ਗੱਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ `ਚ ਫ਼ੀਸਾਂ ਦੇ ਵਾਧੇ, ਵਿਦਿਆਰਥੀ ਪ੍ਰਦਰਸ਼ਨ, ਪੁਲਿਸ ਲਾਠੀਚਾਰਜ ਤੇ ਇਸ ਸਭ ਕਾਸੇ ਨੂੰ ਚੁੱਪ-ਚੁਪੀਤੇ ਦੂਰੋਂ ਖੜੇ ਦੇਖ ਰਹੇ ਅਧਿਆਪਕ ਸਹਿਬਾਨਾਂ ਦੀ ਕਰਨੀ ਹੈ। ਪਰ ਉਸ ਤੋਂ ਪਹਿਲਾਂ ਦੋ ਘਟਨਾਵਾਂ ਦਾ ਜ਼ਿਕਰ ਕਰ ਲਈਏ।
ਜੰਗਲਨਾਮਾ ਦਾ ਰਚੇਤਾ ਸਤਨਾਮ ਕਦੇ- ਕਦਾਈਂ 1960ਵਿਆਂ ਦੀ ਇੱਕ ਬਾਤ ਸੁਣਾਇਆ ਕਰਦਾ ਸੀ।ਨਕਸਲਬਾੜੀ ਲਹਿਰ ਤੇ ਪੁਲਿਸ ਮੁਕਾਬਲੇ ਨਾਲੋ-ਨਾਲ ਮਘ ਰਹੇ ਸਨ।ਪਰ ਇਹਨਾਂ ਦਾ ਸੇਕ ਹਾਲਾਂ ਖਾਲਸਾ ਕਾਲਜ, ਅਮ੍ਰਿਤਸਰ ਨਹੀਂ ਸੀ ਪੁੱਜਿਆ।ਇੱਕ ਸਵੇਰ ਮਾਲਵੇ ਦੀਆਂ ਕੁਝ ਕੁੜੀਆਂ ਦਾ ਇੱਕ ਟੋਲਾ ਕਾਲਜ ਆਇਆ। ਉਹਨਾਂ ਹੱਥ ਕੁਝ ਡੱਬੇ ਸਨ। ਡੱਬਿਆਂ `ਚ ਚੂੜੀਆਂ, ਤੇ ਚੂੜੀਆਂ `ਚ ਕਾਲਜ ਦੇ ਮਝੈਲਾਂ ਲਈ ਲਾਹਨਤ ਤੇ ਦੁਹਾਈ।ਮਿੰਟਾਂ `ਚ ਕਾਲਜ ਬੰਦ ਹੋ ਗਿਆ। ਪੁਲਿਸ ਵਿਰੁੱਧ ਨਾਹਰੇ ਮਾਰਦੇ ਮੁੰਡੇ ਕਲਾਸਾਂ `ਚੋਂ ਬਾਹਰ ਆ ਗਏ।ਕੁਝ ਸਮੇਂ ਬਾਅਦ ਪੁਲਿਸ ਦੀ ਭਾਰੀ ਟੁਕੜੀ ਨੇ ਵੀ ਕਾਲਜ ਆਣ ਘੇਰਿਆ। ਬਿਸ਼ਨ ਸਿੰਘ ਸਮੁੰਦਰੀ ਕਾਲਜ ਦੇ ਪ੍ਰਿੰਸਿਪਲ ਸਨ।ਬਕੌਲ ਸਤਨਾਮ, ਪ੍ਰਿੰਸਿਪਲ ਸਾਹਿਬ ਨੇ ਵਿਦਿਆਰਥੀਆਂ ਦੇ ਇਕੱਠ `ਚ ਖੜਕੇ ਐਲਾਨ ਕੀਤਾ ਸੀ ਕਿ ਉਹਨਾਂ ਪੁਲਿਸ ਨੂੰ ਕਾਲਜ `ਚ ਪੈਰ ਨਹੀ ਧਰਨ ਦੇਣਾ ਤੇ ਨਾਂ ਹੀ ਮੁੰਡਿਆਂ ਨੂੰ ਰੋਕਣਾ ਹੈ, ਕਿਉਂ ਜੋ ਕਾਲਜ ਅੰਦਰ ਗਤੀਵਿਧੀ ਮੁੰਡਿਆਂ ਦਾ ਅਧਿਕਾਰ ਹੈ। ਅਤੇ ਬਕੌਲ ਸਤਨਾਮ, ਇੱਟਾਂ-ਰੋੜਿਆਂ ਦਾ ਮੀਂਹ ਜੋ ਉਸ ਦਿਨ ਪੁਲਿਸ `ਤੇ ਕਾਲਜ ਦੇ ਅੰਦਰੋਂ ਵਰ੍ਹਿਆ ਸੀ, ਅਜਿਹਾ ਨਜ਼ਾਰਾ ਨਾ ਮੁੜਕੇ ਕਦੇ ਪੁਲਿਸ ਨੇ ਤੱਕਿਆ ਤੇ ਨਾ ਹੀ ਕਾਲਜ ਨੇ। ਉਸ ਮੁਤਾਬਕ ਘੁਮਾ-ਘੁਮਾ ਕੇ ਇਟਾਂ ਸੁੱਟ ਰਹੀ ਵਿਦਿਆਰਥੀਆਂ ਦੀ ਭੀੜ ਮਗਰ ਖਲੋਤੇ ਸਮੰਦਰੀ ਸਾਹਿਬ ਉਦਾਸ ਤੇ ਸ਼ਾਂਤ ਜਰਨੈਲ ਵਾਂਗ ਵਿਦਿਆਰਥੀਆਂ ਵਲ ਤਕਦੇ ਤਾਂ ਰਹੇ, ਪਰ ਪੁਲਿਸ ਨੂੰ ਕਾਲਜ `ਚ ਪੈਰ ਧਰਨ ਦੀ ਇਜਾਜ਼ਤ ਨਹੀ ਸੀ ਦਿੱਤੀ।
ਅਗਲਾ ਵਾਕਿਆ ਇਸ ਘਟਨਾਂ ਤੋਂ ਲਗਭਗ ਤਿਂਨ ਦਹਾਕੇ ਬਾਅਦ ਦਾ ਹੈ। ਪ੍ਰਸ਼ਾਸ਼ਨ ਦੀ ਅੜੀ ਦੇ ਸਾਹਮਣੇ 2003 `ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ, `ਚ ਫੀਸਾਂ ਦੇ ਵਾਧੇ ਵਿਰੁੱਧ ਵਿਦਿਆਰਥੀ ਸੰਘਰਸ਼ ਮੱਠਾ ਪੈਣਾ ਸ਼ੁਰੂ ਹੋ ਗਿਆ ਸੀ। ਇੱਕ ਦੁਪਹਿਰ ਕਰੀਬ ਦਰਜਨ ਕੁੜੀਆਂ ਨੇ ਵੀ.ਸੀ ਦਫਤਰ ਦੇ ਬਾਹਰ ਧਰਨਾ ਮਾਰ ਦਿੱਤਾ।ਮਿੰਟਾਂ `ਚ ਯੂਨੀਵਰਸਿਟੀ ਦੀ ਗਾਰਦ, ਜਿਸ ਵਿੱਚ ਸਾਰੇ ਪੁਰਸ਼ ਸਨ, ਉਥੇ ਪਹੁੰਚੀ ਤੇ ਕੁੜੀਆਂ ਨੂੰ ਧੱਕੇ ਮਾਰ-ਮਾਰ ਜੀਪਾਂ `ਚ ਸੁਟਣਾ ਸ਼ੁਰੂ ਕਰ ਦਿਤਾ। ਅਰਥ-ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ ਕੇ ਸੀ ਸਿੰਗਲ, ਜੋ ਇੱਕ ਲੰਬੀ ਬਿਮਾਰੀ ਕਾਰਨ ਬਹੁਤ ਕਮਗ਼ੋਰ ਹੋ ਗਏ ਸਨ, ਕਾਰ `ਤੇ ਨਾਲ ਵਾਲੀ ਸੜਕ ਤੋਂਂ ਲੰਘ ਰਹੇ ਸਨ। ਗਾਰਦ ਨੂੰ ਕੁੜੀਆ ਦੇ ਧੱਫੇ ਮਾਰਦੇ ਵੇਖ ਸਿਗਲ ਸਾਹਿਬ ਕਾਰ ਚੋਂ ਉੱਤਰ ਵੀ.ਸੀ ਦਫਤਰ ਵੱਲ ਭੱਜੇ । ਕੁੜੀਆਂ ਕੋਲ ਪਹੰੁਚ ਪਹਿਲਾਂ ਉਹਨਾਂ ਗਾਰਦ ਨੂੰ ਧੱਕੇ ਮਾਰੇ। ਫਿਰ ਵਾਹ ਚੱਲਦੀ ਨਾ ਵੇਖ ਇਕੱਲੇ ਹੀ ਵੀ.ਸੀ ਵਿਰੁੱਧ ਨਾਹਰੇ ਲਾਉਣ ਲੱਗੇ। ਬਿਮਾਰ ਅਧਿਆਪਕ, ਜਿਸਨੇ ਦੋ ਸਾਲ ਬਾਅਦ ਫੌਤ ਹੋ ਜਾਣਾ ਸੀ, ਦੇ ਨਾਹਰੇ ਸੁਣ ਕੋਲੋਂ ਲ਼ੰਘਦੇ ਹੋਰਾਂ ਦੀ ਵੀ `ਅਣਖ` ਜਾਗੀ। ਇਕੱਠ ਵੱਡਾ ਹੋ ਗਿਆ, ਤੇ ਗਾਰਦ ਖਾਲੀ ਹੱਥ ਵਾਪਸ ਪਰਤੀ।
ਦੋਵਾਂ ਘਟਨਾਵਾਂ ਦਾ ਬਖਿਆਨ ਬੇਮਾਅਨਾ ਨਹੀਂ ਹੈ।
ਪੰਜਾਬ ਯੂਨੀਵਰਸਿਟੀ `ਚ ਪੈਦਾ ਹੋਈ ਹਾਲਤ ਨੇ ਦੇਸ਼ ਅੰਦਰ ਪਿਛਲੇ ਸਾਲਾਂ ਦੌਰਾਨ ਚੱਲ ਰਹੀਆਂ ਤਰਾਂ-ਤਰਾਂ ਦੀਆਂ ਬਹਿਸਾਂ ਨੂੰ ਇੱਕ ਵਾਰ ਫਿਰ ਸੀਨ ਤੇ ਲੈ ਆਉਂਦਾ ਹੈ।ਕਦੇ ਨਵ-ਉਦਾਰਵਾਦ ਨੀਤੀਆਂ, ਕਦੇ ਇੱਕ ਰਾਜਸੀ ਧਿਰ ਦੀ ਕੇਂਦਰੀਕਰਨ ਦੀ ਰਾਜਨੀਤੀ, ਕਦੇ ਵਿੱਦਿਆ ਦੇ ਭਗਵਾਂਕਰਨ ਤੇ ਕਦੇ ਕੇਂਦਰ ਸਰਕਾਰ ਦਾ ਫੰਡ ਦੇਣ ਤੋਂ ਕੋਰਾ ਜਵਾਬ ਦੇਣ ਵਿੱਚ ਇਸ ਸੰਕਟ ਦੀ ਜੜ ਤਲਾਸ਼ਦੇ ਹਜ਼ਾਰਾਂ ਸ਼ਬਦ ਲਿਖੇ ਜਾ ਚੁੱਕੇ ਹਨ।ਪਰ ਇਸ ਹਾਲਤ ਨੇ ਇਕ ਹੋਰ ਸੰਕਟ ਨੂੰ ਵੀ ਦੁਬਾਰਾ ਸੀਨ `ਤੇ ਲੈ ਆਉਂਦਾ ਹੈ ਅਤੇ ਜਿਸ ਬਾਬਤ ਵਿਦਵਾਨਾਂ ਦੇ ਭਾਈਚਾਰੇ ਨੇ ਹਾਲੇ ਤੀਕ ਗੁਝੀ ਚੁੱਪ ਧਾਰੀ ਹੋਈ ਹੈ। ਇਹ ਸੰਕਟ ਹੈ ਪੰਜਾਬ ਦੇ ਵਿਸ਼ਵਵਿਦਿਆਲਿਆਂ ਅੰਦਰ ਪੈਦਾ ਹੋਈ ਤੇ ਲਗਾਤਾਰ ਵਧ ਰਹੀ “ਸਮੁੰਦਰੀ” ਅਤੇ “ਸਿਗਲ” ਜਿਹੀਆਂ ਅਵਾਜ਼ਾਂ ਦੀ ਥੁੜ ਦਾ।
ਯੂਨੀਵਰਸਿਟੀ ਵਲੋਂ ਵਧਾਈ ਫੀਸ ਦਾ ਜ਼ਿਕਰ ਸ਼ਾਇਦ ਵਰਸਿਟੀ ਦੀ ਚਾਰਦਿਵਾਰੀ ਚੋਂ ਬਾਹਰ ਨਾ ਨਿਲਕਦਾ ਜੇ ਕੁਝ ਸੈਕੜੇ ਵਿਦਿਆਰਥੀਆਂ ਦੇ ਵਿਰੋਧ, ਉਹਨਾਂ ਉਤੇ ਹਾਵੀ ਹੋਈ ਪੁਲਿਸ ਦੀ ਭੀੜ ਦਾ ਤਸ਼ੱਦਦ ਤੇ ਵਿਦਿਅਿਾਰਥੀਆਂ `ਤੇ ਕੁਝ ਸਮੇਂ ਲਈ ਦੇਸ਼-ਧਰੋਹ ਦੇ ਦੋਸ਼ ਮੜ੍ਹਨ ਦੀ ਹਰਕਤ ਅਖਬਾਰਾਂ ਦੀ ਖਬਰ ਨਾ ਬਣਦੀ। ਵਧੀ ਫੀਸ ਦੇ ਖਿਲਾਫ ਲੜ ਰਹੇ ਵਿਦਿਆਰਥੀਆਂ ਦਾ ਤਰਕ ਹੈ ਕਿ ਲ਼ੜਾਈ ਮਹਿਜ਼ ਫੀਸ ਵਾਧੇ ਦੀ ਵਾਪਸੀ ਲਈ ਨਹੀ, ਬਲਕਿ ਸਰਕਾਰ ਦੀਆਂ ਉਹਨਾਂ ਕਥਿਤ ਨੀਤੀਆਂ ਖਿਲਾਫ ਵੀ ਹੈ, ਜਿਨ੍ਹਾਂ ਤਹਿਤ ਨਾ ਸਿਰਫ ਸਿੱਖਿਆ ਨੂੰ ਖਰੀਦ-ਵੇਚ ਵਾਲੀ ਵਸਤੂ ਬਣਾਇਆਂ ਜਾ ਰਿਹਾ ਹੈ, ਬਲਕਿ ਪੰਜਾਬ ਯੂਨੀਵਰਸਿਟੀਆਂ ਵਰਗੇ ਦਰਜਨਾਂ ਸਿਰਮੌਰ ਸੰਸਥਾਨਾਂ ਨੂੰ ਚੁੱਪ-ਚੁਪੀਤੇ ਗਰੀਬ ਅਤੇ ਮੱਧ-ਵਰਗ ਦੀ ਪਹੁੰਚ ਤੋ ਦੂਰ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਕਦਮ ਦਾ ਵਿਰੋਧ ਵਿਦਿਆਰਥੀ, ਤੇ ਸਿਰਫ ਉਹ ਵਿਦਿਆਰਥੀ ਕਰ ਰਹੇ ਹਨ ਜਿਨ੍ਹਾਂ ਦੀਆਂ ਫੀਸਾਂ ‘ਤੇ ਇਸ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ। ਸੋ ਮਸਲਾ ਸੰਸਥਾ ਨੂੰ ਬਚਾਉਣ ਦਾ ਹੈ।
ਪਰ ਸਵਾਲ ਇਹ ਹੈ ਕਿ ਕੀ ਸੰਸਥਾਨਾਂ ਨੂੰ ਬਚਾਉਣ ਦੀ ਲੜਾਈ ਸਿਰਫ ਉਹਨਾਂ ਵਿਦਿਅਿਾਰਥੀਆਂ ਨੇ ਲੜਨੀ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਕੁਝ ਸਾਲਾਂਂ ਬਾਅਦ ਆਪਣੇ ਕਲਾਸਰੂਮਾਂ ਤੇ ਹੋਸਟਲਾਂ ਨੂੰ ਅਲਵੀਦਾ ਆਖ ਦੇਣੀ ਹੈ ਤੇ ਮੁੜ ਕਈ-ਕਈ ਵਰ੍ਹੇ ਯੂਨੀਵਰਸਿਟੀਆਂ ਦੀ ਜੂਹ ਵਿੱਚ ਪੈਰ ਨਹੀ ਧਰਨਾਂ? ਜਾਂ ਉਹਨਾਂ ਅਧਿਆਪਕਾਂ ਨੇ, ਜਿਨ੍ਹਾਂ ਨੇ ਉਮਰ ਦੇ 60ਵਿਆਂ ਤੱਕ ਇੱਥੇ ਨੌਕਰੀ ਕਰਦੇ ਹੋਏ ਡਟੇ ਰਹਿਣਾ ਹੈ ਅਤੇ ਜਿਹਨਾਂ ਦੀ ਜੀਵਿਕਾ ਹੁਣ ਸਿਰਫ ਤੇ ਸਿਰਫ ਇਸ ਯੁਨੀਵਰਸਿਟੀ ਦੀ ਹੋਂਦ `ਤੇ ਨਿਰਭਰ ਕਰਦੀ ਹੈ।
ਜਿਨ੍ਹਾਂ ਦਰਜਨਾਂ ਹੀ ਅਧਿਆਪਕਾਂ ਦੇ ਵਿਦਿਆਰਥੀ ਯੁਨੀਵਰਸਿਟੀ ਦੀ ਹੋਂਦ ਅਤੇ ਇਸਦਾ ਮੌਜੂਦਾ ਖਾਸਾ ਬਚਾਉਣ ਲਈ ਧੁੱਪਾਂ `ਚ ਧਰਨੇ ਲਾਉਂਦੇ ਫਿਰਨ, ਉਹਨਾਂ ਤੋਂ “ਹਾਅ ਦੇ ਨਾਹਰੇ” ਦੀ ਤਵੱਕੋ ਕਰਨਾ ਸੁਭੱਵਿਕ ਹੈ। ਪਰ ਤੱਥ ਤੁਹਾਨੂੰ ਉਦਾਸ ਕਰ ਜਾਂਦੇ ਹਨ।
11 ਅਪ੍ਰੈਲ, ਜਦੋਂ ਪੁਲਿਸ ਨੇ ਵਿਦਿਆਰਥੀਆਂ `ਤੇ ਅੰਨ੍ਹਾਂ ਲਾਠੀਚਾਰਜ ਕੀਤਾ ਤੇ 50 ਤੋ ਵੱਧ ਮੁੰਡੇ-ਕੁੜੀਆਂ ਗ੍ਰਿਫਤਾਰ ਕਰ ਲਏ ਗਏ, ਤੋਂ ਬਾਅਦ ਵੀ ਖੁਲੇਆਮ ਵਿਦਿਆਰਥੀਆਂ ਦੇ ਹੱਕ `ਚ ਨਿਤਰਣ ਵਾਲੇ ਪ੍ਰੋਫੈਸਰਾਂ ਦੀ ਗਿਣਤੀ 3-4 ਤੋਂ ਵਧੀ ਨਹੀ ।ਸੈਨੇਟ `ਚ ਫੀਸ ਵਾਧੇ ਦਾ ਵਿਰੋਧ ਕਰਨ ਵਾਲੇ ਮੈਂਬਰ ਵਿਚਾਰਗੀ ਭਰੀ ਘੱਟ-ਗਿਣਤੀ ਵਿੱਚ ਹੀ ਰਹੇ।ਹੋਰ ਤਾਂ ਹੋਰ, ਜਦ ਫੀਸ ਵਾਧੇ ਨੂੰ ਵਰਸਿਟੀ ਦੀ ਮਾਲੀ ਹਾਲਤ ਸੁਧਾਰਨ ਲਈ ਜਾਇਜ਼ ਕਦਮ ਠਹਿਰਾਂਉਂਦੇ ਹੋਏ ਵੀ.ਸੀ ਭਾਸ਼ਨ ਦੇ ਰਹੇ ਸਨ, ਤਾਂ ਇੱਕ ਵਿਦਿਆਰਥੀ ਦਾ ਸਵਾਲ ਕਿ ਮਾਲੀ ਹਾਲਤ ਤਾਂ ਪ੍ਰੋਫੈਸਰ ਸਹਿਬਾਨਾਂ ਦੀ ਤਨਖਾਹ ਅੱਧੀ ਕਰ ਕੇ ਵੀ ਸੁਧਾਰੀ ਜਾ ਸਕਦੀ ਹੈ, ਵੀ.ਸੀ ਨੂੰ ਐਨਾਂ ਪ੍ਰੇਸ਼ਾਨ ਕਰ ਗਿਆ ਕਿ ਉਹ ਭਾਸ਼ਨ ਵਿਚਾਲੇ ਛੱਡ ਵਿਦਿਅਿਾਰਥੀਆਂ ਨਾਲ ਖਚਾ-ਖਚ ਭਰੇ ਹਾਲ ਚੋਂ ਹੀ ਬਾਹਰ ਹੋ ਤੁਰੇ।ਇਹ ਸਭ ਅਧਿਆਪਕਾਂ ਦੀ ਵਿਦਿਆਰਥੀਆਂ ਤੇ ਉਹਨਾਂ ਦੇ ਇਸ ਸੰਸਥਾਨ ਦੀ ਸਾਖ ਨੂੰ ਬਚਾਉਣ ਦੇ ਤਹਈਏ ਪ੍ਰਤੀ ਬੇਰੁਖੀ ਦੇ ਲਛਣ ਹਨ।
ਸਵਾਲ ਕਿਸੇ ਇੱਕ ਯੁਨੀਵਰਸਿਟੀ ਅੰਦਰ ਜਾ ਕਿਸੇ ਸਿਰਫ ਇੱਕ ਖਾਸ ਮੁੱਦੇ `ਤੇ ਅਧਿਆਪਕਾਂ ਦੀ ਪੱਸਰੀ ਚੁੱਪ ਦਾ ਨਹੀ ਹੈ। ਇਹ ਚੁੱਪ ਸਮੁੱਚੇ ਪੰਜਾਬ ਦੇ ਵਿਦਿਅਿਕ ਅਦਾਰਿਆਂ `ਤੇ ਛਾਈ ਹੋਈ ਹੈ। ਅਦਾਰਿਆਂ ਅੰਦਰ ਹੁੰਦੀ ਕਿਸੇ ਵੀ ਕਿਸਮ ਦੀ ਵਿਦਿਆਰਥੀਆਂ ਦੀ ਹਲਚਲ ਦੌਰਾਨ ਇਹ ਚੁੱਪ ਹੋਰ ਡੂੰਘੀ ਹੋ ਜਾਂਦੀ ਹੈ। ਹੈਰਾਨੀ ਇਹ ਹੈ ਕਿ ਚੁੱਪ ਸ਼ਾਨ ਨਾਲ ਰਾਜ ਕਰਦੀ ਹੈ, ਬਾਵਜੂਦ ਇਸਦੇ ਕਿ ਇਹਨਾਂ ਯੁਨੀਵਰਸਿਟੀਆਂ ਤੇ ਕਾਲਜਾਂ ਦੇ ਬਹੁਤੇ ਅਧਿਆਪਕ ਅੱਜ ਵੀ ਹਰ ਸਵੇਰ-ਸ਼ਾਮ 1970ਵਿਆਂ ਦੇ ਆਪਣੇ ਖੱਬੇ-ਪੱਖੀ ਵਿਦਿਆਰਥੀ ਪਿਛੋਕੜ ਦੀ ਗੱਲ ਮਾਣ ਨਾਲ ਵਿਦਿਆਰਥੀਆਂ ਨੁੰ ਸੁਣਾਉਦੇ ਹਨ।
ਇਸ ਲਿਖਤ ਦਾ ਮੰਤਵ ਕੋਈ ਜਵਾਬ ਲੱਭਣਾ ਨਹੀ। ਪਰ ਜਵਾਬ ਜੇ ਲੱਭਣ ਤੁਰ ਵੀ ਪਈਏ ਤਾਂ ਇਹੀ ਲੱਭਦਾ ਹੈ ਕਿ ਚੋਖੀ ਤਨਖਾਹ ਮਿਲਣ ਵਾਲੇ ਦਿਨ ਤੋਂ ਹੀ 1970ਵਿਆਂ ਚ `ਵਿਦਰੋਹੀ` ਰਹੇ ਅਧਿਆਪਕ ਦਾ ਖਾਸਾ ਬਦਲਣਾ ਸ਼ੁਰੂ ਹੋ ਜਾਂਦਾ ਹੈ। ਅਧਿਆਪਕ ਜਾਣਦਾ ਹੈ ਕਿ ਉਸਦੀ ਅਗਲੀ ਪੀੜ੍ਹੀ ਦਾ ਭਵਿਖ ਪਟਿਆਲਾ, ਚੰਡੀਗੜ੍ਹ, ਲ਼ੁਧਿਆਣਾ ਜਾਂ ਅੰ੍ਰਿਤਸਰ ਨਹੀਂ ਬਲਕਿ ਫਲੌਰਿਡਾ, ਬ੍ਰੀਟਿਸ਼ ਕੋਲੰਬੀਆ, ਆਕਸਫੋਰਡ ਜਾਂ ਹਾਰਵਰਡ ਵਿੱਚ ਹੈ।ਰਾਜਨੀਤਕ ਤੌਰ ਤੇ “ਸੂਝਵਾਨ” ਅਧਿਆਪਕ, ਜਿਸਦੀ ਇੰਮੀਗਰੇਸ਼ਨ ਰਿਟਾਇਰਮੈਂਟ ਤੋਂ ਪਹਿਲਾਂ ਆ ਜਾਣੀ ਹੈ, ਆਪਣੀ ਚੱਲ ਰਹੀ ਨੌਕਰੀ ਨੂੰ ਬੋਨਸ ਸਮਝਦਾ ਹੋਇਆ, ਇਸਨੂੰ ਜਿਨੀ ਹੋ ਸਕੇ ਉਨੀਂ ਲੰਬੀ ਖਿਚਣਾ ਚਾਹੁੰਦਾ ਹੈ।
ਪਰ ਜਵਾਬ ਵਿੱਚਂੋ ਫਿਰ ਇੱਕ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜੇ.ਐਨ.ਯੂ, ਸਂੈਟਰਲ ਯੁਨੀਵਰਸਿਟੀ, ਹੈਦਰਾਬਾਦ ਜਾਂ ਦਿੱਲੀ ਯੁਨਵਿਰਸਿਟੀ ਦੀ ਫਿਜ਼ਾ ‘ਚ ਅਜਿਹਾ ਕੀ ਹੈ, ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਿਦਵਾਨਾਂ ਵਾਲਾ ਰੁਤਬਾ ਰੱਖਦੇ ਇਹਨਾਂ ਯੁਨਵਿਰਸਿਟੀਆਂ ਦੇ ਪ੍ਰੋਫੈਸਰ ਹਰ ਔਖੀ ਘੜੀ ਆਪਣੇ ਵਿਦਿਆਰਥੀਆਂ ਸੰਗ ਆ ਖੜਦੇ ਹਨ। ਚਲੋ ਫਿਸ ਵਾਧਾ ਤਾ ਫਿਰ ਵੀ ਅਜਿਹਾ ਆਰੀਥਕ ਮਸਲਾ ਹੈ, ਜਿਸ ਉੱਪਰ ਬਣੀ ਆਮ ਰਾਏ ਵਿਦਿਆਰਥੀਆਂ ਦੇ ਹੱਕ ਵਿੱਚ ਹੈ। ਪਰ ਇਹਨਾਂ ਯੁਨੀਵਰਸਿਟੀਆਂ ਦੇ ਕੁਝ ਅਧਿਆਪਕ ਤਾਂ ਨਿਰੇ ਰਾਜਸੀ ਮਸਲਿਆਂ `ਤੇ ਵਿਦਿਆਰਥੀਆਂ ਲਈ “ਹਾਅ ਦਾ ਨਾਹਰਾ” ਮਾਰਨ ਲਈ ਆਪਣੇ ਦਫਤਰਾਂ ਚੋਂ ਬਾਹਰ ਆ ਗਏ।
ਰੋਹਿਤ ਵੇਮੂਲਾ ਦੀ ਮੌਤ ਤੋਂ ਬਾਅਦ ਹੋਏ ਸੰਘਰਸ਼ ਦੌਰਾਨ ਹੈਦਰਾਬਾਦ ਯੁਨਵਿਰਸਿਟੀ ਦੇ ਦੋ ਪ੍ਰੋਫੈਸਰਾਂ ਨੇ 14 ਦਿਨ ਵਿਦਿਆਰਥੀਆਂ ਨਾਲ ਜੇਲ ਕੱਟੀ। ਜੇ.ਐਨ.ਯੂ ਵਿੱਚ ਕਨ੍ਹਈਆ ਕੁਮਾਰ ਤੇ ਹੋਰ ਵਿਦਿਆਰਥੀ ਆਗੁਆਂ ਉਤੇ ਦੇਸ਼-ਧਰੋਹ ਦਾ ਕੇਸ ਦਾਇਰ ਕਰਨ ਤੋਂ ਬਾਅਦ ਚੱਲੇ ਸ਼ੰਘਰਸ਼ ਦੌਰਾਨ ਧਰਨੇ ਦੇ ਰਹੇ ਵਿਦਿਆਰਥੀਆਂ ਦੇ ਹੱਕ ਵਿਚ 24 ਅਧਿਆਪਕਾਂ ਨੇ “ਰਾਸ਼ਟਰਵਾਦ” ਵਿਸ਼ੇ ਉਤੇ ਬੇਖੋਫ ਭਾਸ਼ਣ ਦਿੱਤੇ, ਜੋ ਬਾਅਦ ਵਿੱਚ “ਰਾਸ਼ਟਰਵਾਦ ਦਾ ਪਾਠ” ਦੇ ਸਿਰਲੇਖ ਹੇਠ ਅੰਗਰੇਜ਼ੀ ਵਿੱਚ ਛਪੇ।ਹੋਰ ਤਾਂ ਹੋਰ, ਦਿੱਲੀ ਯੁਨਵਿਰਸਿਟੀ ਦੇ ਹਿੰਦੀ ਦੇ ਪ੍ਰੋਫੈਸਰ ਅਪੂਰਵਾਨੰਦ ਨੇ ਦੇਸ਼-ਧਰੋਹ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਜੇ.ਐਨ.ਯੂ ਦੇ ਵਿਦਿਆਰਥੀ ਉਮਰ ਖਾਲਿਦ ਬਾਬਤ ਇੱਕ ਲੇਖ, ਜੋ ਕਲਾਸਿਕੀ ਹੋ ਨਿਬੜਿਆ ਸੀ, ਦਾ ਸਿਰਲੇਖ ਹੀ “ਉਮਰ ਖਾਲਿਦ, ਮੇਰੇ ਪੁੱਤਰ” ਰੱਖ ਦਿੱਤਾ ਸੀ। ਪਰ ਪੰਜਾਬ, ਜਿਸਦੀ ਰਾਜਨਤਿਕ ਫਿਜ਼ਾ ਨੁੰ ਪਹਿਲਾਂ ਸਿੱਖੀ ਅਤੇ ਫਿਰ ਖੱਬੇ-ਪੱਖੇ ਲੋਕ-ਹਿਤੇਸ਼ੀ ਲਹਿਰਾਂ ਨੇ ਲਬਰੇਜ਼ ਕੀਤਾ ਹੈ, ਉਸ ਧਰਤੀ `ਤੇ ਅੱਜ ਵਿਦਿਆਰਥਅਿਾਂ ਪ੍ਰਤੀ ਅਧਿਆਪਕਾਂ ਦਾ ਕਿਸੇ ਵੀ ਕਿਸਮ ਦਾ ਅਜਿਹਾ ਹੇਜ ਨਜ਼ਰੀਂ ਨਹੀ ਪੈਦਾ।
ਮੁੜ ਪੰਜਾਬ ਯੁਨੀਵਰਸਿਟੀ ਵੱਲ ਪਰਤਦੇ ਹਾਂ। ਪੰਜਾਬ ਯੁਨਵਿਰਸਿਟੀ ਹੀ ਕਿਉ? ਇਹ ਭਾਣਾਂ ਤਾਂ ਦੇਰ-ਸਵੇਰ ਹਰ ਕਾਲਜ ਤੇ ਯੁਨੀਵਰਸਿਟੀ ਨਾਲ ਵਾਪਰਨਾ ਹੈ ਤੇ ਰਫਤਾ-ਰਫਤਾ ਵਾਪਰ ਵੀ ਰਿਹਾ ਹੈ। ਫੀਸਾਂ ਵਧਣ ਨਾਲ ਹੋ ਸਕਦੈ ਯੁਨੀਵਰਸਿਟੀ ਜਾਂ ਅਧਿਆਪਕਾਂ ਦੀ ਨੌਕਰੀ ਤਾਂ ਬਚ ਜਾਵੇ, ਜੇ ਨਹੀਂ ਬਚੇਗਾ ਤਾਂ ਹੋਣਹਾਰ ਵਿਦਿਆਰਥੀਆਂ ਦਾ ਉਹ ਪੂਰ ਨਹੀਂ ਬਚੇਗਾ, ਜਿਨ੍ਹਾਂ ਨੇ ਪਿੰਡਾਂ ਦੇ ਵਿਹੜਿਆਂ `ਤੇ ਮੰਡਰਾਉਂਦੇ ਹਨੇਰਿਆਂ ਤੇ ਸੂੰਗੜ ਰਹੀ ਪੈਲੀ ਦੇ ਖਿਆਲਾਂ ਤੋਂ ਬਚਦੇ-ਬਚਾਉਂਦੇ ਕਾਲਜਾਂ ਤੇ ਵਰਸਿਟੀਆਂ ਦੇ ਕੈਪਸਾਂ ਵਿੱਚ ਪੈਰ ਧਰਨੇ ਸਨ ਅਤੇ ਜਿਨ੍ਹਾਂ ਦੀਆਂ ਮਾਰੀਆਂ ਵਿਦਿਅਕ ਮੱਲਾਂ ਉੱਤੇ ਇਨ੍ਹਾਂ ਸੰਸਥਾਵਾਂ ਦੇ ਅਧਿਆਪਕਾਂ ਨੇ ਰਹਿੰਦੀ ਉਮਰ ਤੱਕ ਮਾਣ ਕਰਨੇ ਸਨ।
ਇਹ ਸਹੀ ਹੈ ਕਿ ਪੰਜਾਬ ਦੇ ਵਿਦਿਅਕ ਸੰਸਥਾਨਾਂ ਅੰਦਰ ਕਿਸੇ ਵੀ ਕਿਸਮ ਦੇ ਵਿਰੋਧ ਦੇ ਬਾਨਣੀ ਵਿਦਿਆਰਥੀ ਬਣ ਰਹੇ ਹਨ। ਪਰ ਇਹ ਵੀ ਸਚ ਹੈ ਕਿ ਵਿਦਵਾਨ ਅਧਿਆਪਕਾਂ ਦੇ ‘ਆਸ਼ੀਰਵਾਦ’, ਸਾਥ ਤੇ ਸੇਧ ਬਿਨਾਂ ਅਜਿਹੀ ਕਿਸੇ ਵੀ ਹਲਚਲ ਦਾ ਬੇੜਾ ਤਰਨਾਂ ਬਹੁਤ ਮੁਸ਼ਕਿਲ ਹੈ। ਇਹੀ ਕਾਰਨ ਹੈ ਕਿ ਫੀਸਾਂ ਤੋਂ ਲੈਕੇ ਵਿਦਿਅਕ ਸੰਸਥਾਵਾਂ ਦੇ ਖਾਸੇ ਨੂੰ ਬਚਾਉਣ ਦੀ ਲੜਾਈ ਵਿਦਿਆਰਥੀ ਤੇ ਅਧਿਆਪਕ ਦੀ ਸਾਂਝੀ ਲੜਾਈ ਹੈ ਜੋ ਦੋਵਾਂ ਵਰਗਾ ਨੂੰ ਸਾਂਝ ਪਾਕੇ ਹੀ ਲੜਨੀ ਪਵੇਗੀ।
ਜਦ ਬਹੁਗਿਣਤੀ ਨੂੰ ਖੁਸ਼ ਕਰਨ ਨੂੰ ਕਾਹਲੀ ਪਈ ਸਰਕਾਰ ਜੇ.ਐਨ.ਯੂ ਦੇ ਵਿਦਿਆਰਥੀ ਉਮਰ ਖਾਲਿਦ ਨੂੰ “ਰਾਸ਼ਟਰ ਵਿਰੋਧੀ” ਗਰਦਾਨਣ ‘ਤੇ ਤੁਲੀ ਹੋਈ ਸੀ, ਤਾਂ ਉਸੇ ਸਰਕਾਰ ਦੀ ਯੁਨਵਿਰਸਿਟੀ `ਚ ਪੜਾਉਂਦੇ ਅਪੂਰਵਾਨੰਦ ਆਪਣੇ ਲੇਖ “ਉਮਰ ਖਾਲਿਦ, ਮੇਰੇ ਪੁੱਤਰ” ਦੀ ਸ਼ੁਰੁਆਤ ਕੁਝ ਇਸ ਤਰਾਂ ਕਰਦੇ ਹਨ।
“ਮੇਰਾ ਜੀਅ ਕਰਦਾ ਹੈ ਕਿ ਮੈ ਕਹਾਂ, `ਉਮਰ ਖਾਲਿਦ, ਮੇਰੇ ਪੁੱਤਰ`। ਮੈਂ ਉਸਨੂੰ ਨਹੀਂ ਜਾਣਦਾ, ਨਾ ਕਦੇ ਉਸਨੂੰ ਮਿਲਿਆਂ ਹਾਂ।ਮੇਰਾ ਕੋਈ ਪੁੱਤਰ ਨਹੀਂ ਹੈ। ਪਰ ਮੇਰਾ ਚਿੱਤ ਕਰਦੈ, ਕਿ ਮੈਂ ਉਸਨੂੰ ਆਪਣਾ ਪੁੱਤ ਕਹਾਂ।ਜੇ ਉਮਰ ਜਿਹੇ ਨਹੀਂ ਤਾਂ ਮੁੰਡੇ ਹੋਰ ਕਿਹੋ ਜਿਹੇ ਹੋਣ? ਕਿਨਾਂ ਬੇਭਾਗਾ ਹੋਵੇਗਾ ਉਹ ਮੁਲਕ, ਜੋ ਸਿਰਫ ਕਿਹਾ ਮੰਨਣ ਵਾਲੇ ਸਾਉ ਪੁੱਤ ਜੰਮੇਂ । ਉਮਰ ਵਰਗਾ ਪੁੱਤ ਪਾਉਣ ਦੀ ਇੱਛਾ ਤਾਂ ਹਰ ਮਾਂ-ਬਾਪ ਦੀ ਹੋਵੇਗੀ।ਮੇਰਾ ਚਿੱਤ ਕਰਦੈ, ਕਿ ਮੈਂ ਉਸਨੂੰ ਆਪਣਾ ਪੁੱਤ ਕਹਾਂ”।
ਇਹ ਸਤਰ ਅਪੂਰਵਾਨੰਦ ਨੇ ਲੰਘੇ ਸਾਲ ਦਿੱਲੀ ਬੈਠ ਕੇ ਲਿਖੀ ਸੀ। ਕਿਸੇ ਪੰਜਾਬੀ ਅਧਿਆਪਕ ਵੱਲੋਂ ਅਜਿਹੀ ਸਤਰ ਰਚੀ ਜਾਣੀ ਹਾਲੇ ਬਾਕੀ ਹੈ।
ਹਰਬੰਸ ਸਿੰਘ
94652-66750
-
ਹਰਬੰਸ ਸਿੰਘ, ਲੇਖਕ
na
94652-66750
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.