ਸਤਲੁਜ-ਜਮਨਾ ਲਿੰਕ ਨਹਿਰ ਦੀ ਪੁਟਾਈ ਦਾ ਪਹਿਲਾ ਟੱਕ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 27 ਫਰਵਰੀ 1978 ਨੂੰ ਲਾਉਣਾ ਸੀ ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਖ਼ਲ ਦੇ ਕੇ ਇਹ ਕੰਮ ਰੁਕਵਾਇਆ। ਹਰਿਆਣਾ ਵਿਧਾਨ ਸਭਾ ਦਾ ਰਿਕਾਰਡ ਤੇ ਅਖਬਾਰੀ ਖਬਰਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਉਦਘਾਟਨੀ ਟੱਕ ਪ੍ਰਕਾਸ਼ ਸਿੰਘ ਬਾਦਲ ਨੇ ਹੀ ਲਾਉਣਾ ਸੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਉਦਘਾਟਨੀ ਜਲਸੇ ਦੀ ਪ੍ਰਧਾਨਗੀ ਕਰਨੀ ਸੀ। ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਸਰਕਾਰੀ ਦਸਤਾਵੇਜ਼ ਵੀ ਇਸ ਹਕੀਕਤ ਤੇ ਮੋਹਰ ਲਾਉਂਦਾ ਹੈ। ਅਖਬਾਰੀ ਖ਼ਬਰਾਂ ਤੇ ਸਰਕਾਰੀ ਰਿਕਾਰਡ ਦਾ ਜੋੜ ਤੋੜ ਲਾਉਣ ਤੋਂ ਪਤਾ ਲੱਗਦਾ ਹੈ ਕਿ ਇਹ ਟੱਕ ਦੀ ਸਭ ਤੋਂ ਪਹਿਲੀ ਤਰੀਕ 27 ਫਰਵਰੀ 1978 ਦੀ ਸੀ ਤੇ ਫੇਰ ਕੁੱਝ ਅਗਾਂਹ ਪੈ ਗਈ ਤੇ ਫੇਰ ਪੱਕੇ ਤੌਰ ਤੇ ਕੰਮ ਰੁਕ ਗਿਆ। ਇਹਨੂੰ ਸ਼ੁਰੂ ਕਰਾਉਣ ਖਾਤਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਵਿੱਚ ਗਿਆ। 2 ਸੀਨੀਅਰ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਜੱਥੇਦਾਰ ਟੌਹੜਾ ਵੱਲੋਂ ਖੁਦ ਕੀਤੀ ਬਿਆਨਬਾਜ਼ੀ ਇਹ ਗੱਲ ਦੀ ਤਾਈਦ ਕਰਦੀ ਹੈ ਕਿ ਸ੍ਰ. ਬਾਦਲ ਵੱਲੋਂ ਨਹਿਰ ਦੀ ਪੁਟਾਈ ਸ਼ੁਰੂ ਕੀਤੇ ਜਾਣ ਨੂੰ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜੋਰ ਪਾ ਕੇ ਰੁਕਵਾਇਆ। ਨਹਿਰ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੀਆਂ 2 ਮੀਟਿੰਗ ਹੋਈਆਂ।
ਨਹਿਰ ਦਾ ਉਦਘਾਟਨੀ ਟੱਕ ਲਾਉਣ ਵਾਲਾ ਜਲਸਾ ਕਰਨ ਲਈ ਪੰਜਾਬ ਸਰਕਾਰ ਏਨੀ ਕਾਹਲੀ ਸੀ ਕਿ ਟੱਕ ਲਾਉਣ ਵਾਲੀ ਥਾਂ ਨੇੜੇ ਤਿੰਨ ਪਿੰਡਾਂ ਦੀ ਜੂਹ ਚ ਪੈਂਦੀ ਥੋੜ੍ਹੀ ਜਹੀ ਜਮੀਨ ਤੇਜ਼ੀ ਨਾਲ ਐਕੁਆਇਰ ਕਰ ਲਈ। ਕਿਉਂਕਿ 109 ਕਿਲੋਮੀਟਰ ਲੰਮੀ ਨਹਿਰ ਪੁੱਟਣ ਲਈ ਸੈਂਕੜੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰਨ ਲੰਮਾ ਸਮਾਂ ਲੋੜੀਂਦਾ ਸੀ ਸ਼ਾਇਦ ਐਨੀ ਲੰਮੀ ਉਡੀਕ ਕਰਨ ਤੋਂ ਬਚਣ ਲਈ ਸਿਰਫ ਜਲਸੇ ਨੇੜਲੀ ਜ਼ਮੀਨ ਐਕੁਆਇਰ ਕਰਨੀ ਹੀ ਮੁਨਸਿਬ ਸਮਝੀ ਗਈ। 20 ਫਰਵਰੀ 1978 ਨੂੰ ਹਰਿਆਣਾ ਪੰਜਾਬ ਦੀ ਹੱਦ ਨੇੜਲੇ ਤਹਿਸੀਲ ਰਾਜਪੁਰਾ ਦੇ ਤਿੰਨ ਪਿੰਡਾਂ ਸਰਾਲਾ ਕਲਾਂ, ਕਲਾਮਪੁਰ ਅਤੇ ਲਾਛੜੂ ਖੁਰਦ ਦੀ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤਾ। ਲੈਂਡ ਐਕੁਈਜੀਸ਼ਨ 1894 ਤਹਿਤ ਜਾਰੀ ਹੋਏ ਇਸ ਨੋਟੀਫਿਕੇਸ਼ਨ ਵਿੱਚ ਐਕਟ ਦੀ ਦਫਾ 17 ਵੀ ਲਾਈ ਗਈ। ਇਹ ਦਫਾ 17 ਅਰਜੈਂਸੀ (ਅਤਿ ਜ਼ਰੂਰੀ ਹਾਲਤਾਂ) ਵਿੱਚ ਲਾਉਣ ਦੀ ਸਰਕਾਰ ਕੋਲ ਤਾਕਤ ਹੈ। ਜਿਥੇ ਜ਼ਮੀਨ ਲੈਣ ਖਾਤਰ ਇਹ ਦਫਾ ਲਾ ਦੇਵੇ ਉਥੇ ਜ਼ਮੀਨ ਮਾਲਕਾ ਦੇ ਲਾਏ ਇਤਰਾਜ਼ਾਂ ਨੂੰ ਵੀ ਦਰਕਿਨਾਰ ਕਰਨ ਦੀ ਪਾਵਰ ਡੀ. ਸੀ ਕੋਲ ਹੁੰਦੀ ਹੈ। ਉਸ ਮੌਕੇ ਸਰਕਾਰ ਨੇ ਜ਼ਰੂਰੀ ਹਾਲਤਾਂ ਦੀ ਕੋਈ ਵਜਾਹ ਬਿਆਨ ਨਹੀਂ ਕੀਤੀ। ਇਥੋਂ ਏਹੀ ਅੰਦਾਜ਼ਾ ਲਾਇਆ ਸਕਦਾ ਹੈ ਕਿ ਸਰਕਾਰ ਉਦਘਾਟਨੀ ਰਸਮ ਛੇਤੀ ਤੋਂ ਛੇਤੀ ਕਰਨ ਲਈ ਕਾਹਲੀ ਸੀ।
20 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੇ 21 ਫਰਵਰੀ ਦੇ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਵਿੱਚ ਇੱਕ ਖਬਰ ਛਪਦੀ ਹੈ ਜਿਸ ਵਿੱਚ ਉਦਘਾਟਨੀ ਟੱਕ ਲਾਉਣ ਵਾਲੇ ਜਲਸੇ ਦੀ ਤਰੀਕ 27 ਫਰਵਰੀ ਦੱਸੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਜਲਸੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਸੱਦਿਆ ਜਾਣ ਦਾ ਲੱਗਭਗ ਫੈਸਲਾ ਹੋ ਗਿਆ ਹੈ। ਪੰਜਾਬ ਸਰਕਾਰ ਇਸ ਖਬਰ ਦਾ ਖੰਡਨ ਵੀ ਨਹੀਂ ਕਰਦੀ। ਇਸ ਖਬਰ ਚ ਹੀ ਨੋਟੀਫਿਕੇਸ਼ਨ ਜਾਰੀ ਹੋਣ ਬਾਬਤ ਦੱਸਿਆ ਗਿਆ ਸੀ। ਹੁਣ ਤਕ ਸਭ ਕੁਝ ਗੁਪ ਚੁਪ ਹੀ ਚਲ ਰਿਹਾ ਸੀ ਪਰ 21 ਫਰਵਰੀ ਨੂੰ ਖਬਰ ਛਪਣ ਤੋਂ ਬਾਅਦ ਹੀ ਤੇਜ਼ੀ ਨਾਲ ਚੱਲਦੇ ਪ੍ਰੋਗਰਾਮ ਵਿਚ ਕੋਈ ਗੜਬੜ ਮਹਿਸੂਸ ਹੋ ਰਹੀ ਹੈ।
22 ਫਰਵਰੀ ਦੇ ਦ ਟ੍ਰਿਬਿਊਨ ਅਖਬਾਰ ਦੇ ਫਰੰਟ ਪੇਜ਼ ਤੇ ਇੱਕ ਖਬਰ ਛਪਦੀ ਹੈ ਜੀਹਦੀ ਸੁਰਖੀ ਇਹ ਹੈ 'ਪੰਜਾਬ ਵੱਲੋਂ ਸਤਲੁਜ-ਯਮੁਨਾ ਨਹਿਰ ਇੱਕ ਸਾਲ ਮੁਕੰਮਲ ਕਰਨ ਦੀ ਸੰਭਾਵਨਾ' ਖਬਰ ਵਿੱਚ ਲਿਖਿਆ ਗਆ ਹੈ ਕਿ ਨਹਿਰ ਦੀ ਪੁਟਾਈ ਸ਼ੁਰੂ ਕਰਨ ਖਾਤਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਬੀਤੇ ਹਫਤਿਆਂ ਚ ਦੋ ਮੀਟਿੰਗਾਂ ਕੀਤੀਆਂ ਨੇ। ਹਰਿਆਣਾ ਨੇ ਨਹਿਰ ਖਾਤਰ ਪੰਜਾਬ ਨੂੰ ਇੱਕ ਕਰੋੜ ਰੁਪਏ ਦੇ ਦਿੱਤੇ ਨੇ ਅਤੇ 20 ਕਰੋੜ ਹੋਰ ਦੇਣੇ ਨੇ। ਰਾਜਪੁਰੇ ਨੇੜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜਪੁਰੇ ਨੇੜੇ ਅਗਲੇ ਮਹੀਨੇ ਪੁਟਾਈ ਦਾ ਉਦਘਾਟਨ ਕਰਨ ਦੀ ਉਮੀਦ ਹੈ। 27 ਫਰਵਰੀ ਨੂੰ ਉਦਘਾਟਨ ਦੱਸਣ ਵਾਲੀ ਖਬਰ ਦੇ ਅਗਲੇ ਦਿਨ ਛਪੀ ਇਸ ਖਬਰ ਚ ਉਦਘਾਟਨ ਅਗਲੇ ਮਹੀਨੇ ਭਾਵ ਮਾਰਚ ਵਿੱਚ ਹੋਣ ਦੀ ਸੰਭਾਵਨਾ ਦੱਸਣ ਦਾ ਮਤਲਬ ਇਹ ਹੋਇਆ ਕਿ 21 ਫਰਵਰੀ ਨੂੰ ਖਬਰ ਛਪਣ ਸਾਰ ਕੋਈ ਰੁਕਾਵਟ ਪੈ ਗਈ। ਰੁਕਾਵਟ ਦੀ ਤਾਈਦ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦਾ ਹਰਿਆਣਾ ਵਿਧਾਨ ਸਭਾ ਵਿੱਚ ਦਿੱਤਾ ਬਿਆਨ ਵੀ ਕਰਦਾ ਹੈ।
1 ਮਾਰਚ 1978 ਨੂੰ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਗਵਰਨਰ ਦੇ ਭਾਸ਼ਣ ਤੇ ਹੋਈ ਧੰਨਵਾਦੀ ਬਹਿਸ ਵਿੱਚ ਹਿੱਸਾ ਲੈਂਦਿਆਂ ਆਖਿਆ ਕਿ ਨਹਿਰ ਦੀ ਪੁਟਾਈ ਦਾ ਉਦਘਾਟਨ ਤਾਂ ਹੁਣ ਤੱਕ ਹੋ ਜਾਣਾ ਸੀ ਪਰ ਵਿਧਾਨ ਸਭਾ ਸ਼ੈਸ਼ਨ ਕਰਕੇ ਇਸ ਕੰਮ ਚ ਦੇਰੀ ਹੋ ਗਈ। ਹੁਣ ਵਿਧਾਨ ਸ਼ੈਸ਼ਨ ਤੋਂ ਬਾਅਦ ਨਹਿਰ ਦਾ ਉਦਘਾਟਨ ਹੋਵੇਗਾ ਤੇ ਮੈਂ (ਦੇਵੀ ਲਾਲ) ਉਦਘਾਟਨੀ ਜਲਸੇ ਦੀ ਪ੍ਰਧਾਨਗੀ ਕਰਾਂਗਾ। ਦੇਵੀ ਲਾਲ ਨੇ ਪੰਜਾਬ ਵੱਲੋਂ ਜ਼ਮੀਨ ਐਕੁਆਇਰ ਕਰਨ ਵਾਲਾ ਨੋਟੀਫਿਕੇਸ਼ਨ ਵੀ ਵਿਧਾਨ ਸਭਾ ਚ ਪੜ ਕੇ ਸੁਣਾਇਆ। ਦੇਵੀ ਲਾਲ ਵੱਲੋਂ 1 ਮਾਰਚ 1978 ਨੂੰ ਵਿਧਨ ਸਭਾ ਚ ਇਹ ਕਹਿਣਾ ਕਿ ਉਦਘਾਟਨ ਤਾਂ ਹੁਣ ਥਾਈਂ ਹੋ ਜਾਣਾ ਸੀ 27 ਫਰਵਰੀ ਵਾਲੀ ਉਦਘਾਟਨੀ ਜਲਸਾ ਰੱਖੇ ਜਾਣ ਦੀ ਤਾਦੀਕ ਕਰਦਾ ਹੈ। 2 ਫਰਵਰੀ ਵਾਲੀ ਦ ਟ੍ਰਿਬਿਊਨ ਦੀ ਮਾਰਚ ਵਿੱਚ ਉਦਘਾਟਨ ਦਸਣ ਵਾਲੀ ਖਬਰ ਦੀ ਤਾਈਦ ਵੀ ਦੇਵੀ ਲਾਲ ਦਾ ਪਹਿਲੀ ਮਾਰਚ ਨੂੰ ਵਿਧਾਨ ਸਭਾ ਚ ਦਿਤਾ ਬਿਆਨ ਕਰਦਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹੁਣ ਉਦਘਾਟਨ ਸ਼ੈਸ਼ਨ ਤੋਂ ਬਾਅਦ ਚ ਹੋਵੇਗਾ। ਪੰਜਾਬ ਸਰਕਾਰ ਵੱਲੋਂ 23 ਅਪ੍ਰੈਲ 1982 ਨੂੰ ਜਾਰੀ ਕੀਤੇ ਵਾਈਟ ਪੇਪਰ ਦੇ ਸੈਕਸ਼ਨ 15(4) ਵਿੱਚ ਵੀ ਲਿਖਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀ ਨਹਿਰ ਬਨਾਉਣ ਤੇ ਸਹਿਮਤ ਹੋ ਗਏ ਸੀ ਤੇ ਸਰਕਾਰੀ ਚਿੱਠੀ ਪੱਤਰ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਦਾ ਉਦਘਾਟਨ ਕਰਨਾ ਸੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ।
ਪੰਜਾਬ ਸਰਕਾਰ ਵੱਲੋਂ 20 ਫਰਵਰੀ 1978 ਨੂੰ ਜਮੀਨ ਐਕੁਆਇਰ ਕਰਨ ਵਾਲੇ ਨੋਟੀਫਿਕੇਸ਼ਨ ਵਿਚ ਦਫਾ 17 ਲਾਉਣਾ ਅਤੇ 27 ਫਰਵਰੀ ਦੇ ਉਦਘਾਟਨੀ ਸਮਾਗਮ ਦੀ ਖਬਰ ਨਸ਼ਰ ਹੋਣਾ ਤੇ ਖਬਰ ਦੀ ਤਰਦੀਦ (ਖੰਡਨ) ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਉਦਘਾਟਨ ਦੀ ਸਭ ਤੋਂ ਪਹਿਲਾਂ 27 ਫਰਵਰੀ ਹੀ ਤਰੀਕ ਤੈਅ ਹੋਈ ਸੀ। ਸਰਕਾਰੀ ਵਾਈਟ ਪੇਪਰ ਮੁਤਾਬਿਕ ਅਤੇ ਟ੍ਰਿਬਿਊਨ ਦੀ ਖਬਰ ਵਿੱਚ ਮੁੱਖ ਮੰਤਰੀਆਂ ਦੀਆਂ ਨਹਿਰ ਬਾਬਤ 2 ਮੀਟਿੰਗਾਂ ਹੋਣਾ ਸਾਬਤ ਕਰਦਾ ਹੈ ਕਿ ਨਹਿਰ ਦੀ ਪੁਟਾਈ ਦਾ ਫੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੀ ਸੀ ਨਾ ਕਿ ਕਿਸੇ ਹੇਠਲੇ ਪੱਧਰ ਦਾ। ਚੌਧਰੀ ਦੇਵੀ ਲਾਲ ਵੱਲੋਂ ਪਹਿਲੀ ਮਾਰਚ 1978 ਨੂੰ ਹਰਿਆਣਾ ਵਿਧਾਨ ਸਭਾ ਚ ਕੀਤੀ ਤਕਰੀਰ ਇਹਤੋਂ ਅਗਾਂਹ ਹੋਰ ਵੀ ਬਹੁਤ ਕੁੱਝ ਵਧੇਰਾ ਆਖਦੀ ਹੈ। ਦੇਵੀ ਲਾਲ ਨੇ ਵਿਧਾਨ ਸਭਾ ਚ ਕਾਂਗਰਸੀਆਂ ਨੂੰ ਮੇਹਣਾ ਮਾਰਦਿਆਂ ਆਖਿਆ ਕਿ ਪਿਛਲੇ ਸੱਤ ਸਾਲ ਹਰਿਆਣਾ ਅਤੇ ਕੇਂਦਰ ਵਿੱਚ ਤੁਹਾਡੀ ਸਰਕਾਰ ਰਹੀ ਹੈ ਪਰ ਤੁਸੀਂ ਇਸ ਅਰਸੇ ਵਿੱਚ ਨਹਿਰ ਦੀ ਪੁਟਾਈ ਨਹੀਂ ਕਰਾ ਸਕੇ। ਮੇਰੀ (ਦੇਵੀ ਲਾਲ) ਤੇ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਦੋਸਤੀ ਦੀ ਬਦੌਲਤ ਹੀ ਪੰਜਾਬ ਹਰਿਆਣੇ ਖਾਤਰ ਨਹਿਰ ਦੀ ਪੁਟਾਈ ਸ਼ੁਰੂ ਕਰਨ ਲੱਗਿਆ ਹੈ।
ਬਾਦਲ ਸਾਹਿਬ ਜਿਸ ਸ਼ਿਦੱਤ ਤੇ ਤੇਜ਼ੀ ਨਾਲ ਨਹਿਰ ਦੇ ਕੰਮ ਨੂੰ ਅੱਗੇ ਵਧਾ ਰਹੇ ਸਨ ਤੇ ਉਸ ਅਮਲ ਦਾ ਪਹਿਲਾਂ ਆਰਜ਼ੀ ਤੌਰ ਠੰਡਾ ਪੈਣਾ ਤੇ ਫੇਰ ਪੱਕੇ ਤੌਰ ਤੇ ਰੁਕ ਜਾਣਾ ਤੇ ਸਰਕਾਰ ਵੱਲੋਂ ਇਹਦੀ ਕੋਈ ਵਜਾਹ ਵੀ ਬਿਆਨ ਨਾ ਕਰਨਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਬਾਦਲ ਨੂੰ ਇਹ ਕੰਮ ਕਿਸੇ ਖਾਸ ਮਜ਼ਬੂਰੀ ਵੱਸ ਰੋਕਣਾ ਪਿਆ। ਅੰਗਰੇਜੀ ਅਖਬਾਰ ਇੰਡੀਅਨ ਐਕਸਪਰੈਸ ਅਖਬਾਰ ਦੇ ਚੰਡੀਗੜ੍ਹ ਤੋਂ ਰਿਪੋਰਟਰ ਰਹੇ ਤੇ ਅੱਜ ਕੱਲ੍ਹ ਪੰਜਾਬ ਅਪਡੇਟ. ਕੌਮ ਨਿਊਜ਼ ਪੋਰਟਲ ਦੇ ਸੰਪਾਦਕ ਜਗਤਾਰ ਸਿੰਘ ਨੇ ਆਪਦੇ ਨਿਊਜ਼ ਪੋਰਟਲ ਵਿੱਚ ਛਾਪੇ ਆਰਟੀਕਲ ਵਿੱਚ ਵੀ ਲਿਖਿਆ ਹੈ ਅਤੇ ਮੈਨੂੰ ਨਿੱਜੀ ਤੌਰ ਤੇ ਵੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹੀ ਨਹਿਰ ਦੀ ਪੁਟਾਈ ਰੋਕੀ। ਬਕੌਲ ਸ. ਜਗਤਾਰ ਸਿੰਘ, ਟੌਹੜਾ ਨੂੰ ਨਹਿਰ ਦੇ ਉਦਘਾਟਨੀ ਸਮਾਗਮ ਦੀ ਜਾਣਕਾਰੀ ਪਾਰਲੀਮੈਂਟ ਹਾਊਸ ਵਿਚ ਚੌਧਰੀ ਦੇਵੀ ਲਾਲ ਨੇ ਦਿੰਦਿਆਂ ਸਮਾਗਮ ਦੀ ਪ੍ਰਧਾਨਗੀ ਕਰਨ ਦੀ ਪੇਸਕਸ਼ ਜਥੇਦਾਰ ਟੌਹੜਾ ਨੂੰ ਕੀਤੀ। ਪਰ ਜਥੇਦਾਰ ਟੌਹੜਾ ਨੇ ਜਵਾਬ ਚ ਕਿਹਾ ਕਿ ਮੈਂ ਨਹਿਰ ਨਹੀਂ ਬਨਣ ਦੇਣੀ। ਅੰਗਰੇਜ਼ੀ ਅਖਬਾਰ ਦ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਰਹੇ ਪੱਤਰਕਾਰ ਸ. ਸੁਖਦੇਵ ਸਿੰਘ ਆਪਦੇ ਇੱਕ ਆਰਟੀਕਲ ਵਿੱਚ ਲਿਖਦੇ ਹਨ ਕਿ ਉਨ੍ਹੀ ਦਿਨੀਂ ਮੁੱਖ ਮੰਤਰੀ ਦੇ ਦਫਤਰ ਵਿੱਚ ਪੱਤਰਕਾਰਾਂ ਦੇ ਦਾਖਲੇ ਵਿਚ ਕੋਈ ਰੋਕ ਟੋਕ ਨਹੀਂ ਸੀ ਹੁੰਦੀ ਮੈਂ ਇੱਕ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੈਕਟਰੀਏਟ ਵਿਚਲੇ ਦਫਤਰ ਚ ਜਦੋਂ ਗਿਆ ਤਾਂ ਉਥੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਕੈਬਨਿਟ ਵਜ਼ੀਰ ਰਣਧੀਰ ਸਿੰਘ ਚੀਮਾ ਵੀ ਬੈਠੇ ਸਨ। ਤਾਂ ਇਥੇ ਹੀ ਮੈਨੂੰ ਜਥੇਦਾਰ ਟੌਹੜਾ ਨੇ ਦੱਸਿਆ ਕਿ ਨਹਿਰ ਦਾ ਕੰਮ ਮੈਂ ਬਾਦਲ ਕੋਲੋਂ ਰੁਕਵਾਇਆ ਹੈ। ਜਥੇਦਾਰ ਟੌਹੜਾ ਨੇ ਆਪਦੇ ਜਿਉਂਦਿਆ ਜੀਅ ਵੀ ਇਹ ਗੱਲ ਦੱਸੀ ਜਾਂਦੇ ਸੀ। ਜੱਥੇਦਾਰ ਟੌਹੜਾ ਦਾ ਇਸ ਬਾਬਤ 17 ਜਨਵਰੀ 2002 ਦੇ ਅਖਬਾਰਾਂ ਵਿੱਚ ਵੀ ਇੱਕ ਬਿਆਨ ਛਪਿਆ ਜਿਸ ਵਿੱਚ ਇਹ ਗੱਲ ਦੀ ਖੁਦ ਬਿਆਨ ਕਰਦੇ ਹਨ ਕਿ 1978 ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਦੇਵੀ ਲਾਲ ਨਾਲ ਰਲ ਕੇ ਨਹਿਰ ਪੁਟਾਈ ਸ਼ੁਰੂ ਕਰਨ ਦਾ ਸਮਝੌਤਾ ਕੀਤਾ ਤਾਂ ਮੈਂ (ਟੌਹੜਾ) ਹੀ ਇਸ ਕੰਮ ਨੂੰ ਰੋਕਿਆ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.