ਸੌ ਮਰਜ਼ਾਂ ਦੀ ਇੱਕੋ ਦਵਾ ਹੈ ....ਬਾਈ ਬਿਰਲਾ.... ਪੇਸ਼ਕਸ਼ : ਗੁਰਪ੍ਰੀਤ ਸਰਾਂ
ਪਿੰਡ ਕੋਟ ਕਰੋੜ ਖ਼ੁਰਦ ਦੀ ਸੁਹਿਰਦ ਸ਼ਖ਼ਸੀਅਤ ਬਾਈ ਰੂਪ ਸਿੰਘ ਬਿਰਲਾ ਬਾਰੇ ਲਿਖਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ...ਆਰਮੀ ਤੋਂ ਸੇਵਾਮੁਕਤ ਹੋਕੇ ਬਾਈ ਬਿਰਲੇ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਬਤੌਰ ਸੇਵਾਦਾਰ ਦੀ ਨੌਕਰੀ ਕੀਤੀ . .. ਸਰਕਾਰੀ ਮਿਡਲ ਸਕੂਲ ਕੋਟ ਕਰੋੜ ਖ਼ੁਰਦ(ਜ਼ਿਲ੍ਹਾ ਫ਼ਿਰੋਜ਼ਪੁਰ) ਵਿਚੋਂ ਕਰੀਬ 15 ਸਾਲ ਪਹਿਲਾਂ ਸੇਵਾਦਾਰ ਵਜੋਂ ਸੇਵਾਮੁਕਤ ਹੋਏ ਸਾਬਕਾ ਫ਼ੌਜੀ ਬਾਈ ਬਿਰਲਾ ਸਾਰੇ ਪਿੰਡ ਦਾ ਹਰਮਨ-ਪਿਆਰਾ ਹੈ ..... .... ਹੋਵੇ ਵੀ ਕਿਉਂ ਨਾ ਜਦ ਵੀ ਕਿਸੇ ਨੂੰ ਪੈਸੇ-ਧੇਲੇ ਦੀ ਤੰਗੀ ਮਹਿਸੂਸ ਹੁੰਦੀ ਹੈ ਤਾਂ ਉਹ ਸਿੱਧਾ ਬਾਈ ਦਾ ਦਰ ਹੀ ਖੜਕਾਉਂਦਾ ਤੇ ਅਜਿਹਾ ਕਦੇ ਹੋਇਆ ਨਹੀਂ ਕਿ ਉਹ ਬਾਈ ਕੋਲੋਂ ਖ਼ਾਲੀ ਮੁੜਿਆ ਹੋਵੇ .. ਇਸੇ ਸੁਭਾਅ ਕਰ ਕੇ ਭਾਰਤ ਦੀ ਧਨਵਾਨ ਫ਼ਰਮ ਬਿਰਲੇ ਦੇ ਨਾਂ 'ਤੇ ਬਾਈ ਨੂੰ ਸਾਰੇ ਪਿੰਡ ਦੇ ਲੋਕ ਬਿਰਲਾ ਕਹਿਣ ਲੱਗ ਪਏ ਤੇ ਅੱਜ ਸ਼ਾਇਦ ਕਿਸੇ ਨੂੰ ਹੀ ਬਾਈ ਦੇ ਅਸਲ ਨਾਂ ਰੂਪ ਸਿੰਘ ਬਾਰੇ ਪਤਾ ਹੋਵੇ ... ਉਹ ਵੀ ਆਪਣੇ ਸਕੂਲ ਦਾ ਹਰਬਲ ਪਾਰਕ ਬਾਈ ਰੂਪ ਸਿੰਘ ਬਿਰਲਾ ਦੇ ਨਾਂ 'ਤੇ ਹੋਣ ਕਰ ਕੇ ਆਉਂਦਾ ਜਾਂਦਾ ਪੜ੍ਹ ਲੈਂਦਾ ਹੈ ਤੇ ਪਤਾ ਲੱਗ ਜਾਂਦੈ ਬਈ ਬਾਈ ਬਿਰਲੇ ਦਾ ਨਾਂ ਰੂਪ ਸਿੰਘ ਹੈ .... ਸਕੂਲ ਦੇ ਹਰਬਲ ਪਾਰਕ ਲਈ ਸਾਰੀ ਵਿੱਤੀ ਮਦਦ ਬਾਈ ਨੇ ਹੀ ਦਿੱਤੀ ਸੀ ਸੋ ਪਾਰਕ ਦਾ ਨਾਂ ਵੀ ਬਾਈ ਬਿਰਲੇ ਦੇ ਨਾਂ 'ਤੇ ਹੀ ਰੱਖ ਦਿੱਤਾ ਗਿਆ....ਬਾਈ ਰੂਪ ਸਿੰਘ ਦੁਆਰਾ ਬਣਵਾਏ ਹਰਬਲ ਪਾਰਕ ਵਿਚ ਅੱਜ 30 ਦੇ ਕਰੀਬ ਅਦਭੁਤ ਜੜੀ-ਬੂਟੀਆਂ ਵਾਲੇ ਪੌਦੇ ਲੱਗੇ ਹੋਏ ਨੇ..... ਵੈਸੇ ਤਾਂ ਬਾਈ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ ਪਰ ਜੋ ਬਾਈ ਦਾ ਸਭ ਤੋਂ ਵਿਲੱਖਣ ਤੇ ਮੇਰੇ ਦਿਲ ਨੂੰ ਟੁੰਬਦਾ ਕੰਮ ਹੈ ਉਹ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹੈਂ ......
ਅੱਜ ਤੋਂ ਕਰੀਬ 20 ਸਾਲ ਪਹਿਲਾਂ ਤਲਵੰਡੀ ਚੌਕ ਵਿਚ ਲੱਗੇ ਬਾਬੇ ਬੋਹੜ ਦੇ ਰੁੱਖ ਤੋਂ ਬਾਈ ਨੇ ਇੱਕ ਟਾਹਣੀ(ਕਲਮ) ਕੱਟ ਕੇ ਸਕੂਲ ਵਿਚ ਗੱਡ ਦਿੱਤੀ ਸੀ....ਫਿਰ ਟੋਆ ਬਣਾ ਕੇ ਉਸ ਵਿਚ ਰੋੜੇ ਭਰ ਦਿੱਤੇ ਸਨ ਕਿਉਂ ਕਿ ਇੱਟ ਰੋੜਿਆਂ ਵਿਚ ਬੋਹੜ ਦਾ ਵਿਕਾਸ ਛੇਤੀ ਹੋ ਜਾਂਦੈ .. ਪਾਣੀ ਦੇ ਨਾਲ-ਨਾਲ ਬਾਈ ਕਲਮ ਨੂੰ ਲੱਸੀ ਵੀ ਪਾਉਂਦਾ ਰਹਿੰਦਾ ਸੀ......ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੂਤ ਪ੍ਰਜਾਤੀ((mulberry family) ) ਦੇ ਸਾਰੇ ਰੁੱਖ ਕਲਮ ਲਾਕੇ ਚੱਲ ਪੈਂਦੇ ਨੇ ਤੇ ਜੇ ਬਾਈ ਤਰਾਂ ਸੇਵਾ ਹੋ ਜਾਵੇ ਤਾਂ ਵਾਧਾ ਜਲਦੀ ਹੋ ਜਾਂਦਾ ਹੈ ... ਅੱਜ ਬਾਈ ਰੂਪ ਦੁਆਰਾ 20 ਸਾਲ ਪਹਿਲਾਂ ਲਾਈ ਕਲਮ ਸਕੂਲ ਵਿਚ ਇੱਕ ਵੱਡੇ ਬਾਬੇ ਬੋਹੜ ਦਾ ਰੂਪ ਧਾਰ ਚੁੱਕੀ ਹੈ ਅਤੇ ਬੋਹੜ ਦੇ ਨਾਲ ਹੀ ਕਤਾਰ ਵਿਚ ਤੂਤ,ਸੁਖਚੈਨ,ਪਿੱਪਲ,ਜਾਮਣ,ਫਰਵਾਂਹ,ਸ਼ਰੀਂਹ,ਲਸੂੜੀ,ਅਤੇ ਧਰੇਕ ਹੋਣ ਕਰ ਕੇ ਇਹ ਆਪਣੇ ਸਕੂਲ ਦੀ ਸਭ ਵੱਧ ਛਾਂ ਵਾਲੀ ਥਾਂ ਹੈ ਜਿੱਥੇ ਅੱਤ ਦੀ ਗਰਮੀ ਵਿਚ ਵੀ ਗਰਮੀ ਮਹਿਸੂਸ ਨਹੀਂ ਹੁੰਦੀ.....
ਖ਼ੈਰ ਇਹ ਤਾਂ ਗੱਲ ਹੋ ਗਈ ਬਾਈ ਦੁਆਰਾ ਲਾਏ ਬੋਹੜ ਦੀ..ਹੁਣ ਗੱਲ ਅੱਗੇ ਕਰਦੇ ਹਾਂ ਉਸ ਬੋਹੜ ਦੀ ਜਿਸਤੋਂ ਬਾਈ ਨੇ ਕਲਮ ਲਿਆਂਦੀ ਸੀ ਜੋ ਤਲਵੰਡੀ ਚੌਕ ਵਿਚ ਅੱਜ ਤੋਂ ਤਿੰਨ ਕ ਸਾਲ ਪਹਿਲਾਂ NH-15 (National Highway-15)
ਦੇ ਨਿਰਮਾਣ ਕਰ ਕੇ ਪੁੱਟ ਦਿੱਤਾ ਗਿਆ ... ਚੌਕ ਵਿਚ ਬੱਸਾਂ ਨੂੰ ਉਡੀਕਦੀਆਂ ਸਵਾਰੀਆਂ ਲਈ ਉਹ ਇੱਕ ਵੱਡਾ ਆਸਰਾ ਸੀ..ਕਈ ਛੋਟੇ ਮੋਟੇ ਖੋਖੇ ਵੀ ਉਸ ਥੱਲੇ ਬਣੇ ਸਨ ਜਿੱਥੇ ਕਈ ਕਿਰਤੀਆਂ ਨੇ ਆਪਣਾ ਕੰਮ ਤੋਰਿਆ ਹੋਇਆ ਸੀ.....ਅੱਜ-ਕੱਲ੍ਹ ਵਰਦੀ ਸੀਹੇ ਵਰਗੀ ਧੁੱਪ ਵਿਚ ਚੌਂਕ ਵਿਚ ਖੜੇ ਲੋਕਾਂ ਦਾ ਬੁਰਾ ਹਾਲ ਹੁੰਦਾ ਹੈ..... ਅਜਿਹੇ ਮਾਰੂਥਲੀ ਮਾਹੌਲ ਨੂੰ ਵੇਖ ਕੇ ਹੀ ਬੋਹੜ ਵਰਗੇ ਰੁੱਖਾਂ ਅਤੇ ਬਾਈ ਵਰਗੇ ਬੰਦਿਆਂ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ .. ਭਾਵੇਂ ਸੈਂਕੜੇ ਸਾਲ ਮਨੁੱਖ ਦੀ ਸੇਵਾ ਕਰਨ ਵਾਲਾ ਬਾਬਾ ਬੋਹੜ ਮਨੁੱਖ ਦੁਆਰਾ ਦਿੱਤੀ ਬਲੀ ਕਰ ਕੇ ਸਾਡੇ ਦਰਮਿਆਨ ਨਹੀਂ ਹੈ ਫਿਰ ਵੀ ਬਾਈ ਦੁਆਰਾ ਲਾਈ ਕਲਮ ਕਰ ਕੇ ਉਸ ਦਾ ਪੁੱਤ ਰੂਪੀ ਬੋਹੜ ਸਕੂਲ ਦੇ ਬੱਚਿਆਂ,ਕਈ ਕਿਸਮ ਦੇ ਪਰਿੰਦਿਆਂ ਅਤੇ ਸਾਡੇ ਵਾਤਾਵਰਨ ਦੀ ਸੇਵਾ ਕਰ ਰਿਹਾ ਹੈ...ਸੋ ਦੋਸਤੋ ਆਪਾਂ ਵੀ ਬਾਈ ਬਿਰਲੇ ਤਰਾਂ ਬੋਹੜਾਂ,ਤੂਤਾਂ,ਪਿਲਕਣਾਂ ਆਦਿ ਦੀਆਂ ਕਲਮਾਂ ਸਾਂਝੀਆਂ ਥਾਵਾਂ 'ਤੇ ਲਾਕੇ ਇਸ ਧਰਤੀ ਨੂੰ ਛਾਵਾਂ ਵੰਡੀਏ..
-
ਗੁਰਪ੍ਰੀਤ ਸਰਾਂ , ਗੁਰਪ੍ਰੀਤ ਸਰਾਂ ,ਐੱਸ ਐੱਸ ਮਾਸਟਰ ,ਸਰਕਾਰੀ ਮਿਡਲ ਸਕੂਲ ,ਕੋਟ ਕਰੋੜ ਖੁਰਦ,ਫਿਰੋਜ਼ਪੁਰ, ਲੇਖਕ
sranms2@gmail.com
11111111111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.