ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ 22 ਮਈ ਨੂੰ ਮਾਨਚੈਸਟਰ ਵਿਖੇ ਵਾਪਰੀ ਭਿਆਨਕ ਦਹਿਸ਼ਤਵਾਦੀ ਵਾਰਦਾਤ ਕਾਰਨ ਕਈ ਦਿਨ ਸੁਰੱਖਿਆ ਪੱਖੋਂ ਭਾਵੇਂ ਬੰਦ ਕਰਨਾ ਪਿਆ ਸੀ, ਪਰ ਵੋਟਾਂ ਨੇੜੇ ਆਉਣ ਕਾਰਨ ਫਿਰ ਚੋਣ ਪ੍ਰਚਾਰ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਤੇ ਪ੍ਰਦਰਸ਼ਿਤ ਹੋਣ ਲੱਗ ਪਈਆਂ ਹਨ, ਭਾਵੇਂ ਇਹ ਕਹਿਣਾ ਗਲਤ ਹੋਵੇਗਾ ਕਿ ਇਸ ਦਹਿਸ਼ਤਵਾਦੀ ਘਟਨਾ ਕਾਰਨ ਦੇਸ਼ ਨੂੰ ਅਤੇ ਇਸ ਦੇ ਸੰਭਾਵੀ ਹਾਕਮਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇੱਕ ਸੰਗੀਤਮਈ ਮਨੋਰੰਜਕ ਸ਼ਾਮ ਦਾ ਅਨੰਦ ਮਾਣ ਰਹੇ ਬੇਗੁਨਾਹੇ 22 ਵਿਅਕਤੀਆਂ ਦੀ ਮੌਤ ਅਤੇ ਸੈਂਕੜੇ ਜ਼ਖ਼ਮੀਆਂ ਵਾਲੇ ਅਫ਼ਸੋਸਨਾਕ ਹਾਦਸੇ ਨੂੰ ਦੋਵੇਂ ਕੰਨਜ਼ਰਵੇਟਿਵ (ਟੋਰੀ) ਅਤੇ ਲੇਬਰ ਮੁੱਖ ਪਾਰਟੀਆਂ ਦੇ ਆਗੂਆਂ ਨੇ ਆਪਣੇ ਵਾਅਦੇ ਅਤੇ ਇਕਰਾਰਨਾਮਿਆਂ ਵਾਲੇ ਮਨੋਰਥ-ਪੱਤਰਾਂ ਵਾਂਗ ਸਿਆਸੀ ਨੁਕਤਾ ਬਣਾ ਕੇ ਚਰਚਿਤ ਕੀਤਾ ਹੈ। ਬਾਕੀ ਪਾਰਟੀਆਂ ਦੇ ਆਗੂਆਂ ਨੇ ਵੀ ਬਰਤਾਨਵੀ ਨਾਗਰਿਕਾਂ ਦੀ ਸੁਰੱਖਿਆ, ਇਸਲਾਮੀ ਜ਼ਹਾਦੀਆਂ ਦੀਆਂ ਆਤਮਘਾਤੀ ਘਟਨਾਵਾਂ ਅਤੇ ਪੂਰਬ-ਯੂਰਪੀ ਦੇਸ਼ਾਂ ਦੇ ਬੇਲਗਾਮੇ ਆਵਾਸ ਨੂੰ ਆਪਣੀਆਂ ਸਟੇਜਾਂ ਤੋਂ ਲਗਾਤਾਰ ਚਰਚਿਤ ਕਰਨਾ ਆਪਣੇ ਚੋਣ ਪ੍ਰਚਾਰ ਦਾ ਅੰਗ ਬਣਾ ਲਿਆ ਵੇਖਿਆ ਜਾ ਰਿਹਾ ਹੈ।
ਰਾਜਨੀਤਕ ਪਾਰਟੀਆਂ ਅਤੇ ਮੁਖੀ :- ਯੂ.ਕੇ. ਦੇ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਖੇਤਰਾਂ ਵਿਚੋਂ ਜਿਹੜੀਆਂ ਰਾਜਨੀਤਕ ਪਾਰਟੀਆਂ ਵੈਸਟਮਿਨਸਟਰ-ਲੰਡਨ ਦੀ ਕੌਮੀ ਸੰਸਦ ਲਈ ਚੋਣਾ ਲੜ ਰਹੀਆਂ ਹਨ, ਉਨ•ਾਂ ਵਿਚ ਪਿਛਲੀ ਪਾਰਲੀਮੈਂਟ ਵਿਚ 330 ਸਾਂਸਦਾਂ ਦਾ ਬਹੁਮਤ ਪ੍ਰਾਪਤ ਕਰਨ ਵਾਲੀ ਰਾਜ ਕਰ ਰਹੀ ਕੰਨਜ਼ਰਵੇਟਿਵ ਪਾਰਟੀ ਹੈ, ਜੋ 1834 ਵਿਚ ਹੋਂਦ ਵਿਚ ਆਈ। ਇਸ ਤੋਂ ਪਹਿਲਾਂ ਇਹ ਪਾਰਟੀ 'ਟੋਰੀ'' ਪਾਰਟੀ ਜਾਂ ਗੁੱਟਬੰਦੀ ਦੇ ਨਾਉਂ ਨਾਲ ਚਰਚਿਤ ਸੀ। ਇਸ ਵੇਲੇ ਇਸ ਪਾਰਟੀ ਵੱਲੋਂ ਸੰਭਾਵੀ ਪ੍ਰਧਾਨ ਮੰਤਰੀ ਅਤੇ ਇਸ ਦੀ ਆਗੂ ਸ੍ਰੀਮਤੀ ਥਰੀਸਾ ਮੇਅ ਹੈ। ਦੂਜੇ ਨੰਬਰ ਤੇ 1900 ਵਿਚ ਬਣੀ ਲੇਬਰ ਪਾਰਟੀ ਹੈ, ਜਿਸ ਦੇ ਪਿਛਲੀ ਸੰਸਦ ਵਿਚ 230 ਮੈਂਬਰ ਸਨ। ਇਸ ਪਾਰਟੀ ਦੇ ਮੁਖੀ ਜੈਰਮੀ ਬਰਨਰਡ ਕੌਰਬਿਨ ਹਨ। ਤੀਜੇ ਨੰਬਰ ਤੇ 1934 ਵਿਚ ਹੋਂਦ ਵਿਚ ਆਈ ਸਕਾਟਲੈਂਡ ਦੀ ''ਸਕਾਟਿਸ਼ ਨੈਸ਼ਨਲਿਸਟ ਪਾਰਟੀ'' ਹੈ, ਜਿਸ ਦੀ ਮੁਖ ਨਿਕੁਲਾ ਸਟਰਜਨ ਦੇ ਪਿਛਲੀ ਸੰਸਦ ਵਿਚ 54 ਸਾਂਸਦ ਸਨ। ਚੌਥੀ 9 ਸਾਂਸਦਾਂ ਵਾਲੀ ਟਿਮ ਫੈਰਨ ਦੀ ''ਲਿਬਰਲ ਡੈਮੋਕਰੇਟ ਪਾਰਟੀ'' ਹੈ। ਪੰਜਵੀਂ 8 ਸਾਂਸਦਾਂ ਵਾਲੀ ਮੁਖੀ ਐਰੀਅਨ ਫੋਸਟਰ ਦੀ ''ਡੈਮੋਕਰੈਟਿਕ ਯੂਨੀਅਨਿਸਟ ਪਾਰਟੀ'' ਹੈ। ਛੇਵੀਂ ਖੱਬੇ-ਪੱਖੀ ਉਤਰੀ ਆਇਰਲੈਂਡ ਦੇ ਆਗੂ ਜੈਰੀ ਐਡਮਜ ਦੀ 4 ਸਾਂਸਦਾਂ ਵਾਲੀ ''ਸਿਨ ਫੇਨ'' ਪਾਰਟੀ ਹੈ। ਸੱਤਵੀਂ ਵੇਲਜ਼ ਦੀ ਤਿੰਨ ਸਾਂਸਦਾਂ ਵਾਲੀ ਆਗੂ ਲੀਨ ਵੁੱਡ ਦੀ ''ਪਲੈਡ ਕੈਮਰੂ'' ਪਾਰਟੀ ਹੈ। ਅੱਠਵੀਂ ਤਿੰਨ ਸਾਂਸਦਾਂ ਵਾਲੀ, ਆਗੂ ਕੋਲਮ ਈਸਟਵੁੱਡ ਦੀ ''ਸੋਸ਼ਲ ਡੈਮੋਕਰੈਟਿਕ ਐਂਡ ਲੇਬਰ ਪਾਰਟੀ'' ਹੈ। ਨੌਵੀਂ ਦੋ ਸਾਂਸਦਾਂ ਵਾਲੀ ਰੌਬਿਨ ਸਵੈਨ ਦੀ ''ਅਲਸਟਰ ਯੂਨੀਅਨਿਸਟ ਪਾਰਟੀ'' ਹੈ। ਫਿਰ ਕੈਰੋਲਿਨ ਲਿਊਕਸ ਦੀ ਖੱਬੇ-ਪੱਖੀ ''ਗਰੀਨ ਪਾਰਟੀ'' ਆਗੂ ਪਾਲ ਨਿਊਟਲ ਦੀ, ''ਯੂ.ਕੇ. ਇੰਡੀਪੈਂਡੈਂਟ ਪਾਰਟੀ'', ਉਤਰੀ ਆਇਰਲੈਂਡ ਦੀ ''ਅਲਾਇੰਸ ਪਾਰਟੀ'', ''ਸਕਾਟਿਸ਼ ਗਰੀਨ'', ਉਤਰੀ ਆਇਰਲੈਂਡ ਦੀ ''ਗਰੀਨ ਪਾਰਟੀ'' ਅਤੇ ਸੱਜੇ ਪੱਖੀ ਰਵਾਇਤੀ ''ਟਰੈਡੀਸ਼ਨਲ ਯੂਨੀਅਨਿਸਟ ਪਾਰਟੀ'' ਆਦਿ ਪਾਰਟੀਆਂ ਹਨ, ਜਿਨ•ਾਂ ਦਾ ਲੰਡਨ ਪਾਰਲੀਮੈਂਟ ਵਿਚ ਕੋਈ ਸਾਂਸਦ ਨਹੀਂ, ਪਰ ਇਹ ਪਾਰਟੀਆਂ ਆਪਣੇ-ਆਪਣੇ ਖੇਤਰਾਂ ਦੀਆਂ ਸਥਾਨਕ ਸਭਾਵਾਂ ਜਾਂ ਅਸੈਂਬਲੀਆਂ ਦੀਆਂ ਚੋਣਾਂ ਵੇਲੇ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦੀਆਂ ਹਨ।
ਬਰਤਾਨਵੀ ਚੋਣਾਂ-ਭਾਰਤੀ ਭੂਮਿਕਾ :- ਸੰਸਾਰ ਦੇ ਲਗਭਗ ਸਾਰੇ ਲੋਕਰਾਜੀ ਦੇਸ਼ ਬਹੁ-ਕੌਮੀ, ਬਹੁ-ਧਰਮੀ, ਬਹੁ-ਨਸਲੀ ਅਤੇ ਬਹੁ-ਭਾਸ਼ਾਈ ਹੋਣ ਵਾਂਗ ਬਰਤਾਨੀਆ ਵੀ ਬਹੁ-ਸਭਿਆਚਾਰਕ (ਮਲਟੀਕਲਚਰ) ਲੋਕਰਾਜ ਹੈ, ਜੋ ਆਪਣੇ ਆਪ ਨੂੰ ''ਲੋਕਰਾਜ ਦੀ ਮਾਂ'' ਕਹਾਉਂਦਾ ਅਤੇ ਪ੍ਰਚਾਰਦਾ ਵੇਖਿਆ ਗਿਆ ਹੈ। ਨਸਲਕੁਸ਼ੀ ਜਾਂ ਨਸਲਵਾਦ ਦਾ ਮਸਲਾ ਵੀ ਇੱਥੇ ਦਾ ਇੱਕ ਅਹਿਮ ਮਸਲਾ ਹੈ। ਥਰੀਸਾ ਮੇਅ ਦੀ ਕੰਨਜ਼ਰਵੇਟਿਵ (ਟੋਰੀ) ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿਚ ਜਿੱਥੇ 11 ਨੁਕਾਤੀ ਇਕਰਾਰਨਾਮਾ ਕੀਤਾ ਗਿਆ ਹੈ, ਉੱਥੇ ਦੂਜੀ ਪ੍ਰਮੁੱਖ ਵਿਰੋਧੀ ਲੇਬਰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਬਰਤਾਨੀਆ ਅਤੇ ਬਰਤਾਨਵੀ ਲੋਕਾਂ ਦੇ ਬੁਨਿਆਦੀ ਮਸਲਿਆਂ ਅਤੇ ਵਿਕਾਸ ਲਈ 12-ਨੁਕਾਤੀ ਪ੍ਰੋਗਰਾਮ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਲੇਖਕ ਦੇ ਸਾਹਮਣੇ ਲੇਬਰ ਪਾਰਟੀ ਦੇ ਮੁਖੀ, ਜੈਰਮੀ ਕੌਰਬਿਨ, ਵੱਲੋਂ ਜਲੰਧਰ ਦੇ ਜੰਮਪਲ ਭਾਰਤੀ ਉਮੀਦਵਾਰ, ਵਰਿੰਦਰ ਸ਼ਰਮਾ ਨੂੰ ਮਨੋਰਥ ਪੱਤਰ ਦਿੰਦੇ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੋਰੀ ਪਾਰਟੀ ਦਾ ''ਮੈਨੀਫੈਸਟੋ'' ਥੋੜ•ੇ ਲੋਕਾਂ ਦੇ ਫ਼ਾਇਦੇ ਲਈ ਹੈ, ਜਦ ਕਿ ਲੇਬਰ ਪਾਰਟੀ ਦਾ ਇਹ ਮਨੋਰਥ ਪੱਤਰ ਬਹੁਗਿਣਤੀ ਬਰਤਾਨਵੀਆਂ ਲਈ ਫ਼ਾਇਦੇਮੰਦ ਸਿੱਧ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜੂਨ 1984 ਦੇ ''ਨੀਲਾ ਤਾਰਾ ਆਪ੍ਰੇਸ਼ਨ'' ਵੇਲੇ ਉਸ ਵੇਲੇ ਦੀ ਟੋਰੀ ਪਾਰਟੀ ਦੀ ਮੁਖੀ ਅਤੇ ਪ੍ਰਧਾਨ ਮੰਤਰੀ, ਮਾਰਗਰੇਟ ਥੈਚਰ, ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਿੱਖ ਵਿਰੋਧੀ ਹਮਲਾ ਕਰਨ ਬਾਰੇ ਦਿੱਤੀ ਰਾਏ ਜਾਂ ਸਹਿਯੋਗ ਬਾਰੇ ਲੇਬਰ ਪਾਰਟੀ ਮੁਖੀ ਨੇ ਸਪਸ਼ਟ ਕੀਤਾ ਕਿ ਉਨ•ਾਂ ਦੀ ਸਰਕਾਰ ਬਣਨ ਦੀ ਸੂਰਤ ਵਿਚ ਸਵਰਗੀ ਮਾਰਗਰੇਟ ਥੈਚਰ ਦੀ ਉਸ ਵੇਲੇ ਭੂਮਿਕਾ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਲੇਬਰ ਪਾਰਟੀ ਮੁਖੀ ਲਗਭਗ 2 ਘੰਟੇ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਣ ਪਿੱਛੋਂ ਲੰਗਰ ਵਰਤਾਉਣ, ਲੰਗਰ ਛਕਣ ਅਤੇ ਆਪਣੇ ਭਾਰਤੀ ਸਿੱਖ ਸਮਰਥਕਾਂ ਨਾਲ ਲੇਬਰ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਦੇ ਵੇਖੇ ਗਏ।
ਬਰਤਾਨਵੀ ਸੰਸਦ-ਭਾਰਤੀ ਸਾਂਸਦ :-ਬਰਤਾਨਵੀ ਲੋਕ ਸਭਾ ਭਾਵੇਂ ਬਰਾਬਰਤਾ ਵਾਲੇ ਹੱਕਾਂ ਦੀ ਵਕਾਲਤ ਕਰਦੀ ਆ ਰਹੀ ਹੈ, ਅਤੇ ਬਹੁ-ਨਸਲੀ, ਬਹੁ-ਕੌਮੀ ਅਤੇ ਮਰਦ-ਇਸਤਰੀ ਦੀ ਹਰ ਖੇਤਰ ਵਿਚ ਬਰਾਬਰਤਾ ਦੀ ਲਗਾਤਾਰ ਵਕਾਲਤ ਕਰਦੀ ਹੈ, ਪਰ 21ਵੀਂ ਸਦੀ ਵਿਚ ਵੀ ਗੈਰ-ਗੋਰੇ ਕਾਲੇ, ਏਸ਼ਿਆਈ ਅਤੇ ਨਾਰੀ ਬਰਾਬਰਤਾ ਦੇ ਮਾਮਲੇ ਵਿਚ ਕੀੜੀ ਦੀ ਸੁਸਤ ਚਾਲੇ ਵਿਕਸਤ ਹੁੰਦੀ ਵੇਖੀ ਜਾ ਰਹੀ ਹੈ। ਸੁਤੰਤਰ ਭਾਰਤ ਤੋਂ ਪਹਿਲਾਂ ਬਰਤਾਨਵੀ ਭਾਰਤ ਵੇਲੇ ਭਾਰਤੀ ਮੂਲ ਦਾ ਪਹਿਲਾ ਐਮ.ਪੀ. ਦਾਦਾ ਭਾਈ ਨਾਰੋਜੀ 1892 ਵਿਚ ਚੁਣਿਆ ਗਿਆ ਉਸ ਵੇਲੇ ਦੀ ਲਿਬਰਲ ਪਾਰਟੀ ਦਾ ਸਾਂਸਦ ਸੀ। ਫਿਰ ਉਹ 1895 ਵਿਚ ਲੰਦਨ ਦੇ ਫਿਨਜ਼ਬਰੀ ਹਲਕੇ ਤੋਂ ਸਾਂਸਦ ਬਣਿਆ, ਜਿਸ ਦੇ ਨਾਲ ਇਕ ਹੋਰ ਭਾਰਤੀ, ਮਨਚੇਰਜੀ ਭਾਵਨਗਰੀ, ਬੈਥਨਲ ਗਰੀਨ ਹਲਕੇ ਤੋਂ ਸਾਂਸਦ ਬਣਿਆ। ਤੀਜਾ ਪਾਰਸੀ-ਭਾਰਤੀ, ਸ਼ਾਹਪੁਰਜੀ ਸਕਲਤਵਾਲਾ, ਇਨ•ਾਂ ਤੋਂ 30 ਕੁ ਸਾਲ ਬਾਅਦ 1924 ਵਿਚ ਲੇਬਰ ਪਾਰਟੀ ਦੀ ਟਿਕਟ ਤੇ ਬੰਬਈ ਦਾ ਜੰਮਪਲ ਬੈਟਰਸੀ ਉਤਰੀ ਹਲਕੇ ਤੋਂ ਸਾਂਸਦ ਬਣਿਆ।
2017 ਵਿਚ ਭਾਰਤੀ ਉਮੀਦਵਾਰ :-ਭਰੋਸੇਯੋਗ ਵਸੀਲਿਆਂ ਅਨੁਸਾਰ 2017 ਦੀਆਂ ਬਰਤਾਨਵੀ ਚੋਣਾਂ ਵਿਚ 50 ਤੋਂ ਵੱਧ ਭਾਰਤੀ ਮੂਲ ਦੇ ਉਮੀਦਵਾਰ ਹਨ, ਜਿਨ•ਾਂ ਵਿਚੋਂ ਲਗਭਗ 40 ਉਮੀਦਵਾਰ ਤਾਂ ਕੰਨਜ਼ਰਵੇਟਿਵ (ਟੋਰੀ) ਲੇਬਰ ਅਤੇ ਲਿਬਰਲ-ਡੈਮੋਕਰੇਟ ਪਾਰਟੀ ਦੀਆਂ ਟਿਕਟਾਂ ਤੋਂ ਚੋਣਾਂ ਲੜ ਰਹੇ ਹਨ।
J ਕੰਨਜ਼ਰਵੇਟਿਵ (ਟੋਰੀ) ਵੱਲੋਂ ਥਰੀਸਾ ਮੇਅ ਦੀ ਸਰਕਾਰ ਵਿਚ ਮੰਤਰੀ ਰਹੀ ਪ੍ਰੀਤੀ ਪਟੇਲ ਨੂੰ ਵਿਧਮ ਤੋਂ ਟਿਕਟ ਦਿੱਤੀ ਗਈ ਹੈ, ਜਦਕਿ ਰੈਡਿੰਗ ਤੋਂ ਅਲੋਕ ਸ਼ਰਮਾ, ਕਵੈਂਟਰੀ ਤੋਂ ਰੇਸ਼ਮ ਕੁਟੇਚਾ, ਰਿਚਮੰਡ ਤੋਂ ਰਿਸ਼ੀ ਸੂਨਕ, ਦੱਖਣ-ਪੂਰਬੀ ਵੁਲਵਰਹੈਂਪਟਲ ਤੋਂ ਪਾਲ ਉਪਲ, ਫਾਰਹੈਮ ਤੋਂ ਗੋਆ ਦੀ ਸੂਲਾ ਫਰਨਾਡੇਜ, ਉੱਤਰ-ਪੱਛਮੀ ਕੈਂਬਰਿਜਸ਼ਾਇਰ ਤੋਂ ਸੈਲੇਸ਼ ਵਾਰਾ, ਬਰਮਿੰਘਮ ਹਾਲ ਗਰੀਨ ਤੋਂ ਰੀਨਾ ਰੰਘੜ (ਰੇਂਜਰ) ਫੈਲਥਮ-ਹੈਸਟਨ ਤੋਂ ਸਮੀਰ ਜੱਸਲ, ਲੈਸਟਰ ਦੱਖਣੀ ਤੋਂ 26 ਸਾਲਾ ਮੀਰਾ ਸੁਨੇਚਾ, ਬਰੈਂਟ ਸੈਂਟਰਲ ਤੋਂ ਰਾਹੁਲ ਭੰਸਾਲੀ, ਬਰੈਂਟ ਉਤਰੀ ਤੋਂ ਅਮਿਤ ਜੋਗੀਆ, ਬਾਰਕਿੰਗ ਤੋਂ ਮਿਨੇਸ਼ ਤਿਲਾਤੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
J ਲੇਬਰ ਪਾਰਟੀ ਵੱਲੋਂ ਲੈਸਟਰ ਪੂਰਬੀ ਤੋਂ ਕੀਥ ਵਾਜ, ਵਾਲਸਾਲ ਦੱਖਣੀ ਤੋਂ ਵੈਲਰੀ ਵਾਜ਼, ਹੈਸਟਲ-ਫੈਲਥਮ ਤੋਂ ਸੀਮਾ ਮਲਹੋਤਰਾ, ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਵਿਗਨ ਤੋਂ ਲੀਸਾ ਨੰਦੀ, ਪਟਨੀ ਤੋਂ ਡਾਕਟਰ ਨੀਰਜ ਪਾਟਿਲ, ਪੂਰਬੀ ਸਰੀ ਤੋਂ ਹਿਤੇਸ਼ ਟੇਅਲਰ, ਪੂਰਬੀ ਹੈਰੋ ਤੋਂ ਨਵੀਨ ਸ਼ਾਹ, ਹੇਜ਼ਲ ਗਰੋਵ ਤੋਂ ਨਵੈਂਦੂ (ਨੈਵ) ਮਿਸ਼ਰਾ, ਸਲੋਹ ਤੋਂ ਤਨਮਨਜੀਤ ਸਿੰਘ ਢੇਸੀ (ਟੈਨ ਢੇਸੀ), ਟੈਲਫੋਰਡ ਤੋਂ ਕੁਲਦੀਪ ਸਿੰਘ ਸਹੋਤਾ, ਟਿਊਕਸ਼ਥਰੀ ਤੋਂ ਮਨਜਿੰਦਰ ਕੰਗ, ਬਰਮਿੰਘਮ-ਐਜਬਾਸਟਨ ਤੋਂ ਪਰੀਤ ਕੌਰ ਗਿੱਲ, ਹੌਰਨਚਰਚ-ਅਪਮਨਿਸਟਰ ਤੋਂ ਰੌਕੀ ਗਿੱਲ, ਕੈਨਲਵਰਥ ਤੋਂ ਬਾਲੀ ਸਿੰਘ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
J ਲਿਬਰਲ ਡੈਮੋਕਰੈਟ ਪਾਰਟੀ ਵੱਲੋਂ ਇਸ ਵੇਰ ਲਗਭਗ 30 ਏਸ਼ੀਆਈ ਮੂਲ ਦੇ ਉਮੀਦਵਾਰ ਖੜ•ੇ ਕੀਤੇ ਹਨ, ਜਿਨ•ਾਂ ਵਿਚੋਂ ਭਾਰਤੀ ਮੂਲ ਦੇ ਲਗਭਗ ਇੱਕ ਦਰਜਨ ਉਮੀਦਵਾਰ ਹਨ, ਜੋ ਲੈਸਟਰ ਪੂਰਬੀ ਹਲਕੇ ਤੋਂ ਨਿਤੇਸ਼ ਦੇਵ, ਫੈਲਥਮ-ਹੈਸਟਨ ਤੋਂ ਹੀਨਾ ਮਲਿਕ, ਸਾਊਥਸ਼ੀਲਡ ਤੋਂ ਗੀਤਾਂਜਲੀ, ਦੱਖਣੀ ਬੈਸਲਡੀਨ ਤੋਂ ਰੀਤਿੰਦਰ ਨਾਥ ਬੈਨਰਜੀ, ਮੈਨਜਫੀਲਡ ਤੋਂ ਅਨੀਤਾ ਪ੍ਰਭਾਕਰ, ਲੈਸਟਰ ਦੱਖਣੀ ਤੋਂ ਹਰੀਸ਼, ਆਰੁਨਡੈਲ ਤੋਂ ਸ਼ਵੈਤਾ ਕਪਾਡੀਆ, ਬਰਮਿੰਘਮ ਪੈਰੀ ਬਾਰ ਤੋਂ ਪਰਮਜੀਤ ਸਿੰਘ, ਬਾਰਨਟ ਤੋਂ ਮਾਰੀਸ਼ਾ ਰੇਅ, ਦੱਖਣੀ ਡਰਬੀ ਤੋਂ ਜੋਅ ਨੈਤਾ ਆਦਿ ਸ਼ਾਮਿਲ ਹਨ।
J ਯੂ.ਕੇ. ਇੰਡੀਪੈਂਟਡੈਂਟ ਪਾਰਟੀ ਵੱਲੋਂ ਏਲਜਬਰੀ ਤੋਂ ਵਿਜੈ ਸਰਾਓ, ਲੰਡਨ ਵੈਸਟਮਿਨਸਟਰ ਤੋਂ ਅਨਿਲ ਭੱਟੀ ਅਤੇ ਵਾਰਵਿਕ-ਲਮਿੰਗਟਨ ਤੋਂ ਬੌਬ ਢਿੱਲੋਂ ਨੂੰ 8 ਜੂਨ ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ•ੇ ਕੀਤਾ ਗਿਆ ਹੈ।
ਉੱਤੇ ਵਰਣਨ ਕੀਤੇ ਨਾਵਾਂ ਤੋਂ ਬਿਨਾਂ ਭਾਰਤੀ ਮੂਲ ਦੇ ''ਆਜ਼ਾਦ'' ਜਾਂ ਛੋਟੀਆਂ ਖੇਤਰੀ ਪਾਰਟੀਆਂ ਜਾਂ ਖੱਬੇ-ਪੱਖੀਆਂ ਕਮਿਊਨਿਸਟ ਪਾਰਟੀਆਂ ਦੇ ਹੋਰ ਵੀ ਇੱਕੜ-ਦੁੱਕੜ ਉਮੀਦਵਾਰ ਹੋਣਗੇ। ਇਸ ਵੇਰ ਰਾਜ-ਸੱਤਾ ਵਾਲੀ ਕੰਨਜ਼ਰਵੇਟਿਵ (ਟੋਰੀ), ਲੇਬਰ ਅਤੇ ਲਿਬਰਲ ਡੈਮੋਕਰੈਟ ਪਾਰਟੀ, ਤਿੰਨਾਂ ਨੇ ਘੱਟ ਗਿਣਤੀ ਵਰਗਾਂ ਦੇ ਵੋਟਰਾਂ ਨੂੰ ਭਰਮਾਉਣ ਜਾਂ ਆਪਣੇ ਨਾਲ ਲਾ ਕੇ ਥੋੜ•ੇ ਫ਼ਰਕ ਵਾਲੀਆਂ ਸੀਟਾਂ ਤੇ ਵਿਸ਼ੇਸ਼ ਭਾਈਚਾਰਿਆਂ, ਸਭਾਵਾਂ ਅਤੇ ਉਨ•ਾਂ ਦੇ ਧਾਰਮਿਕ ਅਦਾਰਿਆਂ ਵਿਚ ਉਨ•ਾਂ ਵੋਟਰਾਂ ਵਾਲਾ ਪਹਿਰਾਵਾ ਪਹਿਨ ਕੇ ਵੋਟਾਂ ਅਤੇ ਨੋਟਾਂ ਦਾ ਸਮਰਥਨ ਅਤੇ ਸਹਿਯੋਗ ਮੰਗਦੇ ਵੇਖਿਆ ਗਿਆ ਹੈ। 100 ਤੋਂ ਵੱਧ ਏਸ਼ੀਆਈ ਮੂਲ ਦੇ ਉਮੀਦਵਾਰਾਂ ਵਿਚ ਪੰਜਾਬੀਆਂ ਸਮੇਤ ਲਗਭਗ 50 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਿਛਲੀ 2015 ਦੀ ਪਾਰਲੀਮੈਂਟ ਵਿਚ ਵੀ 10 ਉਮੀਦਵਾਰ ਜਿੱਤ ਕੇ ਐਮ.ਪੀ. ਬਣਨ ਵਿਚ ਸਫਲ ਹੋਏ ਸਨ। ਇਸ ਵੇਰ 8 ਜੂਨ ਤੋਂ ਬਾਅਦ ਹੀ ਸਪਸ਼ਟ ਪਤਾ ਲੱਗੇਗਾ ਕਿ ਕਿੰਨੇ ਭਾਰਤੀ ਮੂਲ ਦੇ ਉਮੀਦਵਾਰ ਸਫਲ ਹੋ ਕੇ ਬਰਤਾਨਵੀ ਪਾਰਲੀਮੈਂਟ ਦੇ ਐਮ.ਪੀ. ਬਣਦੇ ਹਨ। ਸ਼ੁੱਭ ਇੱਛਾਵਾਂ!!
-
ਨਰਪਾਲ ਸਿੰਘ ਸ਼ੇਰਗਿੱਲ,
shergill@journalist.com
07903-190 838
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.