ਖ਼ਬਰ ਹੈ ਕਿ ਪੰਜਾਬ ਸਰਕਾਰ ਵਲੋਂ 35 ਲੱਖ ਨੀਲੇ ਕਾਰਡ ਧਾਰਕਾਂ ਨੂੰ ਕੌਮੀ ਖ਼ੁਰਾਕ ਸੁਰੱਖਿਆ ਐਕਟ-2013 ਦੀ ਪਾਲਣਾ ਹਿੱਤ ਹਾਲ ਦੀ ਘੜੀ ਕਣਕ ਦਾ ਬਣਦਾ ਕੋਟਾ ਜਾਰੀ ਕਰ ਦਿਤਾ ਹੈ। ਇਹ ਕਣਕ ਅਪ੍ਰੈਲ 2017 ਤੋਂ ਸਤੰਬਰ 2017 ਤੱਕ ਕੁਲ ਛੇ ਮਹੀਨੇ ਦੀ ਇੱਕਠੀ 2 ਰੁਪਏ ਪ੍ਰਤੀ ਕਿਲੋ ਪ੍ਰਤੀ ਜੀਅ 5 ਕਿਲੋ ਦੇ ਹਿਸਾਬ ਨਾਲ ਡਿਪੂ ਹੋਲਡਰਾਂ ਰਾਹੀਂ ਜਾਰੀ ਕੀਤੀ ਜਾਵੇਗੀ। ਸਾਬਕਾ ਮੁਖਮੰਤਰੀ ਬਾਦਲ ਦੀ ਤਸਵੀਰ ਵਾਲੇ ਕਾਰਡ ਧਾਰਕਾਂ ਅਤੇ ਕੁਝ ਹੋਰ ਅਯੋਗ ਪਾਏ ਗਏ ਪਰਿਵਾਰਾਂ ਨੂੰ ਇਹ ਸਸਤਾ ਰਾਸ਼ਨ ਨਹੀਂ ਮਿਲੇਗਾ।
ਪਰ ਭਾਈ ਕੈਪਟਨ ਦੀ ਸਸਤੀ ਚਾਹ ਪੱਤੀ ਚੀਨੀ, ਤੇ ਘਿਉ ਦੀ ਖੁਸ਼ਬੂ ਹਾਲੀ ਚੁਲ੍ਹਿਆਂ ਤੋਂ ਦੂਰ ਕਿਉਂ ਆ ? ਜਾਪਦੈ ਕਿਧਰੇ ਕਾਰੂ ਦੇ ਖਜ਼ਾਨੇ ਨੂੰ ਹੱਥ ਨਹੀਂ ਪਿਆ ਉਹਦਾ। ਮੋਦੀ ਜੀ, ਜਿਹੜੇ ਬਾਹਰਲੇ ਦੇਸ਼ ਜਾਂਦਾ ਰੁੱਗਾਂ ਦੇ ਰੁੱਗ ਰੁਪੱਈਏ ਦੇਈ ਜਾਂਦਾ, ਕੈਪਟਨ ਉਸਤੋਂ ਮੰਗਣ ਜਾਂਦੈ ਤਾਂ ਠੇਂਗਾ ਦਿਖਾ ਦਿੰਦਾ ਆ। ਮੋਦੀ ਕੈਪਟਨ ਨੂੰ ਧਨ ਦੇਵੇ ਵੀ ਕਿਉਂ? ਸ਼ਰੀਕਾਂ ਨੂੰ ਕੋਈ ਭਾਜੀ ਥੋੜਾ ਦਿੰਦਾ, ਸਗੋਂ ਉਹਨਾ ਨੂੰ ਤਾਂ ਭਾਜੀ ਮੋੜੀ ਜਾਂਦੀ ਆ।
ਉਂਜ ਭਾਈ ਸੁਣਿਆ ਕੈਪਟਨ ਨੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਖੋਲ੍ਹ ਦਿਤੇ ਆ। ਬਿਰਧਾਂ ਨੂੰ ਉਹੀ ਪੁਰਾਣੀਆਂ ਪੈਨਸ਼ਨਾਂ ਦੇਣ ਲੱਗਿਆ। ਤੇ ਇਹ ਵੀ ਸੁਣਿਆ “ਆਰੂਸਾ ਆਲਮ“ ਨੂੰ ਪਹਾੜੀ ਇਲਾਕੇ ‘ਚ “ਹੈਪੀ ਬਰਥਡੇ“ ਕਰਨ ਦਾ ਪ੍ਰੋਗ੍ਰਾਮ ਵੀ ਬਣਾਇਆ। ਜਾਪਦੈ ਨੌਕਰੀਆਂ ਲੱਭਦੇ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤੇ ਦੇ ਵਾਇਦੇ, ਖੁਦਕੁਸ਼ੀਆਂ ਕਰਦੇ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਵਾਇਦੇ ਉਸ ਦਫ਼ਨ ਕਰ ਦਿਤੇ ਨੇ? ਤਦੇ ਆਪਣੇ ਪ੍ਰਦੇਸੀ ਮੋਦੀ ਵਾਂਗਰ ਕੈਪਟਨ ਕਦੇ ਦਿਲੀ, ਤੁਰਿਆ ਫਿਰਦੈ ਤੇ ਲੋਕਾਂ ਤੋਂ ਆਪਣੀ ਜਾਨ ਬਚਾਉਣ ਲਈ ਪਹਾੜੀ ਕੁੰਦਰਾਂ ਲੱਭਦਾ ਫਿਰਦੈ। ਵੇਖੋ ਨਾ ਕਿਵੇਂ ਮੋਦੀ ਨੇ ਤਿੰਨ ਸਾਲਾਂ ਵਿੱਚ ਇਕੌਤਰ ਸੌ ਸਕੀਮਾਂ ਲੋਕਾਂ ਪੱਲੇ ਪਾ ਦਿਤੀਆਂ। ਗਰੀਬਾਂ ਦੇ ਖਾਤਿਆਂ ‘ਚੋਂ ਪੈਸਾ ਕੱਢ ਕਾਰਪੋਰੇਟੀਆਂ ਦੇ ਖਾਤਿਆਂ ‘ਚ ਪੁਆ ਦਿਤਾ, ਤੇ “ਲੋਕ ਸੇਵਕ“ ਦਾ ਦਰਜ਼ਾ ਪ੍ਰਾਪਤ ਕਰ ਲਿਆ, ਇਵੇਂ ਹੀ ਭਾਈ ਦੋ ਮਹੀਨਿਆਂ ਦੇ ਰਾਜ ‘ਚ ਬੁੱਢਿਆਂ ਦੀ ਪੈਨਸ਼ਨ ਜਾਰੀ ਕਰਨ ਦਾ ਤਮਗਾ ਲੈ ਕੇ ਗਰੀਬਾਂ, ਲੋੜਵੰਦਾਂ ਪੱਲੇ ਸਸਤੀ ਕਣਕ ਪਾਕੇ ਥੁੱਕ ਨਾਲ ਵੜੇ ਪਕਾਕੇ ਇੱਕ ਕਵਿਤਾ “ਸਾਡੇ ਰਾਜ ਨੂੰ ਤੁਸੀਂ ਨਾ ਰਾਜ ਸਮਝੋ, ਅਸੀਂ ਸੇਵਕ ਹਾਂ, ਸੇਵਾ ਕਮਾ ਰਹੇ ਆ“ ਨੂੰ ਕੈਪਟਨ ਨੇ ਸੱਚ ਕਰ ਵਿਖਾਇਆ ਆ। ਧੰਨ ਹੋ ਕੈਪਟਨ ਜੀ। ਧੰਨ ਹੋ ਮਹਾਰਾਜਾ, ਜੀ!! ਧੰਨ ਹੋ!!
ਘੜੀ ਘੜੀ ਹੁਣ ਨੇਤਾ ਇਹ ਸੋਚਦੇ ਨੇ
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪੰਜਾਬ ਵਿਚ ਆਪਣਾ ਆਧਾਰ ਪੱਕਾ ਕਰਨ ਲਈ ਹਰ ਸਬ ਡਿਵੀਜ਼ਨ ਪੱਧਰ ਉਤੇ ਕਮੇਟੀਆਂ ਬਨਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਸੂਬੇ ਭਰ ਵਿਚ ਪਾਰਟੀ ਦਾ ਸੰਗਠਨ ਮਜਬੂਤ ਕੀਤਾ ਜਾ ਸਕੇ। ਇਸ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ “ਆਪ“ ਪ੍ਰਧਾਨ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੌਕੇਟ ਫੂਲਕਾ, ਅਸਤੀਫਾ ਦੇ ਚੁੱਕੇ ਆਪ ਦੇ ਚੀਫ ਵਿਪ ਅਤੇ ਹੋਰ ਆਗੂ ਵੀ ਸ਼ਾਮਲ ਸਨ। ਉਹਨਾ ਸਕੂਲ ਅਧਿਆਪਕਾਂ ਨੂੰ ਖਰੀਆਂ ਖਰੀਆਂ ਸੁਣਾਈਆਂ, ਜਿਹਨਾ ਦੇ ਬਾਹਰਵੀਂ ਕਲਾਸ ਦੇ ਨਤੀਜੇ ਭੈੜੇ ਆਏ ਸਨ।
ਭਗਵੰਤ ਮਾਨ ਨੇ ਮੀਟਿੰਗ ਕੀਤੀ ਅਤੇ ਜਾ ਵੜਿਆ ਅਮਰੀਕਾ। ਫੂਲਕਾ ਜੀ ਮੀਟਿੰਗ ਤੋਂ ਰੁਖਸਤ ਹੋਕੇ ਪੰਜਾਬ ਦੇ ਸਕੂਲਾਂ ਦਾ ਹਾਲ-ਚਾਲ ਵੇਖਣ ਤੁਰ ਗਏ। ਬਾਕੀ ਨੇਤਾ ਆਪੋ-ਆਪਣੇ ਕੰਮੀਂ ਲੱਗ ਗਏ। ਕੀ ਕਰਨ ਵਿਚਾਰੇ? ਉਧਰ ਮਿਸ਼ਰਾ “ਕੇਜਰੀਵਾਲ“ ਨੇ ਦੁਬੱਲਿਆ ਹੋਇਆ, ਇਧਰ ਭਗਵੰਤ ਮਾਨ ਨੂੰ ਦੂਜੇ ਨੇਤਾ ਸਾਹ ਨਹੀਂ ਲੈਣ ਦਿੰਦੇ, ਅਖੇ, “ਸ਼ਰਾਬੀ ਪ੍ਰਧਾਨ ਕਿਉਂ ਬਣਾਇਆ“? ਕੋਈ ਇਹਨਾ ਨੂੰ ਪੁੱਛੇ ਪੰਜਾਬ ‘ਚ ਤਾਂ ਭਾਈ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ, ਭਗਵੰਤ ਮਾਨ ਨੇ ਡੁੱਬਕੀ ਲਗਾ ਲਈ ਤਾਂ ਕੀ ਹੋਇਆ? ਉਵੇਂ ਹੀ ਜਿਵੇਂ ਪੂਰੇ ਦੇਸ਼ ‘ਚ ਭਿ੍ਰਸ਼ਟਾਚਾਰ ਫੈਲਿਆ ਹੋਇਆ! ਹਰੇਕ ਨੇਤਾ ਆਪਣੇ ਨਾਂ ‘ਤੇ, ਪਾਰਟੀ ਦੇ ਨਾਂ ‘ਤੇ ਫੰਡ ਕੱਠਾ ਕਰਦਾ, ਜੇਕਰ ਭਲਾ ਕੇਜਰੀਵਾਲ ਨੇ ਚਾਰ ਛਿੱਲੜ ਕਮਾ ਲਏ ਤਾਂ ਹਾਹਾਕਾਰ ਕਾਹਦੀ? ਉਂਜ ਇਹ ਸਭਾ ਚੋਣਾਂ ਦੀਆਂ ਕਰਾਮਾਤਾਂ ਆ। ਐਂਵੇ ਇਹ ਕਾਵਾਂਰੌਲੀ ਤਾਂ ਲੋਕਾਂ ਨੂੰ ਰਿਝਾਉਣ ਦੀਆਂ ਗੱਲਾਂ ਨੇ ਤਾਂ ਕਿ ਲੋਕੀ ਰੋਟੀ ਨਾ ਮੰਗਣ ਲੱਗ ਪੈਣ।
ਉਂਜ ਭਾਈ ਨੇਤਾ ਤੇ ਪਾਰਟੀਆਂ ਤਾਂ ਲੋਕਾਂ ਨੂੰ ਲੁਭਾਉਣ ਨੂੰ ਨੇ। ਰਿਝਾਉਣ ਨੂੰ ਨੇ। ਪਤਿਆਉਣ ਨੂੰ ਨੇ। ਜਦੋਂ ਦਾਅ ਲਗਦਾ, ਦੂਜੇ ਨੂੰ ਠਿੱਬੀ ਲਾਉਣ ਨੂੰ ਨੇ। ਨੇਤਾ ਲੋਕਾਂ ਦਾ ਕਰਮ ਹੀ ਇਹੋ ਜਿਹਾ ਆ ਤਦੇ ਕਵੀ ਕਹਿੰਦਾ ਆ, “ ਘੜੀ ਘੜੀ ਹੁਣ ਨੇਤਾ ਇਹ ਸੋਚਦੇ ਨੇ ਕਿਸਮਤ ਆਪਣੀ ਕਿਸ ਤਰ੍ਹਾਂ ਘੜੀ ਜਾਵੇ? ਆਪੋਜੀਸ਼ਨ ਨਾ ਮੋਰਚਾ ਮਾਰ ਜਾਏ, ਨਬਜ਼ ਜਨਤਾ ਦੀ ਕਿਸ ਤਰ੍ਹਾਂ ਫੜੀ ਜਾਵੇ“?
ਉਦੋਂ ਪੁੱਟਣਾ ਖ਼ੂਹ ਕੀ ਅਕਲਮੰਦੀ
ਖ਼ਬਰ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ‘ਚ ਭਾਰਤ ਨੂੰ ਪਾਕਿਸਤਾਨ ਵਿਰੁੱਧ ਵੱਡੀ ਜਿੱਤ ਹਾਸਲ ਹੋਈ ਹੈ। ਅਦਾਲਤ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਅੰਤਿਮ ਫੈਸਲਾ ਆਉਣ ਤੱਕ ਰੋਕ ਲਗਾ ਦਿਤੀ ਹੈ। ਕੌਮਾਤਰੀ ਅਦਾਲਤ ਨੇ ਇਸ ਨਾਲ ਹੀ ਜਾਧਵ ਨੂੰ ਕੂਟਨੀਤਕ ਪਹੁੰਚ ਉਪਲੱਬਧ ਕਰਾਉਣ ਦੇ ਹੁਕਮ ਦਿਤੇ ਹਨ। ਅਦਾਲਤ ਨੇ ਕਿਹਾ ਕਿ ਉਹ ਮੁਢਲੇ ਤੌਰ ‘ਤੇ ਜਾਧਵ ਨੂੰ ਜਾਸੂਸ ਬਣਾਏ ਜਾਣ ਨਾਲ ਸਹਿਮਤ ਨਹੀਂ ਹੈ। ਉਧਰ ਪਾਕਿਸਤਾਨ ਨੇ ਇਸ ਫੈਸਲੇ ਨੂੰ ਮੁੜ ਚੁਣੌਤੀ ਦੇਣ ਦਾ ਫੈਸਲਾ ਕੀਤੇ ਹੈ ਅਤੇ ਇਸ ਕੰਮ ਲਈ ਵੱਡੇ ਵੱਡੇ ਵਕੀਲਾਂ ਦੀ ਸੇਵਾਵਾਂ ਲੈਣ ਲਈ ਕਿਹਾ ਹੈ। ਅਤੇ ਕਿਹਾ ਹੈ ਕਿ ਉਹ ਗੁਆਂਢੀ ਨੂੰ ਉਹਦੀਆਂ ਕੀਤੀਆਂ ਦਾ ਮਜ਼ਾ ਜ਼ਰੂਰ ਚਖਾਏਗਾ।
ਚੰਦਰਾ ਗੁਆਂਢੀ ਆ, ਆਹ ਆਪਣਾ ਵੀਰਾ ਪਾਕਿਸਤਾਨ। ਜਦੋਂ ਵੀ ਸੂਤ ਲੱਗਦਾ, ਬੱਸ ਚੋਭਾਂ ਮਾਰਦਾ, ਡੰਗ ਚਲਾਉਂਦਾ, ਬਰਛੇ, ਛੁਰੀਆ ਲੈ, ਗੁਆਂਢੀ ਨੂੰ ਕੋਹਣ ਹੋ ਤੁਰਦਾ। ਕੌਣ ਸਮਝਾਏ ਭੈੜੇ ਨੂੰ, ਲਾਈ-ਲੱਗ ਪੁਣੇ ‘ਚ ਝੁੱਗਾ ਚੌੜ ਹੋ ਜਾਂਦੈ! ਮੌਰ ਭੱਜ ਜਾਂਦੇ ਆ, ਹੱਥ ਮੂੰਹ ਭੰਨਾ ਕੇ ਬੰਦਾ ਲੰਗੜਾ, ਲੂਲਾ ਹੋ ਜਾਂਦਾ!
ਉਂਜ ਭਾਈ ਪਾਕਿਸਤਾਨ ਆ, ਅਮਰੀਕੀਆਂ, ਚੀਨੀਆਂ ਦਾ ਚੇਲਾ! ਜਿਧਰ ਨੂੰ ਉਹ ਲੈ ਜਾਂਦੇ ਆ, ਹੋ ਤੁਰਦਾ। ਘਰ ਭੰਗ ਭੁਜਦੀ ਆ ਤਾਂ ਭੁੱਜੇ। ਘਰ ਲੜਾਈ ਹੁੰਦੀ ਆ ਤਾਂ ਹੋਵੇ! ਸੁਣਿਆ ਉਥੇ ਫੌਜ ਦਾ ਮੂੰਹ ਇੱਕ ਬੰਨੇ ਆ, ‘ਤੇ ਉਹਨਾ ਸਰਕਾਰ ਦਾ ਮੂੰਹ ਦੂਜੇ ਬੰਨੇ। ਉਥੇ ਤਾਂ ਭਾਈ ਪੁੱਤ ਇੱਕ ਪਾਸੇ ਆ ਤੇ ਪਿਉ ਦੂਜੇ ਪਾਸੇ। ਬਾਬੂ ਇੱਕ ਪਾਸੇ ਆ ਅਫਸਰ ਦੂਜੇ ਪਾਸੇ। ਰੋਟੀ ਇੱਕ ਪਾਸੇ ਆ ਤੇ ਠੂਠਾ ਦੂਜੇ ਪਾਸੇ! ਤਾਂ ਹੀ ਤਾਂ ਫਿਰ ਘਰ ਦੇ ਤਸਲੇ ਹੀ ਹੋਏ ਪਏ ਆ ਮੂਧੇ ਤਾਂ ਫਿਰ ਕੌਣ ਸਮਝਾਏ ਪਾਕਿਸਤਾਨ ਨੂੰ ਕਿ,“ ਉਦੋਂ ਪੁੱਟਣਾ ਖੂਹ ਕੀ ਅਕਲਮੰਦੀ, ਜਦੋਂ ਘਰ ਨੂੰ ਲੱਗੀ ਹੋਈ ਅੱਗ ਹੋਵੇ“।
ਨੰਬਰ ਵੰਨ ਹੈ ਮੁਲਕ ਮਹਾਨ ਸਾਡਾ
ਖ਼ਬਰ ਹੈ ਕਿ ਦੇਸ਼ ਵਿਚ 12 ਤੋਂ 18 ਸਾਲ ਦੀ ਉਮਰ ਦਾ ਹਰ ਦੂਜਾ ਬੱਚਾ ਜਿਨਸੀ ਸੋਸ਼ਣ ਝੱਲਦਾ ਹੈ। ਇਹ ਕਰੀਬ 45,000 ਬੱਚਿਆਂ ਉਤੇ ਹੋਏ ਸਰਵੇ ਦਾ ਖੁਲਾਸਾ ਹੈ। ਮਨੁੱਖ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਵਰਲਡ ਵਿਜ਼ਨ ਇੰਡੀਆ ਨੇ ਇਹ ਸਰਵੇ ਕੀਤਾ ਹੈ। ਇਸ ਸੰਸਥਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆ ਦੇ 45,844 ਬੱਚਿਆਂ ਦੀ ਪ੍ਰਤੀਕਿਰਿਆ ਵੀ ਲਈ। ਸਰਵੇ ਵਿਚ ਇਹ ਖੁਲਾਸਾ ਹੋਇਆ ਹੈ ਕਿ ਹਰ ਪੰਜ ਵਿਚੋਂ ਇੱਕ ਬੱਚਾ ਖੁਦ ਨੂੰ ਜਿਨਸੀ ਸੋਸ਼ਣ ਪ੍ਰਤੀ ਮਹਿਫੂਜ ਨਹੀਂ ਮਹਿਸੂਸ ਕਰਦਾ। ਸਰਵੇ ਦੀ ਮੰਨੀਏ ਤਾਂ ਚਾਰ ਵਿਚੋਂ ਇਕ ਪਰਿਵਾਰ ਨੇ ਬੱਚੇ ਨਾਲ ਹੋਏ ਸੋਸ਼ਣ ਦੀ ਸ਼ਿਕਾਇਤ ਨਹੀਂ ਕੀਤੀ।
ਭੁੱਖ, ਨੰਗ, ਗਰੀਬ, ਅਨਪੜ੍ਹਤਾ, ‘ਚ ਹੈ ਕੋਈ ਮੁਕਾਬਲਾ ਮੇਰੇ ਦੇਸ਼ ਦਾ! ਧਰਮ, ਮਜ਼ਹਬ, ਜਾਤ , ਗੋਤ, ਬਰਾਦਰੀ ਦੀ ਦੀਵਾਰਾਂ ‘ਚ ਕਦੋਂ ਪਿਛੇ ਹੈ ਮੇਰਾ ਦੇਸ਼! ਰਿਸ਼ਵਤਖੋਰੀ, ਕੁਨਬਾਪਰਵਰੀ, ਮਿਲਾਵਟਖੋਰੀ, ਹੇਰਾ ਫੇਰੀ, ਜ਼ੁਲਮ, ਸਿਤਮ, ਦੰਭ, ਝੂ ਠ ਪਾਖੰਡ ਦੇ ਨਾਲ ਗਰਾਸਿਤ ਪਿਆ ਹੈ ਮੇਰਾ ਦੇਸ਼! ਗੁੰਡਾ ਗਰਦੀ, ਨਸ਼ਾਖੋਰੀ, ਮਾਫੀਏ, ਫੂੰ ਫਾਂ. ਧੱਕੇ ਧੌਂਸ ਤਾਂ ਇਥੇ ਸ਼ਰੇਆਮ ਮਿਲਦੀ ਹੈ! ਗੰਦਗੀ, ਪ੍ਰਦੂਸ਼ਣ, ਫਿਰਕੂ ਜ਼ਹਿਰ, ਦੁਰਾਚਾਰ ਦੇ ਗਹਿਣੇ ਹਨ ਮੇਰੇ ਦੇਸ਼ ਮਹਾਨ ਕੋਲ! ਛੂਆ-ਛਾਤ, ਭਰੂਣ-ਹੱਤਿਆ, ਦਾਜ-ਦਹੇਜ ਕਰਨ ਵਾਲੇ ਤੇ ਕੁੜੀਮਾਰਾਂ ਨੂੰ ਆਪਣੀ ਗੋਦ ‘ਚ ਬੈਠਾਈ ਬੈਠਾ ਹੈ ਮੇਰਾ ਦੇਸ਼। ਤਦੇ ਤਾਂ ਇਕ ਕਵੀ ਕਹਿਣ ਲੱਗਾ ਨਹੀਂ ਝਿਜਕਦਾ ਭਾਈ, “ ਕੌਣ ਕਹਿੰਦੇ, ਤਰੱਕੀ ਦੀ ਤੋਰ ਮੱਠੀ, ਪੱਛੜ ਗਿਆ ਏ ਹਿੰਦੋਸਤਾਨ ਸਾਡਾ? ਭਿ੍ਰਸ਼ਟਾਚਾਰ ਵਿਚ ਹੋਇਐ ਅਥਾਹ ਵਾਧਾ, ਨੰਬਰ ਵੰਨ ਹੈ ਮੁਲਕ ਮਹਾਨ ਸਾਡਾ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਵਿਸ਼ਵ ਵਿਆਪੀ ਬੀਮਾਰੀਆਂ ਦੇ ਬੋਝ ‘ਤੇ 195 ਮੁਲਕਾਂ ਵਿੱਚ ਕੀਤੇ ਅਧਿਐਨ ‘ਚ ਖੁਲਾਸਾ ਕੀਤਾ ਹੈ ਕਿ ਭਾਰਤ ਵਿਸ਼ਵ ਸਹੂਲਤਾਂ ਅਤੇ ਗੁਣਵੱਤਾ ਦੇ ਪੱਧਰ ‘ਤੇ ਚੀਨ, ਸ੍ਰੀ ਲੰਕਾ, ਬੰਗਲਾ ਜਿਹੇ ਮੁਲਕਾਂ ਤੋਂ ਪਿੱਛੇ ਹੈ ਅਤੇ ਸੂਚੀ ਮੁਤਾਬਕ ਭਾਰਤ 154ਵੇਂ ਸਥਾਨ ‘ਤੇ ਹੈ।
ਇੱਕ ਵਿਚਾਰ
ਅਸੀਂ ਹਰ ਕਿਸੇ ਦੀ ਸਹਾਇਤਾ ਨਹੀਂ ਕਰ ਸਕਦੇ, ਲੇਕਿਨ ਹਰ ਕੋਈ ਕਿਸੇ ਨਾ ਕਿਸੇ ਦੀ ਸਹਾਇਤਾ ਕਰ ਸਕਦਾ ਹੈ......ਰੋਨਾਲਡ ਰੀਗਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.