ਗੁਰਮੀਤ ਪਲਾਹੀ
ਖ਼ਬਰ ਹੈ ਕਿ ਕੇਂਦਰ ਵਿੱਚ ਕੌਮੀ ਜਮਹੂਰੀ ਮੋਰਚੇ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹਨਾ ਦੀ ਸਰਕਾਰ ਹਰ ਹਾਲਤ ਵਿੱਚ ਕਾਲੇ ਧਨ ਨੂੰ ਕਢਾਏਗੀ ਅਤੇ ਇਸ ਸਬੰਧੀ ਵਾਅਦੇ ਤੋਂ ਮੁਕਰਨ ਦਾ ਕੋਈ ਸਵਾਲ ਹੀ ਨਹੀਂ। ਉਹਨਾ ਕਿਹਾ ਕਿ ਉਹਨਾ ਦੀ ਸਰਕਾਰ ਦੇ ਤਿੰਨ ਸਾਲਾਂ ਵਿਚ ਸ਼ਾਨਦਾਰ ਕਾਰਜ ਕੀਤਾ ਹੈ। ਉਹਨਾ ਦਾਅਵਾ ਕੀਤਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਲੋਕਾਂ ਨੇ ਹਰ ਸਮੇਂ ਸਰਕਾਰ ਦਾ ਸਾਥ ਦਿੱਤਾ ਹੈ ਅਤੇ ਉਹ ਛੋਟੇ-ਛੋਟੇ ਲੋਕਾਂ ਲਈ ਵੱਡੇ-ਵਡੇ ਕੰਮ ਕਰਦੇ ਰਹਿਣਗੇ।
ਛੋਟੇ-ਛੋਟੇ ਲੋਕਾਂ ਲਈ ਵੱਡੇ-ਵੱਡੇ ਕੰਮਾਂ ਦੀ ਤਸਵੀਰ ਬਹੁਤੀ ਹੀ ਸਾਫ ਹੈ। ਕੁਝ ਲੋਕ ਇੱਕਠੇ ਹੁੰਦੇ ਹਨ, ਭੀੜ ਬਣਦੀ ਹੈ, ਤੇ ਆਪਣੇ ਤੋਂ ਉਲਟ ਸੋਚ ਵਾਲਿਆਂ ਨੂੰ ਕੁੱਟ-ਕੁੱਟ ਮਾਰ ਦਿੰਦੇ ਹਨ ਗਊ ਰੱਖਿਆ ਦੇ ਨਾਮ ਉਤੇ, ਤੇ ਸਰਕਾਰ ਦੀ ਪੁਲਿਸ, ਪ੍ਰਸ਼ਾਸਨ ਚੁੱਪ ਖੜ੍ਹੀ ਤਮਾਸ਼ਾ ਦੇਖਦਾ ਹੈ। ਕੁਝ ਲੋਕ ਇੱਕਠੇ ਹੁੰਦੇ ਹਨ, ਭੀੜ ਬਣਦੀ ਹੈ ਲਵ-ਜਹਾਦ ਦੇ ਨਾਮ ਉਤੇ ਮੁਸਲਿਮ ਪ੍ਰੇਮੀਆਂ ਦੀ ਸ਼ਰੇਆਮ ਭੁਗਤ ਸੁਆਰੀ ਜਾਂਦੀ ਹੈ, ਸਰਕਾਰ ਦੀ ਪੁਲਿਸ ਤਮਾਸ਼ਾ ਵੇਖਦੀ ਰਹਿੰਦੀ ਹੈ।
ਛੋਟੇ-ਛੋਟੇ ਲੋਕਾਂ ਲਈ ਵੱਡਾ-ਵੱਡਾ ਕੰਮ ਕਰਕੇ ਨੋਟ ਬੰਦੀ ਵੇਲੇ ਲੱਖਾਂ ਲੋਕਾਂ ਦੇ ਰੁਜ਼ਗਾਰ ਖੁਹਾ ਦਿੱਤੇ, ਮੂੰਹੋਂ ਬੁਰਕੀ ਖੋਹ ਲਈ, ਇਹ ਕੋਈ ਛੋਟਾ ਕੰਮ ਸੀ? ਮੋਦੀ ਜੀ ਦੀ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਗਾਵਾਂ-ਮੱਝਾਂ ਦੀ ਵਿਕਰੀ ‘ਤੇ ਰੋਕ ਲਗਾ ਦਿਤੀ ਹੈ, ਛੋਟੇ-ਛੋਟੇ ਲੋਕਾਂ ਨੂੰ ਮਾਸ ਖਾਣ ਤੋਂ ਰੋਕਕੇ ਉਹਨਾ ਕੋਈ ਛੋਟਾ ਕੰਮ ਕੀਤਾ ਹੈ? ਬੋਲਣ ਲਿਖਣ ਦੀ ਅਜ਼ਾਦੀ ਬੰਦ। ਫਿਰਨ-ਤੁਰਨ ਦੀ ਅਜ਼ਾਦੀ ਖਤਮ। ਖਾਣ-ਪੀਣ ਦੀ ਅਜ਼ਾਦੀ ਉਤੇ ਬੰਦਸ਼।
ਬਥੇਰੀ ਮਹਿੰਗਾਈ ਵਧਾ ਲਈ, ਲੋਕਾਂ ਦੇ ਢਿੱਡ ਸੁੰਗੜ ਗਏ। ਬਥੇਰੀ ਬੇਰੁਜ਼ਗਾਰੀ ਵਧਾ ਦਿਤੀ, ਲੋਕੀਂ ਘਰ ਬੈਠੇ ਮੱਖੀਆਂ ਮਾਰਨ ਲੱਗ ਪਏ।ਬਥੇਰੀ ਮਿਲਾਵਟਖੋਰੀ ਵਧਾ ਦਿਤੀ, ਛੋਟੇ-ਛੋਟੇ ਲੋਕ ਖਰੀ ਜ਼ਹਿਰ ਲਈ ਤਰਸਣ ਲੱਗ ਪਏ। ਹਰ ਥਾਂ ਫੁੰਕਾਰੇ, ਹਰ ਥਾਂ ਚੌੜੀ ਛਾਤੀ, ਹਰ ਥਾਂ ਮਜ਼ਮੇਬਾਜੀ। ਇਸ ਤੋਂ ਬਿਨ੍ਹਾਂ ਛੋਟੇ-ਛੋਟੇ ਲੋਕਾਂ ਲਈ ਘਰੀਂ ਦੁਬਕਣ ਤੋਂ ਬਿਨ੍ਹਾਂ ਬਚਿਆ ਹੀ ਕੁਝ ਨਹੀਂ ਭਾਈਂ, ਤਦੇ ਤਾਂ ਇਹਨਾ ਆਮ ਲੋਕਾਂ ਦੀ ਅਵਾਜ਼ ਕਹਿੰਦੀ ਹੈ, “ਕਿੰਝ ਖਲੋਵਾਂ ਗਜ਼ਨੀ ਅਤੇ ਤੈਮੂਰੀ ਨਾਲ“ ਜਿਹਦੇ ਰਾਜ ਵਿੱਚ ਲੋਕਾਂ ਦਾ ਸਾਹ ਘੁਟਦਾ ਹੈ।
ਮੰਗਿਆਂ ਪਈ ਨਾ ਖੈਰ
ਖ਼ਬਰ ਹੈ ਕਿ ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਜਿਸ ਦੀ ਖੁਸ਼ਹਾਲੀ ਤੇ ਹਰਿਆਲੀ ਦੀਆਂ ਕਦੇ ਚਰਚਾਵਾਂ ਹੁੰਦੀਆਂ ਸਨ, ਪਰ ਮਨੁੱਖ ਨੇ ਆਪਣੀ ਸੌੜੀ ਸੋਚ ਕਾਰਨ ਪੰਜਾਬ ਦੀ ਹਰੀ-ਭਰੀ ਧਰਤੀ ਨੂੰ ਕਈ ਤਰ੍ਹਾਂ ਦੀਆਂ ਕੁਦਰਤ ਨਾਲ ਛੇੜ-ਛਾੜ ਕਰਕੇ ਜਿਥੇ ਵਾਤਾਵਰਨ ਨੂੰ ਗੰਧਲਾ ਕੀਤਾ ਹੈ, ਉਥੇ ਪਾਣੀ ਨੂੰ ਵੀ ਧਰਤੀ ‘ਚੋਂ ਕੱਢ-ਕੱਢ ਕੇ ਧਰਤੀ ਨੂੰ ਮਾਰੂਥਲ ਹੋਣ ਕੰਢੇ ਪਹੁੰਚਾ ਦਿਤਾ ਹੈ। ਕੇਂਦਰੀ ਭੂ ਜਲ ਬੋਰਡ ਵਲੋਂ ਸੂਬੇ ਦੇ 141 ਬਲਾਕਾਂ ‘ਚੋਂ 110 ਨੂੰ ਡਾਰਕ ਜ਼ੋਨ ਵਜੋਂ ਐਲਾਨਿਆ ਗਿਆ ਹੈ ਅਤੇ ਪੰਜਾਬ ਦੇ 18 ਬਲਾਕਾਂ ਵਿੱਚ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿਤੀ ਹੈ। ਪੰਜਾਬ ਇਸ ਵੇਲੇ ਧਰਤੀ ਦੀ ਤੀਸਰੀ ਪਰਤ ਜੋ ਕਿ 350 ਫੁਟ ਤੋਂ ਵੱਧ ਡੂੰਘੀ ਹੈ ਵਰਤ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਖਾਲੀ ਹੋ ਸਕਦੀ ਹੈ?
ਪੰਜਾਬ ਦੀ ਧਰਤੀ ਦੀ ਪਾਣੀ ਦੀ ਪਰਤ ਕੀ ਖਾਲੀ ਹੋਣੀ ਹੈ, ਹੁਣ ਤਾਂ ਭਾਈ-ਬੰਦੋ ਪੰਜਾਬ ਹੀ ਖ਼ਾਲੀ ਹੁੰਦਾ ਜਾ ਰਿਹਾ। ਸੋਹਣੇ ਪੰਜਾਬ ਦੇ ਇੱਕ ਚੌਥਾਈ ਲੋਕ ਵਿਦੇਸ਼ਾਂ ‘ਚ ਜਾ ਲੁਕੇ ਆ, ਅਤੇ ਇੰਨੇ ਹੀ ਜੇਬਾਂ ‘ਚ ਪਾਸਪੋਰਟ ਪਾ “ਪਹਿਲੀ ਫਲਾਈਟ“ ਲੈ ਕੇ ਪੰਜਾਬੋਂ ਉਡਾਰੀ ਮਾਰਨ ਦੀ ਝਾਕ ਵਿੱਚ ਹਨ। ਜਾਣ ਵੀ ਕਿਉਂ ਨਾ? ਪੰਜਾਬ ‘ਚ ਸੁਪਨੇ ਰੁਲ ਰਹੇ ਆ। ਪੰਜਾਬ ‘ਚ ਲੋਕਾਂ ਦਾ ਦਮ ਘੁੱਟਣ ਲੱਗਾ ਹੋਇਆ। ਅੰਨ-ਦਾਤੇ ਪ੍ਰੇਸ਼ਾਨ ਹਨ, ਖੁਦਕੁਸ਼ੀ ਕਰਨ ਦੇ ਰਾਹ ਪੈ ਗਏ। ਨੌਜਵਾਨ ਪ੍ਰੇਸ਼ਾਨ ਹਨ, ਨਸ਼ਿਆ ਦੇ ਰਾਹ ਪੈ ਗਏ। ਰਹਿੰਦੇ ਖੂੰਹਦੇ ਲੁੱਟਾਂ-ਖੋਹਾਂ ਕਰਨ ਲਈ ਨੇਤਾਵਾਂ ਦੀ ਸਰਪ੍ਰਸਤੀ ‘ਚ ਬੈਠ ਗਏ! ਪੰਜਾਬ ਵਿਚੋਂ ਪਾਣੀ ਘੱਟ ਰਿਹਾ। ਪੰਜਾਬ ‘ਚੋਂ ਪੁਸਤਕ ਲੁਪਤ ਹੋ ਗਈ। ਪੰਜਾਬ ‘ਚੋਂ ਵਿਚਾਰ-ਪ੍ਰਵਾਹ ਗੁੰਮ ਹੋ ਰਿਹਾ। ਪੰਜਾਬ ‘ਚੋਂ ਲੜਕੀਆਂ ਭਰੂਣ-ਹੱਤਿਆ ਦੀ ਭੇਟ ਚੜ੍ਹ ਰਹੀਆਂ। ਸਾਡੇ ਨੇਤਾ ਕਿਥੇ ਆ? ਸਾਡੇ ਸਮਾਜ ਸਧਾਰਕ, ਧਾਰਮਿਕ ਪੁਰਸ਼ ਕਿਥੇ ਆ? ਸਾਡੇ ਬੁੱਧੀ ਜੀਵੀ ਕਿਥੇ ਆ, ਜਿਹੜੇ ਮੂੰਹ ‘ਚ ਘੁੰਗਣੀਆਂ ਪਾ ਆਪਣੇ ਹੀ ਘੁਰਣਿਆਂ ‘ਚ ਵੜੇ ਅਨੰਦ ਮਾਣ ਰਹੇ ਆ? ਐਧਰ ਆਪਣੇ ਕੈਪਟਨ, ਮੋਦੀ ‘ਤੋਂ ਨਹਿਰ ਦਾ ਪਾਣੀ ਮੰਗਣ ਗਏ, ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਮੰਗਣ ਗਏ, ਪੰਜਾਬ ਲਈ ਵਿਸ਼ੇਸ਼ ਪੈਕੇਜ਼ ਮੰਗਣ ਗਏ, ਅਤੇ ਸਭ ਤੋਂ ਵੱਧ ਪੰਜਾਬ ਲਈ ਅਮਨ-ਸ਼ਾਂਤੀ ਮੰਗਣ ਗਏ ਪਰ “ਮੰਗਿਆਂ ਪਈ ਨਾ ਖੈਰ“ ਕਿਉਂਕਿ ਮੋਦੀ ਜੀ ਕਿਹੜਾ ਵਿਹਲੇ ਆ ਜਿਹੜੇ ਹਿੰਦੋਸਤਾਨ ਦੇ ਅੰਨ-ਦਾਤੇ ਪੰਜਾਬ ਦੀਆਂ ਤਕਲੀਫਾਂ ਸੁਣ ਸਕਣ? ਉਹਨਾ ਦਾ ਦਰਦ ਦੇਖ ਸਕਣ? ਉਹਨਾ ਤਾਂ ਉਦੋਂ ਵੀ ਪੰਜਾਬ ਦਾ ਹਾਲ ਨਾ ਜਾਣਿਆ, ਜਦੋਂ ਉਹਦੇ ਆਪਣੇ ਰਾਜ ਕਰਦੇ ਸਨ ਬਾਦਲ ਭਾਈ। ਮੋਦੀ ਜੀ ਮਾਰੀਸ਼ਸ ਦੇਸ਼ ਗਏ ਆ, ਜਿਥੇ ਉਹਨਾ 50 ਹਜ਼ਾਰ ਡਾਲਰ ਦੀ ਉਹਨਾ ਨੂੰ ਸਹਾਇਤਾ ਦਿਤੀ ਆ। ਪੰਜਾਬ ਪਵੇ ਢੱਠੇ ਖੂਹ ‘ਚ, ਉਹਦੀਆਂ ਤਾਂ ਤੇਰਾ ਵੋਟਾਂ ਆ, ਪੂਰੇ ਲੋਕ ਸਭਾ ‘ਚ ਨਾ ਮਿਲਣਗੀਆਂ ਤਾਂ ਨਾ ਸਹੀ। ਯੁੱਗ ਹੀ ਇਹੋ ਅਜਿਹਾ ਆ, ਇਥੇ ਮੰਗਿਆਂ ਖੈਰ ਨਹੀਂ ਮਿਲਦੀ, ਖੈਰ ਵੀ ਜਬਰਦਸਤੀ ਲੈਣੀ ਪੈਂਦੀ ਆ।
ਮੈਂ ਕੀ ਨਹੀਂ ਕੀਤਾ ਤੇਰੇ ਲਈ?
ਖ਼ਬਰ ਹੈ ਕਿ ਜਨਤਾ ਦਲ (ਯੂ.ਪੀ) ਦੇ ਮੁਖੀ ਅਤੇ ਬਿਹਾਰ ਦੇ ਮੁਖਮੰਤਰੀ ਨਿਤੀਸ਼ ਕੁਮਾਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਦੇ ਸਨਮਾਨ ਵਿਚ ਦਿਤੇ ਦੁਪਹਿਰ ਦੇ ਖਾਣੇ ਵਿਚ ਸ਼ਾਮਲ ਹੋਏ। ਸ੍ਰੀ ਕੁਮਾਰ ਕੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਖਾਣੇ ‘ਤੇ ਸੱਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਸਨ। ਖਾਣੇ ਤੋਂ ਬਾਅਦ ਮੋਦੀ ਅਤੇ ਨਿਤੀਸ਼ ਕੁਮਾਰ ਨੇ ਇੱਕਲਿਆਂ ਗੱਲਬਾਤ ਕੀਤੀ। ਯਾਦ ਰਹੇ ਕਿ ਬਿਹਾਰ ਵਿਚ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਦੀਆਂ ਪਾਰਟੀਆਂ ਦੀ ਸਾਂਝੀ ਸਰਕਾਰ ਹੈ। ਅਤੇ ਮੋਦੀ ਲਾਲੂ ਪ੍ਰਸ਼ਾਦ ਨੂੰ ਟਿਕਾਣੇ ਲਾਉਣ ਲਈ ਉਹਨਾ ਦੇ ਪਰਿਵਾਰ ਤੇ ਛਾਪੇ ਮਰਵਾ ਰਹੇ ਹਨ।
ਜਦੋਂ ਲੋੜ ਸੀ ਨਾ ਨਿਤੀਸ਼ ਨੂੰ ਮੁੱਖਮੰਤਰੀ ਬਨਣ ਲਈ, ਉਹਨੂੰ ਲਾਲੂ ਪ੍ਰਸ਼ਾਦ ਦਾ ਚਾਰਾ ਘੁਟਾਲਾ ਵੀ ਭੁੱਲ ਗਿਆ ਅਤੇ ਉਹਦੇ ਪ੍ਰੀਵਾਰ ਵਲੋਂ ਇਕੱਠੀ ਕੀਤੀ ਬੇਨਾਮੀ ਜਾਇਦਾਦ ਵੱਲ ਵੀ ਉਸ ਕਦੇ ਟੇਢੀ ਅੱਖ ਨਾਲ ਨਾ ਵੇਖਿਆ। ਉਲਟਾ ਉਸਨੇ ਤਾਂ ਲਾਲੂ ਦੇ ਬੱਚਿਆਂ ਨੂੰ ਮੰਤਰੀ ਮੰਡਲ ‘ਚ ਉਚੇਰੀ ਥਾਂ ਦੇ ਲਈ! ਪਰ ਹੁਣ ਜਦੋਂ ਨਿਤੀਸ਼ ਨੂੰ ਜਾਪਦੈ, ਲਾਲੂ ਦੇ ਬੱਚੇ ਉਹਦੀ ਪ੍ਰਵਾਹ ਹੀ ਨਹੀਂ ਕਰਦੇ ਤਾਂ ਉਸ ਲਾਲੂ ਦੇ ਕੰਨ ਮਰੋੜਨ ਦੀ ਸੋਚ ਲਈ ਤੇ ਜਾ ਮਿਲਿਆ ਆਪਣੇ ਵੱਡੇ ਦੁਸ਼ਮਣ ਨੂੰ ਜੱਫੀ ਪਾਕੇ!
ਭਾਈ ਸਿਆਸਤ ਵਿੱਚ ਸਭ ਚਲਦਾ! ਇਥੇ ਨਾ ਕੋਈ ਵੈਰੀ, ਨਾ ਕੋਈ ਮਿੱਤਰ। ਇਥੇ ਤਾਂ ਕੁਰਸੀ, ਤੇ ਕੁਰਸੀ ਚਲਦੀ ਆ। ਇਥੇ ਤਾਂ ਪੈਸੇ ਤੇ ਪੈਸਾ ਚਲਦਾ ਆ। ਇਥੇ ਤਾਂ ਆਪਣਿਆਂ ਦੀ ਮੜੀ ਉਸਾਰਕੇ, ਉਥੇ ਬੈਠ ਆਪਣੇ ਸੋਹਲੇ ਗੁਆਏ ਜਾਂਦੇ ਆ। ਤਦੇ ਭਾਈ ਜਦੋਂ ਲਾਲੂ ਮੁਸੀਬਤ ‘ਚ ਆ ਤਾਂ ਨਿਤੀਸ਼ ਉਹਦੇ ਵੱਲ ਵੇਖਦਾ ਹੀ ਨਹੀਂ ਤੇ ਲਾਲੂ ਵਿਚਾਰਾ ਨਿਹੌਰੇ ਮਾਰ ਹੁਣ ਇਹੋ ਆਖਣ ਜੋਗਾ ਰਹਿ ਗਿਆ, “ਮੈਂ ਕੀ ਨਹੀਂ ਕੀਤਾ ਤੇਰੇ ਲਈ“?
ਏਥੇ ਤਾਂ ਜ਼ਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ
ਖ਼ਬਰ ਹੈ ਕਿ ਪਾਕਿਸਤਾਨ ਨੇ ਰੇਸ਼ਮੀ ਸਲਵਾਰ ਲਈ ਭਾਰਤ ਤੋਂ ਧਾਗਾ ਮੰਗਿਆ ਹੈ। ਭਾਰਤ ਨੇ ਪਾਕਿਕਸਤਾਨ ਨੂੰ ਰੇਸ਼ਮ ਦਾ ਧਾਗਾ ਭੇਜ ਦਿਤਾ ਹੈ। ਇਸ ਸਬੰਧੀ ਦੋਹਾਂ ਦੇਸ਼ਾਂ ਵਿਚ ਇਕਰਾਰ 2016-17 ਦੇ ਦੌਰਾਨ ਹੋਇਆ ਸੀ ਹਾਲਾਂਕਿ 2017-18 ਦੇ ਵਿਚ ਹੁਣ ਤੱਕ ਪਾਕਿਸਤਾਨ ਵਿਪਾਰੀਆਂ ਨਾਲ ਭਾਰਤੀ ਵਿਪਾਰੀਆਂ ਦੇ ਨਵੇਂ ਇਕਰਾਰ ਬੰਦ ਹਨ। ਬਾਰਡਰ ਉਤੇ ਵਿਉਪਾਰ ਸਿਸਕ ਰਿਹਾ ਹੈ। ਰੇਲ ਵਿਉਪਾਰ ਬੰਦ ਹੈ। ਸੜਕ ਰਾਹੀਂ ਹੋ ਰਿਹਾ ਵਿਉਪਾਰ ਹੁਣ ਸੀਮਿੰਟ, ਪੱਥਰ, ਮੁਰਗੀ ਦਾਣੇ ਅਤੇ ਰੇਸ਼ਮੀ ਧਾਗੇ ਤੱਕ ਸਿਮਟ ਗਿਆ ਹੈ।
ਅਸੀਂ ਤਾਂ ਭਾਂਈ ਬੂਹੇ ਢੋਅ ਲਏ ਨੇ ਆਪਣੇ ਆਪਣੇ, ਪਰ ਜਿਹਨਾ ਦੇ ਘਰ ਕੱਖਾਂ ਦੇ ਨੇ, ਉਹ ਕੀ ਢੋਣਗੇ ਬਾਬਾ ਜੀ? ਵੇਖੋ ਨਾ ਗਰੀਬ-ਅਮੀਰ ਦਾ ਫ਼ਰਕ ਲੋਹੇ ਵਰਗੀ ਗੱਲ ਆ। ਇਸ ਹਕੀਕਤ ਨੂੰ ਲੁਕਾਉਣ ਲਈ ਤਾਂ ਨਾ ਮਜਹਬੀ ਪਰਦੇ ਕੰਮ ਆਉਂਦੇ ਨੇ, ਨਾ ਹੀ ਸਮਾਜੀ ਟਾਂਕੇ। ਹੁਣ ਤਾਂ ਉਹ ਵੇਲੇ ਵੀ ਦੂਰ ਹੋ ਗਏ ਹਨ, ਜਦੋਂ ਦੋਵੇ ਦੇਸ਼ ਇਕੋ ਥਾਂ ਸਨ। ਸਾਹਾਂ ‘ਚ ਸਾਹ ਸੀ। ਬਾਹਾਂ ‘ਚ ਬਾਹਾਂ ਸਨ। ਇੱਕ ਰੋਂਦਾ, ਦੂਜਾ ਧਾਹੀਂ ਰੋਂਦਾ। ਇਕ ਹੱਸਦਾ, ਦੂਜਾ ਠਹਾਕੇ ਲਗਾਉਂਦਾ। ਹੁਣ ਤਾਂ ਭੱਜਦੀਆਂ ਬਾਹਵਾਂ ਵੀ ਗਲ ਨੂੰ ਨਹੀਂ ਆਉਂਦੀਆਂ। ਉਧਰ ਦੂਰ ਦੁਰੇਡੇ ਪੰਜਾਬੀ ਫੱਤਾ ਬੈਠਾ, ਇਧਰ ਦੂਰ ਦੁਰਾਡੇ ਭਾਈ ਬਿਸ਼ਨ ਸਿਹੁੰ! ਤਾਂਘ ਦੋਹਾਂ ਦੇ ਮਨ ‘ਚ ਆ, ਪਿਆਰ ਦੋਹਾਂ ਦੇ ਦਿਲ ‘ਚ ਆ। ਪਰ ਅੜਿੱਕਾ ਤਾਂ ਹਾਕਮ ਨੇ। ਜਿਹਨਾਸੰਤਾਲੀ ‘ਚ ਪਹਿਲਾਂ ਲਹੂ ਪੀਤਾ। ਫਿਰ 65 ਤੇ 71 ‘ਚ ਜੰਗ ਲਗਾਈ ਤੇ ਹੁਣ ਨਿੱਤ ਠੂੰਹ-ਠਾਹ ਲੋਕਾਂ ਦੇ ਦਿਲੀਂ ਚੀਰਾ ਪਾਉਂਦੀ ਆ। ਇਹ ਵਿਉਪਾਰ ਤਾਂ ਭਾਈ ਬਹਾਨਾ ਆ। ਅਸਲ ‘ਚ ਤਾਂ ਦੋਵੇਂ ਪਾਸੇ ਬਾਬੇ ਨਜ਼ਮੀ ਦੀ ਕਵਿਤਾ ਦੋਵੇਂ ਯਾਦ ਕਰਦੇ ਨੇ, “ ਸ਼ੱਕਰ ਨਾਲੋਂ ਮਿੱਠੀ ਤੇਰੀ ਧਰਤੀ ਦੀ? ਸੂਲਾਂ ਵਾਂਗੂੰ ਚੁਭਿਆ ਮੈਨੂੰ ਚੌਕੀਦਾਰ ਮਦੀਨੇ ਦਾ। ਸੱਭੇ ਸੋਚਾਂ, ਸੱਭੇ ਸੱਧਰਾਂ ਵੇਖਕੇ ਮਿੱਟੀ ਹੋਈਆਂ ਨੇ, ਏਥੇ ਵੀ ਜ਼ਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ“।
ਨਹੀਂ ਰੀਸਾਂ ਦੇ ਮਹਾਨ ਦੀਆਂ
ਦਸੰਬਰ 2014 ਤੱਕ ਸਾਡੇ ਦੇਸ਼ ਦੀਆਂ ਅਦਾਲਤਾਂ ਵਿੱਚ ਤਿੰਨ ਕਰੋੜ ਮੁੱਕਦਮੇ ਲੰਬਿਤ ਪਏ ਹਨ, ਜਿਹਨਾ ਤੋਂ 80 ਫੀਸਦੀ ਤੋਂ ਜ਼ਿਆਦਾ ਮਾਮਲੇ ਜਿਲਾ ਅਤੇ ਹੋਰ ਹੇਠਲੀਆਂ ਅਦਾਲਤਾਂ ਵਿਚ ਹਨ। ਇਹਨਾ ਅਦਾਲਤਾਂ ਵਿਚ ਲਗਭਗ ਪੰਜ ਹਜ਼ਾਰ ਜੱਜਾਂ ਦੀ ਅਸਾਮੀ (23%) ਖਾਲੀ ਸਨ। ਸਾਡੇ ਦੇਸ਼ ਵਿਚ ਕੋਈ ਵੀ ਮਾਮਲਾ 3.17 ਸਾਲਾਂ ਵਿਚ ਅਦਾਲਤਾਂ ‘ਚ ਲੰਬਿਤ ਰਹਿੰਦਾ ਹੈ, ਜਦਕਿ ਗੁਜਰਾਤ ਵਿਚ ਮਾਮਲੇ ਲੰਬਿਤ ਰਹਿਣ ਦਾ ਸਮਾਂ 5.12 ਸਾਲ ਹੈ।
ਇੱਕ ਵਿਚਾਰ
ਤਾਕਤ ਅਤੇ ਆਤਮਨਿਰਭਰਤਾ ਨਾਲ ਅਜ਼ਾਦੀ ਦਾ ਜਨਮ ਹੁੰਦਾ ਹੈ...... ਲੀਸਾ ਮੁਕਰਾਵਸਕੀ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.