ਫੌਜ ਵੱਲੋਂ ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3 ਜੂਨ '84 ਨੂੰ ਵੀ ਆਈਆਂ। ਜਿਨ•ਾਂ 'ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ। 3 ਜੂਨ ਸ਼ਾਮ ਨੂੰ ਕਰਫਿਉ ਲੱਗ ਗਿਆ ਜਿਸ ਕਰਕੇ ਸਾਰੀਆਂ ਸੰਗਤਾਂ ਇੱਥੇ ਹੀ ਘਿਰ ਗਈਆਂ। ਇਸ ਗੱਲ ਦਾ ਫੌਜ, ਖੂਫ਼ੀਆ ਏਜੰਸੀਆਂ ਤੇ ਸਰਕਾਰ ਸਮੇਤ ਸਭ ਨੂੰ ਇਲਮ ਸੀ ਕਿ ਇਸ ਦਿਨ ਕੀਤੇ ਗਏ ਫੌਜੀ ਹਮਲੇ ਵਿੱਚ ਹਜ਼ਾਰਾਂ ਬੇਗੁਨਾਹ ਬੱਚੇ, ਬੁੱਢੇ ਤੇ ਔਰਤਾਂ ਮਾਰੇ ਜਾ ਸਕਦੇ ਹਨ। ਇਸ ਦੇ ਬਾਵਜੂਦ ਵੀ ਇਹ ਦਿਨ ਹੀ ਕਿਉਂ ਚੁਣਿਆ ਗਿਆ। ਸਰਕਾਰ ਵੱਲੋਂ ਜਾਰੀ ਕੀਤੇ ਗਏ ਵਾਈਟ ਪੇਪਰ ਵਿੱਚ ਵੀ ਇਸ ਗੱਲ ਦੀ ਕੋਈ ਵਜ਼ਾਹਤ ਨਜ਼ਰ ਨਹੀਂ ਆਉਂਦੀ।
ਫੌਜੀ ਹੱਲੇ ਦੇ ਮੁਰ•ੈਲੀ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਆਪਦੇ ਵੱਲੋਂ ਲਿਖੀ ਗਈ ਕਿਤਾਬ 'ਓਪਰੇਸ਼ਨ ਬਲੂ ਸਟਾਰ ਅਸਲ ਕਹਾਣੀ' ਦੇ ਮੁੱਢ ਵਿੱਚ ਸਫ਼ਾ 17 'ਤੇ ਦੱਸਦਾ ਹੈ ਕਿ ਇਸ ਗੱਲ ਦਾ ਮੈਂ ਅਗਾਂਹ ਜਾ ਕੇ ਜਵਾਬ ਦੇਵਾਂਗਾ ਕਿ ਇਹ ਦਿਨ ਹੀ ਕਿਉਂ ਚੁਣਿਆ ਗਿਆ। ਅਗਾਂਹ ਜਾ ਕੇ ਜਿਹੜਾ ਉਹਨੇ ਜਵਾਬ ਦਿੱਤਾ ਹੈ ਉਹ ਕੱਚੀ ਕਉਡੀ ਵਰਗਾ ਵੀ ਨਹੀਂ। ਸਫ਼ਾ 81 'ਤੇ ਉਹ ਇਸ ਜਵਾਬ ਦਿੰਦਾ ਹੋਇਆ ਲਿਖਦਾ ਹੈ ਕਿ 'ਬਲੂ ਸਟਾਰ ਕਾਰਵਾਈ ਤੋਂ ਪਿੱਛੋਂ ਹੋਈ ਚਰਚਾ ਦੌਰਾਨ ਇਸ ਦੇ ਜਿਹੜੇ ਪੱਖ ਉੱਤੇ ਸਭ ਤੋਂ ਜ਼ਿਆਦਾ ਬਹਿਸ ਹੋਈ ਉਹ ਇਸ ਨੂੰ ਆਰੰਭ ਕਰਨ ਦੀ ਤਾਰੀਖ ਹੈ। ਸਰਕਾਰ ਨੂੰ ਉਸ ਦੇ ਇਸ ਫੈਸਲੇ ਵਾਸਤੇ ਦੋਸ਼ੀ ਠਹਿਰਾਇਆ ਗਿਆ ਹੈ ਕਿ ਉਸਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਮੌਕੇ ਸੈਨਾ ਨੂੰ ਹਰਮਿੰਦਰ ਸਾਹਿਬ ਅੰਦਰ ਭੇਜਣ ਦਾ ਹੁਕਮ ਦਿੱਤਾ ਜਿਸ ਦੇ ਫਲਸਰੂਪ ਸ਼ਰਧਾਲੂਆਂ ਦੀ ਬਹੁਤ ਵੱਡੀ ਗਿਣਤੀ ਅੰਦਰ ਫਸ ਗਈ ਅਤੇ ਉਹਨਾਂ ਵਿੱਚੋਂ ਕਈਆਂ ਦੀਆਂ ਕਾਰਵਾਈ ਦੌਰਾਨ ਜਾਨਾਂ ਗਈਆਂ। ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਮੈਂ ਜ਼ੋਰਦਾਰ ਢੰਗ ਨਾਲ ਮਹਿਸੂਸ ਕਰਦਾ ਹਾਂ ਕਿ ਇਹ ਇਲਜ਼ਾਮ ਸਰਾਸਰ ਅਕਾਲੀ ਆਗੂਆਂ ਉੱਤੇ ਲਗਦਾ ਹੈ ਜਿਨ•ਾਂ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ 3 ਜੂਨ ਨੂੰ ਰਾਜ ਵਿਆਪੀ ਮੋਰਚਾ ਲਾਉਣ ਦਾ ਐਲਾਨ ਕੀਤਾ। ਜਿਸ ਵੇਲੇ ਪੰਜਾਬ ਵਿੱਚ ਹਿੰਸਾ ਤੇ ਲਾਕਾਨੂਨੀ ਸਹਿਣਯੋਗ ਹੱਦਾਂ-ਬੰਨੇ ਟੱਪ ਗਈ ਸੀ ਅਤੇ ਵਖਵਾਦੀ ਸਰਗਰਮੀਆਂ ਆਪਣੀ ਸਿਖਰ ਉਤੇ ਸਨ, ਲੌਂਗੋਵਾਲ ਵੱਲੋਂ ਐਲਾਨੇ ਮੋਰਚੇ ਨੇ ਮਾਮਲੇ ਦੀ ਗੰਭੀਰਤਾ ਵਿੱਚ ਹੋਰ ਵਾਧਾ ਹੀ ਕੀਤਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਲਈ ਹੋਰ ਕੋਈ ਚਾਰਾ ਨਾ ਰਹਿਣ ਦਿੱਤਾ। ਅਕਾਲੀਆਂ ਨੂੰ ਇਸ ਗੱਲ ਵਾਸਤੇ ਪ੍ਰੇਰਿਆ ਕਿਉਂ ਨਾ ਜਾ ਸਕਿਆ ਕਿ ਉਹ ਆਪਣਾ ਮੋਰਚਾ ਕੁਝ ਦਿਨ ਬਾਦ ਵਿੱਚ ਲਾ ਲੈਣ?'
ਬਰਾੜ ਆਪਣੇ ਇਸ ਜਵਾਬ ਵਿੱਚ ਇਹ ਦੱਸਦਾ ਹੈ ਕਿ ਕਿਉਂਕਿ ਅਕਾਲੀਆਂ ਨੇ 3 ਜੂਨ ਨੂੰ ਰਾਜ ਵਿਆਪੀ ਮੋਰਚਾ ਲਾਉਣ ਦਾ ਐਲਾਨ ਕੀਤਾ। ਇੱਥੇ ਉਹ ਮੋਰਚੇ ਦੀ ਕਿਸਮ ਦੱਸਣੀ ਭੁੱਲਿਆ ਨਹੀਂ ਬਲਕਿ ਚਲਾਕੀ ਨਾਲ ਲਕੋ ਗਿਆ ਹੈ। ਅਕਾਲੀ ਦਲ ਦਾ ਧਰਮ ਯੁੱਧ ਮੋਰਚਾ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਇਸ ਵਿੱਚ ਉਹਨੇ ਇੱਕ ਨਵਾਂ ਐਕਸ਼ਨ ਐਲਾਨਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 3 ਜੂਨ ਨੂੰ ਉਹ ਪੰਜਾਬ ਵਿੱਚੋਂ ਬਾਹਰਲੇ ਸੂਬਿਆਂ ਨੂੰ ਭੇਜੇ ਜਾ ਰਹੇ ਅਨਾਜ ਦੀ ਸਪਲਾਈ ਨੂੰ ਰੋਕਣਗੇ। ਪੰਜਾਬ ਵਿੱਚੋਂ ਅਨਾਜ ਦੀ ਸਪਲਾਈ ਕੁਝ ਦਿਨਾਂ ਵਾਸਤੇ ਰੁਕਣ ਨਾਲ ਦੇਸ਼ ਨੂੰ ਕੋਈ ਫੌਰੀ ਆਫ਼ਤ ਨਹੀਂ ਸੀ ਆਉਣ ਲੱਗੀ। ਅਨਾਜ ਦੀ ਸਪਲਾਈ ਰੋਕਣ ਦੀ ਸਵਿੱਚ ਵੀ ਕੋਈ ਦਰਬਾਰ ਸਾਹਿਬ ਵਿੱਚ ਨਹੀਂ ਸੀ ਲੱਗੀ ਹੋਈ ਜੋ ਕਿ ਉੱਥੇ ਜਾ ਕੇ ਹੀ ਕੱਟਣੀ ਪੈਣੀ ਸੀ। ਜਿੱਥੇ-ਜਿੱਥੇ ਅਨਾਜ ਦੀ ਸਪਲਾਈ ਰੋਕੀ ਜਾਂਦੀ ਸਰਕਾਰ ਉੱਥੇ ਤਾਕਤ ਵਰਤ ਸਕਦੀ ਸੀ। ਨਾਲੇ ਸਾਰੇ ਦੇਸ਼ ਵਿੱਚ 6 ਮਹੀਨਿਆਂ ਜੋਗਾ ਅੰਨ ਭੰਡਾਰ ਹਮੇਸ਼ਾਂ ਮੌਜੂਦ ਰਹਿੰਦਾ ਹੈ। ਸੋ ਇਹ ਬਹਾਨਾ ਕਿਸੇ ਵੀ ਤਰੀਕੇ ਨਾਲ ਯੋਗ ਨਹੀਂ ਮੰਨਿਆ ਜਾ ਸਕਦਾ। ਬਰਾੜ ਲਿਖਦਾ ਹੈ ਕਿ ਅਕਾਲੀ ਮੋਰਚੇ ਨੇ ਮਸਲੇ ਦੀ ਗੰਭੀਰਤਾ ਵਿੱਚ ਹੋਰ ਵਾਧਾ ਕੀਤਾ ਹੈ ਅਤੇ ਇੰਦਰਾ ਗਾਂਧੀ ਕੋਲ ਹੋਰ ਕੋਈ ਚਾਰਾ ਨਾ ਰਹਿਣ ਦਿੱਤਾ। ਬਰਾੜ ਨੇ 'ਹੋਰ ਕੋਈ ਚਾਰਾ' ਦਾ ਅਰਥ ਤਾਂ ਨਹੀਂ ਦੱਸਿਆ ਪਰ ਜਦੋਂ ਉਹ 3 ਜੂਨ ਦਾ ਦਿਨ ਚੁਣੇ ਜਾਣ ਦਾ ਜਵਾਬ ਦੇ ਰਿਹਾ ਹੈ ਤਾਂ ਇਹਦਾ ਅਰਥ ਇਹੀ ਸਮਝਿਆ ਜਾ ਸਕਦਾ ਹੈ ਕਿ ਇੰਦਰਾ ਗਾਂਧੀ ਕੋਲ ਫੌਜੀ ਹਮਲੇ ਖ਼ਾਤਰ 3 ਜੂਨ ਦਾ ਦਿਨ ਮੁਕਰਰ ਕਰਨ ਤੋਂ ਬਿਨ•ਾਂ ਹੋਰ ਕੋਈ ਚਾਰਾ ਨਹੀਂ ਸੀ। ਪਾਠਕ ਖ਼ੁਦ ਸਮਝ ਸਕਦੇ ਹਨ ਕਿ ਬਰਾੜ ਵੱਲੋਂ ਕੀਤੀ ਗਈ ਇਹ ਵਜ਼ਾਹਤ ਕਿੰਨੀ ਕੱਚੀ ਪਿੱਲੀ ਹੈ ਕਿਉਂਕਿ ਅਨਾਜ ਦੀ ਸਪਲਾਈ ਰੋਕਣ ਦੀ ਕਾਰਵਾਈ ਦੀ ਤੁਲਨਾ ਦੇਸ਼ 'ਤੇ ਕਿਸੇ ਬਾਹਰੀ ਹਮਲੇ ਦੇ ਖ਼ਤਰੇ ਨਾਲ ਨਹੀਂ ਕੀਤੀ ਜਾ ਸਕਦੀ ਕਿ ਜਿਸ ਖ਼ਾਤਰ ਫੌਜ ਨੂੰ ਐਨਾ ਫੌਰੀ ਐਕਸ਼ਨ ਲੈਣਾ ਪੈਂਦਾ ਕਿ ਕਿਸੇ ਤਰੀਕ-ਤਰੂਕ ਦੀ ਪ੍ਰਵਾਹ ਨਾ ਕੀਤੀ ਜਾਂਦੀ।
ਚਲੋ ਤਰੀਕ ਦੀ ਵੀ ਗੱਲ ਛੱਡੋ ਜੇ ਸਰਕਾਰ ਦੀ ਨਜ਼ਰ ਵਿੱਚ ਆਮ ਲੋਕਾਂ ਨੂੰ ਫੌਜੀ ਹਮਲੇ ਦੀ ਮਾਰ ਹੇਠ ਆਉਣ ਤੋਂ ਬਚਾਉਣ ਦਾ ਮਕਸਦ ਮੂਹਰੇ ਹੁੰਦਾ ਤਾਂ ਸੰਗਤਾਂ ਨੂੰ ਕਰਫਿਊ ਲਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ਹੀਦੀ ਪੁਰਬ ਵਾਲੇ ਦਿਨ ਉੱਥੇ ਇਕੱਠਾ ਹੋਣੋਂ ਰੋਕ ਸਕਦੀ ਸੀ।ਕਰਫਿਊ ਲਗਾਉਣ ਦੀ ਬਜਾਏ ਸੰਗਤਾਂ ਦੇ ਆਉਣ ਵੇਲੇ ਕੋਈ ਕਰਫਿਊ ਨਹੀਂ ਸੀ ਬਲਕਿ ਸੰਗਤਾਂ ਦੇ ਵਾਪਸ ਆਉਣ ਵੇਲੇ ਕਰਫਿਊ ਲਾਇਆ ਗਿਆ। ਸਰਕਾਰ ਕੋਲ ਸੰਗਤਾਂ ਨੂੰ ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਆਉਣੋਂ ਰੋਕਣ ਦੀ ਵਿਉਂਤਬੰਦੀ ਕਰਨ ਦਾ ਪੂਰਾ ਸਮਾਂ ਸੀ। ਕਿਉਂਕਿ ਸਰਕਾਰ ਨੇ ਤਾਂ ਹਮਲੇ ਦਾ ਸਾਰਾ ਟਾਈਮ ਟੇਬਲ ਕਈ ਹਫ਼ਤੇ ਪਹਿਲਾਂ ਹੀ ਬਣਾ ਲਿਆ ਸੀ। ਫੌਜੀ ਕੁਮਕ 29 ਮਈ ਤੋਂ ਹੀ ਅੰਮ੍ਰਿਤਸਰ ਛਾਉਣੀ ਵਿੱਚ ਦੂਰ-ਦਰਾਉਂਡਿਓਂ ਚੱਲ ਕੇ ਆਉਣੀ ਸ਼ੁਰੂ ਹੋ ਗਈ ਸੀ। 9 ਇਨਫੈਟਰੀ ਬ੍ਰਿਗੇਡ ਦੀਆਂ ਕੁਝ ਟੁੱਕੜੀਆਂ 465 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੇਰਠ ਤੋਂ ਅੰਮ੍ਰਿਤਸਰ ਪੁੱਜ ਚੁੱਕੀਆਂ ਸਨ। ਇਹਦਾ ਭਾਵ ਇਹ ਕਿ ਇਹ ਫੌਜ 27 ਮਈ ਨੂੰ ਮੇਰਠੋਂ ਚੱਲੀ ਹੋਵੇਗੀ। ਘੱਟੋ-ਘੱਟ 2 ਦਿਨ ਉਹਨੇ ਤਿਆਰੀ ਵਿੱਚ ਵੀ ਲਾਏ ਹੋਣਗੇ। ਘੱਟੋ ਘੱਟ 1 ਦਿਨ ਪਹਿਲਾਂ ਇਸ ਦਾ ਅਫ਼ਸਰਾ ਨੇ ਫੈਸਲਾ ਲੈ ਲਿਆ ਹੋਵੇਗਾ। ਇਸ ਦਾ ਮਤਲਬ ਇਹ ਬਣਿਆ ਕਿ ਫੌਜੀ ਆਪ੍ਰੇਸ਼ਨ ਦੀ ਸ਼ੁਰੂਆਤ ਘੱਟੋ ਘੱਟ 24 ਮਈ ਨੂੰ ਹੀ ਸ਼ੁਰੂ ਹੋ ਗਈ ਸੀ। ਜੇ 3 ਤੇ 4 ਜੂਨ ਦੀ ਰਾਤ ਨੂੰ ਹੀ ਫੌਜ ਵੱਲੋਂ ਹਮਲਾ ਕੀਤੇ ਜਾਣ ਦੀ ਕੋਈ ਮਜ਼ਬੂਰੀ ਵੀ ਸੀ ਤਾਂ 3 ਜੂਨ ਨੂੰ ਸ਼ਹੀਦੀ ਪੁਰਬ ਦੇ ਮੱਦੇਨਜ਼ਰ ਸੰਗਤਾਂ ਨੂੰ ਉੱਥੇ ਇਕੱਠੀਆਂ ਹੋਣ ਤੋਂ ਰੋਕਣ ਖ਼ਾਤਰ ਕੋਈ ਤਰੀਕਾ ਅਖ਼ਤਿਆਰ ਕਰਨ ਖ਼ਾਤਰ ਸਰਕਾਰ ਕੋਲ ਕਾਫ਼ੀ ਸਮਾਂ ਸੀ। ਬਰਾੜ ਸਣੇ ਕਿਸੇ ਹੋਰ ਨੇ ਵੀ ਸਰਕਾਰੀ ਪੱਧਰ 'ਤੇ ਅਜਿਹਾ ਤਰੀਕਾ ਏ ਕਾਰ ਅਖਤਿਆਰ ਨਾ ਕਰ ਸਕਣ ਦੀ ਕੋਈ ਵਜ਼ਾਹਤ ਨਹੀਂ ਕੀਤੀ ਗਈ।
ਪੰਜਾਬ ਵਿੱਚ ਇਸ ਦੌਰਾਨ 7 ਡਵੀਜ਼ਨ ਫੌਜ ਦੀ ਤਾਇਨਾਤੀ ਕੀਤੀ ਗਈ ਸੀ। ਜੋ ਕਿ ਜ਼ਿਆਦਾਤਰ ਪੰਜਾਬ ਦੇ ਬਾਹਰੋਂ ਢੋਈ ਗਈ। ਇਹ ਸੜਕਾਂ ਰਾਹੀਂ ਹੀ ਆਈ। ਜੋ ਕਿ ਹਰੇਕ ਜਣੇ-ਖਣੇ ਨੂੰ ਨਜ਼ਰ ਪੈਂਦੀ ਸੀ। ਪੰਜਾਬ ਅਤੇ ਦੇਸ਼ ਦੇ ਹੋਰ ਸਾਰੇ ਅਖ਼ਬਾਰਾਂ ਨੇ ਪੰਜਾਬ ਵਿੱਚ ਆ ਰਹੀ ਫੌਜ ਬਾਰੇ ਕੋਈ ਖ਼ਬਰ ਨਸ਼ਰ ਨਹੀਂ ਕੀਤੀ। ਉਨੀ ਦਿਨੀਂ ਤਾਰਾ ਵਾਲੇ ਟੈਲੀਫੋਨ ਵੀ ਟਾਵੇਂ ਟੱਲੇ ਕੀ ਹੁੰਦੇ ਸਨ। ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦਾ। ਕੋਈ ਪ੍ਰਾਈਵੇਟ ਟੀ.ਵੀ. ਚੈਨਲ ਦੀ ਹੋਂਦ ਨਹੀਂ ਸੀ। ਗੈਰ ਸਰਕਾਰੀ ਖ਼ਬਰ ਦਾ ਇੱਕੋ ਇੱਕ ਸਾਧਨ ਅਖ਼ਬਾਰ ਹੀ ਹੁੰਦੇ ਸਨ ਜਿਨ•ਾਂ ਨੇ ਪੰਜਾਬ ਵਿੱਚ ਆ ਰਹੀ ਫੌਜ ਦੀ ਜਾਣਕਾਰੀ ਨੂੰ ਲੋਕਾਂ ਤੋਂ ਜਾਣਬੁੱਝ ਕੇ ਲਕੋ ਕੇ ਰੱਖਿਆ। ਜੇ ਇਸ ਗੱਲ ਦੀ ਜਾਣਕਾਰੀ ਮਿਲ ਜਾਂਦੀ ਤਾਂ ਸ਼ਹੀਦੀ ਪੁਰਬ 'ਤੇ ਸੰਗਤਾਂ ਦਾ ਇਕੱਠ ਬਹੁਤ ਥੋੜ•ਾ ਹੋਣਾ ਸੀ। ਉਸ ਵੇਲੇ ਇੰਡੀਅਨ ਐਕਸਪ੍ਰੈਸ ਅਖ਼ਬਾਰ ਦੇ ਉੱਘੇ ਪੱਤਰਕਾਰ ਰਹੇ ਕੰਵਰ ਸੰਧੂ (ਅੱਜ ਕੱਲ• ਐਮ. ਐਲ. ਏ.) ਨੇ ਆਪਣੀ ਡਾਕੂਮੈਂਟਰੀ ਵਿੱਚ ਦੱਸਿਆ ਹੈ ਕਿ 'ਮੈਂ ਫੌਜ ਦੀ ਆਮਦ ਸਬੰਧੀ 30 ਮਈ ਨੂੰ ਇੱਕ ਖ਼ਬਰ ਆਪਣੇ ਅਖ਼ਬਾਰ ਨੂੰ ਘੱਲੀ ਤੇ ਅਖ਼ਬਾਰ ਦੇ ਦਿੱਲੀ ਵਿਚਲੇ ਹੈਡਕੁਆਟਰ ਨੇ ਖ਼ਬਰ ਇਹ ਕਹਿ ਕੇ ਰੋਕ ਲਈ ਹੈ ਕਿ ਇਸ ਵਿੱਚ ਕੋਈ ਸੱਚਾਈ ਨਹੀਂ। ਸੰਧੂ ਆਖਦੇ ਹਨ ਕਿ ਉਨ•ਾਂ ਨੇ ਦੁਬਾਰਾ 1 ਜੂਨ ਨੂੰ ਦੁਬਾਰਾ ਖ਼ਬਰ ਘੱਲੀ ਤੇ ਦਿੱਲੀ ਹੈਡ ਆਫਿਸ ਨੇ ਇਹ ਕਹਿ ਕੇ ਖ਼ਬਰ ਛਾਪਣੋਂ ਨਾਂਹ ਕਰ ਦਿੱਤੀ ਕਿ ਇਹ ਖ਼ਬਰ ਅਫਵਾਹਾਂ 'ਤੇ ਅਧਾਰਤ ਹੈ। ਸੰਧੂ ਦਾ ਕਹਿਣਾ ਹੈ ਕਿ ਜੇ ਅਜਿਹੀਆਂ ਖ਼ਬਰਾਂ ਛਪ ਜਾਂਦੀਆਂ ਤਾਂ ਕੁਝ ਜਾਨੀ ਨਕਸਾਨ ਹੋਣੋਂ ਬਚ ਸਕਦਾ ਸੀ। ਉਨ•ਾਂ ਕਿਹਾ ਕਿ ਮੈਨੂੰ ਇਹ ਕਹਿਣ ਵਿੱਚ ਕੋਈ ਝਿੱਜਕ ਨਹੀਂ ਕਿ ਪੰਜਾਬ ਦਾ ਅਤੇ ਕੌਮੀ ਮੀਡੀਆ ਇਸ ਦਾ ਨੋਟਿਸ ਲੈਣ ਵਿੱਚ ਨਾਕਾਮ ਰਿਹਾ ਹੈ।' ਸੰਧੂ ਦਾ ਪੰਜਾਬ ਅਤੇ ਕੌਮੀ ਮੀਡੀਆ ਨੂੰ 'ਨਾਕਾਮ' ਕਹਿਣਾ ਅਸਲ 'ਚ ਇਨ•ਾਂ ਦੇ ਕਸੂਰ ਨੂੰ ਘਟਾਉਣਾ ਹੀ ਹੈ। ਨਾਕਾਮ ਲਫ਼ਜ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਕੋਈ ਜਣਾ ਕੋਈ ਕੰਮ ਕਰਨ ਖ਼ਾਤਰ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਹੋਵੇ ਪਰ ਇਸ ਦੇ ਬਾਵਜੂਦ ਕੰਮ ਸਿਰੇ ਨਾ ਚੜ• ਸਕੇ ਤਾਂ ਉਸ ਨੂੰ ਨਾਕਾਮ ਆਖਿਆ ਜਾਂਦਾ ਹੈ। ਪਰ ਜੇ ਕੋਈ ਜਾਣਬੁੱਝ ਕੇ ਕੰਮ ਕਰਨਾ ਹੀ ਨਾ ਚਾਹੇ ਤਾਂ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਨੇ ਇਹ ਕੰਮ ਨਹੀਂ ਕੀਤਾ। ਜਦੋਂ ਇੰਡੀਅਨ ਐਕਸਪ੍ਰੈਸ ਨੇ ਸ੍ਰੀ ਸੰਧੂ ਵੱਲੋਂ ਭੇਜੀਆਂ ਖ਼ਬਰਾਂ ਨਹੀਂ ਛਾਪੀਆਂ ਤਾਂ ਇਸ ਵਿੱਚ ਉਹਦੇ ਅਖ਼ਬਾਰ ਦੀ ਨਾਕਾਮੀ ਨਹੀਂ ਸੀ ਬਲਕਿ ਇਹ ਕਹਿਣਾ ਬੇਈਮਾਨੀ ਸੀ ਤੇਰੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ। ਹਾਲਾਂਕਿ ਸੱਚਾਈ ਤਾਂ ਫੌਜੀ ਲਸ਼ਕਰਾਂ ਦੀ ਸ਼ਕਲ ਵਿੱਚ ਸੜਕਾਂ 'ਤੇ ਤੁਰੀ ਜਾਂਦੀ ਸਭ ਨੂੰ ਦਿੱਸ ਰਹੀ ਸੀ।ਟੈਕਾਂ ਅਤੇ ਤੋਪਾਂ ਲੱਦੀ ਫੌਜ ਦੀਆਂ ਸੈਂਕੜੇ ਗੱਡੀਆਂ ਵਾਲੇ ਕਾਫਲੇ ਅੰਮ੍ਰਿਤਸਰ ਵੱਲ ਮੂੰਹ ਕਰੀ ਜਾ ਰਹੇ ਸਨ। ਇਹ ਕੰਮ ਇੱਕ ਦਿਨ ਵਿੱਚ ਨਹੀਂ ਹੋ ਗਿਆ ਬਲਕਿ ਇਹ 28 ਮਈ ਤੋਂ ਸ਼ੁਰੂ ਹੋ ਕੇ 3 ਜੂਨ ਤੱਕ ਵੀ ਜਾਰੀ ਸੀ। ਜਦ ਐਡਾ ਭਾਰੀ ਕੀੜੀ ਕਟਕ ਭਾਰਤ ਦੇ ਸਭ ਤੋਂ ਉੱਘੇ ਨੈਸ਼ਨਲ ਹਾਈਵੇਅ ਨੰਬਰ ਇੱਕ ਤੋਂ ਲਗਾਤਾਰ ਕਈ ਦਿਨ ਗੁਜਰਦਾ ਰਿਹਾ ਹੋਵੇ ਤੇ ਫਿਰ ਇੰਡੀਅਨ ਐਕਸਪ੍ਰੈਸ ਵਰਗੇ ਜ਼ਿੰਮੇਵਾਰ ਅਖ਼ਬਾਰ ਵੱਲੋਂ ਇਸ ਨੂੰ ਅਫ਼ਵਾਹਾ ਦੇ ਅਧਾਰਤ 'ਤੇ ਦੱਸਣਾ ਤੇ ਫਿਰ ਇੱਕ ਜ਼ਿੰਮੇਵਾਰ ਪੱਤਰਕਾਰ ਵੱਲੋਂ ਅਖ਼ਬਾਰਾਂ ਦੀ ਇਸ ਮੱਕਾਰੀ ਨੂੰ ਨਾਕਾਮੀ ਕਹਿਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਅਖ਼ਬਾਰਾਂ ਵੱਲੋਂ ਫੌਜੀ ਆਮਦ ਦੀਆਂ ਖ਼ਬਰਾਂ ਨਾ ਛਾਪਣ ਪਿੱਛੇ ਭਾਰਤ ਸਰਕਾਰ ਨੂੰ ਦਿੱਤਾ ਜਾ ਰਿਹਾ ਉਹ ਅਣ ਐਲਾਨਿਆ ਸਹਿਯੋਗ ਸੀ ਜਿਸ ਦੀ ਮੰਗ ਭਾਰਤ ਸਰਕਾਰ ਨੇ ਅਖ਼ਬਾਰਾਂ ਤੋਂ ਕੀਤੀ ਸੀ ਤੇ ਉਨ•ਾਂ ਨੇ ਖੁਸ਼ੀ ਖੁਸ਼ੀ ਇਸ 'ਤੇ ਫੁੱਲ ਚੜ•ਾਏ ਸੀ। ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਐਚ.ਕੇ.ਐਲ. ਭਗਤ ਨੇ 1984 ਵਾਲੀ ਮਈ ਦੇ ਸ਼ੁਰੂ 'ਚ ਅਖ਼ਬਾਰਾਂ ਦੇ ਐਡੀਟਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। ਇਨ•ਾਂ ਵਿੱਚ ਦੇਸ਼ ਨੂੰ ਏਕਤਾ ਅਤੇ ਅਖੰਡਤਾ ਵਾਲੇ ਫਰੰਟ 'ਤੇ ਦਰਪੇਸ਼ ਖਤਰੇ ਨਾਲ ਨਿਬੜਨ ਖ਼ਾਤਰ ਅਖ਼ਬਾਰਾਂ ਤੋਂ ਸਹਿਯੋਗ ਮੰਗਿਆ ਸੀ। ਸੋ ਇਸੇ ਸਹਿਯੋਗ ਦਾ ਹੀ ਨਤੀਜਾ ਸੀ ਕਿ ਕੰਵਰ ਸੰਧੂ ਵੱਲੋਂ ਭੇਜੀਆਂ ਖ਼ਬਰਾਂ ਨੂੰ ਇੰਡੀਅਨ ਐਕਸਪ੍ਰੈਸ ਦੇ ਹੈਡਕੁਆਟਰ ਨੇ ਝੂਠੀਆਂ ਕਹਿ ਕੇ ਛਾਪਣੋਂ ਇਨਕਾਰ ਕਰ ਦਿੱਤਾ ਸੀ। ਬਕੌਲ ਕੰਵਰ ਸੰਧੂ ਜੇ ਇਹ ਖ਼ਬਰਾਂ ਛਪ ਜਾਂਦੀਆਂ ਤਾਂ ਦਰਬਾਰ ਸਾਹਿਬ ਵਿੱਚ ਹੋਇਆ ਜਾਨੀ ਨੁਕਸਾਨ ਘਟ ਸਕਦਾ ਸੀ। ਫੌਜੀ ਹਮਲੇ ਤੋਂ ਬਾਅਦ ਪਾਰਲੀਮੈਂਟ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਉਸੇ ਐਚ.ਕੇ.ਐਲ. ਭਗਤ ਨੇ ਅਖ਼ਬਾਰਾਂ ਵੱਲੋਂ ਇਸ ਸਬੰਧ ਨਿਭਾਏ ਰੋਣੀ ਦੀ ਭਰਪੂਰ ਸ਼ਲਾਘਾ ਕੀਤੀ। ਇਹਤੋਂ ਇਸ ਗੱਲ ਦੀ ਤਸਦੀਕ ਹੁੰਦੀ ਹੈ ਕਿ ਭਾਰਤੀ ਅਖ਼ਬਾਰ ਪੂਰੀ ਤਰ•ਾਂ ਨਾਲ ਸਰਕਾਰ ਦੇ ਆਖੇ ਲੱਗਣ ਵਾਲੀ ਸੰਧੀ 'ਤੇ ਖਰੇ ਉੱਤਰੇ। ਦੂਜੇ ਅਰਥਾਂ ਵਿੱਚ ਇਹ ਗੱਲ ਸਾਬਿਤ ਹੁੰਦੀ ਹੈ ਕਿ ਉਨ•ਾਂ ਨੇ ਉਹੀ ਕੁਝ ਛਾਪਿਆ ਤੇ ਉਹੀ ਕੁਝ ਲਕੋਇਆ ਜਿਸ ਕਿਸਮ ਦੀ ਹਦਾਇਤ ਸਰਕਾਰ ਨੇ ਉਨ•ਾਂ ਨੂੰ ਸਹਿਯੋਗ ਦੇ ਨਾਂਅ ਥੱਲੇ ਦਿੱਤੀ ਸੀ। ਹੁਣ ਪਾਠਕ ਖ਼ੁਦ ਅੰਦਾਜਾ ਲਾ ਲੈਣ ਕਿ ਸਰਕਾਰ ਅਤੇ ਅਖ਼ਬਾਰਾਂ ਵੱਲੋਂ ਇਸ ਗੁਪਤ ਸੰਧੀ ਦਾ ਸਿੱਖ ਸੰਗਤ ਦੇ ਜਾਨ ਮਾਲ 'ਤੇ ਕੀ ਅਸਰ ਪਿਆ।
ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਫੌਜ ਖ਼ੁਦ ਚਾਹੁੰਦੀ ਸੀ ਕਿ ਫੌਜੀ ਹਮਲੇ ਵੇਲੇ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਹੋਵੇ। ਆਮ ਸੰਗਤਾਂ ਨੂੰ ਵੀ ਖਾੜਕੂਆਂ ਦੀ ਗਿਣਤੀ ਵਿੱਚ ਸ਼ਾਮਲ ਕਰਕੇ ਇਹ ਦੱਸਿਆ ਜਾ ਸਕੇ ਕਿ ਫੌਜ ਦਾ ਮੁਕਾਬਲਾ ਹਜ਼ਾਰਾਂ ਦੀ ਗਿਣਤੀ ਵਾਲੇ ਖਾੜਕੂ ਦਲ ਨਾਲ ਹੋਇਆ ਹੈ। ਜਿਵੇਂ ਕਿ ਤੁਸੀਂ ਉੱਪਰ ਪੜ• ਆਏ ਹੋ ਕਿ ਹਮਲੇ ਲਈ 3 ਜੂਨ ਦੀ ਤਰੀਕ ਚੁਣਨ ਪਿੱਛੇ ਕੋਈ ਮਜ਼ਬੂਰੀ ਨਹੀਂ ਸੀ ਤੇ ਨਾ ਹੀ ਇਸ ਦਿਨ ਇਹ ਚਾਹਿਆ ਗਿਆ ਕਿ ਆਮ ਲੋਕ ਘੱਟ ਤੋਂ ਘੱਟ ਗਿਣਤੀ ਵਿੱਚ ਦਰਬਾਰ ਸਾਹਿਬ ਇਕੱਠੇ ਹੋਣ। ਫੌਜ ਨੇ ਹਮਲੇ ਤੋਂ ਬਾਅਦ ਜੋ ਮਾਰੇ ਗਿਆ ਦੀ ਗਿਣਤੀ ਦੱਸੀ ਉਸ ਵਿੱਚ 5 ਬੱਚਿਆਂ, 30 ਔਰਤਾਂ ਸਣੇ 492 ਹਲਾਕ ਦੱਸੇ ਗਏ। ਗ੍ਰਿਫ਼ਤਾਰੀਆਂ ਵਿੱਚ 309 ਬੱਚੇ ਤੇ ਔਰਤਾਂ ਸਣੇ 1592 ਗ੍ਰਿਫ਼ਤਾਰ ਹੋਏ ਦੱਸੇ ਗਏ। ਸਰਕਾਰੀ ਰੇਡਿਓ ਨੇ ਹਲਾਕ ਅਤੇ ਗ੍ਰਿਫ਼ਤਾਰਾਂ ਨੂੰ ਖਾੜਕੂਆਂ ਦੀ ਹੀ ਸ਼੍ਰੇਣੀ ਵਿੱਚ ਰੱਖਦਿਆਂ ਇਹ ਦੱਸਿਆ ਗਿਆ ਕਿ ਲਗਭਗ 500 ਉਗਰਵਾਦੀ ਹਲਾਕ ਅਤੇ 1500 ਉੂਗਰਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਗੁਰੂ ਰਾਮਦਾਸ ਸਰਾਂ ਵਿੱਚ ਗੋਲੀਆਂ ਦਾ ਛੱਟਾ ਦੇ ਕੇ ਅਤੇ ਹੱਥ ਪਿੱਛੇ ਬੰਨ• ਕੇ ਆਮ ਸ਼ਰਧਾਲੂਆਂ ਨੂੰ ਮਾਰਨ ਪਿੱਛੇ ਇਹੀ ਮਕਸਦ ਵੀ ਹੋ ਸਕਦਾ ਹੈ ਕਿ ਮਾਰੇ ਗਏ ਇਨ•ਾਂ ਲੋਕਾਂ ਨੂੰ ਖਾੜਕੂਆਂ ਦੇ ਖਾਤੇ ਵਿੱਚ ਪਾ ਕੇ ਇਹ ਦੱਸਿਆ ਜਾ ਸਕੇ ਕਿ ਫੌਜ ਦਾ ਮੁਕਾਬਲਾ ਖਾੜਕੂਆਂ ਦੀ ਵੱਡੀ ਗਿਣਤੀ ਨਾਲ ਹੋਇਆ ਹੈ। ਆਮ ਸ਼ਰਧਾਲੂਆਂ ਨੂੰ ਖਾੜਕੂ ਦੱਸ ਕੇ ਗ੍ਰਿਫ਼ਤਾਰ ਕਰਨਾ ਵੀ ਇਹੀ ਸਾਬਤ ਕਰਦਾ ਹੈ ਕਿ ਫੌਜ ਚਾਹੁੰਦੀ ਸੀ ਕਿ ਬਾਹਰੀ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਫੌਜ ਨੂੰ ਐਵੇਂ ਹੀ ਐਨਾ ਜਾਨੀ ਨੁਕਸਾਨ ਨਹੀਂ ਹੋ ਗਿਆ ਬਲਕਿ ਉਨ•ਾਂ ਦਾ ਮੁਕਾਬਲਾ ਲਗਭਗ 2000 ਖਾੜਕੂਆਂ ਨਾਲ ਹੋਇਆ। ਇਹ ਤਾਂ ਹੀ ਸੰਭਵ ਸੀ ਜੇ ਉਨ•ਾਂ ਸ਼ਰਧਾਲੂਆਂ ਦਾ ਵੱਧ ਤੋਂ ਵੱਧ ਇਕੱਠ ਹੋਵੇ।
ਇੱਥੇ ਇਹ ਬਹਾਨਾ ਵੀ ਨਹੀਂ ਚੱਲ ਸਕਦਾ ਕਿ ਜੇ ਸਰਕਾਰ ਫੌਜ ਦੀ ਨਕਲੋ ਹਰਕਤ ਦੀਆਂ ਖ਼ਬਰਾਂ ਨੂੰ ਨਾ ਰੋਕਦੀ ਤਾਂ ਇਸ ਦੀ ਭਿਣਕ ਖਾੜਕੂਆਂ ਨੂੰ ਮਿਲ ਸਕਦੀ ਸੀ ਜਿਸ ਕਰਕੇ ਉਹ ਫੌਜ ਨਾਲ ਲੜਨ ਦੀ ਤਿਆਰੀ ਕਰ ਸਕਦੇ ਸਨ ਕਿਉਂਕਿ ਫੌਜ ਦੀ ਆਮਦੋ ਰਫ਼ਤ ਤਾਂ ਪੰਜਾਬ ਦੀਆਂ ਸੜਕਾਂ 'ਤੇ 28 ਮਈ ਤੋਂ ਹੀ ਦੇਖਣ ਨੂੰ ਮਿਲ ਰਹੀ ਸੀ ਤੇ ਇਸ ਦੀ ਸੂਚਨਾ ਖਾੜਕੂਆਂ ਤੱਕ ਨਾ ਪੁੱਜ ਸਕਣ ਦੀ ਆਸ ਨਹੀਂ ਕੀਤੀ ਜਾ ਸਕਦੀ। ਸੰਤ ਭਿੰਡਰਾਂਵਾਲਿਆਂ ਦੀ ਇੰਟੈਲੀਜੈਂਸ ਦੇ ਤਿੱਖੇਪਣ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜਦੋਂ 31 ਮਈ 'ਤੇ 1 ਜੂਨ ਦੀ ਵਿਚਕਾਰਲੀ ਰਾਤ ਨੂੰ ਸਪੈਸ਼ਲ ਫਰੰਟੀਅਰ ਫੋਰਸ ਦੀ ਕੁਮਕ 2 ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਰਾਤ ਦੇ ਘੁੱਪ ਹਨ•ੇਰੇ ਵਿੱਚ ਚੋਰੀ ਛਿੱਪੇ ਢੋਈ ਗਈ ਤਾਂ ਇਸ ਦਾ ਪਤਾ ਅੰਮ੍ਰਿਤਸਰ ਛਾਉਣੀ ਵਿੱਚ ਫੌਜ ਦੇ ਇੰਟੈਲੀਜੈਂਸ ਵਿੰਗ ਨੂੰ ਵੀ ਨਹੀਂ ਲੱਗਾ। ਇਹ ਸਪੈਸ਼ਲ ਫਰੰਟੀਅਰ ਫੋਰਸ, ਫੌਜ ਦੇ ਅਧੀਨ ਨਹੀਂ ਹੁੰਦੀ ਸਗੋਂ ਇਹਦਾ ਸਿੱਧਾ ਕੰਟਰੋਲ ਕੈਬਨਿਟ ਸਕੱਤਰੇਤ ਭਾਵ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੁੰਦਾ ਹੈ। ਇਹ ਦੇਸ਼ ਦੀ ਚੋਟੀ ਦੀ ਕਮਾਂਡੋ ਫੋਰਸ ਹੈ। ਇਹਦੀ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਦੀ ਰਿਪੋਰਟ ਨਾਲੋਂ ਨਾਲ ਭਿੰਡਰਾਂਵਾਲਿਆਂ ਨੂੰ ਪੁੱਜ ਗਈ ਸੀ। ਕੰਵਰ ਸੰਧੂ ਆਪ ਦੀ ਡਾਕੂਮੈਂਟਰੀ ਵਿੱਚ ਇਸ ਗੱਲ ਦੀ ਤਸਦੀਕ ਕਰਦਾ ਹੋਇਆ ਕਹਿੰਦਾ ਹੈ ਕਿ ਉਦੋਂ ਦਾ ਅੰਮ੍ਰਿਤਸਰ ਛਾਉਣੀ ਦਾ ਇੰਟੈਲੀਜੈਂਸ ਕਮਾਂਡਰ ਕਰਨਲ ਆਦਰਸ਼ ਸ਼ਰਮਾ ਨੇ ਮੈਨੂੰ ਦੱਸਿਆ ਕਿ 1 ਜੂਨ ਨੂੰ ਤੱੜਕੇ ਮੈਨੂੰ ਸੰਤ ਭਿੰਡਰਾਂਵਾਲਿਆਂ ਦੇ ਪੀ.ਏ. ਸ. ਰਛਪਾਲ ਸਿੰਘ ਦਾ ਉਹਨੂੰ ਫੋਨ ਆਇਆ ਜਿਸ ਵਿੱਚ ਉਹਨੇ ਪੁੱਛਿਆ ਕਿ, ਕੀ ਇਹ ਗੱਲ ਸਹੀ ਹੈ ਕਿ ਰਾਤ ਅੰਮ੍ਰਿਤਸਰ ਏਅਰਪੋਰਟ 'ਤੇ ਸਪੈਸ਼ਲ ਫੋਰਸ ਦੇ 2 ਜਹਾਜ਼ ਭਰ ਕੇ ਆਏ ਨੇ? ਕਰਨਲ ਸ਼ਰਮਾ ਦੱਸਦਾ ਹੈ ਕਿ ਮੈਨੂੰ ਖ਼ੁਦ ਇਸ ਫੋਰਸ ਦੇ ਆਉਣ ਦਾ ਉਦੋਂ ਤੱਕ ਕੋਈ ਇਲਮ ਨਹੀਂ ਸੀ ਬਾਅਦ 'ਚ ਮੈਂ ਪਤਾ ਕਰਕੇ ਰਛਪਾਲ ਸਿੰਘ ਨੂੰ ਦੱਸਿਆ ਕਿ ਹਾਂ 2 ਜਹਾਜ਼ਾਂ ਵਿੱਚ ਫੋਰਸ ਤਾਂ ਆਈ ਹੈ ਪਰ ਇਹ ਨਹੀਂ ਪਤਾ ਕਿ ਇਹ ਕਿਹੜੀ ਹੈ। ਇਹ ਗੱਲ ਇਸ ਨੂੰ ਸਾਬਤ ਕਰਦੀ ਹੈ ਕਿ ਅਜਿਹਾ ਕੋਈ ਬਹਾਨਾ ਨਹੀਂ ਕਿ ਜੇ ਫੌਜ ਦੀ ਸਰਗਰਮੀ ਦੀਆਂ ਖ਼ਬਰਾਂ ਛਪ ਜਾਂਦੀਆਂ ਤਾਂ ਭਿੰਡਰਾਂਵਾਲੇ ਚੌਕਸ ਹੋ ਜਾਂਦੇ ਕਿਉਂਕਿ ਜਿਹੜੀ ਗੱਲ ਫੌਜ ਦੀ ਇੰਟੈਲੀਜੈਂਸ ਨੂੰ ਵੀ ਨਹੀਂ ਪਤਾ ਉਹ ਵੀ ਉਨ•ਾਂ ਨੂੰ ਪਹਿਲਾਂ ਪਤਾ ਲੱਗਦੀ ਸੀ, 2 ਹਵਾਈ ਜਹਾਜ਼ਾਂ ਵਾਲੀ ਘਟਨਾ ਇਹਨੂੰ ਸਾਬਤ ਕਰਨ ਲਈ ਕਾਫ਼ੀ ਹੈ। ਨਾਲ ਦੀ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸ. ਰਛਪਾਲ ਸਿੰਘ ਤੇ ਫੌਜ ਦੇ ਇੰਟੈਲੀਜੈਂਸ ਕਮਾਂਡਰ ਕਰਨਲ ਸ਼ਰਮਾ ਦਾ ਤਾਲਮੇਲ ਕਿਵੇਂ ਸੀ। ਇਹ ਗੱਲ ਅਪ੍ਰੈਲ 1984 ਦੀ ਹੈ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਟ੍ਰੇਨਿੰਗ ਕਰ ਰਹੇ ਏਅਰ ਫੋਰਸ 'ਤੇ ਜਵਾਨਾਂ ਤੋਂ ਖਾੜਕੂਆਂ ਨੇ ਇੱਕ ਵੱਡਾ ਟਰਾਂਸਮੀਟਰ ਸੈੱਟ ਖੋਹ ਲਿਆ। ਇਸ ਗੱਲ ਨਾਲ ਫੌਜ ਵਿੱਚ ਭਾਜੜ ਮੱਚ ਗਈ। ਟਰਾਂਸਮੀਟਰ ਸੈੱਟ ਦੇ ਏਅਰਫੋਰਸ ਤੋਂ ਬਾਹਰ ਜਾਣ ਕਾਰਨ ਏਅਰਫੋਰਸ ਵਿੱਚ ਹੁੰਦੀ ਗੱਲਬਾਤ ਨੂੰ ਖੋਹੇ ਹੋਏ ਟਰਾਂਸਮੀਟਰ ਰਾਹੀਂ ਸੁਣਿਆ ਜਾ ਸਕਦਾ ਸੀ ਜਾਂ ਏਅਰਫੋਰਸ ਨੂੰ ਆਪਣੇ ਸਾਰੇ ਟਰਾਂਸਮੀਟਰ ਸੈੱਟਾਂ ਦੀ ਫਰੀਕੁਐਂਸੀ ਬਦਲਣੀ ਪੈਣੀ ਸੀ। ਉਦੋਂ ਕਰਨਲ ਸ਼ਰਮਾ ਨੇ ਭਿੰਡਰਾਂਵਾਲਿਆਂ ਦੇ ਪੀ.ਏ. ਰਛਪਾਲ ਸਿੰਘ ਨੂੰ ਫੋਨ ਕਰਕੇ ਇਹ ਸੈੱਟ ਵਾਪਿਸ ਕਰਾਉਣ ਲਈ ਮੱਦਦ ਦੀ ਮੰਗ ਕੀਤੀ। ਪੱਤਰਕਾਰ ਕੰਵਰ ਸੰਧੂ ਦੱਸਦੇ ਹਨ ਕਿ ਕਰਨਲ ਸ਼ਰਮਾ ਨੇ ਰਛਪਾਲ ਸਿੰਘ ਨੂੰ ਕਿਹਾ ਕਿ ਇਹ ਟਰਾਂਸਮੀਟਰ ਖਾੜਕੂਆਂ ਦੇ ਕਿਸੇ ਕੰਮ ਦਾ ਨਹੀਂ ਅਤੇ ਇਸ ਤੋਂ ਬਿਨ•ਾਂ ਏਅਰਫੋਰਸ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ। ਕਰਨਲ ਸ਼ਰਮਾ ਦੀ ਬੇਨਤੀ 'ਤੇ ਖਾੜਕੂਆਂ ਤੋਂ ਇਹ ਟਰਾਂਸਮੀਟਰ ਸੈੱਟ ਏਅਰਫੋਰਸ ਨੂੰ ਵਾਪਿਸ ਕਰਾ ਦਿੱਤਾ ਗਿਆ। ਸੋ ਕਰਨਲ ਸ਼ਰਮਾ ਇਸ ਅਹਿਸਾਨ ਬਦਲੇ ਸ. ਰਛਪਾਲ ਸਿੰਘ ਦਾ ਫੋਨ ਸੁਣ ਲੈਂਦਾ ਸੀ।
ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੇਣ ਦਾ ਮਨੋਰਥ ਉਨ•ਾਂ ਨੂੰ ਖਾੜਕੂਆਂ ਦੀ ਸ਼੍ਰੇਣੀ ਵਿੱਚ ਦਿਖਾ ਕੇ ਫੌਜ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਨ•ਾਂ ਦਾ ਮੁਕਾਬਲਾ ਹਜ਼ਾਰਾਂ ਹਥਿਆਰਬੰਦ ਖਾੜਕੂਆਂ ਨਾਲ ਹੋਇਆ ਤਾਂ ਹੀ ਉਨ•ਾਂ ਨੂੰ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਣ ਵਾਸਤੇ ਪੂਰਾ ਇੱਕ ਬ੍ਰਿਗੇਡ ਝੋਕਣਾ ਪਿਆ। ਇਸ ਗੱਲ ਦੀ ਤਸਦੀਕ ਇੱਥੋਂ ਵੀ ਹੁੰਦੀ ਹੈ ਕਿ ਫੌਜੀ ਕਾਰਵਾਈ ਨਿਬੜਣ ਤੋਂ ਬਾਅਦ ਫੌਜ ਵੱਲੋਂ ਸਮੁੱਚੇ ਪੰਜਾਬ ਵਿੱਚ 'ਆਪ੍ਰੇਸ਼ਨ ਵੁੱਡ ਰੋਜ਼' ਦੇ ਨਾਂ ਥੱਲੇ ਜੋ ਸਾਕਾ ਵਰਤਾਇਆ ਗਿਆ ਉਹ 1746 ਵਿੱਚ ਲਖਪਤ ਰਾਏ ਵੱਲੋਂ ਕੀਤੇ ਗਏ ਛੋਟੇ ਘੱਲੂਘਾਰੇ ਵਰਗਾ ਹੀ ਸੀ। ਇਹ ਦੋਵੇਂ ਸਾਕੇ ਤੱਪਦੇ ਜੇਠ ਮਹੀਨੇ ਵਿੱਚ ਹੀ ਵਾਪਰੇ। ਆਪ੍ਰੇਸ਼ਨ ਵੁੱਡ ਰੋਜ਼ ਦੌਰਾਨ ਫੌਜ ਪਿੰਡਾਂ ਨੂੰ ਘੇਰ ਲੈਂਦੀ ਸੀ, ਨੀਲੀ ਪੱਗ, ਅੰਮ੍ਰਿਤਧਾਰੀ ਜਾਂ ਦਾੜ•ੀ ਕੇਸਾਂ ਵਾਲੇ ਨੂੰ ਕੁੱਟ ਕੁਟਾਪੇ, ਧੂਹ ਘੜੀਸ ਤੋਂ ਬਾਅਦ ਗੱਡੀਆਂ ਵਿੱਚ ਸਿੱਟ ਕੇ ਲੈ ਜਾਂਦੀ ਸੀ। ਇਨ•ਾਂ ਵਿੱਚ ਲਗਭਗ ਸਾਰੇ ਉਹ ਲੋਕ ਸਨ ਜਿਨ•ਾਂ ਦਾ ਹਥਿਆਰਬੰਦ ਖਾੜਕੂ ਸੰਘਰਸ਼ ਨਾਲ ਕੋਈ ਸਿੱਧਾ ਜਾਂ ਅਸਿੱਧਾ ਵਾਸਤਾ ਨਹੀਂ ਸੀ। ਆਮ ਤੌਰ 'ਤੇ ਇਨ•ਾਂ ਨੂੰ 7/51 ਦੇ ਕੇਸਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਂਦਾ ਸੀ। ਪਰ ਸਰਕਾਰ ਦੇ ਰੇਡੀਓ ਤੇ ਟੈਲੀਵੀਜ਼ਨ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਸੀ 'ਆਜ ਪੰਜਾਬ ਸੇ ਇਤਨੇ ਹਜ਼ਾਰ ਉਗਰਵਾਦੀਓਂ ਕੋ ਗ੍ਰਿਫ਼ਤਾਰ ਕਰ ਲੀਆ ਗਿਆ ਹੈ।' ਹੌਲੀ ਹੌਲੀ ਨਿੱਤ ਦਿਹਾੜੇ ਦੀ ਇਹ ਗਿਣਤੀ ਸੈਂਕੜਿਆਂ 'ਤੇ ਅਤੇ ਫਿਰ ਦਰਜ਼ਨਾ ਤੱਕ ਆਉਂਦੀ ਨੂੰ ਲਗਭਗ 1 ਮਹੀਨਾ ਲੱਗਿਆ। ਕਹਿਣ ਦਾ ਭਾਵ ਇਹ ਕਿ ਆਮ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਇਹ ਦਿਖਾਇਆ ਕਿ ਪੰਜਾਬ ਵਿੱਚ ਹਾਜ਼ਾਰਾਂ ਦੀ ਗਿਣਤੀ ਵਿੱਚ ਖਾੜਕੂ ਮੌਜੂਦ ਸਨ ਜਿਨ•ਾਂ ਨੂੰ ਗ੍ਰਿਫ਼ਤਾਰ ਕਰਨ ਖ਼ਾਤਰ ਸਰਕਾਰ ਨੂੰ ਇੱਕ ਉਚੇਚਾ ਆਪ੍ਰੇਸ਼ਨ ਵੁੱਡ ਰੋਜ਼ ਕਰਨਾ ਪਿਆ। ਇਹ ਹੁੰਦਾ ਤਾਂ ਸਾਰੇ ਪੰਜਾਬ ਵਾਸੀਆਂ ਨੇ ਦੇਖਿਆ ਹੈ ਕਿ ਕਿਵੇਂ ਆਮ ਸਿੱਖ ਫੜਕੇ ਖਾੜਕੂਆਂ ਦੇ ਖਾਤੇ ਵਿੱਚ ਪਾਏ ਗਏ। ਇੱਥੋਂ ਇਹ ਗੱਲ ਸੱਪਸ਼ਟ ਹੋ ਜਾਂਦੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ ਹੋਣੀ ਸਰਕਾਰ ਦੀ ਜ਼ਰੂਰਤ ਸੀ। ਇਸੇ ਕਰਕੇ ਹੀ ਫੌਜੀ ਹਮਲੇ ਲਈ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਨਣਾ ਸਰਕਾਰ ਨੂੰ ਰਾਸ ਬਹਿੰਦਾ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
ਗੁਰਪ੍ਰੀਤ ਸਿੰਘ ਮੰਡਿਆਣੀ
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.