ਮੂਲ : ਗਿਰੀਰਾਜ ਕਿਸ਼ੋਰ
ਪੰਜਾਬੀ ਰੂਪ : ਗੁਰਮੀਤ ਪਲਾਹੀ
ਵਿਰੋਧੀ ਦਲ ਜਾਗੇ ਹਨ। ਜਾਗੇ ਵੀ ਹਨ ਜਾਂ ਨਹੀਂ, ਕਹਿਣਾ ਔਖਾ ਹੈ। ਪਿਛਲੇ ਦਿਨੀਂ ਸ਼ਿਵ ਸੈਨਾ ਦੇ ਬੁਲਾਰੇ ਕਹਿ ਰਹੇ ਸਨ ਕਿ ਉਨ੍ਹਾਂ ਦੀ ਪਹਿਲ ਤਾਂ ਸੰਘ ਦੇ ਮੁੱਖ ਸੰਚਾਲਕ ਮੋਹਨ ਭਾਗਵਤ ਜੀ ਹੀ ਹਨ, ਜੋ ਹੁਣ ਵਾਲੀ ਸਰਕਾਰ ਦੀਆਂ ਮਨ ਦੀਆਂ ਬਾਤਾਂ ਦੀ ਪੂਰਤੀ ਲਈ ਸਹਾਇਕ ਹੋ ਸਕਦੇ ਹਨ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਦੋਂ ਪੱਛਮੀ ਬੰਗਾਲ, ਕੇਰਲ ਅਤੇ ਉੜੀਸਾ ਜਿੱਤ ਲਵਾਂਗੇ, ਤਦ ਸੁਨਹਿਰੀ ਯੁੱਗ ਆ ਜਾਏਗਾ। ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਲਈ ਕਹਿੰਦੇ ਸਨ ਕਿ ਦਿੱਲੀ ਦਾ ਰਾਹ ਯੂ ਪੀ ਤੋਂ ਹੋ ਕੇ ਜਾਂਦਾ ਹੈ। ਅਗਲੀ ਚੜ੍ਹਾਈ ਸੁਨਹਿਰੇ ਯੁੱਗ ਵੱਲ ਹੈ। ਸੁਨਹਿਰੇ ਯੁੱਗ ਦਾ ਸੰਬੰਧ ਦੇਸ਼ ਦੀ ਜਨਤਾ ਨਾਲ ਹੈ ਜਾਂ ਸਰਕਾਰ ਦੇ ਸੁਨਹਿਰੇ ਯੁੱਗ ਨਾਲ!ਜਨਤਾ ਦਾ ਸੁਨਹਿਰਾ ਯੁੱਗ ਕਦੇ ਰਿਹਾ ਹੋਵੇ ਜਾਂ ਨਾ ਰਿਹਾ ਹੋਵੇ, ਕਦੇ ਆਏਗਾ, ਪਤਾ ਨਹੀਂ। ਸਰਕਾਰ ਦੇ ਸੁਨਹਿਰੇ ਯੁੱਗ ਦਾ ਜੁਗਾੜ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਹੋ ਸਕਦਾ ਹੈ। ਜੇਕਰ ਭਾਗਵਤ ਰਾਸ਼ਟਰਪਤੀ ਬਣ ਜਾਣ ਅਤੇ ਸੁਨਹਿਰੇ ਯੁੱਗ ਤੱਕ ਪਹੁੰਚਣ ਦੀਆਂ ‘ਸ਼ਾਹ’ ਦੀਆਂ ਦੱਸੀਆਂ ਤਿੰਨ ਪੌੜੀਆਂ ਉਹ ਚੜ੍ਹ ਗਏ, ਤਾਂ ਸੰਵਿਧਾਨ ਵਿੱਚ ਦੋ ਸੋਧਾਂ ਤਤਕਾਲ ਸੰਭਵ ਹਨ; ਹਿੰਦੂ ਰਾਸ਼ਟਰ ਦੀ ਚੜ੍ਹਤ ਅਤੇ ਧਰਮ-ਨਿਰਪੱਖਤਾ ਦੀ ਨੀਵਾਣ। ਭਾਗਵਤ ਰਾਸ਼ਟਰਪਤੀ ਨਹੀਂ ਵੀ ਬਣ ਸਕਦੇ, ਕਿਉਂਕਿ ਸੰਘ ਦੇ ਨਿਯਮਾਂ ਦੇ ਅਨੁਸਾਰ ਉਹ ਸਰਕਾਰੀ ਅਹੁਦਾ ਨਹੀਂ ਲੈ ਸਕਦੇ, ਇਹ ਕਿਹਾ ਜਾ ਰਿਹਾ ਹੈ, ਪਰ ਇਸ ਸਮੇਂ ਤਾਂ ਸੰਘੀਆਂ ਦੀਆਂ ਪੌਂ-ਬਾਰਾਂ ਹਨ। ਭਾਜਪਾ ਦੀ ਮੈਂਬਰੀ ਲੈ ਕੇ ਉਹ ਅਹੁਦਿਆਂ ਉੱਤੇ ਬਿਰਾਜਮਾਨ ਹਨ। ਜਿਸ ਦੋਹਰੀ ਨਾਗਰਿਕਤਾ ਦਾ ਪ੍ਰਧਾਨ ਮੰਤਰੀ ਪਰਵਾਸੀ ਭਾਰਤੀਆਂ ਨੂੰ ਯਕੀਨ ਦੁਆਉਂਦੇ ਹਨ, ਉਹ ਸਰਕਾਰ ਅਤੇ ਸੰਘ ਦੇ ਸੰਦਰਭ ਵਿੱਚ ਸਾਕਾਰ ਹੋਈਆਂ ਹਨ।
ਜੇਕਰ ਭਾਗਵਤ ਆਪਣੀ ਗੱਲ ਦੇ ਪ੍ਰਤੀ ਗੰਭੀਰ ਹਨ, ਤਾਂ ਸ਼ਿਵ ਸੈਨਾ ਨੇ ਉਸ ਦਾ ਬਦਲ/ਤੋੜ ਵੀ ਲੱਭ ਲਿਆ ਹੈ। ਸ਼ਿਵ ਸੈਨਾ ਦੇ ਬੁਲਾਰੇ ਸ਼ਰਦ ਪਵਾਰ ਦਾ ਗੁਣ ਗਾਇਣ ਕਰ ਹੀ ਰਹੇ ਸਨ ਕਿ ਦੋ ਨਾਂਅ ਹੋਰ ਆ ਗਏ : ਇੱਕ ਜਨਤਾ ਦਲ ਦੇ ਨੇਤਾ ਸ਼ਰਦ ਯਾਦਵ ਦਾ, ਦੂਸਰਾ ਗੋਪਾਲ ਕਿ੍ਰਸ਼ਨ ਗਾਂਧੀ ਦਾ। ਉਹ ਨਾ ਕਿਸੇ ਪਾਰਟੀ ਵਿੱਚ ਹਨ, ਨਾ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਸ ਸਮੇਂ ਗ਼ੈਰ-ਮੁਸਲਿਮ ਅਤੇ ਹਿੰਦੂਆਂ ਦੇ ਹੱਕ ’ਚ ਮਾਹੌਲ ਹੈ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸ ਮਾਹੌਲ ਨੇ ਬਹੁਤ ਕੰਮ ਕੀਤਾ ਹੈ। ਕਹਿੰਦੇ ਹਨ, ਮਸ਼ੀਨ ਅਤੇ ਉਹਨਾਂ ’ਚ ਗੱਠਜੋੜ ਸੀ। ਜਿਵੇਂ ਹਾਈ ਕੋਰਟ ਨੇ ਨਦੀਆਂ ਨੂੰ ਇਨਸਾਨ ਦਾ ਦਰਜਾ ਦਿੱਤਾ ਹੈ, ਚੋਣ ਕਮਿਸ਼ਨ ਨੇ ਮਸ਼ੀਨ ਨੂੰ ਉਹੀ ਦਰਜਾ ਦੇ ਦਿੱਤਾ ਹੈ। ਉਹ ਲੰਡਨ ਦੇ ਬਾਦਸ਼ਾਹ ਦੀ ਤਰ੍ਹਾਂ ਕੋਈ ਗ਼ਲਤੀ ਨਹੀਂ ਕਰ ਸਕਦੀਆਂ।
ਰਾਸ਼ਟਰਪਤੀ ਕਿਹੋ ਜਿਹਾ ਹੋਵੇ, ਇਹ ਸਵਾਲ ਜਨਤਾ ਤੋਂ ਨਹੀਂ ਪੁੱਛਿਆ ਜਾ ਰਿਹਾ। ਉਹਨਾਂ ਦੀ ਤਰਫੋਂ ਸਿਆਸੀ ਪਾਰਟੀਆਂ ਆਪੇ ਨਾਂਅ ਤੈਅ ਕਰ ਰਹੀਆਂ ਹਨ। ਨੇਤਾ ਲੋਕ ਜਨਤਾ ਦੇ ਹਰ ਅਧਿਕਾਰ ਨੂੰ ਆਸਾਨੀ ਨਾਲ ਵਰਤ ਰਹੇ ਹਨ। ਸਭ ਤੋਂ ਪਹਿਲੀ ਸਲਾਹ ਪ੍ਰਧਾਨ ਮੰਤਰੀ ਅਤੇ ਸ਼ਿਵ ਸੈਨਾ ਵਿਚਾਲੇ ਹੋਈ ਸੀ। ਉਸ ਵਿੱਚ ਹੀ ਭਾਗਵਤ ਦਾ ਨਾਂਅ ਆਇਆ। ਤਦੇ ਵਿਰੋਧੀ ਦਲ ਚੌਂਕ ਗਏ ਅਤੇ ਜਾਗੇ ਸਨ। ਵਿਰੋਧੀ ਨੇਤਾ ਉਸ ਦੌੜਾਕ ਦੀ ਤਰ੍ਹਾਂ ਹਨ, ਜੋ ਤਿਆਰ ਹੋ ਕੇ ਦੌੜ ਵਿੱਚ ਹਿੱਸਾ ਲੈਣ ਲਈ ਨਿਕਲਦੇ ਹਨ। ਫਿਰ ਜਾ ਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਕਿਹੋ ਜਿਹਾ ਹੋਵੇ!
ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੇ ਹਿੰਦੂ ਕੋਡ ਬਿੱਲ ਨੂੰ ਵਾਪਸ ਕਰ ਦਿੱਤਾ ਸੀ, ਜਦੋਂ ਕਿ ਐਮਰਜੈਂਸੀ ਦੇ ਕਾਗ਼ਜ਼ਾਂ ਉੱਤੇ ਤੱਤਕਾਲੀਨ ਰਾਸ਼ਟਰਪਤੀ ਨੇ ਅੰਗੂਠਾ ਲਾ ਦਿੱਤਾ ਸੀ। ਹੁਣ ਜੋ ਹਾਲਾਤ ਹਨ, ਉਹ ਦਸਤਖਤ ਕਰਨ ਵਾਲੇ ਰਾਸ਼ਟਰਪਤੀ ਦੇ ਪੱਖ ਵਾਲੇ ਹਨ। ਦੇਸ਼ ਉੱਤੇ ਬਾਹਰੀ ਖ਼ਤਰਾ ਹੋਵੇ ਨਾ ਹੋਵੇ, ਅੰਦਰੂਨੀ ਸੰਕਟ ਵਿਕਰਾਲ ਹੈ। ਦੇਸ਼ ਦੀ ਸਿੱਖਿਆ, ਸਿਹਤ, ਬੇਰੁਜ਼ਗਾਰੀ ਅਤੇ ਮਹਿੰਗਾਈ, ਜਲ ਸੰਕਟ, ਕਿਸਾਨਾਂ ਦਾ ਸੰਕਟ ਪਹਿਲ ਨਹੀਂ ਹੈ। ਗਊ ਰੱਖਿਆ, ਘੱਟ-ਗਿਣਤੀ, ਟੁੱਟੀਆਂ ਸੜਕਾਂ ਅਤੇ ਜੀ ਡੀ ਪੀ ਦੀ ਚਿੰਤਾ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ ਹੈ। ਹੋ ਵੀ ਨਹੀਂ ਸਕਦੀ। ਪ੍ਰਧਾਨ ਮੰਤਰੀ ਨੇ ਚੱਪਲਬਾਜ਼ਾਂ ਦੇ ਲਈ ਸਸਤਾ ਹਵਾਈ ਜਹਾਜ਼ ਉਡਾ ਦਿੱਤਾ ਹੈ। ਨੰਗੇ ਪੈਰਾਂ ਵਾਲਿਆਂ ਲਈ ਹਵਾਈ ਚੱਪਲਾਂ ਦਾ ਪ੍ਰਬੰਧ ਹੋ ਜਾਏ, ਤਾਂ ਇਹ ਉਨ੍ਹਾਂ ਲਈ ਹਵਾਈ ਜਹਾਜ਼ ਹੋ ਜਾਣਗੀਆਂ।
ਇੱਕ ਅਖ਼ਬਾਰ ’ਚ ਇੱਕ ਸਿਰਲੇਖ ਹੈ : ‘ਸੰਗਠਨ ਵਿਸਥਾਰ ਨੂੰ ਦੇਣ ਵਾਲਾ ਹੋਇਆ ਰਾਸ਼ਟਰਪਤੀ ਦਾ ਉਮੀਦਵਾਰ’। ਸੰਗਠਨ ਦਾ ਮਤਲਬ ਸੰਘ ਤੋਂ ਹੈ। ਸੰਘ ਵੱਡਾ ਹੈ ਜਾਂ ਦੇਸ਼? ਰਾਸ਼ਟਰਪਤੀ ਅਤੇ ਸਰਕਾਰ ਦੋਵੇਂ ਜੇਕਰ ਸੰਘ ਨੂੰ ਹੀ ਮਜ਼ਬੂਤ ਕਰਨਗੇ, ਤਾਂ ਦੇਸ਼ ਕਿਹੜੇ ਖ਼ੂਹ ’ਚ ਡਿੱਗੇਗਾ? ਇਸੇ ਉਦੇਸ਼ ਨਾਲ ਸ਼ਿਵ ਸੈਨਾ ਨੇ ਭਾਗਵਤ ਦਾ ਨਾਮ ਪ੍ਰਸਤਾਵਤ ਕੀਤਾ ਸੀ। ਹੁਣ ਦੌਪਦੀ ਮੁਰਮੂੰ ਅਤੇ ਮਾਘਵਨ ਨਾਇਰ ਦੇ ਨਾਂਅ ਵੀ ਪ੍ਰਸਤਾਵਤ ਹੋਏ ਹਨ। ਉਹ ਸ਼ਾਇਦ ਭਾਗਵਤ ਦਾ ਵਿਕਲਪ ਹਨ। ਜੇਕਰ ਰਾਸ਼ਟਰਪਤੀ ਅਤੇ ਸਰਕਾਰ ਸੰਗਠਨ ਨੂੰ ਹੀ ਮਜ਼ਬੂਤ ਕਰਨਗੇ, ਤਾਂ ਅੱਧੀ ਤੋਂ ਜ਼ਿਆਦਾ ਜਨਤਾ ਦਾ ਕੀ ਹੋਵੇਗਾ, ਕਹਿਣਾ ਮੁਸ਼ਕਲ ਹੈ।
ਡਾ: ਰਾਧਾ ਕਿ੍ਰਸ਼ਨਨ ਇਕੱਲੇ ਹੀ ਇਹੋ ਜਿਹੇ ਰਾਸ਼ਟਰਪਤੀ ਸਨ, ਜੋ ਵਿਦਵਾਨ ਹੋਣ ਦੇ ਨਾਲ-ਨਾਲ ਚਿੰਤਕ ਵੀ ਸਨ। ਬਹੁਤੀਆਂ ਫ਼ਾਈਲਾਂ ਉੱਤੇ ਜ਼ਰੂਰਤ ਪੈਣ ’ਤੇ ਉਹ ਸੰਬੰਧਤ ਮੰਤਰੀ ਨਾਲ ਚਰਚਾ ਕਰਦੇ ਸਨ। ਸਿਆਸੀ ਪਾਰਟੀਆਂ ਤੋਂ ਆਉਣ ਵਾਲੇ ਰਾਸ਼ਟਰਪਤੀ ਪੱਖਪਾਤ ਨਿਭਾਉਂਦੇ ਹਨ। ਰਾਸ਼ਟਰਪਤੀ ਦੇ ਲਈ ਜੋ ਨਾਂਅ ਆਏ ਹਨ, ਉਹਨਾਂ ਵਿੱਚੋਂ ਗੋਪਾਲ ਕਿ੍ਰਸ਼ਨ ਗਾਂਧੀ ਹੀ ਇਹੋ ਜਿਹੇ ਹਨ, ਜੋ ਸੁਤੰਤਰ ਚਿੰਤਨ ਦੇ ਨਾਲ-ਨਾਲ ਵੱਖੋ-ਵੱਖਰੇ ਖੇਤਰਾਂ ਦਾ ਤਜਰਬਾ ਰੱਖਦੇ ਹਨ। ਮਹਾਤਮਾ ਗਾਂਧੀ ਦੇ ਪੋਤਰੇ ਹੋਣ ਦੀ ਗੱਲ, ਹੋ ਸਕਦਾ ਹੈ, ਮੌਜੂਦਾ ਹਾਕਮਾਂ ਲਈ ਕਠਿਨਾਈ ਪੈਦਾ ਕਰੇ, ਪਰ ਉਸ ਦਾ ਲਾਭ ਵੀ ਮਿਲੇਗਾ। ਵਿਕਲਪ ਦੇ ਰੂਪ ਵਿੱਚ ਕਿਸੇ ਰਿਟਾਇਰਡ, ਸਾਫ਼ ਅਕਸ ਵਾਲੇ ਮੁੱਖ ਜੱਜ ਜਾਂ ਵਿਗਿਆਨੀ ਜਾਂ ਸਿੱਖਿਆ ਸ਼ਾਸਤਰੀ ਦੇ ਨਾਂਅ ਦੀ ਚੋਣ ਵੀ ਹੋ ਸਕਦੀ ਹੈ। ਜਦੋਂ ਲੋਕ ਗਫ਼ਲਤ ਵਿੱਚ ਹਨ, ਤਦ ਰਾਸ਼ਟਰਪਤੀ ਦੇ ਅਹੁਦੇ ਉੱਤੇ ਆਜ਼ਾਦ ਵਿਚਾਰਾਂ ਵਾਲੇ ਅਤੇ ਰਾਜਨੀਤੀ ਮੁਕਤ ਵਿਅਕਤੀ ਨੂੰ ਹੀ ਲਿਆਉਣਾ ਚਾਹੀਦਾ ਹੈ। ਡਾ: ਰਾਧਾ ਕਿ੍ਰਸ਼ਨਨ ਅਤੇ ਡਾ: ਕਲਾਮ ਦਾ ਯੋਗਦਾਨ ਸਾਡੇ ਸਾਹਮਣੇ ਹੈ।
-
ਗਿਰੀਰਾਜ ਕਿਸ਼ੋਰ - ਪੰਜਾਬੀ ਰੂਪ : ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.