ਖ਼ਬਰ ਹੈ ਕਿ ਭਾਰਤ ਸਿਰਫ ਆਤੰਕਵਾਦੀਆਂ ਦੇ ਕਾਰਣ ਹੀ ਨਹੀਂ, ਬਲਕਿ ਪਸੰਦ ਅਤੇ ਨਾ ਪਸੰਦ ਦੇ ਕਾਰਣ ਵੀ ਕਤਲ ਦੀ ਵਜਹ ਬਣਦਾ ਜ ਰਿਹਾ ਹੈ। ਇੱਕ ਗਰੀਬ ਕਿਸਾਨ ਇਖਲਾਕ ਨੂੰ ਭੀੜ ਨੇ ਮਾਰ ਸੁਟਿਆ, ਕਿਉਂਕਿ ਇਹ ਭੀੜ ਮੰਨਦੀ ਸੀ ਕਿ ਉਸਨੇ ਆਪਣੇ ਘਰ ਗਊਮਾਸ (ਬੀਫ) ਰੱਖਿਆ ਹੈ। ਇਕ ਡਾਇਰੀ ਕਿਸਾਨ ਪਹਿਲੂ ਖਾਨ ਅਤੇ ਉਸਦੇ ਪੁੱਤਰਾਂ ਨੇ ਦੋ ਗਾਈਆਂ ਖਰੀਦੀਆਂ ਅਤੇ ਉਹ ਉਹਨਾ ਨੂੰ ਲੈ ਕੇ ਆਪਣੇ ਫਾਰਮ ਹਾਊਸ ‘ਤੇ ਜਾ ਰਹੇ ਸਨ। ਗਊ ਰੱਖਿਆਕਾਂ ਦੇ ਇੱਕ ਸਮੂਹ ਨੇ ਉਹਨਾ ਨੂੰ ਰੋਕਿਆ ਅਤੇ ਉਸਨੂੰ ਕੁੱਟਿਆ, ਜਿਸ ਨਾਲ ਪਹਿਲੂ ਖਾਨ ਦੀ ਮੌਤ ਹੋ ਗਈ। ਇਹਨਾ ਦੋਨਾਂ ਮਾਮਲਿਆਂ ਵਿਚ ਭੀੜ ਜਾਂ ਸਮੂਹ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਕੋਈ ਬੀਫ ਖਾ ਸਕਦਾ ਹੈ। ਇਥੇ ਹੀ ਬੱਸ ਨਹੀਂ ਦੇਸ਼ ‘ਚ ਸੰਪਰਦਾਇਕ ਸੰਘਰਸ਼ ਹੋ ਰਹੇ ਹਨ। ਜਾਤੀਗਤ ਸੰਘਰਸ਼ ਹੋ ਰਹੇ ਹਨ। ਨੇਤਾ ਉਸ ਵਿਚ ਕੁੱਦ ਪੈਂਦੇ ਹਨ। ਧਾਰਮਿਕ ਘੱਟ ਗਿਣਤੀ ਲੋਕ ਡਰ ‘ਚ ਜੀਓ ਰਹੇ ਹਨ। ਆਦਿ ਵਾਸੀ ਇਸ ਡਰ ‘ਚ ਜੀਓ ਰਹੇ ਹਨ ਕਿ ਉਹਨਾ ਨੂੰ ਜ਼ਮੀਨ ਅਤੇ ਜੰਗਲ ਦੇ ਅਧਿਕਾਰ ਤੋਂ ਵੰਚਿਤ ਕੀਤਾ ਜਾ ਸਕਦਾ ਹੈ।
ਚੁੱਪ! ਬੱਸ ਚੁੱਪ ਹੀ ਭਲੀ!! ਹਿੰਦੋਸਤਾਨੀ ਧਰਮ ਨਿਰਪੱਖਤਾ ਕਿਥੋਂ ਲੱਭ ਲਿਆਉਗੇ, ਇਹ ਭਲਿਆਂ ਵੇਲਿਆਂ ਦੀ ਗੱਲ ਸੀ, ਹੁਣ ਤਾਂ ਭਾਈ ਜਿਸਦੀ ਲਾਠੀ ਉਸੇ ਦੀ ਮੱਝ! ਕਿਰਚਾਂ, ਬੰਦੂਕਾਂ, ਛੁਰਿਆਂ,ਬੰਬਾਂ, ਤੇ ਤਵੱਸਵੀ ਬੋਲਾਂ ਦਾ ਦੇਸ਼ ਬਣ ਗਿਆ ਹੈ, ਮੇਰਾ ਪਿਆਰਾ ਦੇਸ਼। ਇਸ ਦੇਸ਼ ‘ਚ ਹੁਣ ਜ਼ਮੀਰਾਂ ਵਾਲਿਆ ਦੀ ਨਹੀਂ, ਲੋੜ ਹੈ ਤਾਂ ਬੱਸ ਗੁੰਗਿਆਂ, ਬਹਿਰਿਆਂ ਦੀ! ਲੋੜ ਹੈ ਤਾਂ ਬੱਸ ਨਾਹਰਿਆਂ ਦੀ! ਲੋੜ ਹੈ ਤਾਂ ਬੱਸ ਖੜੇ ਹੱਥਾਂ ਦੀ! ਲੋੜ ਹੈ ਤਾਂ ਬੱਸ ਵੋਟਾਂ ਦੀ! ਜਾਂ ਲੋੜ ਹੈ ਭਾਈ ਜੈਕਾਰਿਆਂ ਦੀ, ਹਰਿ ਹਰਿ ਮਹਾਂਦੇਵ ਜਾਂ ਜਾਹ ਅਲੀ, ਜਾਹ ਅਲੀ!! ਇਥੇ ਦੇਸ਼ ‘ਚ ਕੀ ਹੋ ਰਿਹਾ ਜਾਂ ਕੀ ਕੀਤਾ ਜਾ ਰਿਹੈ ਇਹ ਤਾਂ ਬੱਸ ਗੁੰਗਾ ਜਾਣਦਾ ਆ ਜਾਂ ਜਾਣਦੀ ਆ ਗੁੰਗੇ ਦੀ ਮਾਂ, ਜਿਹਨਾ ਨੂੰ ਇਕ ਦੂਜੇ ਦੀ ਗੱਲ ਸਮਝ ਆਉਂਦੀ ਆ। ਸਾਡੇ ਤਾਂ ਪੱਲੇ ਅਵਾਜ਼ ਪੈਂਦੀ ਆ, ਬੇਗਾਨਗੀ ਦੀ! ਇਥੇ ਤਾਂ ਹੁਣ ਚੁੱਪ, ਮੂੰਹ ‘ਤੇ ਚੇਪੀ ਰਤਾ ਭਰ ਵੀ ਸੀਅ ਨਹੀਂ ਕਰਨਾ ਇਹੋ ਹੈ ਦੇਸ਼ ਦੇ ਵੋਸਨੀਕਾਂ ਲਈ ਸਭਕਾ ਸਾਥ ਸਭਕਾ ਵਿਕਾਸ। ਕਿਉਂਕਿ ਅਸਹਿਮਤੀ ਇਥੇ ਰਾਸ਼ਟਰ ਧਰੋਹ ਹੈ। ਸਰਕਾਰ ਜਾਂ ਸੈਨਾ ਪ੍ਰਮੁੱਖ ਵਿਰੁੱਧ ਬੋਲਣਾ ਰਾਸ਼ਟਰ ਵਿਰੋਧ ਹੈ ਭਾਈ। ਠੰਡਾ ਮਿੱਠਾ, ਦਿਲ ਨੂੰ ਸਕੂਨ ਦੇਣ ਵਾਲਾ ਸ਼ਹਿਣਸ਼ੀਲਤਾ, ਅਮਨ, ਸ਼ਾਂਤੀ ਵਾਲਾ ਦੇਸ਼ ਨਿਰਾ ਖਾਰਾ ਹੋ ਚੁਕਾ ਹੈ ਹੁਣ ਰਤਾ ਭਰ ਵੀ ਮੇਰੀ ਕਲਮ ਦੇ ਵੀ ਬੱਸ ਨਹੀਂ ਕਿ ਮੈਂ ਲੋਕਾਂ ਦੇ ਸੀਨੇ ਨੂੰ ਠਾਰ ਸਕਾਂ ਤਦੇ ਤਾਂ ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਭੱਠੀ ਵਾਂਗਰ ਤੱਪਦੇ, ਮਾਰੂਥਲੀ ਹਵਾਵਾਂ ਸਹਿੰਦੇ ਦੇਸ਼ ਭਾਰਤ ਦੇ ਪਾਣੀ ਖਾਰੇ ਨੂੰ ਕਿਸਰਾਂ ਸ਼ਹਿਦ ਬਣਾਵਾਂ?
ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸ਼ਹਿਰੀ ਪ੍ਰਧਾਨ ਅਤੇ ਪੈਡਾ ਚੇਅਰਮੈਨੀ ਤੋਂ ਅਸਤੀਫਾ ਦੇਣ ਉਪਰੰਤ ਕਾਂਗਰਸ ਦਾ ਹੱਥ ਫੜਕੇ ਛੱਡ ਦੇਣ ਅਤੇ ਫਿਰ ਆਪ ਦਾ ਝਾੜੂ ਚੁੱਕ ਕੇ ਲੋਕ ਸਭਾ ਜ਼ਿਮਨੀ ਚੋਣ ਲੜਨ ਵਾਲੇ ਉਪਕਾਰ ਸੰਧੂ ਨੇ ਉਸ ਵੇਲੇ ਦੁਬਾਰਾ ਅਕਾਲੀ ਅਲਾਪ ਲਗਾ ਦਿਤਾ ਜਦ ਉਹਨਾ ਨੂੰ ਹਾਲ ਹੀ ਵਿਚ ਬਣੇ ਆਮ ਆਦਮੀ ਪੰਜਾਬ ਦੇ ਪ੍ਰਧਾਨ ਐਮ.ਪੀ. ਭਗਵੰਤ ਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ਾਂ ਹੇਠ ਪਾਰਟੀ ਵਿਚੋਂ ਬਰਖਾਸਤ ਕਰਨ ਦਾ ਐਲਾਨ ਕਰ ਦਿਤਾ। ਉਪਕਾਰ ਸੰਧੂ ਨੇ ਸੋਸ਼ਲ ਮੀਡੀਆ ਉਤੇ ਭਗਵੰਤ ਮਾਨ ਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿਤੀ ਸੀ ਕਿ ਭਗਵੰਤ ਮਾਨ ਸਵੇਰ ਤੋਂ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ, ਇਸ ਲਈ ਭਗਵੰਤ ਨੂੰ ਪ੍ਰਧਾਨ ਬਨਾਉਣ ਦਾ ਫੈਸਲਾ ਗਲਤ ਹੈ।
ਇੱਕਲਾ ਉਪਕਾਰ ਸੰਧੂ ਕਿਉਂ, ਇੱਥੇ ਤਾਂ ਪੰਜਾਬ ‘ਚ ਭਾਈ ਗੱਦੀ ਦੀ ਖਾਤਰ ਬਹੁਤਿਆਂ ਪੱਗ ਬਦਲੀ,ਮੇਚ ਨਾ ਆਈ, ਦੂਜੀ ਬਦਲੀ, ਫਿਰ ਵੀ ਮੇਚ ਨਾ ਆਈ ਤਾਂ ਤੀਜੀ ਬਦਲ ਲਈ! ਨੇਤਾਵਾਂ ਲਈ ਇਹ ਗੁਨਾਹ ਨਹੀਂ! ਕੁਰਸੀ ਆ ਨੇਤਾਵਾਂ ਦਾ ਕਿੱਤਾ। ਕਿੱਤੇ ਲਈ ਪੈਸਾ ‘ਤੇ ਰੋਟੀ ਆ ਜ਼ਰੂਰੀ! ਕਿੱਤੇ ਲਈ ਘਰ ਛੱਡਣਾ ਪੈਂਦਾ! ਕਿੱਤੇ ਲਈ ਪਰਿਵਾਰ ਛੱਡਣਾ ਪੈਂਦਾ! ਕਿੱਤੇ ਲਈ ਪਤਾ ਨਹੀਂ ਕਿੰਨੇ ਪਾਪੜ ਵੇਲਣੇ ਪੈਂਦੇ ਆ। ਕਿੱਤੇ ਲਈ ਕੋਈ ਨੌਕਰੀ ਕਰਦਾ, ਕੋਈ ਕਰਦਾ ਆ ਕਾਰੋਬਾਰ! ਕੋਈ ਮਜ਼ਦੂਰੀ ਕਰਦਾ,ਕੋਈ ਖੇਤੀ ਕਰਦਾ, ਕੋਈ ਝੂਠ ਤੂਫਾਨ ਬੋਲ ਲੋਕਾਂ ਦੀਆਂ ਜੇਬਾਂ ਕੁਤਰਦਾ ਜੇਬ ਕਤਰਾ ਬਣਦਾ, ਤੇ ਕੋਈ ਕਿੱਤਾ ਕਰਦਾ ਆ ਚੋਰੀ ਦਾ, ਡਾਕੂਪੁਣੇ ਦਾ! ਅਤੇ ਇਹ ਆਪਣੇ ਪਿਆਰੇ ਨੇਤਾਵਾਂ ਦਾ ਕਿੱਤਾ ਆ,ਦਲ ਬਦਲੀ! ਫਸਲੀ ਬਟੇਰਾ ਬਨਣਾ! ਇਕ ਦੂਜੇ ਨੂੰ ਠਿੱਬੀ ਲਾਕੇ, ਉਹਦਾ ਰੁਜ਼ਗਾਰ ਖੋਹਣਾ ਤੇ ਕੁਰਸੀ ਹਥਿਆਉਣਾ।
ਨੇਤਾਵਾਂ ਦੇ ਇਸ ਕਿੱਤੇ ‘ਚ ਭਾਈ ਵੱਡੇ ਸੌਦਾਗਰ ਰੋਲ ਨਿਭਾਉਂਦੇ ਆ। ਕਿਥੇ ਗੋਟੀ ਫਿੱਟ ਕਰਨੀ ਆ,ਇਹਦਾ ਹਿਸਾਬ ਉਹੀ ਲਗਾਉਂਦੇ ਆ। ਇਹ ਛੋਟੇ ਨੇਤਾ ਤਾਂ ਉਹਨਾ ਦੇ ਹੱਥਾਂ ਦੇ ਖਿਡੌਣੇ ਆ! ਤਕਦੀਰ ਦੇ ਮਾਰੇ! ਕਠਪੁਤਲੀਆਂ! ਜਿਵੇਂ ਉਪਰਲਾ ਨਚਾਵੇ, ਉਵੇਂ ਨੱਚਣ ਵਾਲੇ! ਇਹ ਤਾਂ ਬਸ ਇਕ ਨਾਂ ਨੇ,ਉਧਾਰਾ ਲਿਆ ਨਾਂ, ਜਿਹੜੇ ਸੋਚਦੇ ਆ “ਅਸੀਂ ਖੜੇ ਖੜੋਤੇ ਕੰਬ ਗਏ, ਪਰਛਾਵੇਂ ਬਦਲੇ। ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ”।
ਇਸੇ ਲਈ ਤੇ ਸ਼ਹਿਰ ‘ਚ ਮੇਰਾ ਚਰਚਾ ਏ
ਖ਼ਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਬਾਹਰਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਅਨੁਸਾਰ ਇਸ ਵਰੇ ਵੀ ਲੜਕੀਆਂ ਨੇ ਲੜਕਿਆਂ ਨੂੰ ਪਿਛਾੜ ਦਿੱਤਾ ਹੈ ਅਤੇ ਕਾਮਰਸ, ਆਰਟਸ, ਸਾਇੰਸ ਵਿਸ਼ਿਆਂ ਵਿਚੋਂ ਉਪਰਲੀਆਂ ਪੁਜ਼ੀਸ਼ਨਾ ਲੜਕੀਆਂ ਨੇ ਹਾਸਲ ਕਰ ਲਈਆਂ ਹਨ।
ਮੁੰਡਿਆਂ ਨੂੰ ਪੜ੍ਹਨ ਤੋਂ ਬਿਨ੍ਹਾਂ ਹੋਰ ਕੰਮ ਬਥੇਰੇ ਹਨ। ਜਿਵੇਂ ਮਾਂ ਦਾ ਲਾਡਲਾ ਬਨਣਾ। ਜਿਵੇਂ ਮੋਟਰ ਸਾਈਕਲ ਚਲਾਉਣਾ। ਜਿਵੇਂ ਮੋਬਾਇਲ ਉਤੇ ਲਗਾਤਾਰ ਗੱਪ-ਸ਼ੱਪ ਲੜਾਉਣਾ। ਜਿਵੇਂ ਦੋਸਤਾਂ ਨਾਲ ਸ਼ਾਮਾਂ ਨੂੰ ਬਜ਼ਾਰ ਘੁੰਮਣ ਜਾਣਾ। ਜਿਵੇਂ ਲੋੜ ਪੈਣ ‘ਤੇ ਲੋਕਾਂ ਨਾਲ ਪੰਗੇ ਲੈਣਾ। ਜਿਵੇਂ ਜਦੋਂ ਲੋੜ ਹੋਵੇ ਰਤਾ ਕੁ ਲੋਰ ‘ਚ ਆਉਣਾ। ਜਿਵੇਂ ਹੱਥੀ ਕੰਮ ਨਾ ਕਰਕੇ ਮਾਂ ਨੂੰ ਆਹਰੇ ਲਾਈ ਰੱਖਣਾ ਅਤੇ ਭੈਣਾਂ ਨੂੰ ਹੁਕਮ ਸੁਣਾਕੇ ਆਪ ਟੀ.ਵੀ. ਮੂਹਰੇ ਬੈਠ ਭੋਜਨ ਛਕਣਾ, ਅਤੇ ਉਹ ਵੀ ਚੰਗਾ-ਚੋਖਾ! ਇਹੋ ਜਿਹੀ ਹਾਲਤ ਵਿੱਚ ਭਲਾ ਪੜ੍ਹਨ ਨੂੰ ਵਿਹਲ ਕਿਥੇ ਮਿਲਦੀ ਆ ਮੁੰਡਿਆ ਨੂੰ, ਤਦੇ ਭਾਈ ਉਹਨਾ ਪੜ੍ਹਨ,ਲਿਖਣ, ਚੰਗਾ ਬੋਲਣ, ਕਿਸੇ ਸਿਆਣੇ-ਬਿਆਣੇ ਦੀ ਇੱਜਤ ਕਰਨ ਤੋਂ ਦਰੇਗ ਕਰਨਾ ਸ਼ੁਰੂ ਕੀਤਾ ਹੋਇਆ। ਲੋੜ ਵੀ ਕੀ ਆ, ਸਭੋ ਕੁਝ ਤਾਂ ਉਹਨਾ ਨੂੰ ਹਾਜ਼ਰ ਮਿਲਦਾ! ਪਾਣੀ? ਹਾਜ਼ਰ! ਰੋਟੀ?ਹਾਜ਼ਰ! ਪੈਸੇ? ਹਾਜ਼ਰ! ਦਾਜ ਦਹੇਜ? ਹਾਜ਼ਰ! ਨੌਕਰੀ? ਨਾ ਜੀ ਨਾ ਅਸਾਂ ਨਹੀਂ ਕਰਨੀ! ਅਸਾਂ ਤਾਂ ਵਿਦੇਸ਼ ਜਾਣਾ ਆ। ਉਹਦੇ ਲਈ ਵੀ ਆਇਲਿਟਸ ਆਪ ਨਹੀਂ ਕਰਨੀ! ਛੇ ਜਾਂ ਸੱਤ ਬੈਂਡ ਪਾਸ ਕੁੜੀ ਦਾ ਖਰਚਾ ਵਿਦੇਸ਼ ਜਾਣ ਲਈ ਬਾਪੂ ਤੋਂ ਕਰਵਾ ਲੈਣਾ, ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਭਲਾ ਕੀ ਲੋੜ?
ਦੂਜੇ ਪਾਸੇ, ਕੁੜੀਆਂ ਦੀ ਭਰੂਣ ਹੱਤਿਆ, ਤਾਂ ਮਾਪਿਆਂ ਦਾ ਪਹਿਲਾ ਅਧਿਕਾਰ ਆ, ਤਦੇ 10 ਪਿਛੇ ਮਸਾਂ 8 ਕੁੜੀਆਂ ਜੰਮਣ ਦਿਤੀਆਂ ਜਾਂਦੀਆਂ! ਉਹ ਕਹਿੰਦੇ ਆ, ਕੁੜੀਆਂ ਪੜ੍ਹਾਉਣ ਲਿਖਾਉਣ ਦਾ ਕੀ ਫਾਇਦਾ, ਇਹ ਤਾਂ ਬੇਗਾਨਾ ਧੰਨ ਆ। ਬਹੁਤਾ ਉਹਨਾ ਦੀ ਪਰਵਿਰਸ਼ ਦਾ ਕੀ ਫਾਇਦਾ, ਇਹ ਤਾਂ ਚਿੜੀਆਂ ਦਾ ਚੰਬਾ ਆ! ਪਰ ਇਹ ਕੁੜੀਆਂ ਵੀ ਜਿੱਦੀ ਆ। ਦੁਨੀਆਂ ਉਤੇ ਰੋਕਿਆਂ ਵੀ ਆਉਣੋਂ ਨਹੀਂ ਹਟਦੀਆਂ। ਜਿਸ ਕੰਮ ਨੂੰ ਫੜਦੀਆਂ ਪੂਰਾ ਕੀਤੇ ਬਿਨ੍ਹਾਂ ਸਾਹ ਨਹੀਂ ਲੈਂਦੀਆਂ। ਔਖੇ ਕੰਮ ਕਰਦੀਆਂ,ਅਫਸਰ ਬਣਦੀਆਂ, ਤੇ ਭਾਰੇ ਭਾਰੇ ਕੰਮ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦੀਆਂ। ਤਦੇ ਉਹਨਾ ਬਾਰੇ ਕਵੀ ਲਿਖਦਾ ਆ, ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ, ਇਸੇ ਲਈ ‘ਤੇ ਸ਼ਹਿਰ ‘ਚ ਮੇਰਾ ਚਰਚਾ ਹੈ।
ਰੋਏ ਤੁਸੀਂ ਵੀ ਓ! ਰੋਏ ਅਸੀਂ ਵੀ ਆਂ
ਖ਼ਬਰ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਕੰਟਰੋਲ ਰੇਖਾ ਤੇ ਜੰਗਬੰਦੀ ਦੀ ਉਲੰਘਣਾ ਨਾਲ ਸਰਹੱਦ ਉਤੇ ਤਣਾਅ ਵਧਦਾ ਜਾ ਰਿਹਾ ਹੈ। ਪਾਕਿ ਫੌਜ ਗੋਲਬਾਰੀ ਕਰ ਰਹੀ ਹੈ, ਭਾਰਤ ਮੂੰਹ ਤੋੜ ਜਵਾਬ ਦੇ ਰਿਹਾ ਹੈ। ਪ੍ਰਸਾਸ਼ਨ ਨੇ 51 ਸਕੂਲ ਬੰਦ ਕਰਵਾ ਦਿੱਤੇ ਹਨ। ਪਾਕਿ ਗੋਲਬਾਰ ਨਾਲ 20ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਫੌਜ ਦੇ ਪੰਜ ਜਵਾਨਾਂ ਤੇ ਚਾਰ ਹੋਰ ਲੋਕਾਂ ਸਮੇਤ ਨੌਂ ਜ਼ਖਮੀ ਹੋਏ ਹਨ। ਉਧਰ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਹੋਏਗਾ। ਇਕ ਭੈੜੀ ਕਾਰਵਾਈ ਕਰਦਿਆਂ ਦੋ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਕੇ ਸ਼ਰੀਰ ਭਾਰਤੀ ਇਲਾਕੇ ‘ਚ ਸੁੱਟ ਦਿਤੇ ਗਏ ਸਨ ਅਤੇ ਸਿੱਟੇ ਵਜੋਂ ਭਾਰਤੀ ਫੌਜ ਨੇ ਘੱਟੋ ਘੱਟ ਸੱਤ ਪਾਕਿਸਤਾਨੀ ਫੌਜੀ ਮਾਰੇ ਸਨ ਅਤੇ ਉਹਨਾ ਦੀਆਂ ਸਰਹੱਦੋਂ ਪਾਰ ਚੌਂਕੀਆਂ ਤਬਾਹ ਕੀਤੀਆਂ ਸਨ।
ਮੌਤ ਦਾ ਦਰਵਾਜਾ ਖੜਕਾਉਣੋਂ ਮਨੁੱਖ ਪਤਾ ਨਹੀਂ ਕਿਉਂ ਨਹੀਂ ਡਰਦਾ? ਇਧਰ ਭਾਰਤ-ਪਾਕਿ ਸਰਹੱਦ ‘ਤੇ ਖੜਕਦੀ ਆ, ਉਧਰ ਅਮਰੀਕਾ, ਰੂਸ, ਉਤਰੀ-ਦੱਖਣੀ ਕੋਰੀਆ ‘ਚ ਪੰਗੇ ਲੈਣੋਂ ਨਹੀਂ ਹੱਟਦੇ! ਅਫਗਾਨਿਸਤਾਨ ਲੜਾਈ ਦਾ ਮੈਦਾਨ ਬਣਿਆ ਰਹਿੰਦਾ! ਇਰਾਨ-ਇਰਾਕ ਚੁੱਪ ਕਰਕੇ ਨਹੀਂ ਬਹਿਣ ਦਿਤੇ ਜਾਂਦੇ! ਕਦੇ ਇਹ ਦੇਸ਼ ਦੇ ਹਾਕਮ ਰਤਾ ਕੁ ਸੁਲਾਹ-ਸਫਾਈ ਦੀ ਗੱਲ ਕਰਦੇ ਆ,ਹਥਿਆਰ ਵੇਚਣ ਵਾਲੇ ਠੂੰਹ-ਠਾਹ ਕਰਨ ਲੱਗ ਪੈਂਦੇ ਆ। ਛਰੇ ਚਲਾਉਂਦੇ ਆ। ਛਰਿਆ ਵਰਗੇ ਬੋਲ ਬੋਲਣ ਲਗਦੇ ਆ ਤੇ ਫਿਰ ਤੋਪਾਂ ਅੱਗ ਉਗਲਦੀਆਂ ਆਂ। ਲੋਕ ਮਰਦੇ ਆ। ਲੋਕ ਜ਼ਖਮੀ ਹੁੰਦੇ ਆ। ਇਹ ਲੜਾਈਆਂ, ਇਹ ਝਗੜੇ, ਇਹ ਜ਼ੋਰ ਅਜ਼ਮਾਈਆਂ,ਅਸਲ ‘ਚ “ਠਾਣੇਦਾਰ” ਬਨਣ ਦੀ ਲਾਲਸਾ ਦਾ ਹਿੱਸਾ ਆ, ਜੋ ਦੂਜਿਆਂ ਨੂੰ ਜੀਊਣ ਨਹੀਂ ਦਿੰਦੀਆਂ ਭਾਈ!
ਆਹ ਰੂਸੀ ਪੁਤਿਨ ਖੜਾ! ਔਹ ਅਮਰੀਕੀ ਟਰੰਪ ਖੜਾ। ਅਤੇ ਵਿਚਕਾਰ ਖੜੇ ਆ ਵਿਚਾਰੇ ਮੋਦੀ! ਨਵਾਜ਼ ਸ਼ਰੀਫ!! ਅਤੇ ਹੋਰ ਪਤਾ ਨਹੀਂ ਕਿੰਨੇ ਕੁ ਸ਼ਰੀਫਾਂ ਵਰਗੇ ਕਠ ਪੁਤਲੀ ਨੇਤਾ। ਤੇ ਪਿੱਸ ਰਹੇ ਆ ਇਧਰ ਸੁਨੀਲ ਰਾਮ, ਮੀਹਾਂ ਸਿੰਘ ਉਧਰ ਅਸਲਮ ਰਹੀਮ! ਕਿਸੇ ਦਾ ਪਿਉ ਮਰਦਾ, ਕਿਸੇ ਦਾ ਭਰਾ,ਪਰ ਪੁਤਿਨ ਨੂੰ ਕੀ? ਟਰੰਪ ਨੂੰ ਕੀ? ਮੋਦੀ ਸ਼ਰਧਾਜ਼ਲੀ ਦੇ ਦਏਗਾ! ਸ਼ਰੀਫ ਅਪਣਿਆਂ ਨੂੰ ਪੁਚਕਾਰ ਦਏਗਾ! ਤੇ ਵਿਚਾਰੇ ਲੋਕ ਲਹੂ ਦੇ ਅਥਰੂ ਰੋਂਦੇ ਇਕ ਦੂਜੇ ਵੱਲ ਬੇਵਸੀ ਨਾਲ ਦੇਖਦੇ, ਬੱਸ ਇਹੋ ਆਖੀ ਜਾਣਗੇ, “ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ! ਰੋਏ ਅਸੀਂ ਵੀ ਆਂ (ਉਸਤਾਦ ਦਾਮਨ)
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਵਰਲਡ ਪ੍ਰੈਸ ਫਰੀਡਮ ਇੰਡੈਕਸ ਵਿਚ ਪ੍ਰੈਸ ਦੀ ਅਜ਼ਾਦੀ ਦੇ ਮਾਮਲੇ ‘ਚ 180 ਦੇਸ਼ਾਂ ਵਿਚੋਂ ਭਾਰਤ131ਵੇਂ ਸਥਾਨ ਤੋਂ ਖਿਸਕਕੇ 140 ਸਥਾਨ ਉਤੇ ਪੁੱਜ ਗਿਆ ਹੈ। ਜਦਕਿ ਧਾਰਮਿਕ ਅਸਹਿਸ਼ੀਲਤਾ ਦੇ ਮਾਮਲੇ ‘ਚ 198 ਦੇਸ਼ਾਂ ਦੀ ਰੈਂਕਿੰਗ ਵਿੱਚ ਭਾਰਤ ਥੱਲਿਓ ਚੌਥੇ ਨੰਬਰ ‘ਤੇ ਹੈ।
ਇੱਕ ਵਿਚਾਰ
ਰਾਜਨੀਤੀ ਯੁੱਧ ਤੋਂ ਜ਼ਿਆਦਾ ਖ਼ਤਰਨਾਕ ਹੈ। ਯੁੱਧ ਕੇਵਲ ਇੱਕ ਵਾਰ ਮਾਰ ਸਕਦਾ ਹੈ, ਲੇਕਿਨ ਰਾਜਨੀਤੀ ਕਈ ਵੇਰ ਮਾਰਦੀ ਹੈ... ਵਿਸਟਨ ਚਰਚਿਲ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.