏ ਉਕਤ ਸਿਕਲੀਗਰ ਸਿੱਖਾਂ ਦੀ ਜਮਾਨਤ ਨਹੀਂ ਹੋ ਸਕੀ । ਬੇਸ਼ੱਕ ਇਸ ਮੁੱਦੇ ਸਬੰਧੀ ਪਿਛਲੇ ਦਿਨੀ 13 ਮਈ ਨੂੰ ਇੰਦੋਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪ੍ਰਮੁੱਖ ਸਿੱਖ ਧਾਰਮਿਕ ਜੱਥੇਬੰਦੀਆ ਦੇ ਪ੍ਰਮੁੱਖ ਆਗੂਆ ਵੱਲੋਂ ਸਿਕਲੀਗਰ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ ਤਾਂ ਕਿ ਗ੍ਰਿਫਤਾਰ ਕੀਤੇ ਗਏ ਸਿਕਲੀਗਰ ਵਣਜਾਰੇ ਸਿੱਖਾਂ ਦੀ ਜਮਾਨਤ ਤੇ ਰਿਹਾਈ ਕਰਵਾ ਕੇ ਉਨ੍ਹਾਂ ਖਿਲਾਫ ਦਰਜ ਹੋਏ ਕੇਸਾਂ ਦੀ ਕਾਨੂੰਨੀ ਲੜਾਈ ਲੜੀ ਜਾ ਸਕੇ । ਮਹਾ ਪੰਚਾਇਤ ਦੌਰਾਨ ਸਮੂਹ ਜੱਥੇਬੰਦੀਆ ਨੇ ਸਿਕਲੀਗਰ ਸਿੱਖਾਂ ਦੀ ਰਿਹਾਈ ਲਈ ਵੱਡੇ ਪੱਧਰ ਤੇ ਹਾਅ ਦਾ ਨਾਅਰਾ ਮਾਰਦਿਆ ਇਨ੍ਹਾਂ ਦੀ ਰਿਹਾਈ ਲਈ ਠੋਸ ਢੰਗ ਨਾਲ ਕਾਨੂੰਨੀ ਲੜਾਈ ਲੜਨ ਦਾ ਐਲਾਨ ਵੀ ਕੀਤਾ ਗਿਆ ਸੀ । ਪਰ ਸਿੱਖ ਜੱਥੇਬੰਦੀਆਂ ਦੀ ਆਪਸੀ ਸੂਝ ਬੂਝ ਤੇ ਇਕਸੂਰਤਾ ਦੀ ਘਾਟ ਕਾਰਨ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਸਿਕਲੀਗਰਾਂ ਦੀ ਰਿਹਾਈ ਨਹੀਂ ਹੋ ਸਕੇ । ਇਸ ਗੱਲ ਦਾ ਦਰਦ ਹਰ ਗੁਰਸਿੱਖ ਨੂੰ ਪੂਰੀ ਸ਼ਿੱਦਤ ਨਾਲ ਸਤਾ ਰਿਹਾ ਹੈ ।
ਦੂਜੇ ਪਾਸੇ ਜ਼ਿਲਾ ਖਰਗੋਨ ਦੀ ਹੇਠਲੀ ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਗਏ 46 ਸਿਕਲੀਗਰ ਵਣਜਾਰੇ ਸਿੱਖਾਂ ਦੀਆਂ ਜਮਾਨਤਾ ਰੱਦ ਕਰ ਦਿੱਤੀਆ ਹਨ । ਪਰ ਇਸ ਦੇ ਬਾਵਜੂਦ ਕੁੱਝ ਪੰਥ ਦਰਦੀ ਲੋਕ ਤੇ ਜੱਥੇਬੰਦੀਆ ਆਪੋ-ਆਪਣੇ ਢੰਗ ਤਰੀਕਿਆ ਦੇ ਨਾਲ ਸੂਝਵਾਨ ਮਾਹਿਰ ਵਕੀਲਾ ਦੀ ਸਹਾਇਤਾ ਨਾਲ ਇਨ੍ਹਾਂ ਦੀ ਰਿਹਾਈ ਲਈ ਯਤਨ ਕਰ ਰਹੀਆ ਹਨ । ਪਰ ਕਾਨੂੰਨੀ ਲੜਾਈ ਕਾਫੀ ਵੱਡੀ ਤੇ ਖਰਚੀਲੀ ਹੋਣ ਕਰਕੇ ਵੀ ਸਿਕਲੀਗਰ ਸਿੱਖਾ ਦੀ ਰਿਹਾਈ ਦਾ ਮਾਮਲਾ ਦਿਨੋ-ਦਿਨ ਲਟਕਦਾ ਜਾ ਰਿਹਾ ਹੈ । ਇਸ ਸਬੰਧੀ ਟੀਮ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੈਬਰ ਭਾਈ ਤਰਨਦੀਪ ਸਿੰਘ ਨੇ ਕਿਹਾ ਕਿ ਸਿਕਲੀਗਰ ਸਿੱਖਾ ਦੀ ਰਿਹਾਈ ਦਾ ਮਸਲਾ ਸਮੁੱਚੇ ਸਿੱਖ ਪੰਥ ਦਾ ਕੌਮੀ ਮਸਲਾ ਹੈ । ਜਿਸ ਦੇ ਲਈ ਸਮੂਹ ਸਿੱਖ ਸੰਸਥਾਵਾ ਨੂੰ ਆਪਸੀ ਵਖਰੇਵਿਆ ਤੋਂ ਉਪਰ ਉਠ ਕੇ ਆਪਣੀ ਜ਼ੋਰਦਾਰ ਆਵਾਜ਼ ਸਾਂਝੇ ਰੂਪ ਵਿੱਚ ਸਰਕਾਰ ਦੇ ਅੱਗੇ ਬੁਲੰਦ ਕਰਨੀ ਹੋਵੇਗੀ, ਉਥੇ ਨਾਲ ਹੀ ਸਿਕਲੀਗਰ ਸਿੱਖਾਂ ਦੀ ਰਿਹਾਈ ਲਈ ਠੋਸ ਢੰਗ ਨਾਲ ਕਾਨੂੰਨੀ ਲੜਾਈ ਵੀ ਲੜਨੀ ਪਵੇਗੀ ਤਾਂ ਹੀ ਕੁੱਝ ਸਾਰਥਕ ਸਿੱਟੇ ਨਿਕਲ ਸਕਦੇ ਹਨ । ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਕਈ ਵੱਡੇ ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਵੱਖ-ਵੱਖ ਭਾਗਾ ਵਿੱਚ ਚੱਲ ਰਹੇ ਹਨ ਤਾਂ ਕਿ ਗੁਰਬੁੱਤ ਦਾ ਸ਼ਿਕਾਰ ਸਿਕਲੀਗਰ ਸਿੱਖ ਸਮੇਂ ਦੇ ਹਾਨੀ ਬਣ ਸਕਣ । ਸਾਡੀ ਸੰਸਥਾ ਵੱਲੋਂ ਸਮੂਹ ਜੱਥੇਬੰਦੀਆਂ, ਸੁਸਾਇਟੀਆਂ ਨੂੰ ਜ਼ੋਰਦਾਰ ਅਪੀਲ ਹੈ ਕਿ ਸਿਕਲੀਗਰ ਸਿੱਖਾਂ ਦੀ ਰਿਹਾਈ ਲਈ ਉਹ ਆਪਣੇ-ਆਪਣੇ ਤੌਰ ਤੇ ਕਾਨੂੰਨੀ ਲੜਾਈ ਲੜਨ ਨਾਲੋ ਸਾਂਝੇ ਰੂਪ ਵਿੱਚ ਇਕ ਮਾਹਿਰ ਵਕੀਲਾਂ ਦਾ ਪੈਨਲ ਬਣਾਉਣ ਤਾਂ ਕੀ ਸਮੇਂ ਤੇ ਪੈਸੇ ਦੀ ਬਰਬਾਦੀ ਨਾ ਕਰਦਿਆ ਹੋਇਆ ਪਹਿਲ ਦੇ ਅਧਾਰ 'ਤੇ ਇਨ੍ਹਾਂ ਦੀ ਰਿਹਾਈ ਕਰਵਾਈ ਜਾ ਸਕੇ । ਇਸ ਦੌਰਾਨ ਉਨ੍ਹਾਂ ਸਪਸ਼ੱਟ ਰੂਪ ਵਿੱਚ ਕਿਹਾ ਕਿ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਆਪਣੇ ਤੌਰ ਤੇ ਲੜੀ ਜਾ ਰਹੀ ਕਾਨੂੰਨੀ ਲੜਾਈ ਇੱਕ ਸ਼ਲਾਘਾਯੋਗ ਕਾਰਜ ਹੈ ਪਰ ਦੂਜੀਆਂ ਭਰਾਤਰੀ ਜੱਥੇਬੰਦੀਆ ਨਾਲ ਆਪਸੀ ਸਾਂਝ ਤੇ ਇਕਸੂਰਤਾ ਕਾਇਮ ਕਰਕੇ ਉਕਤ ਕਾਨੂੰਨੀ ਲੜਾਈ ਲੜੀ ਜਾਵੇ ਤਾਂ ਕਿ ਸਮੁੱਚੀ ਕੌਮ ਵਿੱਚ ਇਕਜੁੱਟਤਾ ਵਾਲਾ ਮਹੋਲ ਪੈਦਾ ਹੋ ਸਕੇ । ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਕੁੱਝ ਸਿੱਖ ਜੱਥੇਬੰਦੀਆ ਦੇ ਆਗੂ ਆਪਣੇ ਸਾਧਨਾ ਰਾਹੀ ਕਾਨੂੰਨੀ ਲੜਾਈ ਲੜਨ ਦੀਆਂ ਵੱਡੀਆ-ਵੱਡੀਆਂ ਗੱਲਾ ਕਰਨ ਤੱਕ ਹੀ ਸੀਮਤ ਹਨ ਪਰ ਹਕੀਕੀ ਰੂਪ ਵਿੱਚ ਉਹ ਕੁੱਝ ਵੀ ਨਹੀਂ ਕਰ ਰਹੇ । ਜਿਸ ਦੀ ਮਿਸਾਲ ਆਪ ਜੀ ਦੇ ਸਾਹਮਣੇ ਹੈ ਕਿ 26 ਅਪ੍ਰੈਲ ਨੂੰ ਗ੍ਰਿਫਤਾਰ ਹੋਏ ਸਿਕਲੀਗਰ ਸਿੱਖਾਂ ਦੀ ਰਿਹਾਈ ਹੁਣ ਤੱਕ ਵੀ ਨਹੀਂ ਹੋ ਸਕੀ ।
ਸਿਕਲੀਗਰਾ ਨੂੰ ਮੰਗਤੇ ਨਾ ਬਣਾਉ, ਇਨਸਾਫ ਦੇ ਕੇ ਰੁਜ਼ਗਾਰ ਉਪਲੱਬਧ ਕਰਵਾਉ
ਮੱਧ ਪ੍ਰਦੇਸ਼ ਦੇ ਅਦਾਵਾਸੀ ਪਿੰਡ ਸਿੰਗਨੂਰ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਿਕਲੀਗਰ ਸਿੱਖ ਨੌਜਵਾਨ ਬੀਰਪਾਲ ਸਿੰਘ, ਗੁਰਦਿਆਲ ਸਿੰਘ ਤੇ ਬਦਾਮ ਇੱਕੋ ਪਰਿਵਾਰ ਦੇ ਸਿੰਘ ਦੀ ਮਾਤਾ ਕਲਾ ਬਾਈ ਨੇ ਆਪਣੀ ਹੱਡ ਬੀਤੀ ਟੀਮ ਦੇ ਮੈਬਰਾਂ ਨੂੰ ਦੱਸਦਿਆ ਕਿ 26 ਅਪ੍ਰੈਲ ਨੂੰ ਤੜਕੇ ਜਿਸ ਤਰ੍ਹਾਂ ਮੇਰੇ ਤਿੰਨਾ ਪੁੱਤਰਾਂ ਨੂੰ ਮਾਰ ਕੁੱਟ ਕਰਕੇ ਪੁਲਿਸ ਨੇ ਝੂਠੇ ਹਥਿਆਰਾ ਦੀ ਬਰਾਮਦਗੀ ਦੇ ਕੇਸ ਪਾ ਕੇ ਗ੍ਰਿਫਤਾਰ ਕੀਤਾ । ਉਹ ਸਿੱਧੇ ਰੂਪ 'ਚ ਸਾਨੂੰ ਜਰਾਇਮ ਪੇਸ਼ਾ ਲੋਕ ਸਾਬਤ ਕਰਨਾ ਹੈ । ਜਦ ਕਿ ਅਸਲ ਸੱਚਾਈ ਤਾ ਇਹ ਹੈ ਕਿ ਮੇਰੇ ਬੱਚੇ ਰਵਾਇਤੀ ਹਥਿਆਰ ਬਣਾਉਣ ਦਾ ਧੰਦਾ ਕਾਫੀ ਦੇਰ ਪਹਿਲਾ ਹੀ ਛੱਡ ਚੁੱਕੇ ਹਨ । ਕੇਵਲ ਲੋਹੇ ਦਾ ਸਮਾਨ ਆਦਿ ਬਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ । ਪਰ ਪੁਲਿਸ ਜਾਣ ਬੁੱਝ ਕੇ ਬਦਲਾਖੋਰੀ ਵਾਲੀ ਭਾਵਨਾ ਦੇ ਨਾਲ ਮੇਰੇ ਪੁੱਤਰਾ ਨੂੰ ਮੁੜ ਝੂਠੇ ਕੇਸਾ ਵਿੱਚ ਫਸਾ ਰਹੀ ਹੈ । ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਪਿਛਲੇ ਇੱਕ ਮਹੀਨੇ ਦੇ ਸਮੇਂ ਦੌਰਾਨ ਦੇਸ਼ਾ-ਵਿਦੇਸ਼ਾ ਤੋਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਸਾਨੂੰ ਦਿਲਾਸਾ ਦੇਣ ਲਈ ਆਉਦੇ ਹਨ । ਉਹ ਸਾਨੂੰ ਝੂੱਠੇ ਭਰੋਸੇ ਦੇ ਕੇ ਸਾਡੇ ਪਰਿਵਾਰਾਂ ਨੂੰ ਅਨਾਜ ਅਤੇ ਕਪੜੇ ਵੰਡ ਕੇ ਸਾਡੇ ਨਾਲ ਫੋਟੋ ਕਰਵਾਉਦੇ ਹਨ । ਪਰ ਮੈਂ ਸਮੁੱਚੇ ਸਿੱਖ ਸਮਾਜ ਨੂੰ ਅਪੀਲ ਕਰਦੀ ਹਾਂ ਕਿ ਸਾਨੂੰ ਅਨਾਜ ਕੱਪੜਿਆ ਦੀ ਲੋੜ ਨਹੀਂ ਬਲਕਿ ਰੁਜ਼ਗਾਰ ਦੀ ਲੋੜ ਹੈ, ਤਾਂ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਸਿਧਾਂਤ ਉਪਰ ਚੱਲ ਕੇ ਆਪਣਾ ਚੰਗਾ ਜੀਵਨ ਗੁਜ਼ਰ-ਬਸ਼ਰ ਕਰ ਸਕੀਏ । ਦੂਜੀ ਗੱਲ ਮੇਰੇ ਬੱਚਿਆ ਨੂੰ ਝੂਠੇ ਕੇਸਾਂ ਵਿੱਚੋ ਰਿਹਾ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਸਿੱਖ ਆਗੂ ਆਪਣੀ ਜ਼ੋਰਦਾਰ ਅਵਾਜ਼ ਪਹੁੰਚਾਉਣ ਤਾਂ ਹੀ ਅਸੀਂ ਜਿਉਦੇ ਰਹਿ ਸਕਾਂਗੇ । ਇਸੇ ਤਰ੍ਹਾਂ ਸਿੰਗਨੂਰ ਪਿੰਡ ਦੇ ਗ੍ਰਿਫਤਾਰ ਸਿਕਲੀਗਰ ਨੌਜਵਾਨ ਸਤਪਾਲ ਸਿੰਘ ਤੇ ਸਤਨਾਮ ਸਿੰਘ ਦੀ ਮਾਤਾ ਰਾਧਾ ਬਾਈ ਨੇ ਦੱਸਿਆ ਕਿ 6 ਭੈਣਾ ਦੇ ਵੀਰਾ ਨੂੰ ਝੂਠੇ ਕੇਸਾ ਵਿਚ ਫਸਾ ਕੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਸੀ ਆਜ਼ਾਦ ਦੇਸ਼ ਦੇ ਗੁਲਾਮ ਨਿਵਾਸੀ ਹਾਂ । ਜਿੱਥੇ ਸਾਡੀ ਕੋਈ ਸੁਣਵਾਈ ਨਹੀਂ ਹੈ । ਆਪਣੀ ਹੱਡ ਬੀਤੀ ਦੱਸਦਿਆ ਉਨ੍ਹਾਂ ਨੇ ਕਿਹਾ ਕਿ ਸਾਡਾ ਪਰਿਵਾਰ ਗੁਰੂ ਸਾਹਿਬਾਂ ਦੇ ਸਮੇਂ ਤੋਂ ਰਵਾਇਤੀ ਹਥਿਆਰ ਬਣਾਉਦਾ ਆ ਰਿਹਾ ਹੈ ਅਤੇ ਮੇਰੇ ਬੱਚਿਆ ਨੂੰ ਵੀ ਰਵਾਇਤੀ ਹਥਿਆਰ ਬਣਾਉਣ ਦਾ ਕੰਮ ਹੀ ਆਉਦਾ ਹੈ । ਉਨ੍ਹਾਂ ਨੇ ਕਿਹਾ ਕਿ ਅਸੀ ਪੂਰੀ ਤਰ੍ਹਾਂ ਅਨਪੜ੍ਹ ਹਾਂ 'ਤੇ ਅਸੀ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਹੋਰ ਕੰਮ ਧੰਦੇ ਕਰਨ ਲਈ ਮਾਈਕ ਸਹਾਇਤਾ ਦੇਵੇ । ਪਰ ਸਰਕਾਰ ਸਾਡੀ ਕਿਸੇ ਵੀ ਕੀਮਤ ਤੇ ਮੱਦਦ ਕਰਨ ਨੂੰ ਤਿਆਰ ਹੀ ਨਹੀਂ ਹੇ ਜਿਸ ਕਰਕੇ ਸਿਕਲਗਿਰਾਂ ਦੇ ਬੱਚੇ ਮੁੜ ਲੋਹਾ ਕੁੱਟਣ ਨੂੰ ਮਜ਼ਬੂਰ ਹਨ । ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਸਾਨੂੰ ਮੁਫਤ ਦਾ ਅਨਾਜ ਕੱਪੜਾ ਦੇਕੇ ਮੰਗਤਾ ਨਾਹ ਬਣਾਉ ਬਲਕਿ ਸਾਨੂੰ ਸਰਕਾਰ ਤੋਂ ਇਨਸਾਫ ਲੈ ਕੇ ਸਾਡੇ ਬੱਚੇ ਜੇਲਾ ਵਿੱਚ ਰਿਹਾ ਕਰਵਾਉ ਤਾਂ ਕਿ ਅਸੀ ਵੀ ਇੱਜ਼ਤ ਦੀ ਜ਼ਿੰਦਗੀ ਜੀਉ ਸਕੀਏ ।
ਸਿੰਗਨੂਰ ਪਿੰਡ ਦੇ ਬੁਜ਼ਰਗ ਸਿਕਲੀਗਰ ਸਿੱਖ ਮਹਿੰਦਰ ਸਿੰਘ ਨੇ ਟੀਮ ਦੇ ਮੈਬਰਾਂ ਨਾਲ ਜ਼ਜ਼ਬਾਤੀ ਹੁੰਦੀਆ ਕਿਹਾ ਕਿ ਪਿਛਲੇ 1 ਮਹੀਨੇ ਤੋਂ ਸਾਡੇ ਪਿੰਡ ਵਿੱਚ ਵਸਣ ਵਾਲੇੇ ਸਮੂਹ ਸਿਕਲੀਗਰ ਵਣਜਾਰੇ ਸਿੱਖਾਂ ਦੀ ਸਥਿਤੀ ਬਾਂਦਰ ਤੇ ਮਾਦਾਰੀ ਵਾਲੇ ਤਮਾਸ਼ੇ ਵਰਗੀ ਹੋ ਕੇ ਰਹਿ ਗਈ ਹੈ । ਉਨ੍ਹਾਂ ਕਿਹਾ ਕਿ ਪੁਲਿਸ ਆਉਦੀ ਹੈ ਤੇ ਸਾਡੇ ਬੇਕਸੂਰ ਲੜਕਿਆ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੀ ਹੈ ਅਤੇ ਉਨ੍ਹਾਂ ਉਪਰ ਨਜ਼ਾਇਜ ਹਥਿਆਰ ਬਣਾਉਣ ਦੇ ਕੇਸ ਦਰਜ ਕਰਕੇ ਜੇਲ੍ਹਾ ਵਿੱਚ ਸੁੱਟ ਦਿੰਦੀ ਹੈ । ਜੋ ਕਿ ਖੁੱਲੇ ਰੂਪ ਵਿੱਚ ਲੋਕਤਾਂਤਰਿੰਕ ਕਦਰਾਂ ਕੀਮਤਾਂ ਦਾ ਘਾਣ ਹੈ । ਦੂਜੇ ਪਾਸੇ ਆਪਣੀਆ ਰਾਜਸੀ ਗਰਜਾ ਦੀ ਪ੍ਰਾਪਤੀ ਲਈ ਵੱਡੇ-ਵੱਡੇ ਆਗੂ ਤੇ ਲੀਡਰ ਅਤੇ ਹੋਰ ਧਾਰਮਿਕ ਜੱਥੇਬੰਦੀਆ ਦੇ ਆਗੂ ਸਾਡਾ ਤਮਾਸ਼ਾ ਦੇਖਣ ਲਈ ਆਉਦੇ ਹਨ । ਉਹ ਕੁੱਝ ਸਹਾਇਤਾ ਰਾਸ਼ੀ ਪੀੜਤ ਪਰਿਵਾਰ ਨੂੰ ਦੇ ਕੇ ਸਾਡਾ ਤਮਾਸ਼ਾ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਦਿਖਾਉਦੇ ਹਨ ਕਿ ਅਸੀ ਇਨ੍ਹਾਂ ਦੇ ਸੱਚੇ ਰਹਿਬਰ ਹਾਂ । ਜਦਕਿ ਅਸਲ ਸੱਚਾਈ ਆਪ ਜੀ ਦੇ ਸਾਹਮਣੇ ਹੈ ਕਿ ਕਿਵੇਂ ਕੌਮ ਦਾ ਭਵਿੱਖ (ਸਿਕਲੀਗਰ ਵਣਜਾਰਿਆ ਦੇ ਬੱਚੇ) ਮੱਧ ਪ੍ਰਦੇਸ਼ ਦੀਆਂ ਗਰੀਬ ਬਸਤੀਆਂ ਵਿੱਚ ਰੁਲ ਰਿਹਾ ਹੈ ।
ਭੁੱਲੇ ਵਿਸਰੇ ਵੀਰਾਂ ਦੀ ਸਾਰ ਲੈਣ ਲਈ ਯਤਨਸ਼ੀਲ ਸੰਸਥਾ :
ਸਿਕਲੀਗਰ ਸਿੱਖਾਂ ਦੀ ਗੁਰਬੱਤ ਨੂੰ ਨੇੜੇ ਤੋਂ ਦੇਖਣ ਉਪਰੰਤ ਉਸ ਵੇਲੇ ਬੜੀ ਹੈਰਾਨਗੀ ਹੋਈ ਜਦੋਂ ਸਿੱਖ ਇਤਿਹਾਸ ਅੰਦਰ ਹੋਈਆਂ ਪ੍ਰਮੁੱਖ ਜੰਗਾਂ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆ ਅੰਦਰ ਵੱਸਦੇ ਗਰੀਬ ਸਿਕਲੀਗਰ ਸਿੱਖ ਪਰਿਵਾਰਾਂ ਦੀ ਮੱਦਦ ਲਈ ਕੁੱਝ ਉਦੱਮੀ ਸਿੱਖ ਵੀਰਾਂ ਵਲੋਂ ਸ਼ੁਰੂ ਕੀਤਾ ਗਿਆ ਨਿਸ਼ਕਾਮ ਸੇਵਾ ਦਾ ਛੋਟਾ ਜਿਹਾ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਸਿਕਲੀਗਰ ਸਿੱਖਾਂ ਦੇ ਲਈ ਇਕ ਬਹੁਤ ਵੱਡਾ ਚਾਨਣ ਮੁਨਾਰਾ ਸਾਬਤ ਹੋ ਸਕਦਾ ਹੈ। ਸਿੱਖ ਕੌਮ ਦੇ ਵਾਰਸਾਂ ਨੂੰ ਮੁੜ ਪੰਥ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਤੇ ਉਨ੍ਹਾਂ ਨੂੰ ਉਚਿਤ ਰੋਜ਼ਗਾਰ ਦੇ ਸਾਧਨ ਉਪਲੱਬਧ ਕਰਵਾ ਕੇ ਸਿਕਲੀਗਰ ਸਿੱਖ ਪਰਿਵਾਰਾਂ ਦੀ ਬਾਂਹ ਫੜਨ ਲਈ ਅੱਗੇ ਆਈ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੈਬਰਾਂ ਵਲੋਂ ਜੋ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਆਪਣੇ ਸੀਮਤ ਸਾਧਨਾਂ ਨਾਲ ਭਲਾਈ ਦੇ ਕਾਰਜ ਸ਼ੁਰੂ ਕੀਤੇ ਹਨ ਉਸ ਤੋਂ ਸਮੁੱਚੀ ਸਿੱਖ ਕੌਮ ਨੂੰ ਸਬਕ ਲੈਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਉਦੱਮੀ ਸਿੰਘਾਂ ਨੇ ਸਿਕਲੀਗਰ ਸਿੱਖਾਂ ਦੀਆਂ ਬਸਤੀਆਂ ਜਿਵੇਂ ਬੜਵਾ ਤੇ ਪਡੂਰਾਨਾ ਵਿਖੇ ਗੁਰਦੁਆਰਾ ਸਾਹਿਬ ਦੀਆ ਇਮਾਰਤਾਂ ਦਾ ਨਿਰਮਾਣ ਕਰਵਾ ਕੇ ਅਤੇ ਨਾਲ ਹੀ ਸਿਕਲੀਗਰਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਉਕਤ ਸਥਾਨਾਂ ਤੇ ਨਿਸ਼ਕਾਮ ਸਿਲਾਈ ਕੇਂਦਰਾਂ ਦੀ ਸਥਾਪਨਾ ਕਰਕੇ ਇੱਕ ਅਹਿਮ ਕਾਰਜ ਕੀਤਾ ਹੈ । ਜੋ ਸਮੁੱਚੀ ਕੌਮ ਲਈ ਪ੍ਰੇਰਨਾ ਦਾ ਸ੍ਰੋਤ ਹੈ । ਇਸੇ ਤਰ੍ਹਾਂ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਪਿਛਲੇ ਦਿਨੀਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਪ੍ਰੇਰਨਾ ਸਦਕਾ ਆਂਧਰਾ ਪ੍ਰਦੇਸ਼, ਮਹਾਰਾਸ਼ਟਰਾ, ਕਰਨਾਟਕਾ, ਮੱਧ ਪ੍ਰਦੇਸ਼ ਸਮੇਤ ਹੈਦਰਾਬਾਦ ਨਾਲ ਸਬੰਧਤ ਸਿਕਲੀਗਰ ਸਿੱਖ ਵਣਜਾਰਿਆਂ ਦੇ ਨਾਲ ਸਬੰਧਤ ਲਗਭਗ 170 ਕਰੀਬ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਧਰਮ ਤੇ ਵਿਰਸੇ ਨਾਲ ਜਾਣੂ ਕਰਵਾਉਣ ਦੇ ਮਨੋਰਥ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਹੋਰ ਕਈ ਪ੍ਰਮੁੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦਾ ਸਮੁੱਚਾ ਪ੍ਰੋਗਰਾਮ ਬਹੁਤ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਕੀਤਾ ਗਿਆ । ਅੱਜ ਸਮੁੱਚੀ ਸਿੱਖ ਕੌਮ ਦੇ ਵਾਰਸਾਂ ਨੂੰ ਨਿਸ਼ਕਾਮ ਰੂਪ ਵਿੱਚ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਪੰਥਕ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਜੁੱਟੀ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਦੀ ਆਰਥਿਕ ਪੱਖੋਂ ਸਹਾਇਤਾ ਕਰਨ ਲਈ ਜਿੱਥੇ ਅੱਗੇ ਆਉਣਾ ਚਾਹੀਦਾ ਹੈ, ਉਥੇ ਨਾਲ ਹੀ ਸੰਸਥਾ ਵਲੋਂ ਨਿਸ਼ਕਾਮ ਰੂਪ ਵਿੱਚ ਸੰਗਤਾਂ ਦੇ ਸਹਾਰੇ ਚਲ ਰਹੇ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਭੁੱਲੇ ਵਿਸਰੇ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਆਪਣੇ ਗਲ ਨਾਲ ਲਾਉਣਾ ਚਾਹੀਦਾ ਹੈ ਤਾਂ ਹੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੁਨੀਆਂ ਦੇ ਹਰ ਕੌਨੇ ਵਿੱਚ ਪੁੱਜ ਸਕਦਾ ਹੈ ।
ਸਿਕਲੀਗਰ ਸਿੱਖਾਂ ਨੂੰ ਸਿੱਖੀ ਦੀ ਮੂਲ ਧਾਰਾ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਦ੍ਰਿੜ - ਪ੍ਰੋ. ਕਿਰਪਾਲ ਸਿੰਘ ਬੰਡੂਗਰ
ਸਿਕਲੀਗਰ ਸਿੱਖ ਵਣਜਾਰਿਆਂ ਨੂੰ ਸਿੱਖੀ ਦੀ ਮੂਲ ਧਾਰਾ ਨਾਲ ਜੋੜਨ ਦੇ ਲਈ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਉਨ੍ਹਾਂ ਦਾ ਜੀਵਨ ਸਤਰ ਉਪਰ ਚੁੱਕਣ ਦੇ ਲਈ ਕਈ ਵਿਸ਼ੇਸ਼ ਪ੍ਰੋਜੈਕਟ ਆਰੰਭ ਕੀਤੇ ਹਨ ਤਾਂ ਕਿ ਇਨ੍ਹਾਂ ਗੁਰੂ ਨਾਨਕ ਨਾਮ ਲੇਵਾ ਭੁੱਲੇ ਵਿਸਰੇ ਸਿੱਖਾਂ ਨੂੰ ਮੁੜ ਗਲਵਕੜੀ ਵਿੱਚ ਲਿਆ ਜਾ ਸਕੇ । ਇਸੇ ਮਿਸ਼ਨ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਅੰਦਰ ਚਲਾਏ ਜਾ ਰਹੇ ਸਿੱਖ ਮਿਸ਼ਨ ਸੈਂਟਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ, ਉਥੇ ਨਾਲ ਹੀ ਪੰਜਾਬ ਅੰਦਰ ਵੱਸਦੇ ਸਮੁੱਚੇ ਸਿਕਲੀਗਰ ਸਿੱਖ ਵਣਜਾਰਿਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਆਪਣੇ ਸਾਲਾਨਾ ਬਜਟ ਅੰਦਰ ਲਗਭਗ 2 ਕਰੋੜ ਰੁਪਏ ਤੋਂ ਵੱਧ ਰਾਸ਼ੀ ਇਨ੍ਹਾਂ ਦੀ ਭਲਾਈ ਦੇ ਲਈ ਰਾਖਵੀਂ ਰੱਖੀ ਗਈ ਹੈ । ਇਸੇ ਤਰ੍ਹਾਂ ਸਾਲ 2012-13 ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵੱਸਦੇ ਗਰੀਬ ਸਿਕਲੀਗਰ ਸਿੱਖ ਵਣਜਾਰਿਆਂ ਦੇ ਕੁੱਲ਼ 328 ਪਰਿਵਾਰਾਂ ਨੂੰ 32 ਲੱਖ 80 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਜਾ ਚੁੱਕੀ ਹੈ (ਹਰ ਪਰਿਵਾਰ ਨੂੰ 10 ਹਜ਼ਾਰ ਰੁਪਏ) ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਿਕਲੀਗਰ ਸਿੱਖ ਵਣਜਾਰਿਆਂ ਦੇ ਬੱਚਿਆਂ ਨੂੰ ਬੁਨਿਆਦੀ ਤੇ ਧਾਰਮਿਕ ਸਿੱਖਿਆ ਦੇਣ ਦੇ ਮਨੋਰਥ ਨਾਲ ਸ਼੍ਰੋਮਣੀ ਕਮੇਟੀ ਦੇ ਯੋਗ ਪ੍ਰਚਾਰਕਾਂ ਦੇ ਵੱਲੋਂ ਦੇਸ਼ ਦੇ ਵੱਖ-ਵੱਖ ਭਾਗਾਂ ਅੰਦਰ ਵਿਸ਼ੇਸ਼ ਤੌਰ ਤੇ ਆਪਣੀ ਮੁਹਿੰਮ ਚਲਾਈ ਜਾ ਰਹੀ ਹੈ । ਆਪਣੀ ਗੱਲਬਾਤ ਦੌਰਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਬਦਲਦੇ ਸਮੇਂ ਤੇ ਸਖਤੀਆਂ ਦੇ ਦੌਰ ਵਿੱਚ ਵੱਧ ਰਹੇ ਧਰਮ ਪ੍ਰਵਿਰਤਨ ਦੇ ਰੁਝਾਨ ਨੂੰ ਠਲ ਪਾਉਣ ਲਈ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਸੰਗਤਾਂ ਨੂੰ ਮੁੜ ਸਿੱਖੀ ਦੀ ਮੁਖ ਧਾਰਾ ਵਿੱਚ ਵਾਪਸ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਦ੍ਰਿੜ ਹੈ । ਪਰ ਸਮੁੱਚਾ ਕਾਰਜ ਬਹੁਤ ਵੱਡਾ ਹੈ । ਜਿਸਦੇ ਮੱਦੇਨਜ਼ਰ ਸਮੂਹ ਸਿੱਖ ਜੱਥੇਬੰਦੀਆਂ ਨੂੰ ਸਿਕਲੀਗਰ ਸਿੱਖ ਵਣਜਾਰਿਆਂ ਦੀ ਭਲਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ ਹੋਏ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਵਿਛੜੇ ਭਰਾਵਾਂ ਨੂੰ ਨਿੱਘੀ ਗਲਵਕੜੀ ਵਿੱਚ ਲੈ ਕੇ ਇਨ੍ਹਾਂ ਦੀ ਵੱਧ ਤੋਂ ਵੱਧ ਸਾਰ ਲਵਾਂਗੇ ਅਤੇ ਉਨ੍ਹਾਂ ਦੀ ਵਿੱਦਿਆ ਤੇ ਭਲਾਈ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਉਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਦਾ ਅਨਿਖੜਵਾਂ ਅੰਗ ਬਣਾਉਣ ਵਿੱਚ ਕਾਮਯਾਬੀ ਪ੍ਰਾਪਤ ਕਰਾਂਗੇ ।
ਸਿਕਲੀਗਰ ਸਿੱਖਾਂ ਦੀ ਗੁਰਬੱਤ ਨੂੰ ਦਰਸਾਉਂਦੀ ਬਸਤੀ :
ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਹਾਰਨਪੁਰ ਵਿਖੇ ਸਥਿਤ ਅਣਗੋਲੇ ਸਿਕਲੀਗਰ ਵਣਜਾਰੇ ਸਿੱਖਾਂ ਦੀ ਬਸਤੀ ਪਾਚੋਰੀ ਇੱਕ ਅਜਿਹੀ ਬਸਤੀ ਹੈ । ਜਿਸ ਨੂੰ ਦੇਖਕੇ ਹਰ ਕੋਈ ਵਿਅਕਤੀ ਹੈਰਾਨ ਰਹਿ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਧ ਅਮੀਰ ਸਿੱਖ ਕੌਮ ਦੇ ਵਾਰਸ ਜੋ ਕਿ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਅਖਵਾਉਣ ਵਿਚ ਆਪਣਾ ਮਾਣ ਮਹਿਸੂਸ ਕਰਦੇ ਹਨ । ਪਰ ਉਨ੍ਹਾਂ ਦੇ ਵਾਰਿਸ ਅੱਜ ਵੀ ਗੁਰਬਤਾ ਦਾ ਜਿੰਦਗੀ ਜਿਊਣ ਲਈ ਮਜ਼ਬੂਰ ਹਨ । ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਹੋਈਆਂ ਪ੍ਰਮੁੱਖ ਜੰਗਾਂ-ਯੁੱਧਾਂ ਵਿਚ ਸ਼ਸਤਰ ਬਣਾਉਣ ਦੀ ਸੇਵਾ ਕਰਨ ਵਾਲੇ ਸਿੱਖ ਕੌਮ ਦੇ ਇਨ੍ਹਾਂ ਅਣਖੀ ਲਾਲਾਂ ਦੀ ਬਸਤੀ ਅੰਦਰ ਅੱਜ ਵੀ ਅਜਿਹੇ ਕਈ ਪ੍ਰੀਵਾਰ ਹਨ । ਜਿਨ੍ਹਾਂ ਦੇ ਸਿਰ ਤੇ ਕੋਈ ਛੱਤ ਨਹੀ ਅਤੇ ਨਾ ਹੀ ਰਹਿਣ ਲਈ ਕੋਈ ਅਸਥਾਈ ਮਕਾਨ ਕੇਵਲ ਕੱਚੇ ਮਕਾਨਾਂ ਤੇ ਕਾਨੇ ਦੀਆਂ ਝੂੱਗੀਆਂ ਝੌਂਪੜੀਆਂ ਅੰਦਰ ਅੱਜ ਸਿੱਖ ਕੌਮ ਦਾ ਭਵਿੱਖ ਖੁੱਲ੍ਹੇ ਅਸਮਾਨ ਥੱਲ੍ਹੇ ਪੱਲ ਰਿਹਾ ਹੈ । ਗੌਰਤਲਬ ਹੈ ਕਿ ਜਿੱਥੇ ਅੱਜ ਸਿੱਖ ਕੌਮ ਹਰ ਖੇਤਰ ਅੰਦਰ ਬੜੀ ਤੇਜ਼ੀ ਨਾਲ ਬੁਲੰਦ ਉਚਾਈਆਂ ਵੱਲ ਵੱਧਦੀ ਨਜ਼ਰ ਆ ਰਹੀ ਹੈ, ਉਥੇ ਪਾਚੋਰੀ ਵਿੱਚ ਵੱਸਦੇ ਸਿਕਲੀਗਰ ਸਿੱਖ ਪਰਿਵਾਰਾਂ ਦੀ ਹਾਲਤ ਦੇਖ ਕੇ ਹਰ ਪੰਥ ਦਰਦੀ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ । ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕਹਾਣੀ ਕੇਵਲ ਮੱਧ ਪ੍ਰਦੇਸ਼ ਵਿੱਚ ਵੱਸਦੇ ਸਿਕਲੀਗਰ ਸਿੱਖ ਵਣਜਾਰਿਆਂ ਦੀ ਹੀ ਨਹੀਂ ਬਲਕਿ ਮੱਧ ਪ੍ਰਦੇਸ਼, ਮਹਾਰਾਸ਼ਟਰਾਂ, ਛਤੀਸਗੜ ਰਾਜਾਂ ਦੇ ਵੱਖ ਵੱਖ ਸ਼ਹਿਰਾਂ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵੱਸਦੇ ਸਿਕਲੀਗਰ ਸਿੱਖਾਂ ਦੀ ਗੁਰਬੱਤ ਤੇ ਤਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ । ਜੋ ਕਿ 21ਵੀਂ ਸਦੀ ਵਿੱਚ ਵੀ ਸਿੱਖ ਕੌਮ ਦੇ ਵਾਰਸ ਆਪਣੇ ਆਗੂਆਂ ਦੀ ਅਣਗਹਿਲੀ ਕਰਕੇ ਦੁਰਭੱਰ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ।
ਸਿਕਲੀਗਰ ਸਿੱਖ ਵਣਜਾਰਿਆਂ ਦੀ ਪੁਕਾਰ:
ਸਿਕਲੀਗਰ ਵਣਜਾਰੇ ਸਿੱਖਾਂ ਦੀ ਭਲਾਈ ਲਈ ਆਵਾਜ਼ ਬੁਲੰਦ ਕਰ ਰਹੇ ਮੱਧ ਪ੍ਰਦੇਸ਼ ਦੇ ਸਿਕਲੀਗਰ ਆਗੂ ਗਿਆਨੀ ਦੀਦਾਰ ਸਿੰਘ ਨੇ ਉਕਤ ਵਿਸ਼ੇ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਸਿਕਲੀਗਰ ਵਣਜਾਰੇ ਸਿੱਖਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਅਤੇ ਉਹਨਾਂ ਨੂੰਸਮੇਂ ਦੇ ਹਾਣੀ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਆਪਣੇ ਬਜਟ ਅੰਦਰ ਵੱਡੀ ਰਾਸ਼ੀ ਰੱਖਦੀ ਹੈ, ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਇਹ ਰਾਸ਼ੀ ਦੇਸ਼ ਭਰ ਵਿੱਚ ਵੱਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੀ ਗਿਣਤੀ ਦੇ ਮੁਤਾਬਕ ਬਹੁਤ ਥੋੜੀ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਵੀ ਮੱਧ ਪ੍ਰਦੇਸ਼ ਅੰਦਰ ਸਿਕਲੀਗਰ ਸਿੱਖਾਂ ਦੇ ਪ੍ਰੀਵਾਰ ਕੱਚੇ ਘਰਾਂ ਅਤੇ ਗੰਦਗੀ ਦੇ ਢੇਰਾਂ ਤੇ ਰੁਲ ਰਹੇ ਹਨ । ਗਿਆਨੀ ਦੀਦਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1992 ਅੰਦਰ ਸ੍ਰੌ: ਗ: ਪ੍ਰ: ਕਮੇਟੀ ਨੇ ਆਪਣੇ ਬਜਟ ਅੰਦਰ ਸਿਕਲੀਗਰ ਸਿੱਖਾਂ ਦੀ ਭਲਾਈ ਲਈ 1 ਕਰੋੜ ਰੁਪਏ ਦੀ ਰਾਸ਼ੀ ਰੱਖੀ ਸੀ, ਫਿਰ 2006 ਦੇ ਬਜਟ ਅੰਦਰ 20 ਲੱਖ ਰੁਪਏ ਅਤੇ 2008 ਦੇ ਵਿੱਚ ਕੇਵਲ 10 ਲੱਖ ਰੁਪਏ ਦੀ ਰਾਸ਼ੀ ਰੱਖੀ । ਪਰ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਨਿੱਜੀ ਦਿਲਚਸਪੀ ਲੈ ਕੇ ਸਿਕਲੀਗਰ ਸਿੱਖ ਵਣਜਾਰਿਆਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਜਿੱਥੇ ਸ਼੍ਰੋਮਣੀ ਕਮੇਟੀ ਦੇ ਬਜਟ ਅੰਦਰ ਵੱਡੀ ਰਕਮ ਰਾਖਵੀਂ ਰੱਖੀ, ਉਥੇ ਨਾਲ ਹੀ ਸਾਡੇ ਪਰਿਵਾਰਾਂ ਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਕਈ ਵੱਡੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਸਨ । ਜੋ ਕਿ ਕੇਵਲ ਪੰਜਾਬ ਰਾਜ ਵਿੱਚ ਵੱਸਦੇ ਸਿਕਲੀਗਰ ਪਰਿਵਾਰਾਂ ਤੱਕ ਸੀਮਿਤ ਹੋ ਕੇ ਰਹੇ ਗਏ ਹਨ । ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਇਸ ਗੱਲ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਦੇਸ਼ ਭਰ ਅੰਦਰ ਵੱਸਦੇ ਕਰੋੜਾਂ ਸਿਕਲੀਗਰ ਸਿੱਖ ਵਣਜਾਰਿਆਂ ਦੇ ਲਈ ਬਹੁਤ ਥੋੜੀ ਹੈ । ਜਿਸਦੇ ਸਦਕਾ ਮੌਜੂਦਾ ਸਮੇਂ ਅੰਦਰ ਸਿਕਲੀਗਰ ਸਿੱਖਾਂ ਦੇ ਪ੍ਰੀਵਾਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਖਾਸ ਕਰਕੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਵੱਡੀ ਗਿਣਤੀ ਵਿੱਚ ਵੱਸਦੇ ਸਿਕਲੀਗਰ ਸਿੱਖ ਗੁਰਬੱਤ ਦੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ । ਆਪਣੀ ਦਰਦ ਭਰੀ ਦਾਸਤਾਨ ਨੂੰ ਸੁਣਾਉਂਦਿਆ ਹੋਇਆਂ ਗਿਆਨੀ ਦੀਦਾਰ ਸਿੰਘ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੋਰਦਾਰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਗਰੀਬ ਸਿਕਲੀਗਰ ਸਿੱਖਾਂ ਨੂੰ ਗੱਲ ਨਾਲ ਲਾ ਕੇ ਰੱਖਣਾ ਹੈ ਤਾਂ ਉਹਨਾਂ ਨੂੰ ਸਿਕਲੀਗਰ ਸਿੱਖਾਂ ਬਾਰੇ ਜਰੂਰ ਸੋਚਣਾ ਹੀ ਪਵੇਗਾ, ਨਹੀਂ ਤਾਂ ਸਿਕਲੀਗਰ ਬਰਾਦਰੀ ਕੋਈ ਸਖਤ ਫੈਸਲਾ ਲੈਣ ਲਈ ਮਜ਼ਬੂਰ ਹੋ ਸਕਦੀ ਹੈ ।
ਸਿਕਲੀਗਰ ਵਣਜਾਰੇ ਸਿੱਖਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਸਰਕਾਰ 'ਤੇ ਸਿੱਖ ਸੰਸਥਾਵਾ ਆਪਣਾ ਮੋਹਰੀ ਫਰਜ਼ ਨਿਭਾਉਣ
ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆ ਅੰਦਰ ਪੁਰਾਣੇ ਸਮੇਂ ਤੋਂ ਰਵਾਇਤੀ ਹਥਿਆਰ ਬਣਾਉਣ ਦਾ ਪਿਤਾ ਪੁਰਖੀ ਕੰਮ ਕਰਦੇ ਆ ਰਹੇ ਸਿਕਲੀਗਰਾ ਨੂੰ ਦੇਸ਼ ਤੇ ਕੌਮ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੇਂਦਰ ਤੇ ਰਾਜ ਸਰਕਾਰ ਸਮੇਤ ਸਮੂਹ ਸਿੱਖ ਸੰਸਥਾਵਾ ਨੂੰ ਸੱਚੇ ਦਿਲੋ ਆਪਣਾ ਮੋਹਰੀ ਫਰਜ਼ ਨਿਭਾਉਣ ਪਵੇਗਾ ਤਾਂ ਹੀ ਭੁੱਲੇ ਵਿਸਰੇ ਸਿਕਲੀਗਰ ਵੀਰ ਚੜ੍ਹਦੀਕਲਾ ਨਾਲ ਆਪਣਾ ਜੀਵਨ ਬਸ਼ਰ ਕਰ ਸਕਦੇ ਹਨ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਟੀਮ ਦੇ ਮੈਬਰਾਂ ਨਾਲ ਕਰਦਿਆ ਹੋਇਆ ਖਾਲਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਮੁੱਖ ਮੈਬਰ ਤਰਨਜੀਤ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਕੀਤਾ । ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਰਵਾਇਤੀ ਹਥਿਆਰ ਬਣਾਉਣ ਦੇ ਮਾਹਿਰ ਸਿਕਲਗਿਰਾ ਦੇ ਹੁਨਰ ਨੂੰ ਦੇਖਦਿਆ ਹੋਇਆ ਇਨ੍ਹਾਂ ਨੂੰ ਜਿੱਥੇ ਸਰਕਾਰੀ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਅੰਦਰ ਨੌਕਰੀਆਂ ਦਿੱਤੀਆਂ ਜਾਣ ਉਥੇ ਨਾਲ ਹੀ ਹਥਿਆਰ ਬਣਾਉਣ ਦੇ ਸਰਕਾਰੀ ਲਾਈਸੰਸ ਦੇ ਕੇ ਉਦਯੋਗ ਸਥਾਪਤ ਕਰਨ ਦੀ ਇਜ਼ਾਜ਼ਤ ਵੀ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਦਾ ਸਮਾਜਿਕ ਜੀਵਨ ਉਚਾ ਹੋ ਸਕੇ । ਇਸ ਦੇ ਨਾਲ ਹੀ ਸਿਕਲੀਗਰਾ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਬੀ.ਪੀ.ਐਲ ਕਾਰਡ ਤੁਰੰਤ ਬਣਾਏ ਜਾਣ ਅਤੇ ਸਿਕਲੀਗਰਾਂ ਨੂੰ ਰਾਖਵਾਂਕਰਨ ਦਾ ਅਧਿਕਾਰ ਦਿਵਾ ਕੇ ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਸਮੇਤ ਰਾਜਨੀਤੀ ਅਤੇ ਸਰਕਾਰੀ ਸਹੂਲਤਾ 'ਚ ਹਿੱਸੇਦਾਰ ਬਣਾਇਆ ਜਾਵੇ । ਆਪਣੀ ਗੱਲਬਾਤ ਦੌਰਾਨ ਤਰਨਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਸੱਚੇ ਮਨੋ ਸਿਕਲੀਗਰ ਭਈਚਾਰੇ ਦੀ ਮਦਦ ਕਰਨ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾ ਸਿਕਲੀਗਰ ਭਾਈਚਾਰੇ ਦੀਆਂ ਵੱਸੋ ਵਾਲੀਆ ਬਸਤੀਆਂ ਦੀ ਸਹੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀਆਂ ਸਹੀ ਸੂਚੀਆਂ ਤਿਆਰ ਕਰਕੇ ਇਨ੍ਹਾਂ ਦੇ ਬੱਚਿਆ ਲਈ ਸਕੂਲੀ ਪੜ੍ਹਾਈ ਤੇ ਸਿਹਤ ਸਹੂਲਤਾਂ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਨ੍ਹਾਂ ਭੁੱਲੇ ਵਿਸਰੇ ਵੀਰਾਂ ਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਕੱਢ ਕੇ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ ।
-
ਆਰ.ਐਸ. ਖਾਲਸਾ, ਲੇਖਕ
khalsatimes@gmail.com
84372-00728
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.