ਇੱਕ ਰਿਪੋਰਟ/ ਇਜਾਜ਼
ਸਮੁੰਦਰ 'ਚੋਂ ਮੋਤੀ ਲੱਭਣ ਵਾਲੀ ਪਾਰਖੂ ਸ਼ਖਸ਼ੀਅਤ, ਭਾਵ ਪੂਰਤ ਟੁਣਕਵੇਂ ਬੋਲਾਂ ਨਾਲ ਤੁਰੇ ਜਾਂਦਿਆਂ ਨੂੰ ਕੀਲਣ ਦੀ ਸਮੱਰਥਾ ਰੱਖਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੀ ਸਰਪ੍ਰਸਤੀ ਅਤੇ ਅਗਵਾਈ ਵਿੱਚ ਇਸ ਵਰ੍ਹੇ ਗੀਤ ਸੰਗੀਤ ਇਨਟਰਟੇਨਮੈਂਟ ਵਲੋਂ ਸ਼ਾਮ ਸੁਰੀਲੀ ਦਾ ਪ੍ਰੋਗਰਾਮ ਮਹਿਰਾਨ ਰੈਸਟੋਰੈਂਟ ਨਿਯੁਆਰਕ ਵਿਖੇ ਸੰਪਨ ਹੋਇਆ। ਸੁਰਾਂ ਦੇ ਉਸਤਾਦ ਸੁਖਦੇਵ ਸਾਹਿਲ ਨੇ ਰੰਗ-ਬਰੰਗੇ ਗੀਤਾਂ ਨੂੰ ਗਾ ਕੇ ਇਹੋ ਜਿਹਾ ਰੰਗ ਬੰਨਿਆ ਕਿ ਹਾਜ਼ਰ ਸਰੋਤੇ ਅਸ਼-ਅਸ਼ ਕਰ ਉਠੇ। ਨਿਵੇਕਲੀ ਕਿਸਮ ਦੀ ਇੱਕ ਲਹਿਰ ਸਿਰਜਨ ਦਾ ਆਸ਼ਾ ਮਨ ਵਿੱਚ ਚਿਤਵਕੇ ਆਸ਼ਾ ਸ਼ਰਮਾ ਨੇ ਇੱਕ ਸੁਰੀਲੀ, ਠਰੰਮੇ ਵਾਲੀ, ਗਮਾਂ-ਖੁਸ਼ੀਆਂ ਨਾਲ ਉਤਪੋਤ ਸਾਹਿਲ ਦੀ ਅਵਾਜ਼ ਨੂੰ ਲੋਕਾਂ ਸਾਹਮਣੇ ਕੁਝ ਇਸ ਤਰ੍ਹਾਂ ਪੇਸ਼ ਕੀਤਾ ਕਿ ਵਾਰਿਸ ਸ਼ਾਹ ਦੀ ਹੀਰ ਸਲੇਟੀ ਲੋਕਾਂ ਪ੍ਰਤੱਖ ਵੇਖ ਲਈ, ਨੰਦ ਲਾਲ ਨੂਰਪੁਰੀ ਦੇ ਦੀਦਾਰੇ ਕਰ ਲਏ, ਧਨੀ ਰਾਮ ਚਾਤ੍ਰਿਕ ਦੇ ਗੀਤਾਂ ਨਾਲ ਸਾਂਝ ਪਾ ਲਈ, ਅਤੇ ਸ਼ਿਵ ਕੁਮਾਰ ਬਟਾਲਵੀ ਦੀ ਰੂਹ ਆਪਣੇ ਅੰਗ-ਸੰਗ ਮਹਿਸੂਸ ਕਰ ਲਈ। ਨਹੀਂ ਸੀ ਜਾਪਦਾ ਇਵੇਂ ਕਿ ਸਰੋਤੇ ਵਿਦੇਸ਼ੀ ਧਰਤੀ 'ਤੇ ਬੈਠੇ ਹਨ, ਸਗੋਂ ਇੰਜ ਜਾਪਦਾ ਸੀ, ਪੰਜਾਬ ਦੇ ਪਿੰਡਾਂ ਦੇ ਗੀਤਾਂ ਦੇ ਅਖਾੜਿਆਂ ਵਿਚ ਉਹ ਆਪਣੇ ਹਰ ਦਿਲ ਅਜ਼ੀਜ਼ ਕਵੀਆਂ, ਗੀਤਾਕਾਰਾਂ ਦੀ ਅਵਾਜ਼, ਕੋਇਲ ਦੀ ਕੂ-ਕੂ ਵਾਂਗਰ ਆਪਣੇ ਮਨ 'ਚ ਸਮੋਈ ਜਾ ਰਹੇ ਹਨ। ਇੱਕ ਤੋਂ ਬਾਅਦ ਇੱਕ ਲੈ, ਸੰਗੀਤ ਨਾਲ ਉਤਪੋਤ ਗੀਤਾਂ ਨਾਲ ਸਾਹਿਲ ਸਰੋਤਿਆਂ ਸੰਗ ਸਾਂਝ ਪਾ ਰਿਹਾ ਸੀ, ਤੇ ਹਾਜ਼ਰ ਲੋਕਾਂ ਦੀ ਰੂਹ ਨੂੰ ਨਸ਼ਿਆ ਰਿਹਾ ਸੀ। ਪੰਜਾਬੀ ਦੇ ਮਸ਼ਹੂਰ ਉਸਤਾਦ ਸ਼ਾਇਰ ਹਰਜਿੰਦਰ ਕੰਗ, ਕੁਲਵਿੰਦਰ, ਰਾਜ ਵਡਵਾਲ, ਜਸ ਔਲਖ, ਵਿਕੀ ਟਰੇਸੀ, ਦੇ ਗੀਤਾਂ ਨੂੰ ਉਸ ਸਹਿਜ-ਸੁਭਾਅ ਲੋਕਾਂ ਸਾਹਵੇਂ ਇੰਜ ਰੱਖਿਆ ਕਿ ਗੀਤ ਸੁਰ ਬਣ ਗਏ, ਸੰਗੀਤ ਸੋਜ ਨਾਲ ਭਰ ਗਿਆ ਅਤੇ ਹਰੇਕ ਸਰੋਤੇ ਦਾ ਆਪਾ ਅਨੰਦਿਤ ਹੋ ਉਠਿਆ। ਕਦੋਂ ਸਮਾਂ ਬੀਤ ਗਿਆ ਇਸ ਸ਼ਾਮ ਸੁਰੀਲੀ ਦਾ ਇਸ ਮਹਿਫਲ ਵਿੱਚ ਅਹਿਸਾਸ ਹੀ ਨਾ ਹੋਇਆ। ਹਰ ਮਨ ਇਸ ਲਈ ਉਤਸੁਕ ਸੀ ਕਿ ਸੁਰਾਂ ਹੋਰ ਚਲਦੀਆਂ ਰਹਿਣ, ਗੀਤ ਹੋਰ ਗਾਏ ਜਾਂਦੇ ਰਹਿਣ, ਸੰਗੀਤ ਦੀ ਧੁਨ ਰੂਹਾਂ ਦੀ ਖੁਰਾਕ ਬਣਦੀ ਰਹੇ ਅਤੇ ਕੰਮਾਂ-ਕਾਰਾਂ, ਰੁਝੇਵਿਆਂ ਨਾਲ ਟੁੱਟੇ ਸਰੀਰਾਂ, 'ਚ ਝਨਝਨਾਹਟ ਵਧਦੀ ਰਹੇ। ਪੰਜਾਬੀ ਸਭਿਆਚਾਰ ਦਾ ਵੱਖਰਾ ਰੰਗ ਸਾਹਿਲ ਨੇ ਲੰਮੀਆਂ ਹੇਕਾਂ, ਟੁਣਕਵੇਂ ਬੋਲਾਂ, ਨਾਲ ਕੁਝ ਇਸ ਤਰ੍ਹਾਂ ਪੇਸ਼ ਕੀਤਾ ਕਿ ਪੰਜਾਬੀ ਦੇ ਸਿਰਮੌਰ ਪੰਜਾਬੀ ਕਵੀਆਂ ਦੀਆਂ ਮਨ ਨੂੰ ਧੂ ਪਾਉਂਦੀਆਂ ਰਚਨਾਵਾਂ ਅਤੇ ਪ੍ਰਵਾਸ ਹੰਢਾ ਰਹੇ ਲੇਖਕਾਂ ਦੇ ਪਿੰਡੇ 'ਤੇ ਹੰਢਾਏ ਦਰਦ, ਖੁਸ਼ੀਆਂ, ਖੇੜਿਆਂ ਨਾਲ ਉਤਪੋਤ ਗੀਤ ਇਕੋ ਬੈਠਕ ਵਿਚ ਵੱਖੋ-ਵੱਖਰੇ ਅੰਦਾਜ਼ ਵਿੱਚ ਪੇਸ਼ ਕਰਕੇ ਉਸ ਵਾਹ-ਵਾਹ ਖੱਟੀ । ਸਾਜਾਂ ਦਾ ਸਾਥ ਅਤੇ ਆਸ਼ਾ ਸ਼ਰਮਾ ਦੇ ਬੋਲਾਂ ਦਾ ਨਿਵੇਕਲਾ ਅੰਦਾਜ ਇਸ ਲੜੀ ਦੇ ਮਣਕਿਆਂ 'ਚ ਇਵੇਂ ਰਚ-ਮਿਚ ਗਿਆ, ਜਿਵੇਂ ਅਕਾਸ਼ 'ਤੇ ਤਾਰੇ ਟਿਮਟਿਮਾਉਂਦੇ ਹਨ, ਵੇਖਣ ਵਾਲਿਆਂ ਨੂੰ ਰੋਸ਼ਨੀ ਦਿੰਦੇ ਹਨ, ਮਨ ਨੂੰ ਠੰਡਕ ਪਹੁੰਚਾਉਂਦੇ ਹਨ। ਇਸ ਮਹਿਫ਼ਲ ਨੂੰ ਸੰਗੀਤ ਮਲਕੀਤ ਸੰਧੂ, ਜੋਹਨ ਰੋਬਿਨ, ਇਜਾਜ਼ ਨੇ ਦਿੱਤਾ ਅਤੇ ਸਾਊਂਡ ਵਿਜੇ ਸਿੰਘ ਵਲੋਂ ਦਿੱਤਾ ਗਿਆ। ਇਹ ਮਹਿਫ਼ਲ ਪੰਜਾਬੀ ਪਿਆਰਿਆਂ ਸਤਿਕਾਰਯੋਗ ਕੁਲਦੀਪ ਸਿੰਘ ਢਿਲੋ, ਪ੍ਰੋ: ਬਲਜਿੰਦਰ ਸਿੰਘ, ਵਿੱਕੀ ਟਰੇਸੀ, ਮੰਨਾ ਥਿਆੜਾ, ਸੁਰਿੰਦਰ ਧੰਨੋਆ, ਕੁਲਵਿੰਦਰ, ਸੁਖਵਿੰਦਰ ਕੰਬੋਜ, ਤਾਰਾ ਸਾਗਰ, ਪੰਕਜ, ਡਾ: ਚਰਨਜੀਤ ਉਪਲ, ਗੁਰਸ਼ਰਨ ਸਿੰਘ ਸੇਖੋਂ, ਬੀ.ਐਸ.ਪੰਨੂ, ਐਸ.ਪੀ. ਸਿੰਘ ਮਹਿੰਗਾ ਸਿੰਘ, ਸੰਤੋਖ ਸਿੰਘ ਤੱਖਰ ਪ੍ਰੀਵਾਰ, ਮਨਜੀਤ ਕੌਰ, ਰਾਜ ਵਡਵਾਲ, ਗੁਲਸ਼ਨ ਦਿਆਲ, ਜਸਬੀਰ ਭੰਬਰਾ, ਜਸੰਵਤ ਸਰਾਂ, ਡਾ: ਹੁੰਦਲ ਅਤੇ ਅਨੇਕਾਂ ਹੋਰਾਂ ਨਾਲ ਸਜੀ ਹੋਈ ਸੀ । ਇਸ ਮਹਿਫ਼ਲ ਵਲੋਂ ਇਸ ਸ਼ਾਮ ਸੁਰੀਲੀ ਪ੍ਰੋਗਰਾਮ ਨੂੰ ਅੱਗੋ ਵੀ ਭਰਪੂਰ ਸਹਿਯੋਗ ਦਾ ਹੂੰਗਾਰਾ ਭਰਿਆ ਗਿਆ। ਮੇਰੀ ਕਾਮਨਾ ਹੈ ਕਿ ਇਹੋ ਜਿਹੀਆਂ ਸੁਰੀਲੀਆਂ ਸ਼ਾਮਾਂ ਨਿੱਤ ਪੰਜਾਬੀਆਂ ਦੇ ਵਿਹੜਿਆਂ ਦਾ ਸ਼ਿੰਗਾਰ ਬਣਨ, ਵਿਦੇਸ਼ ਦੇ ਹਰ ਸ਼ਹਿਰ ਵਿੱਚ ਆਯੋਜਿਤ ਹੋਣ ਤਾਂ ਕਿ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ, ਪੰਜਾਬ ਸਭਿਆਚਾਰ ਨਾਲ ਉਹਨਾ ਦੀ ਸਾਂਝ ਬਣੀ ਰਹੇ ਤੇ ਉਹ ਆਪਣੇ ਪਿਆਰੇ ਪੰਜਾਬ ਨੂੰ, ਪੰਜਾਬੀ ਨੂੰ, ਪੰਜਾਬੀ ਸਭਿਆਚਾਰ ਨੂੰ ਦਿਲਾਂ 'ਚ ਥਾਂ ਦਿੰਦੇ ਰਹਿਣ। ਗੀਤ ਸੰਗੀਤ ਇੰਟਰਟੇਨਮੈਂਟ ਦਾ ਇਹੋ ਜਿਹੇ ਪ੍ਰੋਗਰਾਮ ਆਯੋਜਿਤ ਕਰਨ ਦਾ ਯਤਨ ਸ਼ਲਾਘਾ ਯੋਗ ਹੈ।
-
ਇਜਾਜ਼, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.