ਕੋਈ ਸਮਾਂ ਸੀ ਜਦੋਂ ਵਿਦੇਸ਼ੀ ਹਮਲਾਵਰਾਂ ਦੁਆਰਾ ਸਾਡੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ ਜਾਂਦੀ ਸੀ। ਜੇਤੂ ਫੌਜ ਵੱਲੋਂ ਜਿੱਤ ਦੇ ਨਸ਼ੇ ਵਿੱਚ ਹਾਰੀ ਹੋਈ ਧਿਰ ਦੀ ਬੇੱਜ਼ਤੀ ਕਰਨੀ ਤਾਂ ਸਮਝ ਆਉਂਦੀ ਹੈ ਪਰ ਹੁਣ ਖੁਦ ਆਪਣੇ ਹੀ ਧਾਰਮਿਕ ਸਥਾਨਾਂ ਦੀ ਹੋ ਰਹੀ ਮਿੱਟੀ ਪਲੀਤ ਸਮਝ ਤੋਂ ਬਾਹਰ ਹੈ। ਕੁਝ ਦਿਨ ਪਹਿਲਾਂ ਹੀ ਬਰਨਾਲੇ ਜਿਲ੍ਹੇ ਦੇ ਇੱਕ ਡੇਰੇ ਦੇ ਕਬਜ਼ੇ ਲਈ ਖੂਨੀ ਜੰਗ ਹੋ ਕੇ ਹਟੀ ਹੈ। ਤਿੰਨ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਤੇ ਕਈ ਹਸਪਤਾਲ ਪਏ ਹਨ। ਕਈ ਸਾਲ ਪਹਿਲਾਂ ਪਟਿਆਲੇ ਦੇ ਇੱਕ ਡੇਰੇ ਨੂੰ ਲੈ ਕੇ ਹੋਈ ਮਾਰ ਕਾਟ ਵਿੱਚ ਅਨੇਕਾਂ ਵਿਅਕਤੀ ਅਣਿਆਈ ਮੌਤੇ ਮਾਰੇ ਗਏ ਸਨ। ਅੰਮ੍ਰਿਤਸਰ ਦੇ ਇੱਕ ਧਾਰਮਿਕ ਸਥਾਨ ਦੇ ਕਬਜ਼ੇ ਲਈ ਪੰਜ ਸਾਲਾ ਯੋਜਨਾ ਬਣਦੀ ਹੈ। ਚੋਣ ਨਤੀਜਿਆਂ ਦਾ ਐਲਾਨ ਹੁੰਦੇ ਸਾਰ ਜੇਤੂ ਰਾਜਨੀਤਕ ਪਾਰਟੀ ਦੀ ਸਮਰਥਕ ਕਮੇਟੀ ਕਬਜ਼ਾ ਸੰਭਾਲ ਲੈਂਦੀ ਹੈ। ਜੇ ਵਿਰੋਧੀ ਕਮੇਟੀ ਬੰਦਿਆਂ ਵਾਂਗ ਕਬਜ਼ਾ ਨਾ ਛੱਡੇ ਤਾਂ ਰੱਬ ਦੇ ਘਰ ਅੰਦਰ ਹੀ ਰੀਝ ਨਾਲ ਮਾਂਜਾ ਲਾਹਿਆ ਜਾਂਦਾ ਹੈ।
ਪੰਜਾਬੀ ਐਥੇ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਛਿੱਤਰਾਂ 'ਚ ਦਾਲ ਵੰਡਣੋ ਨਹੀਂ ਹੱਟਦੇ। ਬਾਹਰ ਜਾ ਕੇ ਪਹਿਲਾਂ ਤਾਂ ਅਸੀਂ ਧਾਰਮਿਕ ਸਥਾਨ ਬਣਾਏ, ਫਿਰ ਕਮੇਟੀਆਂ ਬਣਾਈਆਂ ਤੇ ਫਿਰ ਪ੍ਰਧਾਨਗੀ 'ਤੇ ਕਬਜ਼ਾ ਜਮਾਉਣ ਲਈ ਲੜਾਈਆਂ ਸ਼ੁਰੂ ਕੀਤੀਆਂ। ਥੋੜ੍ਹੇ ਦਿਨ ਪਹਿਲਾਂ ਹੀ ਯੂਰਪ ਦੇ ਇੱਕ ਧਾਰਮਿਕ ਸਥਾਨ ਅੰਦਰ ਪੂਰੀ ਬੇਸ਼ਰਮੀ ਨਾਲ ਜੂਤ ਪਤਾਣ ਹੋਇਆ ਹੈ। ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੰਗੇ ਸਿਰ ਜੁੱਤੀਆਂ ਸਮੇਤ ਅੰਦਰ ਦਾਖਲ ਹੋਈ। ਖਬਰ ਆਈ ਕਿ ਸਾਰੇ ਯੂਰਪ ਦੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਅਤੇ ਸੰਗਠਨਾਂ ਨੇ ਪੁਲਿਸ ਦੇ ਇਸ "ਘਟੀਆ ਵਤੀਰੇ" ਦੀ ਨਿਖੇਧੀ ਕੀਤੀ ਹੈ। ਪਰ ਕਿਸੇ ਵੀ ਸੰਗਠਨ ਨੇ ਇੱਕ ਦੂਸਰੇ ਦੀਆਂ ਪਗੜੀਆਂ ਪੈਰਾਂ ਹੇਠ ਰੋਲਣ ਵਾਲੇ ਸਿਆਣਿਆਂ ਦੀ ਨਿਖੇਧੀ ਨਹੀਂ ਕੀਤੀ। ਧਾਰਮਿਕ ਸਥਾਨ 'ਤੇ ਕਬਜ਼ਾ ਕਰਨ ਵੇਲੇ ਅੰਦਰ ਪਏ ਚੌਰਾਂ, ਕਿਰਪਾਨਾਂ, ਡਾਂਗਾਂ ਅਤੇ ਥੱਪੜ ਘਸੁੰਨਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀ ਹਾਜ਼ਰੀ ਵਿੱਚ ਅਜਿਹੀਆਂ ਇਖਲਾਕ ਤੋਂ ਗਿਰੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਜੋ ਲੋਕ ਸ਼ਰਾਬਖਾਨੇ ਵਿੱਚ ਵੀ ਨਹੀਂ ਕੱਢਦੇ ਹੋਣੇੇ।
ਆਮ ਤੌਰ 'ਤੇ ਕਬਜ਼ਾ ਕਰਨ ਵੇਲੇ ਇਹ ਬਹਾਨਾ ਬਣਾਇਆ ਜਾਂਦਾ ਹੈ ਕਿ ਅਸੀਂ ਇਸ ਸਥਾਨ ਦੀ ਬੇਹਤਰ ਤਰੀਕੇ ਨਾਲ ਸੇਵਾ ਲਈ ਹੱਕ ਸੱਚ ਦੀ ਲੜਾਈ ਕਰ ਰਹੇ ਹਾਂ ਤੇ ਪਹਿਲੀ ਕਮੇਟੀ ਮਹਾਂ ਭ੍ਰਿਸ਼ਟ ਅਤੇ ਚਰਿੱਤਰਹੀਣ ਹੈ। ਪਰ ਅਸਲ ਵਿੱਚ ਸੇਵਾ ਦੀ ਤਲਬਗਾਰ ਕਮੇਟੀ ਦੀ ਗਿੱਧ ਅੱਖ ਡੇਰੇ ਦੀ ਸੌ ਪੰਜਾਹ ਏਕੜ ਜ਼ਮੀਨ ਅਤੇ ਲੱਖਾਂ ਦੇ ਚੜ੍ਹਾਵੇ 'ਤੇ ਹੁੰਦੀ ਹੈ। ਕਬਜ਼ਾ ਕਰਨ ਵੇਲੇ ਇਲਾਕੇ ਦੇ ਛਟੇ ਬਦਮਾਸ਼ ਤੇ ਨਸ਼ਈ ਲਾਲਚ ਦੇ ਕੇ ਇਕੱਠੇ ਕੀਤੇ ਜਾਂਦੇ ਹਨ। ਲੜਾਈ ਲਈ ਲੈ ਕੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਨਸ਼ਿਆਂ ਨਾਲ ਗੁੱਟ ਕੀਤਾ ਜਾਂਦਾ ਹੈ। ਕਿਸੇ ਵਾਲੇ ਇੱਕ ਨਰਾਇਣ ਦਾਸ ਮਹੰਤ ਸੀ ਹੁਣ ਪਤਾ ਨਹੀਂ ਕਿੰਨੇ ਕੁ ਹੋ ਗਏ ਹਨ? ਪੁਲਿਸ ਜੇ ਧਾਰਮਿਕ ਅਸਥਾਨ 'ਤੇ ਸ਼ਾਂਤੀ ਬਰਕਰਾਰ ਰੱਖਣ ਲਈ ਜਾਵੇ ਤਾਂ ਉਸ 'ਤੇ ਹਜ਼ਾਰਾਂ ਪਾਬੰਦੀਆਂ ਹਨ। ਜੇ ਕਿਤੇ ਪੁਲਿਸ ਬੂਟ ਬੈਲਟਾਂ ਸਮੇਤ ਨੰਗੇ ਸਿਰ ਅੰਦਰ ਜਾਣ ਦੀ ਗਲਤੀ ਕਰ ਜਾਵੇ ਤਾਂ ਅਗਲੇ ਦਿਨ ਅਖਬਾਰਾਂ ਦੇ ਪਹਿਲੇ ਪੰਨੇ 'ਤੇ ਇਹ ਖਬਰ ਪ੍ਰਮੁੱਖਤਾ ਛਪੀ ਜਾਂਦੀ ਹੈ। ਪਰ ਜਦੋਂ ਕਬਜ਼ਾ ਮਾਸਟਰ ਅੰਦਰ ਡਾਂਗ ਖੜਕਾਉਂਦੇ ਹਨ ਤਾਂ ਸਾਰਾ ਕੰਮ ਫਰੀ ਸਟਾਈਲ ਹੀ ਚੱਲਦਾ ਹੈ।
ਪਿੱਛੇ ਜਿਹੇ ਕੈਨੇਡਾ ਦੇ ਇੱਕ ਧਾਰਮਿਕ ਸਥਾਨ ਅੰਦਰ ਇੱਕ ਵਿਅਕਤੀ ਛੋਟੀ ਕਿਰਪਾਨ ਕੱਢ ਕੇ ਮੈਨੇਜਰ ਨੂੰ ਧਮਕਾ ਰਿਹਾ ਸੀ। ਜਦੋਂ ਪੱਤਰਕਾਰ ਵੀਡੀਉ ਬਣਾਉਣ ਲੱਗੇ ਤਾਂ ਡਰਦਾ ਮਾਰਾ ਭੱਜ ਗਿਆ। ਹੁਣ ਜਦੋਂ ਵਿਦੇਸ਼ੀ ਸਰਕਾਰਾਂ ਕੋਲ ਕਿਰਪਾਨ ਪਹਿਨਣ ਦੀ ਆਗਿਆ ਲੈਣ ਲਈ ਚਾਰਾਜੋਈ ਕੀਤੀ ਜਾਂਦੀ ਹੈ ਤਾਂ ਅਜਿਹੀਆਂ ਹਰਕਤਾਂ ਵੇਖ ਕੇ ਕਿਵੇਂ ਮੰਨਜ਼ੂਰੀ ਮਿਲ ਸਕਦੀ ਹੈ? ਅਗਲਾ ਸੋਚਦਾ ਜਿਹੜਾ ਆਪਣੇ ਹੀ ਧਾਰਮਿਕ ਸਥਾਨ ਦੇ ਅੰਦਰ ਆਪਣੀ ਕਮਿਊਨਿਟੀ ਨੂੰ ਧਮਕਾ ਰਿਹਾ, ਉਹ ਬਾਕੀਆਂ ਲਈ ਵੀ ਖਤਰਾ ਬਣ ਸਕਦਾ ਹੈ। ਇਸੇ ਲਈ ਇਟਲੀ ਵਰਗੇ ਕਈ ਦੇਸ਼ਾਂ ਨੇ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਸੀਂ ਏਅਰਪਪੋਰਟਾਂ 'ਤੇ ਆਪਣੇ ਧਾਰਮਿਕ ਚਿੰਨ੍ਹਾਂ ਨਾਲ ਛੇੜਛਾੜ ਹੋਣ 'ਤੇ ਇਤਰਾਜ਼ ਕਰਦੇ ਹਾਂ ਪਰ ਧਾਰਮਿਕ ਸਥਾਨਾਂ ਅੰਦਰ ਖੁਦ ਹੀ ਉਹਨਾਂ ਚਿੰਨਾਂ ਦੀ ਬੇਜ਼ੱਤੀ ਕੇ ਆਪਣਾ ਮਜ਼ਾਕ ਬਣਾਉਂਦੇ ਹਾਂ। ਨਵੀਂ ਪੀੜ੍ਹੀ ਤਾਂ ਪਹਿਲਾਂ ਹੀ ਧਰਮ ਤੋਂ ਦੂਰ ਜਾ ਰਹੀ ਹੈ। ਬੱਚੇ ਜਦੋਂ ਅਜਿਹੀ ਮਾਰਧਾੜ ਅਤੇ ਘਟੀਆਂ ਹਰਕਤਾਂ ਵੇਖਦੇ ਹਨ ਤਾਂ ਧਾਰਮਿਕ ਸਥਾਨਾਂ ਵੱਲ ਦੁਬਾਰਾ ਮੂੰਹ ਨਹੀਂ ਕਰਦੇ।
ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਕਿਸੇ ਨਾ ਕਿਸੇ ਧਰਮ ਸਥਾਨ ਦਾ ਰਾਮ ਰੌਲਾ ਚੱਲ ਰਿਹਾ ਹੈ। ਧਰਮ ਸਥਾਨ ਵੀ ਜ਼ਾਤਾਂ, ਗੋਤਾਂ ਅਤੇ ਪੱਤੀਆਂ-ਮੁਹੱਲਿਆਂ ਅਦਿ ਦੇ ਨਾਮ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਣੇ ਹੋਏ ਹਨ। ਕਈ ਡੇਰੇਦਾਰਾਂ ਨੇ ਤਾਂ ਆਪਣੇ ਮਰਹੂਮ ਬਾਬੇ ਦੇ ਕਿਸੇ ਰਿਸ਼ਤੇਦਾਰ ਦਾ ਪਿੰਡ ਨਹੀਂ ਬਖਸ਼ਿਆ ਜਿੱਥੇ ਡੇਰਾ ਨਾ ਬਣਾਇਆ ਹੋਵੇ। ਹਰੇਕ ਸਥਾਨ 'ਤੇ ਵਧੀਆ ਚੜ੍ਹਵਾ ਚੜ੍ਹਦਾ ਹੈ ਤੇ ਵਿਹਲੜ ਸਾਧਾਂ ਦੀਆਂ ਹੇੜਾਂ ਫਿਰਦੀਆਂ ਹਨ। ਵਿਹਲਾ ਮਨ ਸ਼ੈਤਾਨ ਦਾ ਘਰ। ਜਦੋਂ ਪੈਸਾ ਕਮਾਉਣ ਤੇ ਸਿਰ ਤੋਂ ਛੱਤ ਦਾ ਫਿਕਰ ਮੁੱਕ ਜਾਵੇ ਤਾਂ ਫਿਰ ਸਾਧਾਂ ਨੇ ਕੀ ਕਰਨਾ ਹੈ? ਜਾਂ ਬਦਮਾਸ਼ੀਆਂ ਕਰਨਗੇ ਜਾਂ ਲੜਾਈ। ਪੰਜਾਬ ਦੇ ਕਈ ਮਸ਼ਹੂਰ ਡੇਰਿਆਂ ਵਿੱਚ ਤਾਂ ਵੱਡੇ ਸਾਧ ਦੇ ਮਰਨ ਤੋਂ ਬਾਅਦ ਚਾਰ-ਚਾਰ ਬਾਬੇ ਗੱਦੀ ਜਮਾ ਕੇ ਬੈਠੇ ਹਨ। ਅਨੇਕਾਂ ਥਾਵਾਂ 'ਤੇ ਲੋਕਾਂ 'ਤੇ ਕ੍ਰਿਪਾ ਕਰ ਕੇ ਵਰਦਾਨ ਦੇਣ ਵਾਲੇ ਬਾਬੇ ਡੇਰੇ 'ਤੇ ਕਬਜ਼ਾ ਕਰਾਉਣ ਲਈ ਅਫਸਰਾਂ ਦੀਆਂ ਲੇਹਲੜੀਆਂ ਕੱਢਦੇ ਹਨ। ਇੱਕ ਡੇਰੇ ਦੇ ਕਬਜ਼ੇ ਸਮੇਂ ਲੋਕਾਂ ਨੂੰ ਸ਼ਰਾਬ ਮੀਟ ਛੁਡਵਾਉਣ ਲਈ ਪ੍ਰਸਿੱਧ ਸਾਧ ਸ਼ਾਮ ਨੂੰ ਪੁਲਿਸ ਵਾਸਤੇ "ਖਾਣ ਪੀਣ" ਦਾ ਪ੍ਰਬੰਧ ਵੀ ਕਰ ਦੇਂਦਾ ਸੀ।
ਧਾਰਮਿਕ ਸਥਾਨਾਂ ਤੋਂ ਅਜਿਹੀਆਂ ਅਨਾਊਸਮੈਂਟਾਂ ਤਾ ਸਭ ਨੇ ਸੁਣੀਆਂ ਹੋਣਗੀਆਂ ਕਿ ਅੱਜ ਸਾਰੇ ਮਾਈ ਭਾਈ ਡੇਰੇ ਆਉ ਪੰਜਵੀਂ ਮੰਜ਼ਲ ਦਾ ਲੈਂਟਰ ਪੈਣਾ ਹੈ, ਅੱਜ ਮਾਈਆਂ ਬੀਬੀਆਂ ਸਵੇਰੇ ਪੰਜ ਵਜੇ ਪਹੁੰਚਣ ਸੰਗਤਾਂ ਲਈ ਲੰਗਰ ਤਿਆਰ ਕਰਨਾ ਹੈ, ਅੱਜ ਡੇਰੇ ਦੀ ਜ਼ਮੀਨ 'ਚੋਂ ਕਣਕ ਝੋਨਾ ਵੱਢਣਾ ਹੈ, ਅੱਜ ਵੱਡੇ ਹਾਲ ਵਿੱਚ ਮਿੱਟੀ ਪਾਉਣੀ ਹੈ ਆਦਿ ਆਦਿ। ਪਰ ਕਦੇ ਕਿਸੇ ਨੇ ਅਜਿਹੀ ਅਨਾਊਂਸਮੈਂਟ ਨਹੀਂ ਸੁਣੀ ਹੋਣੀ ਕਿ ਅੱਜ ਸਾਰਾ ਨਗਰ ਖੇੜਾ ਡੇਰੇ ਆਉ, ਗੋਲਕ ਦੀ ਮਾਇਆ ਗਿਣਨੀ ਹੈ। ਲੋਕ ਆਪਣੇ ਜਰੂਰੀ ਕੰਮ ਛੱਡ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਧਰਮ ਸਥਾਨਾਂ ਦੀ ਯਾਤਰਾ 'ਤੇ ਜਾਂਦੇ ਹਨ। ਥੋੜ੍ਹਾ ਥੋੜ੍ਹਾ ਦਾਨ ਦੇ ਕੇ ਵੀ ਸਾਧ ਨੂੰ ਕਰੋੜਾਂਪਤੀ ਬਣਾ ਦੇਂਦੇ ਹਨ। ਜ਼ਾਤ ਪਾਤ ਦੀਆਂ ਫੌਲਾਦੀ ਬੇੜੀਆਂ ਵਿੱਚ ਜਕੜੇ ਇਸ ਦੇਸ਼ ਦੇ ਕਿਸੇ ਧਰਮ ਸਥਾਨ ਨੇ ਅੱਜ ਤੱਕ ਕਿਸੇ ਛੋਟੀ ਜ਼ਾਤ ਵਾਲੇ ਦਾ ਦਾਨ ਲੈਣ ਤੋਂ ਇਨਕਾਰ ਕੀਤਾ ਹੈ? ਅਸਲ ਵਿੱਚ ਸਾਰਾ ਮਸਲਾ ਆਣ ਕੇ ਪੈਸੇ 'ਤੇ ਹੀ ਮੁੱਕਦਾ ਹੈ। ਧਰਮ ਸਥਾਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ (ਚਾਹੇ ਉਧਾਰ ਚੁੱਕ ਕੇ) ਗੱਫੇ ਦੇਣ ਵਾਲੇ ਸਿਆਣੇ ਪਿੰਡ ਦੇ ਸਕੂਲ ਦੇ ਕਮਰੇ ਵਾਸਤੇ ਦੁਆਨੀ ਨਹੀਂ ਦੇਂਦੇ।
ਕਈ ਧਰਮਾਂ ਵਿੱਚ ਅਸੂਲ ਹੈ ਕਿ ਭਗਤ ਅਤੇ ਭਗਵਾਨ ਦੇ ਵਿਚਕਾਰ ਗੋਲਕ ਨਹੀਂ ਰੱਖੀ ਜਾਂਦੀ। ਇਸ ਲਈ ਉਥੇ ਕਬਜ਼ਿਆਂ ਲਈ ਝਗੜੇ ਵੀ ਨਹੀਂ ਹੁੰਦੇ। ਜਿੰਨੀ ਦੇਰ ਰੱਬ ਜਨਤਾ ਨੂੰ ਸੱਚ ਝੂਠ ਪਰਖਣ ਦੀ ਸੁਮੱਤ ਨਹੀਂ ਬਖਸ਼ਦਾ, ਪਾਖੰਡੀਆਂ ਦੀ ਦੁਕਾਨਦਾਰੀ ਇਸੇ ਤਰਾਂ ਚੱਲਦੀ ਰਹੇਗੀ। ਅਸਲ ਵਿੱਚ ਸਾਧ ਕਦੇ ਵੀ ਨਹੀਂ ਚਾਹੁੰਦੇ ਕਿ ਅਵਾਮ ਨੂੰ ਅਕਲ ਆਵੇ ਤੇ ਉਹ ਉਹਨਾਂ ਤੋਂ ਸਵਾਲ ਪੁੱਛਣ। ਇਸ ਲਈ ਸਕੂਲ ਕਾਲਜ ਉਸਾਰਨ ਦੀ ਬਜਾਏ ਆਲੀਸ਼ਾਨ ਧਰਮ ਸਥਾਨ ਖੜ੍ਹੇ ਕੀਤੇ ਜਾ ਰਹੇ ਹਨ। ਕਬਜ਼ੇਬਾਜ਼ਾਂ ਦੀ ਲੜਾਈ ਵਿੱਚ ਬੇਵਕੂਫ ਚੇਲੇ ਭੰਗ ਦੇ ਭਾੜੇ ਆਪਣੀ ਜਾਨ ਗਵਾ ਬੈਠਦੇ ਹਨ। ਉਹ ਇਹ ਨਹੀਂ ਸੋਚਦੇ ਕਿ ਸਾਧ ਨੂੰ ਤਾਂ ਕਰੋੜਾਂ ਦੀ ਜਾਇਦਾਦ ਮਿਲਣੀ ਹੈ, ਹਮਾਇਤੀਆਂ ਨੂੰ ਕੀ ਮਿਲਣਾ ਹੈ? ਸਾਧ ਮੁੜ ਕੇ ਮਰੇ ਦੇ ਭੋਗ 'ਤੇ ਵੀ ਨਹੀਂ ਜਾਂਦਾ। ਇਹਨਾਂ ਕਬਜ਼ਿਆਂ ਲਈ ਹੋ ਰਹੇ ਲੜਾਈ ਝਗੜਿਆਂ ਕਾਰਨ ਅਸੀਂ ਬਾਕੀ ਕੌਮਾਂ ਵਾਸਤੇ ਮਜ਼ਾਕ ਦਾ ਪਾਤਰ ਬਣ ਰਹੇ ਹਾਂ। ਸੂਝਵਾਨਾਂ ਦਾ ਧਾਰਮਿਕ ਸਥਾਨਾਂ ਵੱਲੋਂ ਮੋਹ ਭੰਗ ਹੋ ਰਿਹਾ ਹੈ। ਜੇ ਕਿਸੇ ਨੇ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਤਾਂ ਉਸ ਲਈ ਕਿਸੇ ਧਰਮ ਸਥਾਨ 'ਤੇ ਕਬਜ਼ਾ ਕਰ ਕੇ ਬੈਠਣਾ ਜਰੂਰੀ ਨਹੀਂ। ਸੇਵਾ ਤਾਂ ਘਰ ਪਰਿਵਾਰ ਵਿੱਚ ਬੈਠ ਕੇ ਵੀ ਹੋ ਸਕਦੀ ਹੈ। ਕਬਜ਼ਾ ਤਾਂ ਸਿਰਫ ਬੀਬੀਆਂ ਤੋਂ ਗੋਡੀਂ ਹੱਥ ਲਵਾਉਣ ਅਤੇ ਮਾਇਆ 'ਤੇ ਨਾਗ ਬਣ ਕੇ ਬੈਠਣ ਲਈ ਕੀਤਾ ਜਾਂਦਾ ਹੈ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9815124449
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.