ਠੋਸ ਬੁਨਿਆਦ ਰਹਿਤ ਰੇਤ ਨਾਲ ਉਸਾਰੇ ਮਹੱਲਾਂ ਦੀ ਕੋਈ ਮਿਆਦ ਨਹੀਂ ਹੁੰਦੀ। ਇਵੇਂ ਹੀ ਠੋਸ ਵਿਚਾਰਧਾਰਾ, ਸਿਧਾਂਤ, ਨਿਯਮ ਅਤੇ ਕਾਡਰ ਅਧਾਰਿਤ ਸੰਗਠਨ ਰਹਿਤ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਸੰਸਥਾ ਦਾ ਕੋਈ ਭਵਿੱਖ ਨਹੀਂ ਹੁੰਦਾ।
ਭਾਰਤ ਅਤੇ ਵਿਦੇਸ਼ਾਂ ਅੰਦਰ ਅਣਗਿਣਤ ਐਸੀਆਂ ਰਾਜਨੀਤਕ ਪਾਰਟੀਆਂ ਹਨ ਜੋ ਸੱਤਾ ਜਾਂ ਹੋਂਦ ਵਿਚ ਪਾਣੀ ਦੇ ਬੁਲਬਲੇ ਵਾਂਗ ਆਈਆਂ ਅਤੇ ਫਿਰ ਅਲੋਪ ਹੋ ਗਈਆਂ। ਭਾਰਤ ਅੰਦਰ ਮਿਸਾਲ ਵਜੋਂ ਡਾੱ. ਰਾਮ ਮਨੋਹਰ ਲੋਹੀਆ ਵਲੋਂ ਸਥਾਪਿਤ ਸੋਸ਼ਲਿਸਟ ਪਾਰਟੀ, ਸੀ. ਰਾਜਗੋਪਾਲਚਾਰੀ ਅਤੇ ਕੇ.ਐੱਮ. ਮੁਨਸ਼ੀ ਵੱਲੋਂ ਗਠਤ ਸਵਤੰਤਰ ਪਾਰਟੀ, ਅਚਾਰੀਆ ਕ੍ਰਿਪਲਾਨੀ ਵਲੋਂ ਗਠਤ ਪਰਜਾ ਸੋਸ਼ਲਿਸਟ ਪਾਰਟੀ, ਪੈਜੇਂਟ ਐਂਡ ਵਰਕਰਜ਼ ਪਾਰਟੀ, ਹਿੰਦੂ ਮਹਾਂਸਭਾ ਆਦਿ ਗਰੂਬ ਹੋ ਗਈਆਂ। ਇਲਾਕਾਈ ਪੱਧਰ ਤੇ ਅਨੇਕ ਪਾਰਟੀਆਂ ਦਾ ਇਹੀ ਹਸ਼ਰ ਹੋਇਆ। ਮਿਸਾਲ ਵਜੋਂ ਅਸਾਮ ਅੰਦਰ ਪ੍ਰਫੁਲ ਮਹੰਤਾ ਵਲੋਂ ਗਠਤ ਅਸਾਮ ਗਣ ਪ੍ਰੀਸ਼ਦ, ਪੰਜਾਬ ਅੰਦਰ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਗਠਤ ਲੋਕ ਭਲਾਈ ਪਾਰਟੀ, ਮਨਪ੍ਰੀਤ ਬਾਦਲ ਵਲੋਂ ਗਠਤ ਪੀਪਲਜ਼ ਪਾਰਟੀ ਆਫ ਪੰਜਾਬ ਆਦਿ।
ਇਹੋ ਹਸ਼ਰ ਸੰਨ 2012 ਵਿਚ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਗੁਰੂ ਉੱਘੇ ਸਮਾਜ ਸੇਵੀ ਸ਼੍ਰੀ ਅੰਨਾ ਹਜ਼ਾਰੇ ਦੀ ਇੱਛਾ ਅਤੇ ਮਸ਼ਵਰੇ ਦੇ ਉਲਟ ਗਠਤ ਆਮ ਆਦਮੀ ਪਾਰਟੀ ਦਾ ਹੋਣ ਜਾ ਰਿਹਾ ਹੈ। ਪਾਰਟੀ ਪੰਜਾਬ ਅਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਬਾਅਦ ਦਿੱਲੀ ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਉਪ ਚੋਣ ਅਤੇ ਦਿੱਲੀ ਨਗਰ ਨਿਗਮ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਬਾਅਦ ਬੁਰੀ ਤਰ੍ਹਾਂ ਤੀਲਾ-ਤੀਲਾ ਹੁੰਦੀ ਬਿਖਰਦੀ ਨਜ਼ਰ ਆ ਰਹੀ ਹੈ ਜਿਵੇਂ:
ਇਸ ਦਿਲ ਕੇ ਟੁਕੜੇ ਹਜ਼ਾਰ ਹੁਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ।
ਕੁਮਾਰ ਵਿਸ਼ਵਾਸ ਵਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਦਿਤੀ ਚੁਣੌਤੀ ਤੋਂ ਪਾਰਟੀ ਹੋਂਦ ਤੋਂ ਬਾਅਦ ਕੇਜਰੀਵਾਲ ਪਹਿਲੀ ਵਾਰ ਬੁਰੀ ਤਰ੍ਹਾਂ ਘਬਰਾਇਆ ਨਜ਼ਰ ਆਇਆ, ਨਹੀਂ ਤਾਂ ਉਹ ਲਗਾਤਾਰ ਏਕਾਧਿਕਾਰਵਾਦੀ ਤਾਨਾਸ਼ਾਹ ਵਜੋਂ ਕੰਮ ਕਰਦਾ ਨਜ਼ਰ ਆ ਰਿਹਾ ਸੀ। 26 ਨਵੰਬਰ, 2012 ਨੂੰ ਪਾਰਟੀ ਗਠਨ ਤੋਂ ਬਾਅਦ ਜੋ ਵੀ ਉਸ ਦੀ ਇੱਛਾ ਵਿਰੁੱਧ ਸਿਰ ਚੁੱਕਦਾ ਉਹ ਉਸਦੀ ਸਿਰੀ ਫੇਹ ਕੇ ਰਖ ਦਿੰਦਾ ਉਹ ਭਾਵੇਂ ਪਾਰਟੀ ਦੇ ਮੋਢੀ ਮੈਂਬਰ ਸ਼੍ਰੀ ਪ੍ਰਸ਼ਾਂਤ ਭੂਸ਼ਨ, ਯੋਗਿੰਦਰ ਯਾਦਵ, ਅਨੰਦ ਕੁਮਾਰ, ਅਜੀਤ ਝਾਅ ਸਨ, ਪੰਜਾਬ ਦੇ 4 ਮੈਂਬਰ ਪਾਰਲੀਮੈਂਟ ਵਿਚੋਂ ਦੋ ਡਾੱ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਸਨ ਜਾਂ ਫਿਰ ਪੰਜਾਬ ਅੰਦਰ ਪਾਰਟੀ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਆਦਿ ਸਨ। ਲੇਕਿਨ ਪਾਰਟੀ ਹਾਰਾਂ ਕਰਕੇ ਟੁੱਟੇ ਅਤੇ ਘਬਰਾਏ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਨੂੰ ਮਨਾਉਣ ਲਈ ਹਾੜੇ ਕੱਢਣ ਲਈ ਮਜਬੂਰ ਹੋਣਾ ਪਿਆ।
ਲੇਕਿਨ ਆਪਣੇ ਅਤਿ ਕਰੀਬੀ ਅਤੇ ਵਿਸ਼ਵਾਸਪਾਤਰ ਸਮਝੇ ਜਾਂਦੇ ਦਿੱਲੀ ਰਾਜ ਸਰਕਾਰ ਅੰਦਰ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੂੰ ਬਗੈਰ ਕਿਸੇ ਦੋਸ਼ ਦੇ (ਜਿਵੇਂ ਕਿ ਪਹਿਲਾਂ ਦੋਸ਼ੀ ਮੰਤਰੀ ਚਲਦੇ ਕੀਤੇ) ਕੈਬਨਿਟ ਵਿਚੋਂ ਤਾਨਾਸ਼ਾਹ ਵਜੋਂ ਬਰਖ਼ਾਸਤ ਕਰਨ ਤੋਂ ਬਾਅਦ ਪਾਰਟੀ ਅੰਦਰ ਭੂਚਾਲ ਆ ਗਿਆ।
ਹਕੀਕਤ ਵਿਚ ਸ਼੍ਰੀ ਕੇਜਰੀਵਾਲ ਦੀ ਲੀਡਰਸ਼ਿਪ ਅਤੇ ਪਾਰਟੀ ਸੰਗਠਨ ਏਨੇ ਕਮਜ਼ੋਰ ਸਾਬਤ ਹੋਏ ਹਨ ਕਿ ਕਪਿਲ ਮਿਸ਼ਰਾ ਨੇ ਸਿੱਧੇ ਤੌਰ 'ਤੇ ਪਾਰਟੀ ਸੁਪਰੀਮੋ ਅਤੇ ਉਸਦੀ ਜੁੰਡਲੀ ਤੇ ਧਾਵਾ ਬੋਲ ਦਿਤਾ। ਸ਼੍ਰੀ ਕੇਜਰੀਵਾਲ ਨੂੰ ਸਤੇਂਦਰ ਜੈਨ ਤੋਂ ਉਸ ਸਾਹਮਣੇ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਗਾਇਆ। ਸੀ.ਬੀ.ਆਈ. ਪਾਸ ਸਿੱਧੇ ਤਿੰਨ ਸ਼ਿਕਾਇਤਾਂ ਦਰਜ ਕਰਾਈਆਂ। (1) ਸਤੇਂਦਰ ਜੈਨ ਤੋਂ ਮੁੱਖ ਮੰਤਰੀ ਨੇ 2 ਕਰੋੜ ਰੁਪਏ ਰਿਸ਼ਵਤ ਲੈਣਾ (2) ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਿਸ਼ਤ ਖਿਲਾਫ ਟੈਂਕਰ ਘੁਟਾਲੇ ਦੀ ਰਿਪੋਰਟ ਦਬਾਉਣਾ (3) ਕੇਜਰੀਵਾਲ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਰਿਆਇਤੀ ਕੀਮਤਾਂ ਤੇ ਜ਼ਮੀਨਾਂ ਦੇਣਾ।
ਪੰਜਾਬ ਅੰਦਰ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਐੱਨ.ਆਰ.ਆਈ ਸਮਰਥਕਾਂ ਚੋਣ ਮੁਹਿੰਮ ਚਲਾਉਣ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਕਰੀਬ ਡੇਢ ਹਜ਼ਾਰ ਵਰਕਰਾਂ ਅਤੇ ਸਮਰਥਕਾਂ ਸੋਸ਼ਲ ਮੀਡੀਏ ਰਾਹੀਂ ਰਾਜ ਅੰਦਰ ਤਾਕਤਵਰ ਰਵਾਇਤੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਪਾਰਟੀ ਆਦਿ ਨੂੰ ਭਾਜੜਾਂ ਪਾ ਦਿਤੀਆਂ। ਆਪਣਾ ਕਾਰੋਬਾਰ ਅਤੇ ਕੰਮਕਾਜ, ਧੰਨ-ਦੌਲਤ ਅਤੇ ਵੱਕਾਰ ਆਮ ਆਦਮੀ ਪਾਰਟੀ ਅਤੇ ਸ਼੍ਰੀ ਕੇਜਰੀਵਾਲ ਦੀ ਲੀਡਰਸ਼ਿਪ ਲਈ ਦਾਅ 'ਤੇ ਲਾ ਦਿੱਤਾ। ਉਨ੍ਹਾਂ ਸਮੂਹਿਕ ਤੌਰ 'ਤੇ ਪੰਜਾਬ ਅੰਦਰ ਸ਼੍ਰੀ ਹਰਭਜਨ ਮਾਨ ਨੂੰ ਪਾਰਟੀ ਕਨਵੀਨਰ ਨਾ ਥਾਪਣ ਦੀ ਤਾਕੀਦ ਕੀਤੀ ਸੀ ਕਿਉਂਕਿ ਉਸ 'ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੋਸ਼ ਸੰਸਦ ਮੈਂਬਰ ਸ੍ਰ. ਹਰਿੰਦਰ ਸਿੰਘ ਖਾਲਸਾ ਅਤੇ ਹੋਰ ਸਖ਼ਸ਼ੀਅਤਾਂ ਲਗਾ ਚੁੱਕੀਆਂ ਹਨ। ਉਸ ਦੇ ਨਸ਼ੇ 'ਚ ਹੋਣ ਸਬੰਧੀ ਦ੍ਰਿਸ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੇ ਹਨ। ਲੇਕਿਨ ਬਾਵਜੂਦ ਇਨ੍ਹਾਂ ਪ੍ਰਸਥਿਤੀਆਂ ਦੇ ਸ਼੍ਰੀ ਭਗਵੰਤ ਮਾਨ ਪੰਜਾਬ ਪ੍ਰਦੇਸ਼ ਕਨਵੀਨਰ ਥਾਪ ਦਿਤੇ ਗਏ।
ਇਸ ਨਿਯੁਕਤੀ ਦੇ ਪ੍ਰਤੀਕਰਮ ਵਜੋਂ ਬੇਆਬਰੂ ਕਰਕੇ ਲਾਂਭੇ ਕੀਤੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਏਨੇ ਨਰਾਜ਼ ਹੋਏ ਕਿ ਉਨ੍ਹਾਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਕਨਵੀਨਰ ਸ਼੍ਰੀ ਕੇਜਰੀਵਾਲ ਅਤੇ ਪਾਰਟੀ ਦੇ ਏਕਾਧਿਕਾਰਵਾਦੀ ਕੰਮ-ਕਾਜ ਤੇ ਹਮਲਾ ਕਰਦੇ ਇਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਾਗ਼ਦੇ ਬਾਹਰ ਉਡਾਰੀ ਮਾਰ ਲਈ। ਸਾਬਕਾ ਓਲੰਪੀਅਨ ਸ਼੍ਰੀ ਜਗਦੀਪ ਗਿੱਲ ਸਮੇਤ ਕੁਝ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਗਏ। ਅਜੇ ਪਾਰਟੀ ਵਿਚ ਭੱਜ-ਟੁੱਟ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਵਿਚੋਂ ਆਪ ਵਿਚ ਆਏ ਵਿਧਾਇਕ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਗਰੁੱਪ ਦੇ ਚੀਫ ਵਿੱਪ ਵਜੋਂ ਅਸਤੀਫਾ ਦਾਗ਼ ਦਿਤਾ ਅਤੇ ਪਾਰਟੀ ਤੇ ਦੋਸ਼ ਲਗਾਇਆ ਕਿ ਇਹ ਭ੍ਰਿਸ਼ਟਾਚਾਰ ਵਿਰੁੱਧ ਜੰਗ, ਪਾਰਦਰਸ਼ਤਾ, ਜਵਾਬਦੇਹੀ, ਵੀ.ਆਈ.ਪੀ. ਅਤੇ ਹਾਈ ਕਮਾਨ ਕਲਚਰ ਖ਼ਤਮ ਕਰਨ ਆਦਿ ਮੁੱਦਿਆਂ ਭੱਜ ਚੁੱਕੀ ਹੈ।
ਆਮ ਆਦਮੀ ਪਾਰਟੀ ਨੇ ਸੰਨ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 28 ਸੀਟਾਂ ਲੈ ਜਾ ਕੇ ਕਾਂਗਰਸ ਬਾਹਰੀ ਹਮਾਇਤ ਨਾਲ 28 ਦਸੰਬਰ, 2013 ਨੂੰ ਘੱਟ-ਗਿਣਤੀ ਸਰਕਾਰ ਗਠਤ ਕੀਤੀ ਸੀ ਜੋ ਇਸ ਦੀਆਂ ਅਤਿ ਲੋਕ ਲੁਭਾਊ ਨੀਤੀਆਂ, ਕੇਂਦਰ ਨਾਲ ਟਕਰਾਅਬਾਜ਼ੀ ਅਤੇ ਪ੍ਰਬੰਧਕੀ ਤਜ਼ਰਬੇ ਦੀ ਘਾਟ ਕਰਕੇ 49 ਦਿਨਾਂ 'ਚ ਧੜਾਮ ਥੱਲੇ ਡਿੱਗ ਪਈ।
ਲੋਕ ਸਭਾ ਚੋਣਾਂ ਵਿਚ ਇਸ ਨੇ 434 ਸੀਟਾਂ 'ਤੇ ਪੂਰੇ ਦੇਸ਼ 'ਚ ਚੋਣ ਲੜੀ ਪਰ ਜਿੱਤੀਆਂ ਸਿਰਫ਼ ਪੰਜਾਬ ਵਿਚ ਚਾਰ। ਬਹੁਤ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਦਿੱਲੀ ਅੰਦਰ ਸੰਨ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 67 ਸੀਟਾਂ ਤੇ ਇਤਿਹਾਸਿਕ ਜਿੱਤ ਦਰਜ ਕਰਦੇ ਇਸ ਦੇ ਹੌਂਸਲੇ ਹਿਮਾਲਾ ਪਰਬਤ ਵਾਂਗ ਬੁਲੰਦ ਹੋ ਗਏ।
ਦਿੱਲੀ, ਪੰਜਾਬ, ਗੋਆ, ਗੁਜਰਾਤ ਅਤੇ ਕਈ ਕਈ ਹੋਰ ਰਾਜਾਂ ਦੀਆਂ ਪਾਕੇਟਾਂ ਵਿਚ ਰਵਾਇਤੀ ਪਾਰਟੀਆਂ ਤੋਂ ਅਵਾਜ਼ਾਰ ਲੋਕ, ਬੇਰੋਜ਼ਗਾਰ ਨੌਜਵਾਨ ਵਰਗ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਨੌਜਵਾਨ ਅਤੇ ਵਿਦੇਸ਼ਾਂ ਵਿਚ ਬੈਠੇ ਨੌਜਵਾਨ, ਪ੍ਰਬੁੱਧ ਅਤੇ ਜਾਗ੍ਰਿਤ ਭਾਰਤਵਾਸੀ ਇਸ ਪਾਰਟੀ ਅੰਦਰ ਇਕ ਤੀਸਰੇ ਰਾਜਨੀਤਕ ਬਦਲ ਦੀ ਉਭਾਰ ਭਰੀ ਸੰਭਾਵਨਾ ਵੇਖਦੇ ਇਸ ਨਾਲ ਜੁੜਨੇ ਸ਼ੁਰੂ ਹੋ ਗਏ।
ਪੰਜਾਬ ਵਿਚ ਆਪ ਦੇ ਜਨਤਕ ਉਭਾਰ ਅਤੇ ਜ਼ਬਰਦਸਤ ਚੋਣ ਮੁਹਿੰਮ ਤੋਂ ਇੰਜ ਭਾਸਦਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਤਰਜ਼ ਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗੀ। ਲੇਕਿਨ ਕੇਜਰੀਵਾਲ, ਉਸਦੇ ਬਾਹਰੀ ਪੰਜਾਬ ਅਬਜ਼ਰਵਰਾਂ ਅਤੇ ਜੁੰਡਲੀ ਨੇ ਪੰਜਾਬ ਦੇ ਸੁਪਨੇ ਬੁਰੀ ਤਰ੍ਹਾਂ ਚੂਰ-ਚੂਰ ਕਰ ਦਿਤੇ। ਉਨ੍ਹਾਂ ਪੰਜਾਬੀ ਅਤੇ ਸਬੰਧਿਤ ਐਨ.ਆਰ.ਆਈ ਲੀਡਰਸ਼ਿਪ ਤੇ ਉੱਕਾ ਵਿਸ਼ਵਾਸ ਨਾ ਕੀਤਾ। ਭ੍ਰਿਸ਼ਟਾਚਾਰ ਵਿਰੋਧੀ ਨਾਅਰਾ ਦੇਣ ਵਾਲੀ ਇਸ ਪਾਰਟੀ ਦੇ ਬਾਹਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਡਿਪਟੀ ਦੁਰਗੇਸ਼ ਪਾਠਕ, ਸਹਿਯੋਗੀ ਅਸੀਸ਼ ਖੇਤਾਨ ਅਤੇ ਇੰਨਾਂ ਦੀ 50 ਮੈਂਬਰੀ ਬਾਹਰੀ ਜੋਨ ਇੰਚਾਰਜ ਟੀਮ ਨੇ ਭ੍ਰਿਸ਼ਟਾਚਾਰ ਅਤੇ ਬਦਫੈਲੀਆਂ ਦੇ ਰਿਕਾਰਡ ਤੋੜ ਦਿਤੇ। ਪਾਰਟੀ ਰਾਜ ਵਿਚ ਆਪਣਾ ਲੋਕ ਸਭਾ ਵਾਲਾ ਗ੍ਰਾਫ ਵੀ ਕਾਇਮ ਨਾ ਰਖ ਸਕੀ। ਲੋਕ ਸਭਾ ਚੋਣਾਂ ਵੇਲੇ ਪੰਜਾਬ 'ਚ ਆਪ 38 ਵਿਧਾਨ ਸਭਾ ਹਲਕਿਆਂ ਵਿਚ ਨੰਬਰ ਇਕ ਸਥਾਨ ਤੇ ਰਹੀ ਸੀ ਜਦਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਸਾਂ 20 ਜਿੱਤ ਸਕੀ।
ਦਿੱਲੀ ਐਮ.ਸੀ.ਡੀ. ਚੋਣਾਂ ਨੇ ਤਾਂ ਇਸ ਦਾ ਰਾਜਨੀਤਕ ਦੀਵਾਲਾ ਕੱਢ ਦਿਤਾ। ਤਿੰਨਾਂ ਕਾਰਪੋਰੇਸ਼ਨਾਂ ਦੀਆਂ 270 ਸੀਟਾਂ ਵਿਚੋਂ ਸਿਰਫ਼ ਨਮੋਸ਼ੀ ਭਰੀਆਂ 48 ਸੀਟਾਂ ਲੈ ਜਾ ਸਕੀ। ਇਸ ਦਾ ਵੋਟ ਪ੍ਰਤੀਸ਼ਤ 54.1 ਪ੍ਰਤੀਸ਼ਤ ਤੋਂ ਡਿੱਗ ਕੇ 26.21 ਪ੍ਰਤੀਸ਼ਤ ਰਹਿ ਗਿਆ। ਦੂਸਰੇ ਪਾਸੇ ਕਾਂਗਰਸ ਦਾ ਗ੍ਰਾਫ 9.7 ਪ੍ਰਤੀਸ਼ਤ ਤੋਂ ਵੱਧ ਕੇ 21.11 ਪ੍ਰਤੀਸ਼ਤ ਹੋ ਗਿਆ ਭਾਵੇਂ ਉਸ ਨੇ 30 ਸੀਟਾਂ ਤੇ ਜਿੱਤ ਹਾਸਿਲ ਕੀਤੀ। ਭਾਜਪਾ ਨੇ ਤਿੰਨਾਂ ਕਾਰਪੋਰੇਸ਼ਨਾਂ ਤੇ ਮੁੜ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਰਾਜੌਰੀ ਗਾਰਡਨ ਉਪ ਚੋਣ ਵਿਚ ਆਪ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ।
ਕੇਜਰੀਵਾਲ ਦਾ ਸਭ ਤੋਂ ਰਾਜਨੀਤਕ ਦੁਖਾਂਤ ਇਹ ਹੈ ਕਿ ਜਿਵੇਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਆਪਣੇ ਪ੍ਰੌਢ ਪਿਤਾ ਚਾਣਕੀਯ ਸਿਆਸਤਦਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਕੁਝ ਨਹੀਂ ਸਿਖਿਆ, ਉਵੇਂ ਹੀ ਉਸਨੇ ਆਪਣੇ ਗੁਰੂ ਅੰਨਾ ਹਜ਼ਾਰੇ ਤੋਂ ਕੁਝ ਨਹੀਂ ਸਿਖਿਆ।
ਉਸਨੇ ਨੇ ਦਿੱਲੀ ਵੱਲ ਧਿਆਨ ਕੇਂਦਰਿਤ ਕਰਕੇ ਉਸ ਨੂੰ ਦੇਸ਼ ਅੰਦਰ ਪ੍ਰਸਾਸ਼ਨਿਕ ਪੱਖੋਂ ਰੋਲ ਮਾਡਲ ਪ੍ਰਾਂਤ ਬਣਾਉਣ ਦੀ ਬਜਾਏ, ਪੰਜਾਬ, ਗੋਆ, ਗੁਜਰਾਤ ਆਦਿ ਪ੍ਰਾਂਤਾਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿਤਾ। ਉਸ ਦਾ ਹਾਲ ਇਹ ਹੋਇਆ ਹੁਣ ਦਿੱਲੀ ਵੀ ਖੁੱਸਦੀ ਨਜ਼ਰ ਆ ਰਹੀ ਹੈ। 'ਨਾਲੇ ਰੰਨ ਗਈ, ਨਾਲੇ ਕੰਨ ਪਾਟੇ, ਨਫ਼ਾ ਏਸ 'ਚੋਂ ਦਸ ਕੀ ਖੱਟਿਆ ਸੂ।'
ਇਵੇਂ ਉਸ ਨੇ ਦਿੱਲੀ ਦੇ ਲੋਕਾਂ ਨਾਲ ਦਗਾ, ਛੱਲ-ਕਪਟ ਅਤੇ ਧੋਖਾ ਕੀਤਾ। ਹਕੀਕਤ ਇਹ ਹੈ ਕਿ ਉਸ ਵਿਚ ਭਾਰਤੀ ਰਾਜਨੀਤੀ ਦੇ ਸੰਦਰਭ ਵਿਚ ਲੋੜੀਂਦੀ ਲੀਡਰਸ਼ਿਪ ਦੀ ਘਾਟ ਹੈ। ਨਾ ਤਾਂ ਉਸ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਰਗੀ ਵਿਚਾਰਧਾਰਕ ਪ੍ਰਪੱਕਤਾ, ਗਤੀਸ਼ੀਲਤਾ ਅਤੇ ਕ੍ਰਿਸ਼ਮਾ ਹੈ। ਨਾ ਹੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਰਗੀ ਜਨ-ਨਾਇਕਤਾ, ਹਲੇਮੀ ਅਤੇ ਪ੍ਰੋਢਤਾ ਹੈ। ਨਾ ਹੀ ਕੈਪਟਨ ਅਮਰਿੰਦਰ ਸਿੰਘ ਵਰਗੀ ਹਮਲਾਵਰ ਰਣਨੀਤਕ ਸੂਝ-ਬੂਝ ਅਤੇ ਤੱਤ-ਫੱਟ ਨਿਰਣੇ ਲੈਣ ਦੀ ਮੁਹਾਰਤ ਹੈ।
ਲੋਕ ਪਾਪੂਲਿਸਟ ਨਾਅਰਿਆਂ, ਭ੍ਰਿਸ਼ਟਾਚਾਰ ਅਤੇ ਸਥਾਪਿਤ ਨਿਜ਼ਾਮ ਦੀ ਨੀਰਸਤਾ ਵਿਰੁੱਧ ਧੂੰਆਂਧਾਰ ਭਾਸ਼ਣਾਂ, ਭੁੱਖ ਹੜਤਾਲਾਂ, ਮਰਨ ਵਰਤਾਂ ਨਾਲ ਖਿੱਚੇ ਤਾਂ ਜਾ ਸਕਦੇ ਹਨ ਪਰ ਇਹ ਪ੍ਰੈਕਟੀਕਲ ਤੌਰ 'ਤੇ ਉਨ੍ਹਾਂ ਦੇ ਸਮਾਜਿਕ, ਆਰਥਿਕ, ਖੇਤੀ, ਰੋਜ਼ਗਾਰ, ਵਿਦੇਸ਼ ਨੀਤੀ ਸਬੰਧੀ ਮਸਲਿਆਂ ਦੀ ਪੂਰਤੀ ਨਹੀਂ ਕਰਦੇ। ਮਿਸਾਲ ਵਜੋਂ ਜੇ ਟਿਊਬਵੈਲਾਂ ਦੀ ਬਿਜਲੀ ਮੁਆਫ ਕਰਨ ਨਾਲ ਕਿਸਾਨੀ ਦੇ ਮਸਲੇ ਹੱਲ ਹੁੰਦੇ ਤਾਂ ਪੰਜਾਬ ਵਿਚ ਹਜ਼ਾਰਾਂ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਨਾ ਪੈਂਦੇ।
ਰਵਾਇਤੀ ਪਾਰਟੀਆਂ ਅਤੇ ਇਨ੍ਹਾਂ ਦੀਆਂ ਸਰਕਾਰਾਂ ਤੋਂ ਤੰਗ ਅਤੇ ਅਵਾਜ਼ਾਰ ਲੋਕਾਂ ਨੇ ਆਮ ਆਦਮੀ ਪਾਰਟੀ ਅੰਦਰ ਇਕ ਇਨਕਲਾਬੀ, ਪ੍ਰੈਕਟੀਕਲ ਅਤੇ ਪ੍ਰੈਗਮੈਟਿਕ ਬਦਲ ਤੱਕਿਆ ਸੀ। ਸ਼੍ਰੀ ਕੇਜਰੀਵਾਲ ਨੂੰ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਅਜੇ ਵੀ ਖ਼ਰਾ ਉਤਰਨ ਦਾ ਯਤਨ ਕਰਨਾ ਚਾਹੀਦਾ ਹੈ। ਪਾਰਟੀ ਸੰਗਠਨ ਨੂੰ ਵਿਚਾਰਧਾਰਕ ਅਤੇ ਸਿਧਾਂਤਕ ਤੌਰ 'ਤੇ ਪੁਖ਼ਤਾ ਕਰਨ, ਇਸ ਨੂੰ ਕਾਡਰ ਅਧਾਰਤ ਖੜ੍ਹਾ ਕਰਦੇ ਸੂਝ-ਬੂਝ ਭਰੀ ਰਾਜਨੀਤਕ ਪੈਂਤੜੇਬਾਜ਼ੀ ਨਾਲ ਚਲਣਾ ਪਵੇਗਾ। ਨਹੀਂ ਤਾਂ ਪਾਰਟੀ ਨੂੰ ਰਾਜਨੀਤਕ ਪਤਨ ਤੋਂ ਨਹੀਂ ਬਚਾਇਆ ਜਾ ਸਕੇਗਾ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.