ਮਿਤੀ 26 ਮਈ ਨੂੰ ਰਿਲੀਜ਼ ਹੋਈ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਦੀ ਫ਼ਿਲਮ ਸਾਬ੍ਹ ਬਹਾਦਰ ਪੰਜਾਬੀ ਸਿਨਮੇ ਵਿੱਚ ਸਸਪੈਂਸਿਵ ਯੌਨਰ ਰਾਹੀਂ ਕੀਤਾ ਸਫ਼ਲ ਤਜ਼ਰੁਬਾ ਹੈ। ਪੰਜਾਬੀ ਵਿੱਚ ਰੁਮਾਂਸ, ਕਾਮੇਡੀ ਅਤੇ ਐਕਸ਼ਨ ਵਿਧਾ ਤੋਂ ਬਿਨ੍ਹਾਂ ਬਹੁਤ ਘੱਟ ਕਿਸਮ ਦੇ ਪ੍ਰੀਖਣ ਕੀਤੇ ਜਾਂਦੇ ਰਹੇ ਹਨ।ਏਸੇ ਮੁਤੱਲਕ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪਹਿਲਾਂ ਵੀ ਨਿਰਦੇਸ਼ਕ ਮਨਦੀਪ ਕੁਮਾਰ ਦੀ ਫ਼ਿਲਮ ਅੰਬਰਸਰੀਆ (25 ਮਾਰਚ 2016) ਸਸਪੈਂਸਿਵ ਯੌਨਰ ਰਾਹੀਂ ਦਰਸ਼ਕਾਂ ਨੂੰੰ ਦੇਖਣ ਨੂੰ ਮਿਲੀ ਸੀ ਪਰ ਉਸਦੀ ਸਕਰਿਪਟ ਦੀਆਂ ਊਣਤਾਈਆਂ ਅਤੇ ਦਿਲਜੀਤ ਦੀ ਬੇਹੁਦਾ ਕਾਮੇਡੀ ਕਾਰਨ ਉਹ ਆਪਣੇ ਅਸਰ ਤੋਂ ਲਗਭਗ ਸੱਖਣੀ ਰਹੀ ਸੀ। ਏਸ ਸੰਬੰਧ ਵਿੱਚ ਨਿਰਦੇਸ਼ਕ ਅੰਮ੍ਰਿਤ ਰਾਜ ਵਧਾਈ ਦਾ ਪਾਤਰ ਹੈ ਕਿ ਉਸਨੇ ਜਸ ਗਰੇਵਾਲ ਦੀ ਲਿਖੀ ਕਹਾਣੀ ਨੂੰ ਖ਼ੂਬਸੂਰਤ ਨਿਰਦੇਸ਼ਨ ਦੇ ਕੇ ਵਧੀਆ ਦਰਜ਼ੇ ਦੀ ਫ਼ਿਲਮ ਦਰਸ਼ਕਾਂ ਸਾਹਵੇਂ ਪਰਦਾਪੇਸ਼ ਕੀਤੀ ਹੈ।
ਸਾਬ੍ਹ ਬਹਾਦਰ ਦੀ ਕਹਾਣੀ ਜਿੰਨੀ ਦਿਲਚਸਪੀ ਨਾਲ ਲਿਖੀ ਗਈ ਹੋਵੇਗੀ ਲਗਭਗ ਓਨੀ ਹੀ ਦਿਲਚਸਪੀ ਨਾਲ ਏਸਦੀ ਪਲੈਨਡ ਸਕਰਿਪਟ ਦਰਸ਼ਕਾਂ ਨੂੰ ਫ਼ਿਲਮ ਵਿੱਚੋਂ ਸੁਆਦ ਦਿੰਦੀ ਨਜ਼ਰ ਆਉਂਦੀ ਹੈ। ਫ਼ਿਲਮ ਵਿੱਚ ਲੀਡ ਕਿਰਦਾਰ (ਐੱਸ.ਐੱਚ.ਓ) ਦਾ ਐਮੀ ਵਿਰਕ ਨੇ ਨਿਭਾਇਆ ਹੈ। ਸਹਿ ਕਲਾਕਾਰਾਂ ਵਜੋਂ ਜਸਵਿੰਦਰ ਭੱਲਾ (ਮੁਨਸ਼ੀ ਨਰਾਤਾ ਰਾਮ), ਰਾਣਾ ਰਣਬੀਰ (ਕਾਬਲ ਸਿੰਘ) ਨੇ ਚੰਗੇ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਸ਼ੁਰੂਆਤ ਵਿੱਚ ਐਮੀ ਗਿੱਲ ਅਤੇ ਉਸਦੇ ਸਹਾਇਕ ਪੁਲਸੀਏ, ਦੀਪੀ (ਪ੍ਰੀਤ ਕਮਲ) ਅਤੇ ਉਸਦੀ ਭੂਆ (ਰੁਪਿੰਦਰ ਬਰਨਾਲਾ) ਦੇ ਘਰ ਵਿੱਚ ਕਿਰਾਏ ਤੇ ਲਈ ਪਿੰਡ ਘੁਡਾਣੀ ਕਲਾਂ ਦੀ ਚੌਂਕੀ ਦਾ ਇੰਚਾਰਜ ਹੈ। ਪਿੰਡ ਵਿਚਲੇ ਲੰਬੜਦਾਰ (ਮਲਕੀਤ ਰੌਣੀ) ਦੇ ਮੁੰਡੇ ਗੁਰਜੰਟ (ਰਾਹੁਲ ਜੁੰਗਰਾਲ) ਦਾ ਰਿਸ਼ਤਾ ਤੁੜਵਾ ਕੇ ਪਿੰਡ ਦਾ ਸਰਪੰਚ ਰੋਡਾ ਸਿੰਘ (ਹੌਬੀ ਧਾਲੀਵਾਲ) ਆਪਣੇ ਮੁੰਡੇ ਦਾ ਵਿਆਹ ਪੱਕਾ ਕਰ ਲੈਂਦਾ ਹੈ। ਏਸੇ ਗੱਲ ਤੇ ਤਪਿਆ ਲੰਬੜਦਾਰ ਆਪਣਾ ਗੁੱਸਾ ਠੰਡਾ ਕਰਨ ਲਈ ਥਾਣੇ ਜਾ ਕੇ ਓਸਦੇ ਘਰ ਵੱਜਦੇ ਗਾਣੇ ਬੰਦਕਰਾਉਣ ਦੀ ਸ਼ਿਕਾਇਤ ਲੈ ਕੇ ਜਾਂਦਾ ਹੈ। ਜਵਾਬ ਵਿੱਚ ਥਾਣੇਦਾਰ ਐਮੀ ਓਹਨਾਂ ਨੂੰ ਟਲ ਜਾਣ ਦੀ ਹਦਾਇਤ ਕਰਦਾ ਹੈ। ਗੁੱਸੇ ਵਿੱਚ ਲੰਬੜਦਾਰ ਦਾ ਮੁੰਡਾ ਉੱਥੋਂ ਚਲਾ ਜਾਂਦਾ ਹੈ।
ਓਸੇ ਰਾਤ ਸਰਪੰਚਾਂ ਦੇ ਸੱਦੇ ਤੇ ਥਾਣੇਦਾਰ ਆਪਣੇ ਸਾਥੀਆਂ ਨਾਲ ਵਿਆਹ ਵਿੱਚ ਸ਼ਾਮਿਲ ਹੁੰਦਾ ਹੈ। ਸਰਪੰਚ, ਸਾਬ੍ਹ ਬਹਾਦਰ ਨੂੰ ਦੱਸਦਾ ਹੈ ਕਿ ਸਾਡੇ ਘਰੋਂ ਸੰਦੂਕ ਵਿੱਚੋਂ ਕੋਈ ਲੱਖ-ਡੇਢ ਲੱਖ ਦੇ ਗਹਿਣੇ ਚੋਰੀ ਹੋ ਗਏ ਨੇ ਪਰ ਵਿਆਹ ਵਿੱਚ ਕਿਸੇ ਵਿਘਨ ਦੇ ਡਰੋਂ ਮੈਂ ਪੁਲਿਸ ਨੂੰ ਨਹੀਂ ਦੱਸਿਆ। ਸਾਬ੍ਹ ਬਹਾਦਰ ਗੱਲ ਨੂੰ ਸੰਜੀਦਗੀ ਨਾਲ ਸੁਣਦੈ ਪਰ ਸਰਪੰਚ ਵੱਲੋਂ ਕੋਈ ਗੰਭੀਰਤਾ ਨਾ ਦਿਖਾਉਣ ਕਾਰਨ ਸੁਣ ਕੇ ਹੀ ਛੱਡ ਦਿੰਦਾ ਹੈ। ਦੇਰ ਰਾਤ ਤੱਕ ਦਾਰੂ-ਫ਼ੁਲਕਾ ਪੀਣ-ਖਾਣ ਅਤੇ ਗਾਉਣ ਵਜਾਉਣ ਤੋਂ ਬਾਅਦ ਸਭ ਆਪੋ -ਆਪਣੇ ਟਿਕਾਣੇ ਚਲੇ ਜਾਂਦੇ ਹਨ । ਓਧਰ ਟਿਕੀ ਰਾਤ ਚੌਂਕੀ ਵਿੱਚ ਸਰਪੰਚ ਦੇ ਕਤਲ ਦੀ ਗੱਲ ਪਹੁੰਚਦੀ ਹੈ।
ਪਿੰਡ ਵਿੱਚ ਅਚਾਨਕ ਰੋਡੇ ਸਰਪੰਚ (ਹੌਬੀ ਧਾਲੀਵਾਲ) ਦੀ ਤੇਜ਼ ਹਥਿਆਰ ਨਾਲ ਹੋਈ ਕਾਤਲਾਨਾ ਮੌਤ ਫ਼ਿਲਮੀ ਕਹਾਣੀ ਦਾ ਕੇਂਦਰੀ ਬਿੰਦੂ ਹੈ। ਮੌਕਾ-ਏ-ਵਾਰਦਾਤ ਤੇ ਐਮੀ ਵਿਰਕ ਅਤੇ ਓਸਦੀ ਟੀਮ ਤਫ਼ਤੀਸ਼ ਲਈ ਜਾਂਦੇ ਹਨ। ਸਰਪੰਚ ਦੀ ਲਾਸ਼ ਚੁਬਾਰੇ ਵਿੱਚ ਲਥਪਥ ਮਿਲਦੀ ਹੈ ਅਤੇ ਲੰਬੇ ਅਮਲੀ (ਪ੍ਰਕਾਸ਼ ਗਾਧੂ) ਦੀ ਗਵਾਹੀ ਓਸ ਤੇ ਹੋਰ ਚਾਨਣਾ ਪਾਉਂਦੀ ਹੈ। ਉਸ ਦੇ ਮੁਤਾਬਿਕ ਟਿਕੀ ਰਾਤ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਲੰਘਿਆ ਸੀ ਜਿਸਦੇ ਹੱਥ ਵਿੱਚ ਖੁੂਨ ਲੱਗੀ ਸੱਬਲ ਸੀ ਜਿਸਨੂੰ ਉਹ ਹਨੇਰੇ ਵਿੱਚ ਸਾਫ਼ ਪਹਿਚਾਣ ਨਹੀਂ ਸਕਿਆ ਸੀ। ਲੰਬੇ ਅਮਲੀ ਦਾ ਹਨੇਰੇ ਵਿੱਚ ਹੀ ਮਾਰਿਆ ਤੀਰ ਤਫ਼ਤੀਸ਼ ਦਾ ਮੁੱਢ ਬੰਨਦਾ ਹੈ। ਮੋਟਰ-ਸਾਈਕਲ ਦੀ ਅਵਾਜ਼ ਪਹਿਚਾਣਨ ਲਈ ਨੇਤਰਹੀਣ ਪੀਤੂ ਤਾਏ (ਕਿਸ਼ੋਰ ਸ਼ਰਮਾ) ਜਿਸਦੀ ਸੁਣਨ ਸ਼ਕਤੀ ਬਹੁਤ ਹੀ ਤੇਜ਼ ਹੈ ਨੂੰ ਪੁੱਛਿਆ ਜਾਂਦਾ ਹੈ। ਪੀਤੂ ਤਾਏ ਨੇ ਓਹ ਆਵਾਜ਼ ਸੁਣੀ ਹੋਣ ਕਾਰਨ ਓਹ ਮੋਟਰਸਾਈਕਲ ਪਹਿਚਾਣ ਲੈਂਦਾ ਹੈ। ਗਹਿਰੀ ਛਾਣ-ਬੀਣ ਤੋਂ ਪਤਾ ਲੱਗਦਾ ਹੈ ਕਿ ਮੋਟਰਸਾਈਕਲ ਸਵਾਰ ਗੁਰਜੰਟ ਲੰਬੜਦਾਰ ਦਾ ਮੁੰਡਾ ਸੀ। ਪਿੱਛਾ ਕਰਨ ਤੇ ਗੁਰਜੰਟ ਦੀ ਮੋਟਰ ਤੋਂ ਖੂੁਨ ਨਾਲ ਲਥਪਥ ਸੱਬਲ ਬਰਾਮਦ ਹੋ ਜਾਂਦੀ ਹੈ। ਲਿਹਾਜ਼ਾ ਸ਼ੱਕੀ ਬਿਨਾਹ ਤੇ ਗੁਰਜੰਟ ਨੂੰ ਪੁਲਿਸ ਗ੍ਰਿਫ਼ਤ ਵਿੱਚ ਲੈ ਲਿਆ ਜਾਂਦਾ ਹੈ। ਮਾਪੇ ਉਸਦੀ ਤਰਫ਼ਦਾਰੀ ਕਰਦੇ ਹਨ ਪਰ ਪੁਲਿਸ ਉਸਦੀ ਤਕੜੀ ਕੁੱਟਮਾਰ ਕਰਕੇ ਜ਼ੁਰਮ ਇਕਬਾਲ ਕਰਵਾਉਣ ਦੇ ਹਥਕੰਡੇ ਵਰਤਦੀ ਹੈ।
ਕਾਫ਼ੀ ਦਿਨਾਂ ਦੀ ਹਿਰਾਸਤ ਤੋਂ ਬਾਅਦ ਨਾ ਮੰਨਣ ਤੇ ਸਾਬ੍ਹ ਬਹਾਦਰ ਨੂੰ ਉਸਦੇ ਬੇਗੁਨਾਹ ਹੋਣ ਦਾ ਤਕਾਜ਼ਾ ਲੱਗਦਾ ਹੈ। ਦਿਮਾਗੀ ਉਧੇੜ-ਬੁਣ ਵਿੱਚ ਐਮੀ ਨੂੰ ਯਾਦ ਆਉਂਦਾ ਹੈ ਕਿ ਸੱਬਲ ਦੇ ਖੂਨ ਸਿਰਫ਼ ਵਿਚਕਾਰ ਲੱਗਾ ਸੀ ਜਦਕਿ ਕਤਲ ਲਈ ਓਸਦੇ ਖ਼ੂਨ ਅਗਲੇ ਹਿੱਸੇ ਵੱਲ ਲੱਗਾ ਹੋਣਾ ਚਾਹੀਦਾ ਸੀ। ਏਸੇ ਇੱਕ ਇਸ਼ਾਰੇ ਨਾਲ ਓਹ ਲੈਬਾਰਟਰੀ ਵਿੱਚੋਂ ਖੂਨ ਚੈੱਕ ਕਰਵਾ ਕੇ ਗੁਰਜੰਟ ਨੂੰ ਬੇਕਸੂਰ ਸਾਬਿਤ ਕਰ ਲੈਂਦਾ ਹੈ। ਆਪਣੀ ਬੇਕਸੂਰੀ ਸਾਬਿਤ ਹੋਣ ਦੇ ਇਵਜ਼ 'ਚ ਗੁਰਜੰਟ ਸਾਬ੍ਹ ਬਹਾਦਰ ਨੂੰ ਦੱਸਦਾ ਹੈ ਕਿ ਉਹ ਸਰਪੰਚ ਦੇ ਘਰ ਗਿਆ ਸੀ ਪਰ ਸੱਬਲ ਨਾਲ ਉਸਨੇ ਕੇਵਲ ਗਾਣੇ ਵਜਾਉਣ ਲਈ ਚਲਾਏ ਗਏ ਜਰਨੇਟਰ ਦੀ ਟੈਂਕੀ ਤੋੜੀ ਸੀ ਅਤੇ ਉੱਥੇ ਹੀ ਸਰਪੰਚਾਂ ਦੇ ਕੁੱਤੇ ਨੇ ਉਸਦਾ ਹੱਥ ਕੱਟ ਲਿਆ ਸੀ। ਜਿਸਦੇ ਸ਼ੱਕ ਤੇ ਤੁਸੀਂ ਮੈਨੂੰ ਪੱਟੀ ਬੱਧੀ ਦੇਖ ਕੇ ਮੁਜਰਿਮ ਸਮਝ ਲਿਆ। ਹੁਣ ਸਾਬ੍ਹ ਬਹਾਦਰ ਦੇ ਦਿਮਾਗ ਲਈ ਹੋਰ ਉਲਝਣ ਪੇਸ਼ ਹੋ ਜਾਂਦੀ ਹੈ ਕਿ ਆਖਿਰ ਕਾਤਿਲ ਕੌਣ ਹੋਇਆ? ਏਸੇ ਦੌਰਾਨ ਪੁਲਿਸ ਦਾ ਟਾਊਟ (ਬਚਿੱਤਰ ਸਿੰਘ) ਗੁਰਮੀਤ ਸਾਜਨ ਖ਼ਬਰ ਦਿੰਦਾ ਹੈ ਕਿ ਰੇਲ ਵਾਲੇ ਪੁਲ ਤੇ ਇੱਕ ਲਾਸ਼ ਬਰਾਮਦ ਹੋਈ ਹੈ ਜਿਸਦੀ ਹਾਲਤ ਬੇਹੱਦ ਬੁਰੀ ਹੋਣ ਕਾਰਨ ਉਸਦੀ ਸ਼ਨਾਖ਼ਤ ਵੀ ਨਹੀਂ ਹੋ ਸਕਦੀ। ਖੈਰ, ਮੌਕਾ-ਏ-ਤਫ਼ਤੀਸ਼ ਦੌਰਾਨ ਪਤਾ ਲੱਗਦਾ ਹੈ ਕਿ ਇਹ ਲਾਸ਼ ਪਿੰਡ ਦੇ ਦਰਜ਼ੀ ਜਰਨੈਲ ਸਿੰਘ ਦੀ ਹੈ ਜੋ ਅਪਾਹਿਜ ਸੀ ਤੇ ਘਰੋਂ ਵੀ ਕੱਲਾ 'ਕਹਿਰਾ ਹੋਣ ਕਾਰਨ ਸ਼ਾਇਦ ਆਤਮ ਹੱਤਿਆ ਕਰ ਬੈਠਾ ਸੀ। ਉਸਤੋਂ ਬਾਅਦ ਕੇਸ ਹੋਰ ਗੁੰਝਲਦਾਰ ਹੋ ਜਾਂਦਾ ਹੈ ਜਦੋਂ ਪਿੰਡ ਵਾਲੀ ਨਹਿਰ ਵਿੱਚੋਂ ਇੱਕ ਔਰਤ ਦੀ ਵੀ ਲਾਸ਼ ਬਰਾਮਦ ਹੋ ਜਾਂਦੀ ਹੈ। ਇੱਕ ਨਾਲ ਇੱਕ ਕੜੀ ਜੁੜਦੀ ਕੇਸ ਨੂੰ ਉਲਝਾਉਂਦੀ ਅਤੇ ਫ਼ਿਲਮ ਵਿਚਲੇ ਟਵਿਸਟ ਦਰਸ਼ਕਾਂ ਨੂੰ ਜਾਸੂਸੀਨੁਮਾ ਲੁਤਫ਼ ਦਿੰਦੇ ਹਨ।
ਆਪਣੀ ਗਲਤੀ ਤਸਲੀਮ ਕਰਦਿਆਂ ਗੁਰਜੰਟ ਨੇ ਸਾਹਬ ਬਹਾਦਰ ਨੂੰ ਦੱਸਿਆ ਹੋਇਆ ਸੀ ਕਿ ਜਰਨੇਟਰ ਦੀ ਟੈਂਕੀ ਤੋੜਨ ਵੇਲੇ ਇੱਕ ਬੁੱਢੀ ਔਰਤ ਨੇ ਵਿਆਹ ਵਾਲੇ ਘਰੋਂ ਉਸਨੂੰ ਦੇਖ ਲਿਆ ਸੀ। ਉਸਤੋਂ ਬਾਅਦ ਸਾਬ੍ਹ ਬਹਾਦਰ ਦੀ ਸ਼ੱਕੀ ਸੂਈ ਬਿਲਕੁਲ ਦਰੁਸਤ ਘੁੰਮਦੀ ਹੋਈ ਜਾਣ ਲੈਂਦੀ ਹੈ ਕਿ ਏਹ ਨਹਿਰ ਵਾਲੀ ਬੁੱਢੀ ਬਿਲਕੁਲ ਓਹੀ ਸੀ। ਹੁਣ ਮੁੱਦਾ ਫ਼ੇਰ ਉੱਥੇ ਹੀ ਅਟਕ ਜਾਂਦਾ ਹੈ ਕਿ ਕਾਤਲ ਕੌਣ ਹੈ ਜੋ ਅਜੇ ਵੀ ਗਵਾਹ ਖ਼ਤਮ ਕਰ ਰਿਹਾ ਹੈ। ਕਾਰਵਾਈ ਦੇ ਅਗਲੇ ਪੜਾਅ ਵਿੱਚ ਪੁਲਿਸ ਜਰਨੈਲ ਦਰਜ਼ੀ ਦੀ ਦੁਕਾਨ ਤੇ ਛਾਪਾ ਮਾਰਦੀ ਹੈ ਉੱਥੇ ਅਹਿਮ ਸੁਰਾਗ ਜੋ ਏਸ ਕੇਸ ਨਾਲ ਜੁੜਦੇ ਹਨ ਪੁਲਿਸ ਨੂੰ ਬਰਾਮਦ ਹੁੰਦੇ ਹਨ। ਦੁਕਾਨ ਦੇ ਬਾਹਰ ਹੀ ਜਰਨੈਲ ਨਾਲ ਮੁਲਾਝੇਦਾਰੀਆਂ ਗੰਢਦੀ ਰਹੀ ਰਾਣੀ ਮਿਲ ਜਾਂਦੀ ਹੈ। ਸਾਰੀਆਂ ਘਟਨਾਵਾਂ ਵਿੱਚ ਅਹਿਮ ਕੜੀ ਜੋੜਨ ਦਾ ਵਸੀਲਾ ਆਖਿਰ ਪੁਲਿਸ ਲਈ ਰਾਣੀ ਸਿਰੋਂ ਜੁੜਦਾ ਹੈ। ਅਚਾਨਕ ਰਾਣੀ ਦੇ ਵੀ ਨਹਿਰ 'ਚ ਛਾਲ ਮਾਰਨ ਨਾਲ ਕੇਸ ਦੇ ਖੁਲਾਸੇ ਦੀ ਅੱਚਵੀ ਦਰਸ਼ਕ ਨੂੰ ਅੰਦਰ ਤੱਕ ਖਿੱਚਕੇ ਫ਼ਿਲਮ ਦੀ ਕਹਾਣੀ ਨਾਲ ਜੋੜ ਕੇ ਰੱਖਦੀ ਹੈ।
ਦੂਜੇ ਪਾਸੇ ਕੁਝ ਬੇਹੱਦ ਅਹਿਮ ਤੱਥਾਂ ਦੇ ਅਧਾਰ ਤੇ ਸਾਹਬ ਬਹਾਦਰ ਵੀ ਕੇਸ ਦੇ ਐਨ ਨੇੜੇ ਪਹੁੰਚ ਜਾਂਦਾ ਹੈ। ਕੇਸ ਦੀ ਪੜਚੋਲ ਦੌਰਾਨ ਪੁਲਿਸ ਅੰਤ ਨੂੰ ਜਰਨੈਲ ਦਰਜ਼ੀ ਦੀ ਦੁਕਾਨ ਅੰਦਰ ਪਹਿਰਾ ਜਮਾਉਂਦੀ ਹੈ। ਜਿੱਥੇ ਰਾਤ ਦੇ ਪਹਿਰੇ ਵਿੱਚ ਇੱਕ ਔਰਤ ਆਪਣੇ ਗਹਿਣੇ ਲੈਣ ਗਈ ਫੜੀ ਜਾਂਦੀ ਹੈ। ਇਹ ਔਰਤ ਕੋਈ ਹੋਰ ਨਹੀਂ ਬਲਕਿ ਸਰਪੰਚ ਦੀ ਸਕੀ ਛੋਟੀ ਭਰਜਾਈ (ਸੀਮਾ ਕੌਸ਼ਲ) ਸੀ। ਇਕਬਾਲ-ਏ-ਜ਼ੁਰਮ ਕਬੂਲਦਿਆਂ ਉਹ ਦੱਸਦੀ ਹੈ ਕਿ ਉਹ ਆਪਣੇ ਜੇਠ ਰੋਡੂ ਸਰਪੰਚ ਦੀਆਂ ਚਾਲਾਂ ਅਤੇ ਕਰਤੂਤਾਂ ਤੋਂ ਬਹੁਤ ਜ਼ਿਆਦਾ ਦੁਖੀ ਸੀ। ਦਰਅਸਲ ਉਹਨਾਂ ਦੇ ਘਰ ਦੋ ਧੀਆਂ ਅਤੇ ਜੇਠ ਦੇ ਘਰ ਇੱਕ ਪੁੱਤਰ ਜਿਹਨਾਂ ਨੂੰ ਮਿਲਾ ਕੇ ਛੱਤੀ ਕਿੱਲ੍ਹੇ ਜ਼ਮੀਨ ਹਿੱਸੇ ਆਉਂਦੀ ਸੀ। ਜੇਠ ਨੇ ਓਸਦੀਆਂ ਧੀਆਂ ਦੇ ਹਿੱਸੇ ਦੀ ਜ਼ਮੀਨ ਅਠਾਰਾਂ ਕਿੱਲੇ ਵੀ ਆਪਣੇ ਪੁੱਤ ਦਾ ਰਿਸ਼ਤਾ ਜੋੜਨ ਲਈ ਦੱਬ ਲਏ। ਓਸਦੀਆਂ ਧੀਆਂ ਦੇ ਰਿਸ਼ਤੇ ਨਸ਼ੇੜੀ ਖਾਨਦਾਨਾਂ 'ਚ ਜੋੜ ਕੇ ਉਹਨਾਂ ਨੂੰ ਆਪ ਨਸ਼ਾ ਦਿੰਦਾ ਸੀ। ਮਾਂ ਹੋਣ ਕਾਰਨ ਉਹ ਸਭ ਕੁਝ ਜਰ ਨਾ ਸਕੀ ਤੇ ਆਪਣਾ ਦੁੱਖ ਬਿਆਨਦੀ ਘਰੇਲੂ ਨੌਕਰਾਣੀ ਰਾਣੀ ਨੂੰ ਆਪਣੀ ਹਮਰਾਜ਼ ਬਣਾ ਬੈਠੀ। ਦੁਰ ਅੰਦਰੋਂ ਦੁਖੀ ਉਹ ਚਾਹੁਣ ਲੱਗੀ ਕਿ ਕਾਸ਼ ਜੇਠ ਨੂੰ ਕੋਈ ਮਾਰ ਹੀ ਦੇਵੇ। ਏਸ ਗੱਲ ਤੇ ਰਾਣੀ ਨੇ ਸੁਝਾਅ ਦਿੱਤਾ ਸੀ ਕਿ ਏਹ ਕੰੰਮ ਜਰਨੈਲ ਕਰ ਦੇਵੇਗਾ ਪਰ ਫ਼ੀਸ ਲਵੇਗਾ। ਸਿੱਟੇ ਵਜੋਂ ਸੀਮਾ ਕੌਸ਼ਲ ਨੇ ਆਪਣੇ ਅਤੇ ਜੇਠ ਦੇ ਘਰੋਂ ਚੋਰੀ ਕੀਤੇ ਗਹਿਣੇ ਰਾਣੀ ਨੂੰ ਦੇ ਕੇ ਜਰਨੈਲ ਨੂੰ ਸੁਪਾਰੀ ਦਿੱਤੀ ਸੀ। ਬਾਅਦ ਵਿੱਚ ਜਰਨੈਲ ਦੀ ਮੌਤ ਦੀ ਖਬਰ ਸੁਣ ਕੇ ਰਾਣੀ ਉਹ ਗਹਿਣੇ ਵਾਪਿਸ ਲੈ ਕੇ ਆਉਣ ਲਈ ਮੈਨੂੰ ਦੁਕਾਨ ਦੀ ਚਾਬੀ ਦੇ ਕੇ ਉਕਸਾ ਗਈ। ਆਪਣੀ ਮਾਂ ਦੇ ਗਹਿਣਿਆਂ ਕਾਰਨ ਮੇਰਾ ਮਨ ਲਲਚਾ ਗਿਆ ਜਿਸ ਕਾਰਨ ਮੈਂ ਏਥੇ ਦੁਕਾਨ 'ਚ ਗਹਿਣੇ ਚੁੱਕਣ ਆ ਗਈ ਅਤੇ ਫੜੀ ਗਈ। ਪੁਲਿਸ ਦੀ ਸਾਰੀ ਤਫ਼ਤੀਸ਼ ਲਗਭਗ ਮੁਕੰਮਲ ਹੋ ਜਾਂਦੀ ਹੈ ਪਰ ਕਾਤਲ ਕਿੱਥੇ ਹੈ ਅਤੇ ਓਸਨੇ ਏਹ ਕਤਲ ਕੀਤਾ ਕਿਵੇਂ ਹੈ? ਇਹ ਪ੍ਰਸ਼ਨ ਅਜੇ ਵੀ ਪੁਲਿਸ ਲਈ ਵੱਡੀ ਗੁੱਥੀ ਸੀ। ਏਸੇ ਸਿਲਸਿਲੇ ਵਿੱਚ ਅਚਾਨਕ ਦੁਕਾਨ ਅੰਦਰ ਇੱਕ ਬੰਦਾ ਆਉਂਦਾ ਹੈ ਜੋ ਗਹਿਣੇ ਚੁੱਕਣ ਆਉਂਦਾ ਹੈ ਅਤੇ ਗਹਿਣੇ ਨਾ ਮਿਲਣ ਤੇ ਨਾਲ ਹੀ ਬੋਲੀ ਜਾਂਦਾ ਹੈ ਕਿ ਗਹਿਣੇ ਵੀ ਗਏ ਤੇ ਜਨਾਨੀ ਦੇ ਪਿੱਛੇ ਲੱਗ ਕੇ ਬੰਦਾ ਵੀ ਮਾਰ ਦਿੱਤਾ। ਪੁਲਿਸ ਜੋ ਸਾਰੀ ਗੱਲ ਚੁੱਪਚਾਪ ਚੋਰੀਓਂ ਸੁਣ ਰਹੀ ਸੀ ਅਚਾਨਕ ਚਾਣਨ ਕਰਕੇ ਭੇਦ ਖੋਲ੍ਹਦੀ ਹੈ ਕਿ ਗਹਿਣੇ ਚੁੱਕਣ ਆਇਆ ਬੰਦਾ ਖੁਦ ਜਰਨੈਲ ਸੀ ਜਿਸਦੇ ਰੇਲ ਗੱਡੀ ਹੇਠ ਆ ਕੇ ਮਰਨ ਦੀ ਖ਼ਬਰ ਪੂਰੇ ਪਿੰਡ ਵਿੱਚ ਫ਼ੈਲੀ ਹੋਈ ਸੀ। ਫੜ੍ਹੇ ਜਾਣ ਤੇ ਜਰਨੈਲ (ਸਰਦਾਰ ਸੋਹੀ) ਦੱਸਦਾ ਹੈ ਕਿ ਉਹੀ ਕਾਤਲ ਹੈ ਜਿਸਨੇ ਪੈਸਿਆਂ ਦੇ ਲਾਲਚ ਅਤੇ ਰਾਣੀ ਦੇ ਉਕਸਾਉਣ ਤੇ ਸਰਪੰਚ ਦਾ ਕਤਲ ਤਿੱਖੀ ਕੈਂਚੀ ਨਾਲ ਰਾਤ ਦੇ ਹਨੇਰੇ ਅਤੇ ਜਰਨੇਟਰ ਦੀ ਆਵਾਜ਼ ਦਾ ਫ਼ਾਇਦਾ ਚੁੱਕ ਕੇ ਕੀਤਾ ਸੀ। ਕਤਲ ਕਰਦਿਆਂ ਮੈਨੂੰ ਇਕ ਬਜੁਰਗ ਔਰਤ (ਵਿਆਹ ਚ ਆਈ ਨਾਇਣ) ਨੇ ਦੇਖ ਲਿਆ ਸੀ। ਸਿੱਟੇ ਵਜੋਂ ਮੈਂ ਓਸਦਾ ਵੀ ਗਲਾ ਘੁੱਟ ਕੇ ਉਸਨੂੰ ਲੱਦ ਕੇ ਆਪਣੀ ਟਰਾਈਸਾਈਕਲ ਤੇ ਨਹਿਰ 'ਚ ਸੁੱਟਣ ਲਈ ਲੈ ਗਿਆ ਸੀ। ਨਹਿਰ ਵਿੱਚ ਓਸਦਾ ਖੜਾਕ ਨਹਿਰੀ ਮਹਿਕਮੇ ਦੇ ਚੌਂਕੀਦਾਰ ਨੇ ਸੁਣ ਲਿਆ ਸੀ ਅਤੇ ਹਨੇਰੇ ਵਿੱਚ ਸ਼ਾਇਦ ਓਸਨੇ ਮੈਨੂੰ ਦੇਖਵੀ ਲਿਆ ਸੀ। ਸੋ ਮੈਂ ਅਚਾਨਕ ਲੁਕ ਗਿਆ ਤੇ ਦੇਖਿਆ ਕਿ ਰੇਲਵੇ ਟਰੈਕ ਤੇ ਇੱਕ ਬੰਦਾ ਪਿਆ ਸੀ। ਕੋਲ ਜਾ ਕੇ ਪਤਾ ਲੱਗਾ ਕਿ ਉਹ ਮਰਿਆ ਹੋਇਆ ਸੀ। ਮੈਂ ਚਲਾਕੀ ਨਾਲ ਉਸਨੂੰ ਟਰੈਕ ਦੇ ਹੋਰ ਵਿਚਾਲੇ ਕਰ ਦਿੱਤਾ ਅਤੇ ਆਪਣਾ ਟਰਾਈ ਸਾਈਕਲ ਉੱਥੇ ਜਾਣ ਬੁੱਝ ਕੇ ਛੱਡਣ ਦੇ ਮਕਸਦ ਨਾਲ ਏਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਰਨੈਲ ਨੇ ਆਤਮ ਹੱਤਿਆ ਕੀਤੀ ਸੀ। ਬਲਕਿ ਮੈਂ ਆਪਣੇ ਕਿਸੇ ਬੇਲੀ ਸਾਧ ਦੇ ਡੇਰੇ 'ਚ ਛੁਪ ਗਿਆ ਸੀ। ਅੱਜ ਲਾਲਚ ਵੱਸ ਮੈਂ ਆਪਣੇ ਗਹਿਣੇ ਚੁੱਕਣ ਆਇਆ ਸੀ ਜਿੱਥੇ ਤੁਸੀਂ ਮੈਨੂੰ ਦਬੋਚ ਲਿਆ। ਜਰਨੈਲ ਦੀ ਕਰਤੂਤ ਮੰਨਣ ਤੋਂ ਬਾਅਦ ਸਾਰਾ ਕੇਸ ਪਾਣੀ ਵਾਂਗੂੰ ਸਾਫ਼ ਹੋ ਜਾਂਦਾ ਹੈ। ਸਮਾਪਤੀ ਤੇ ਸਾਬ੍ਹ ਬਹਾਦਰ ਕਾਤਲ ਤੱਕ ਪਹੁੰਚਣ ਲਈ ਕੀਤੀ ਵਿਓਂਤਬੰਦੀ ਦਰਸ਼ਕਾਂ ਦੀ ਉਤਸੁਕਤਾ ਹਿਤ ਰਾਣੇ ਰਣਬੀਰ ਰਾਹੀਂ ਸ਼ਾਂਤ ਕਰਦਾ ਹੈ। ਉਹ ਦੱਸਦਾ ਹੈ ਕਿ ਗਹਿਣੇ ਚੋਰੀ ਕਰਨ ਦਾ ਖ਼ਦਸ਼ਾ ਸਿਰਫ਼ ਇੱਕ ਔਰਤ ਵੱਲ ਇਸ਼ਾਰਾ ਕਰਦਾ ਸੀ ਪਰ ਓਸ ਔਰਤ ਤੱਕ ਪਹੁੰਚਣ ਲਈ ਬਾਅਦ 'ਚ ਕੜੀ ਵਜੋਂ ਮੈਨੂੰ ਰਾਣੀ ਮਿਲੀ ਜਿਸਨੂੰ ਮੈਂ ਧਮਕਾ ਕੇ ਅਤੇ ਲਾਲਚ ਦੇ ਕੇ ਚਾਬੀ ਸਰਪੰਚ ਦੀ ਭਰਜਾਈ ਤੱਕ ਦੇਣ ਲਈ ਕਿਹਾ ਅਤੇ ਬਾਅਦ ਵਿੱਚ ਰਾਣੀ ਦੀ ਮੌਤ ਦੀ ਝੂਠੀ ਖਬਰ ਪੁਲਿਸ ਟਾਊਟ ਬਚਿੱਤਰ ਕੋਲੋਂ ਫ਼ੈਲਵਾਈ। ਜਦੋਂਕਿ ਉਹ ਜ਼ੁਰਮ ਇਕਬਾਲ ਕਰਨ ਤੋਂ ਬਾਅਦ ਥਾਣੇ ਬੰਦ ਕਰ ਲਈ ਸੀ। ਓਧਰ ਕਾਤਲ ਦੇ ਜਿਓਂਦਾ ਹੋਣ ਦਾ ਸਬੂਤ ਵਰਿਆਮ ਸਿੰਘ ਦੇ ਬਿਆਨਾਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਰੇਲਵੇ ਟਰੈਕ ਤੇ ਮਰਿਆ ਬੰਦਾ ਤਾਂ ਇੱਕ ਪਰਵਾਸੀ ਮਜ਼ਦੂਰ ਸੀ। ਏਸ ਲਈ ਸ਼ਾਤਿਰਮਈ ਢੰਗ ਨਾਲ ਰਾਣੀ ਨੂੰ ਮੋਹਰਾ ਬਣਾ ਕੇ ਕਾਤਲ ਫ਼ੜ੍ਹਨ ਦਾ ਜਾਲ ਵਿਛਾਇਆ ਗਿਆ ਸੀ। ਸੋ, ਇਓਂ ਬੜ੍ਹੇ ਹੀ ਦਿਲਚਸਪ ਤਰੀਕੇ ਨਾਲ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਫ਼ਿਲਮ ਸਮਾਪਤੀ ਵੱਲ ਵਧਦੀ ਹੈ।
ਤਕਨੀਕੀ ਪੱਖੋਂ ਫ਼ਿਲਮ ਦਾ ਨਿਰਦੇਸ਼ਨ ਕਾਫ਼ੀ ਵਧੀਆ ਰਿਹਾ। ਕੈਮਰਾ ਵਰਕ ਕਾਫ਼ੀ ਸੰਜੀਦਗੀ ਨਾਲ ਕੀਤਾ ਗਿਆ ਹੈ। ਬੈਕਗ੍ਰਾਊਂਡ ਸਕੋਰ ਅਤੇ ਸਿਚਏਸ਼ੂਨਲ ਗੀਤ ਫ਼ਿਲਮੀ ਕਹਾਣੀ ਦਾ ਅਸਰ ਬਰਕਰਾਰ ਰੱਖਦੇ ਹਨ। ਕਹਾਣੀ ਦੀ ਦਿਲਚਸਪੀ ਦਰਸ਼ਕ ਨੂੰ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ। ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਦੀ ਤੁਲਨਾ 'ਚ ਅਸ਼ਲੀਲ ਅਤੇ ਬੇਹੁਦਾ ਅਣਲੋੜੀਂਦੀ ਕਾਮੇਡੀ ਤੋਂ ਵੀ ਗੁਰੇਜ਼ ਕੀਤਾ ਗਿਆ ਹੈ। ਇੱਕ-ਦੋ ਗਲਤੀਆਂ ਤੋਂ ਬਿਨ੍ਹਾਂ ਬਾਕੀ ਪਟਕਥਾ ਬਹੁਤ ਹੀ ਗੁੰਦਵੀਂ ਰਹੀ। ਲੀਡ ਕਿਰਦਾਰ ਵਜੋਂ ਕੁਲਦੀਪ ਸਿੰਘ (ਸਾਬ੍ਹ ਬਹਾਦਰ) ਐਮੀ ਵਿਰਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣਾ ਰੋਲ ਅਦਾ ਕੀਤਾ ਹੈ। ਜਸਵਿੰਦਰ ਭੱਲੇ ਅਤੇ ਰਾਣੇ ਰਣਬੀਰ ਨੇ ਵੀ ਸੁਪੋਰਟਿਵ ਅਦਾਕਾਰ ਹੋਣ ਨਾਤੇ ਕਮਾਲ ਦਾ ਕੰਮ ਕੀਤਾ ਹੈ। ਫ਼ਿਲਮ ਦੀ ਸਟਾਰ ਕਾਸਟ ਕਾਫ਼ੀ ਵਧੀਆ ਤਰੀਕੇ ਨਾਲ ਚੁਣੀ ਗਈ ਹੈ।
ਫ਼ਿਲਮ ਦੇ ਅੱਧ ਤੱਕ ਦਰਸ਼ਕਾਂ ਦਾ ਧਿਆਨ ਖਿੱਚਦੇ ਲੰਬੜਦਾਰ ਦੇ ਮੁੰਡੇ ਗੁਰਜੰਟ (ਰਾਹੁਲ ਜੁੰਗਰਾਲ ) ਦੀ ਮੰਝੀ ਹੋਈ ਅਦਾਕਾਰੀ ਵੀ ਫ਼ਿਲਮ ਦੀ ਸਫ਼ਲਤਾ ਲਈ ਵਿਸ਼ੇਸ਼ ਪੈਮਾਨਾ ਸਾਬਿਤ ਹੋਈ। ਇਸਤੋਂ ਇਲਾਵਾ ਚਰਿੱਤਰ ਅਦਾਕਾਰਾਂ ਵਿੱਚੋਂ ਜਰਨੈਲ ਸਿੰਘ (ਫ਼ਿਲਮ ਵਿੱਚ ਵਰਿਆਮ ਸਿੰਘ) ਅਤੇ ਸਤਵੰਤ ਕੌਰ (ਸਰਪੰਚ ਦੀ ਘਰਵਾਲੀ) ਦਾ ਕੰਮ ਵੀ ਕਾਫ਼ੀ ਗੌਲਣਯੋਗ ਸੀ।ਸਾਰੀ ਹੀ ਟੀਮ ਨੇ ਕਾਫ਼ੀ ਮੇਹਨਤ ਕੀਤੀ ਹੈ ਜੋ ਫ਼ਿਲਮ 'ਚ ਸਾਫ਼ ਦਿਖਾਈ ਦਿੰਦੀ ਹੈ।
ਪੰਜਾਬੀ ਸਿਨਮੇ ਵਿੱਚ ਅਜਿਹੀਆਂ ਕੋਸ਼ਿਸ਼ਾਂ ਬਹਰ ਹਾਲ ਘੱਟ ਹਨ ਪਰ ਸਾਬ੍ਹ ਬਹਾਦਰ ਦੀ ਪੂਰੀ ਟੀਮ ਨੂੰ ਮੁਬਾਰਕ ਹੈ ਕਿ ਉਹਨਾਂ ਦਾ ਇਹ ਕਦਮ ਸਹੀ ਦਿਸ਼ਾ 'ਚ ਹੈ ਅਤੇ ਪੰਜਾਬੀ ਇੰਡਸਟਰੀ ਨੂੰ ਏਸ ਦੀ ਜ਼ਰੂਰਤ ਵੀ। ਦਰਸ਼ਕਾਂ ਨੂੰ ਅਜਿਹੀਆਂ ਫ਼ਿਲਮਾਂ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਤਾਂਜੋ ਚੰਗੇ ਕੰਮ ਦੀ ਸਰਾਹਨਾ ਲਾਜ਼ਮੀ ਹੋ ਸਕੇ। ਨਿਰਦੇਸ਼ਕ ਅਮ੍ਰਿੰਤ ਰਾਜ ਚੱਢਾ ਅਤੇ ਓਸਦੀ ਪੂਰੀ ਟੀਮ ਨੂੰ ਮੁੜ ਦੁਆਵਾਂ। ਉਮੀਦ ਹੈ ਅੱਗੋਂ ਤੋਂ ਹੋਰ ਨਿਵੇਕਲੀਆਂ ਕੋਸ਼ਿਸ਼ਾਂ ਏਸ ਖ਼ੇਤਰ ਵਿੱਚ ਯਕੀਨਨ ਹੋਣਗੀਆਂ।
ਆਮੀਨ!
ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:- 98788-89217
-
ਖੁਸ਼ਮਿੰਦਰ ਕੌਰ, ਖੋਜਨਿਗ਼ਾਰ ਪੰਜਾਬੀ ਸਿਨਮਾ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.