ਸਾਕਾ ਨੀਲ ਤਾਰਾ ਹੋਏ ਨੂੰ ਐਤਕੀ 33 ਵਰ•ੇ ਹੋ ਗਏ ਨੇ। ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ ਪਰ ਇੱਕ ਘਟਨਾ ਜੋ ਕਿ ਫੋਰਟ ਵਿਲੀਅਮ ਕਿਲੇ ਦੇ ਬਲੈਕ ਹੋਲ ਵਾਲੇ ਵਾਅਕੇ ਨਾਲ ਮੇਲ ਖਾਂਦੀ ਹੈ ਉਹ ਅਜੇ ਤੱਕ ਕਿਸੇ ਲਿਖਤ ਵਿੱਚ ਸਾਹਮਣੇ ਨਹੀਂ ਆਈ। 1756 ਦੀ 20 ਜੂਨ ਨੂੰ ਵਾਪਰਿਆ ਇਹ ਸਾਕਾ ਅੰਗਰੇਜ਼ ਇਤਿਹਾਸ ਦਾ ਇੱਕ ਅਹਿਮ ਕਾਂਡ ਹੈ।
ਬੰਗਾਲ ਦੇ ਨਵਾਬ ਸਿਰਾਜਉਲ ਦੌਲਾ ਨੇ ਕਲਕੱਤੇ ਬੰਦਰਗਾਹ ਨੇੜੇ ਬਣੇ ਕਿਲੇ ਫੋਰਟ ਵਿਲੀਅਮ ਵਿੱਚ ਬੈਠੀ ਈਸਟ ਇੰਡੀਆ ਕੰਪਨੀ ਦੀ ਫੌਜ ਤੇ 50 ਹਜ਼ਾਰ ਦੀ ਕੁਮਕ ਨਾਲ ਹਮਲਾ ਕਰ ਦਿੱਤਾ। ਕੰਪਨੀ ਦੀ ਬਹੁਤੀ ਫੌਜ ਨੇ ਸਮੁੰਦਰ ਵਿੱਚ ਖੜੇ ਬੇੜੇ ਵਿੱਚ ਲੁੱਕ ਕੇ ਜਾਨ ਬਚਾਈ ਜਦਕਿ 170 ਅੰਗਰੇਜ਼ ਸਿਪਾਹੀ ਨਵਾਬੀ ਫੌਜ ਦੇ ਕਾਬੂ ਆ ਗਏ। ਇਹਨਾਂ ਵਿੱਚੋਂ 146 ਨੂੰ ਕਿਲੇ ਵਿੱਚ ਬਣੀ ਇੱਕ ਹਵਾਲਾਤ ਵਿੱਚ ਸ਼ਾਮ ਵੇਲੇ ਤਾੜ ਦਿੱਤਾ। ਇਹਨਾਂ ਵਿੱਚ 2 ਔਰਤਾਂ ਤੇ ਕੁਝ ਜ਼ਖ਼ਮੀ ਵੀ ਸਨ। 18 ਫੁੱਟ ਲੰਮੀ ਅਤੇ 14 ਫੁੱਟ ਚੌੜੀ ਇਸ ਹਵਾਲਾਤ ਵਿੱਚ ਸਿਰਫ਼ ਦੋ ਨਿੱਕੀਆਂ-ਨਿੱਕੀਆਂ ਖਿੜਕੀਆਂ ਸਨ। ਅੱਤ ਦੀ ਗਰਮੀ ਅਤੇ ਹੁੰਮਸ ਵਾਲੇ ਮਾਹੌਲ ਵਿੱਚ ਤੂੜੀ ਵਾਂਗ ਤੁੰਨੇ ਕੈਦੀਆਂ ਦਾ ਜਦੋਂ ਬੁਰਾ ਹਾਲ ਹੋਣ ਲੱਗਿਆ ਤਾਂ ਉਹਨਾਂ ਨੇ ਪਹਿਰੇਦਾਰਾਂ ਮੂਹਰੇ ਬਾਹਰ ਕੱਢਣ ਲਈ ਹਾੜੇ ਕੱਢੇ। ਪਰ ਪਹਿਰੇਦਾਰ, ਅੰਗਰੇਜ਼ਾਂ ਉੱਤੇ ਹੱਸਦੇ ਤੇ ਮਸ਼ਕਰੀਆਂ ਕਰਦੇ ਰਹੇ। ਦਿਨ ਚੜੇ ਜਦੋਂ ਹਵਾਲਾਤ ਦਾ ਬੂਹਾ ਖੋਲਿਆਂ ਤਾਂ ਇਹਨਾਂ ਵਿੱਚੋਂ 23 ਜਾਣੇ ਹੀ ਜਿਉਂਦੇ ਬਚੇ ਸੀ। ਦੁਨੀਆਂ ਦੇ ਇਤਿਹਾਸ ਵਿੱਚ ਇਸ ਘਟਨਾ ਨੂੰ ਹਿੰਦੋਸਤਾਨੀਆਂ ਦੀ ਕਮੀਨੀ ਹਰਕਤ ਵਜੋਂ ਭੰਡਿਆ ਗਿਆ ਹੈ ਜਦਕਿ ਹਿੰਦੋਸਤਾਨੀ ਇਤਿਹਾਸਕਾਰ ਇਹਤੋਂ ਸੰਗ ਮੰਨਦਿਆਂ ਇਸਨੂੰ ਹਰ ਪੱਖੋਂ ਛੋਟਾ ਪਾਉਣ ਦਾ ਯਤਨ ਕਰਦੇ ਰਹੇ ਅਤੇ ਉਹਨਾਂ ਨੇ ਨਵਾਬ ਨੂੰ ਬਰੀ ਕੀਤਾ ਹੈ ਜਦਕਿ ਬਹੁਤੇ ਹਿੰਦੋਸਤਾਨੀ ਇਤਿਹਾਸਕਾਰ ਤਾਂ ਇਸ ਸਾਕੇ ਤੋਂ ਉੱਕਾ ਹੀ ਮੁਕਰਨ ਵਾਲੀ ਹੱਦ ਤੱਕ ਜਾਂਦੇ ਹੋਏ ਇੱਥੋਂ ਤੱਕ ਆਖ ਗਏ ਨੇ ਅਜਿਹਾ ਸਾਕਾ ਵਾਪਰਿਆ ਹੀ ਨਹੀਂ। ਹਵਾਲਤ ਦੀ ਕੋਠੜੀ ਹਨੇਰੀ ਹੋਣ ਅਤੇ ਕਾਲੀ ਰਾਤ ਦਾ ਮੌਕਾ ਹੋਣ ਕਰਕੇ ਇਸਨੂੰ ਬਲੈਕ ਹੋਣ ਦਾ ਨਾਅ ਦਿੱਤਾ ਗਿਆ। ਕਿਸੇ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਨਾਲ ਅਜਿਹੇ ਕਾਇਰਤਾ ਵਾਲੇ ਜ਼ਾਲਮ ਸਲੂਕ ਦੀ ਮਿਸਾਲ ਇਸਤੋਂ ਵੱਧ ਦੁਨੀਆਂ ਦੇ ਜੰਗੀ ਇਤਿਹਾਸ 'ਚ ਕਿਤੇ ਨਹੀਂ ਮਿਲਦੀ।
ਕਲਕੱਤੇ ਵਾਲੇ ਬਲੈਕ ਹੋਲ ਘਟਨਾ ਨਾਲ ਮਿਲਦੇ ਇੱਕ ਵਾਅਕੇ ਬਾਰੇ ਮੈਂ ਖੁਦ ਇੱਕ ਚਸ਼ਮਦੀਦ ਗਵਾਹ ਦੀ ਜੁਬਾਨੀ ਸੁਣਿਆ ਹੈ ਪਰ ਇਹ ਗੱਲ ਕਿਸੇ ਲਿਖਤ ਰਾਹੀਂ ਸਾਡੇ ਸਾਹਮਣੇ ਨਹੀਂ ਆਈ। ਇਹ ਗੱਲ ਬਲੂ ਸਟਾਰ ਸਾਕੇ ਮੌਕੇ ਭਾਰਤੀ ਫੌਜ ਦੇ ਸਰਾਵਾਂ ਵਾਲੇ ਪਾਸੇ ਕਬਜ਼ੇ ਮੌਕੇ ਦੀ ਹੈ। ਗੁਰੂ ਰਾਮਦਾਸ ਸਰਾਂ ਦੇ ਮੁੱਖ ਗੇਟ ਦੇ ਠੀਕ ਸੱਜੇ ਪਾਸੇ (ਗੁਰੂ ਨਾਨਕ ਨਿਵਾਸ ਵੱਲ) ਵਾਲੇ ਇੱਕ ਕਮਰੇ ਵਿੱਚ ਜਿੱਥੇ ਅੱਜ-ਕੱਲ• ਡਿਸਪੈਂਸਰੀ ਬਣੀ ਹੋਈ ਹੈ ਲਗਭਗ 55 ਬੰਦੇ ਸਾਰੀ ਰਾਤ ਤਾੜੀ ਰੱਖੇ ਅਗਲੇ ਦਿਨ ਜਦੋਂ ਕਮਰਾ ਖੋਲਿਆ ਤਾਂ ਇਹਨਾਂ ਵਿੱਚੋਂ ਮਸਾਂ 4-5 ਬੰਦੇ ਜਿਉਂਦੇ ਬਚੇ। ਇਹਨਾਂ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ (ਸੇਵਾਦਾਰ) ਵੀ ਜਿਉਂਦਾ ਬਚਿਆ ਸੀ। ਇਸ ਬਿਰਧ ਸੇਵਾਦਾਰ ਮੁਲਾਜ਼ਮ ਦਾ ਮੈਨੂੰ ਨਾਅ ਨਹੀਂ ਪਤਾ ਪਰ ਉਹਨੇ ਉਸ ਕਮਰੇ ਵਿੱਲ ਇਸ਼ਾਰਾ ਕਰਕੇ ਵੀ ਦੱਸਿਆ ਸੀ ਇਹ ਗੱਲ ਨਵੰਬਰ 1984 ਦੀ ਹੈ ਜਿਸ ਦਿਨ ਜੇਲ• ਵਿੱਚ ਬੰਦ ਗੁਰਚਰਨ ਸਿੰਘ ਟੌਹੜਾ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ । ਉਸ ਦਿਨ ਰਾਤ ਨੂੰ ਮੇਰਾ ਗੁਰੂ ਰਾਮਦਾਸ ਸਰਾਂ ਵਿੱਚ ਰਹਿਣ ਦਾ ਸਬੱਬ ਬਣਿਆ ਸੀ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮੇਰੀ ਚੰਗੀ ਜਾਣ-ਪਛਾਣ ਸੀ ਉਹਨੇ ਹੀ ਸਾਨੂੰ ਸਰ•ਾਂ ਵਿੱਚ ਕਮਰਾ ਲੈ ਕੇ ਦਿੱਤਾ ਸੀ। ਸ਼ਾਇਦ ਸੇਖੋਂ ਸਾਹਿਬ ਵੀ ਸਾਡੇ ਕਮਰੇ ਵਿੱਚ ਜਾਂ ਨਾਲ ਦੇ ਕਮਰੇ ਵਿੱਚ ਠਹਿਰੇ ਸਨ। ਨਵੰਬਰ ਦਾ ਆਖਰੀ ਹਫਤਾ ਸੀ ਦਿਨ ਢਲੇ ਅਸੀਂ ਸੇਖੋ ਸਾਹਿਬ ਨਾਲ ਟਾਇਮ ਪਾਸ ਕਰਨ ਖ਼ਾਤਰ ਸਰਾਂ ਦੇ ਇੰਚਾਰਜ ਵਾਲੇ ਦਫ਼ਤਰ ਵਿੱਚ ਜਾ ਬੈਠੇ। ਉੱਥੇ ਡਿਊਟੀ ਤੇ ਹਾਜ਼ਰ ਉਸ ਬਿਰਧ ਸੇਵਾਦਾਰ ਨੇ ਸਾਨੂੰ ਦੱਸਿਆ ਕਿ ਵਿੱਚ ਫੌਜ ਨੇ ਸਣੇ ਮੈਨੂੰ ਇਸ ਕਰਮੇ ਵਿੱਚ ਸਾਰੀ ਰਾਤ ਤਾੜੀ ਰੱਖਿਆ ਸੀ। ਬਾਹਰੋਂ ਦਰਵਾਜ਼ੇ ਨੂੰ ਕੁੰਡਾਮਾਰ ਦਿੱਤਾ। ਫੌਜੀ ਸਾਡੇ ਵੱਲੋਂ ਦਰਵਾਜ਼ਾ ਖੜਕਾਉਣ ਤੇ ਬਰਸਟ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਗੱਲਾਂ ਕੱਢਦੇ ਸੀ। ਇਹ ਕਮਰਾ ਮਸਾਂ 12 ਫੁੱਟ ਲੰਮਾ ਅਤੇ 12 ਫੁੱਟ ਚੌੜਾ ਹੋਵੇਗਾ 55 ਬੰਦੇ ਇੱਕ ਇਹੋ ਜੇਹੀ ਕੋਠੜੀ ਵਿੱਚ ਬੰਦ ਸਨ ਜਿਹੜੀ ਚਾਰ ਚੁਫ਼ੇਰਿਓ ਬੰਦ ਸੀ। ਜੂਨ ਦੀ ਗਰਮੀ ਵਿੱਚ ਸਾਹ ਘੁਟਣ ਕਰਕੇ 4-5 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਮਾਰੇ ਗਏ। ਸੇਵਾਦਾਰ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਜੋ ਹੁਣ ਚੇਤੇ ਨਹੀਂ। ਉਦੋਂ ਮੇਰੀ ਉਮਰ 24 ਸਾਲ ਦੀ ਸੀ। ਉਦੋਂ ਇਹ ਨਹੀਂ ਸੀ ਚੱਜ ਕਿ ਸੇਵਾਦਾਰ ਦੀਆਂ ਸਾਰੀਆਂ ਗੱਲਾਂ ਨੋਟ ਕਰਾਂ ਅਤੇ ਉਹਦਾ ਨਾ ਪਤਾ ਵੀ ਲਿਖ ਲਵਾਂ। ਉਦੋਂ ਇਊਂ ਜਾਪਦਾ ਸੀ ਕਿ ਜਿੱਥੇ ਐਡਾ ਵੱਡਾ ਘੱਲੂਘਾਰਾ ਹੋਇਆ, ਤਾਂ ਇਹ ਵਾਅਕਾ ਉਸ ਵਿੱਚ ਇੱਕ ਛੋਟੀ ਘਟਨਾ ਹੀ ਹੈ। ਪਰ ਇੱਕ ਦਿਨ ਫੋਰਟ ਵਿਲੀਅਮ ਵਾਲੇ ਬਲੈਕ ਹੋਲ ਸਾਕੇ ਦੀ ਇਤਿਹਾਸਕ ਅਹਿਮੀਅਤ ਬਾਰੇ ਪੜਦਿਆਂ ਮੇਰੇ ਜਿਹਨ ਵਿੱਚ ਆਇਆ ਕਿ ਇਸਦੇ ਨਾਲ ਦਾ ਬਲੈਕ ਹੋਲ ਸਾਕਾ ਤਾਂ ਸਾਡੀ ਗੁਰੂ ਰਾਮਦਾਸ ਸਰਾਂ ਵਿੱਚ ਵੀ ਜੂਨ 1984 ਵੇਲੇ ਵਾਪਰਿਆ ਹੈ। ਇਸਦਾ ਬਲੂ ਸਟਾਰ ਦੇ ਇਤਿਹਾਸ ਵਿੱਚ ਜ਼ਿਕਰ ਨਾ ਹੋਣ ਦੀ ਹੈਰਾਨੀ ਵੀ ਹੋਈ। ਨਾਲੇ ਬਲੈਕ ਹੋਲ ਕਾਂਡ ਤਾਂ ਇੱਕ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਦੇ ਜਵਾਨਾਂ ਨਾਲ ਵਾਪਰਿਆ ਸੀ, ਪਰ ਗੁਰੂ ਰਾਮਦਾਸ ਸਰ•ਾਂ ਵਾਲਾ ਕਾਂਡ ਭਾਰਤੀ ਫੌਜ ਵੱਲੋਂ ਆਪਣੇ ਹੀ ਮੁਲਕ ਦੇ ਸਿਵਲੀਅਨਾਂ ਨਾਲ ਵਰਤਾਇਆ ਗਿਆ ਸੀ।
ਜਿਵੇਂ ਭਾਰਤ ਸਰਕਾਰ ਦਾ ਪੱਖਪੂਰਨ ਵਾਲੇ ਲਿਖਾਰੀਆਂ ਨੇ ਬਲੂ ਸਟਾਰ ਮੌਕੇ ਫੌਜ ਵੱਲੋਂ ਕੀਤੇ ਜ਼ੁਲਮਾਂ ਨੂੰ ਛੋਟਾ ਕਰਨ ਜਾਂ ਫੌਜ ਨੂੰ ਉੱਕਾ ਹੀ ਬਰੀ ਕਰਨ ਤੇ ਜ਼ੌਰ ਲਾਇਆ ਹੈ ਉਵੇ ਹੀ 1756 ਈਸਵੀਂ ਵਾਲੀ ਬਲੇਕ ਹੋਲ ਘਟਨਾ ਨੂੰ ਛੋਟੀ ਕਰਨ ਅਤੇ ਨਵਾਬ ਨੂੰ ਬਰੀ ਕਰਨ ਲਈ ਬਹੁਤੇ ਇਤਿਹਾਸਕਾਰਾਂ ਨੇ ਜ਼ੋਰ ਲਾਇਆ ਹੈ। ਇੱਕ ਬੰਗਾਲੀ ਪ੍ਰੋਫੈਸਰ ਬਰਜੇਨ ਗੁਪਤਾ ਨੇ 1950 ਵਿਚੱ ਲਿਖਿਆ ਹੈ ਕਿ ਬਲੈਕ ਹੋਲ ਵਿੱਚ 146 ਨਹੀਂ ਬਲਕਿ ਕੇਵਲ 64 ਅੰਗਰੇਜ਼ ਸਿਪਾਹੀ ਸੀਗੇ ਜਿਹਨਾਂ ਵਿੱਚੋਂ 21 ਜਿਉਂਦੇ ਬਚੇ। ਇਸੇ ਤਰ•ਾਂ ਇੱਕ ਹੋਰ ਬੰਗਾਲੀ ਇਤਿਹਾਸਕਾਰ ਪ੍ਰੋਫੈਸਰ ਮਜੂਮਦਾਰ ਨੇ ਕਿਹਾ ਕਿ 18 ਜਰਬ 14 ਫੁੱਟ ਵਾਲੇ ਕਮਰੇ ਵਿੱਚ 65 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਵਰਗੀਆਂ ਤਕਨੀਕੀ ਘੁਣਤਰਾਂ ਨਾਲ ਘਟਨਾ ਨੂੰ ਛੋਟੀ ਕਰਨ ਦਾ ਜਤਨ ਕੀਤਾ ਹੈ। ਇਸੇ ਤਰ•ਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਜਿਹਾ ਕੋਈ ਵਾਅਕਾ ਹੋਇਆ ਹੀ ਨਹੀਂ ਜਦਕਿ ਕਈਆਂ ਨੇ ਇਸਨੂੰ ਝੂਠੀ ਘਟਨਾ ਕਹਿੰਦਿਆਂ ਇਸਨੂੰ ਇਤਿਹਾਸ ਦਾ ਇੱਕ ਘੋਟਾਲਾ ਕਰਾਰ ਦੇ ਦਿੱਤਾ ਹੈ।
ਗੁਰੂ ਰਾਮਦਾਸ ਸਰਾਂ ਵਾਲੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਅਜੇ ਵੀ ਜਿਉਂਦੇ ਹੋ ਸਕਦੇ ਨੇ। ਇਸਨੂੰ ਸਾਹਮਣੇ ਲਿਆਉਣ ਵਿੱਚ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਲਾਜ਼ਮੀ ਹੈ। ਉਸ ਸੇਵਾਦਾਰ ਨੇ ਇਹ ਘਟਨਾ ਹੋਰ ਵੀ ਬਹੁਤ ਬੰਦਿਆਂ ਨੂੰ ਸੁਣਾਈ ਹੋਣੀ ਹੈ ਘੱਟੋ-ਘੱਟ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਅਜੇ ਵੀ ਨੌਕਰੀ ਤੇ ਹੋਣਗੇ ਜਿਹਨਾ ਨੇ ਇਸ ਘਟਨਾ ਬਾਰੇ ਸੁਣਿਆ ਹੋਵੇਗਾ। ਅਜਿਹੇ ਮੁਲਾਜ਼ਮ ਉਸ ਚਸ਼ਮਦੀਦ ਸੇਵਾਦਾਰ ਦਾ ਨਾਅ ਪਤਾ ਦੱਸ ਸਕਦੇ ਨੇ। ਜੇ ਉਹ ਸੇਵਾਦਾਰ ਠੀਕ-ਠਾਕ ਹੋਵੇ ਤਾਂ ਖੈਰ ਹੈ। ਨਹੀਂ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਸਾਰੇ ਹਾਲਾਤ ਦਾ ਪਤਾ ਕਰਨਾ ਚਾਹੀਦਾ ਹੈ। ਨਹੀਂ ਤਾਂ ਕੱਲ• ਨੂੰ ਜੇ ਇਸ ਘਟਨਾ ਦਾ ਜ਼ਿਕਰ ਕਰੇਗਾ ਤਾਂ ਕੋਈ ਹੋਰ ਗੁਪਤਾ ਜਾਂ ਮਜ਼ੂਮਦਾਰ ਵਰਗਾ ਇਸ ਤੋਂ ਇਤਿਹਾਸ ਦਾ ਝੂਠ ਵਾਲਾ ਲੇਬਲ ਲਾਊਗਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਇਸ ਕਮਰੇ ਨੂੰ ਯਾਦਗਾਰ ਵੱਜੋਂ ਸੰਭਾਲਦੀ ਪਰ ਉਹ ਤਾਂ ਗੁਰੂ ਰਾਮਦਾਸ ਸਰਾਂ ਨੂੰ ਹੀ ਮਲੀਆ ਮੇਟ ਕਰਨ ਦੇ ਮਨਸੂਬੇ ਤਿਆਰ ਕਰ ਰਹੀ ਹੈ। ਸਰਾਂ ਦੇ ਅੰਦਰਲੇ ਵਿਹੜੇ ਦੀ ਡੂੰਘਿਆਈ ਖਤਮ ਕਰ ਕੇ ਸਰਾਂ ਦਾ ਹੁਲੀਆ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਹੁਣ ਪੰਥਕ ਹਲਕਿਆਂ ਨੂੰ ਚਾਹੀਦਾ ਹੈ ਕਿ ਰਾਮਦਾਸ ਸਰਾਂ ਜਿਥੇ ਜਿਲਿ•ਆ ਵਾਲੇ ਬਾਗ ਵਰਗਾ ਸਾਕਾ ਭਾਰਤੀ ਫੌਜ ਨੇ ਵਰਤਾਇਆ ਹੈ ਉਹਨੂੰ ਜਿਲਿ•ਆਂ ਬਾਗ ਵਾਂਗ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਉਣ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.