ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ ‘ਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਮੈਂ ਕਹਿਣਾ ਹਾਂ ਕਿ ਕਲਾ ਭਵਿੱਖ ਨੂੰ ਇਤਿਹਾਸ ਦੀਆਂ ਸੰਕੀਰਨਤਾਵਾਂ ਤੋਂ ਮੁਕਤ ਕਰਨ ‘ਚ ਅਹਿਮ ਰੋਲ ਅਦਾ ਕਰਦੀ ਹੈ। ਕਈ ਵਾਰ ਜਿਹੜੇ ਜਵਾਬ ਸਿਆਸਤ ਕੋਲ ਨਹੀਂ ਹੁੰਦੇ, ਉਹ ਕਲਾ ਲੱਭਦੀ ਹੈ। ਫ਼ਿਲਮ ‘ਲਾਹੌਰੀਏ’ ਭਵਿੱਖ ਨੂੰ ਇਤਿਹਾਸ ਨਾਲ ਜੋੜਣ ਤੇ ਧਾਰਨਾਵਾਂ ਤੋਂ ਮੁਕਤ ਕਰਨ ਵਾਲਾ ਅਰਥ ਭਰਪੂਰ ਸਿਨੇਮਾ (Meaningful Cinema) ਹੈ। ਫਿਲਮ ਦੇ ਟੋਪੀ ਤੇ ਪੱਗ ਦੀ ਸਾਂਝ ਜਿਹੇ ਕਿੰਨੇ ਹੀ ਦ੍ਰਿਸ਼ ਗੁਰਬਾਣੀ ਦੇ ਵਾਕ ‘ਅਨਹੱਦ ਬਾਜਾ ਬੱਜੇ’ ਵਾਂਗ ਦਰਸ਼ਕ ਦੇ ਅਚੇਤ ਨੂੰ ਹੱਦਾਂ-ਸਰਹੱਦਾਂ ਤੋਂ ਮੁਕਤ ਕਰਕੇ ‘ਅਨਹੱਦ’ ਕਰ ਦਿੰਦੇ ਹਨ। ਫ਼ਿਲਮ ਇਤਿਹਾਸ ਦੇ ਹੇਰਵੇ ਨਾਲ ਵਰਤਮਾਨ ਫੜਦੀ ਹੈ। ਜਿਵੇਂ ਮੁੱਖ ਕਿਰਦਾਰ ਕਿੱਕਰ ਸਿੰਘ ਦਾ ਸੰਵਾਦ “ਦੋਵੇਂ ਪੰਜਾਬ ਕਦੇ ਇੱਕ ਹੁੰਦੇ ਵੀ ਨੇ ਤੇ ਕਦੇ ਨਹੀਂ ਹੁੰਦੇ। ਸਮਝੌਤਾ ਐਕਸਪ੍ਰੈਸ ਕਦੇ ਚੱਲਦੀ ਹੈ ਤੇ ਕਦੇ ਬੰਦ ਹੋ ਜਾਂਦੀ ਹੈ।
ਯੁੱਧ ਦੇ ਦੌਰ ਦੀ ਸ਼ਾਂਤੀ ਦੀ ਗੱਲ ਜ਼ਰੂਰੀ ਹੁੰਦੀ ਹੈ। ਅੱਜ ਭਾਰਤ ਤੇ ਪਾਕਿਸਤਾਨ ‘ਚ ‘ਅੰਨ੍ਹੇ ਰਾਸ਼ਟਰਵਾਦ’ ਦੇ ਨਾਂ ‘ਤੇ ਫਿਰਕਾਪ੍ਰਸਤੀ ਸਿਖ਼ਰ ਛੋਹ ਰਹੀ ਹੈ ਪਰ ‘ਲਾਹੌਰੀਏ’ ਦਰਸ਼ਕ ਨੂੰ ਰਾਸ਼ਟਰਵਾਦ ਦੇ ਕਲਾਵੇ ‘ਚੋਂ ਕੱਢ ਕੇ ਦੋਵੇਂ ਪੰਜਾਬਾਂ ਦੀ ਤ੍ਰਾਸਦੀ ਤੇ ਖੂਬਸੂਰਤੀ ਨਾਲ ਜੋੜ ਦਿੰਦੀ ਹੈ। 1947 ਤੋਂ ਬਾਅਦ ਤੀਜੀ ਪੀੜ੍ਹੀ ਜਵਾਨ ਹੋ ਚੁੱਕੀ ਹੈ। ਇਹ ਇਤਿਹਾਸ ਤੋਂ ਦੂਰ ਖੜ੍ਹੀ ਵੱਸਟਐਪ, ਫੇਸਬੁੱਕ, ਟਵੀਟਰ ਦੀ ਪੀੜ੍ਹੀ ਹੈ। ਇਹ ਗੰਭੀਰ ਮਸਲਿਆਂ ਨਾਲ ਆਪਣੇ ਆਪ ਨੂੰ ਅਡੈਂਟੀਫਾਈ ਤੇ ਰਿਲੇਟ ਨਹੀਂ ਕਰਦੀ। ਅਜਿਹੇ ‘ਚ ਫ਼ਿਲਮਸਾਜ਼ ਲਈ ਸਭ ਕੁਝ ਕਹਿਣਾ ਇੱਕ ਵੰਗਾਰ ਜਿਹਾ ਹੈ ਪਰ ਅੰਬਰਦੀਪ ਨੇ ਪਿਆਰ ਤੇ ਕਾਮੇਡੀ ਦਾ ਅਜਿਹਾ ਕੌਕਟੇਲ ਤਿਆਰ ਕੀਤਾ ਕਿ ਹਰ ਪੀੜ੍ਹੀ ਦਾ ਦਰਸ਼ਕ ਫ਼ਿਲਮ ਦੀ ਉਂਗਲ ਫੜ੍ਹ ਕੇ ਅੰਤ ਤੱਕ ਨਾਲ ਤੁਰਿਆ ਜਾਂਦਾ ਹੈ। ਅੰਬਰਦੀਪ ਚਮਕੀਲੇ ਦੇ ਗਾਣੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਇਸ ਤਰ੍ਹਾਂ ਪੇਸ਼ ਕਰਦੈ ਜਿਵੇਂ ਅਸੀਂ ਪਹਿਲੀ ਵਾਰ ਸੁਣਿਆ ਹੋਵੇ।
ਇੱਕ ਵਿਦਾਵਨ ਕਹਿੰਦੈ “ਦੁਨੀਆ ‘ਚ ਸਭ ਕੁਝ ਕਿਹਾ ਜਾ ਚੁੱਕਿਐ। ਦੁਬਾਰਾ ਕਹਿਣ ਦਾ ਮਤਲਬ ਮੁੜ ਦਹੁਰਾਉਣਾ ਹੈ। ਮੈਨੂੰ ਲੱਗਦੈ ਕਿ ਨਫ਼ਰਤ ਖ਼ਿਲਾਫ ਪਿਆਰ ਨੂੰ ਵਾਰ-ਵਾਰ ਦਹਰਾਉਣਾ ਜ਼ਰੂਰੀ ਹੈ। ਜਿਹੜੀ ਗੱਲ ਸਾਨੂੰ ਖੂਬਸੂਰਤ ਦੁਨੀਆ ਵੱਲ ਲਿਜਾਂਦੀ ਹੋਵੇ, ਉਹ ਵਾਰ-ਵਾਰ ਕਹਿਣੀ ਚਾਹੀਦੀ ਹੈ। ਪਿਆਰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਇਜ਼ਹਾਰ ਹੈ ਤੇ ਮਨੁੱਖੀ ਇਤਿਹਾਸ ‘ਚ ਪਿਆਰ ਹੀ ਜ਼ਿੰਦਗੀ ਦਾ ਧੁਰਾ ਰਿਹਾ ਹੈ। ਦੁਨੀਆ ਦਾ ਹਰ ਸੰਵਾਦ ਪਿਆਰ ਜ਼ਰੀਏ ਹੀ ਆਪਣੇ ਆਪ ਤੋਂ ਮੁਕਤ ਹੋ ਸਕਦਾ ਹੈ। ਪਿਆਰ ‘ਚ ਹੀ ਅਮੀਰਾ ਗੁਰਮੁਖੀ ਸਿੱਖਦੀ ਹੈ। ਪਿਆਰ ਮਾਂ ਬੋਲੀ ਦੀ ਲਿੱਪੀ ਸ਼ਾਹਮੁਖੀ ਤੇ ਗੁਰਮੁਖੀ ਵਾਂਗ ਸੱਜਿਓਂ ਖੱਬੇ ਹੋ ਜਾਂਦਾ ਤੇ ਖੱਬਿਓਂ ਸੱਜੇ। ਪਿਆਰ ‘ਚ ਰੰਗਿਆ ਕਿੱਕਰ ਸਿੰਘ ਅਮੀਰਾ ਨੂੰ ਕਹਿੰਦੈ “ਤੈਨੂੰ 1947 ਦੇ ਵਾਕੇ ‘ਤੇ ਕਦੇ ਗੁੱਸਾ ਆਇਆ”। ਇਹ ਇਸ਼ਕ ਦੀ ਤਾਕਤ ਤੇ ਇਸ਼ਕ ਦੀ ਐਨਰਜੀ ਹੈ ਕਿ ਕਿੱਕਰ ਸਿੰਘ ਲਈ ਸਾਰੀਆਂ ਹੱਦਾਂ ਤੇ ਸਰਹੱਦਾਂ ਅਨਹੱਦ ਹੋ ਜਾਂਦੀਆਂ ਹਨ।
ਫ਼ਿਲਮ ‘ਚ ਮਿੱਟੀ ਦਾ ਜ਼ਿਕਰ ਇੱਕ ਮੈਟਾਫਰ (Metaphor) ਹੈ। ਕਿੱਕਰ ਸਿੰਘ ਤੇ ਅਮੀਰਾ ਦੇ ਦਾਦਾ ਜੀ ਲਈ ਮਿੱਟੀ ਤੇ ਹਵੇਲੀ ਜ਼ਰੀਏ ਪੂਰੀ ਤ੍ਰਾਸਦੀ ਦਾ ਵਿਖਿਆਨ ਕਰਦੇ ਹਨ। ਮਿੱਟੀ ਬੰਦੇ ਦੇ ਹੋਣ ਦੀ ਗਵਾਹੀ ਹੈ। ਅਮੀਰਾ ਦਾ ਦਾਦਾ ਕਹਿੰਦੈ ‘ਢਾਹੁਣਾ ਸੌਖਾ, ਬਣਾਉਣਾ ਔਖਾ’। ਟੁੱਟਣਾ ਨਹੀਂ ਜੁੜਣੈ ਅਸੀਂ ਟੁੱਟ ਕੇ ਦੇਖਿਐ’। ਫ਼ਿਲਮ ਦੇ ਇਹੀ ਦੋ ਕਿਰਦਾਰ ਦਰਸ਼ਕ ਨੂੰ ਸਭ ਤੋਂ ਵੱਧ ਭਾਵੁਕ ਕਰਦੇ ਹਨ। ਮੇਰੇ ਯਾਦ ਹੈ ਜਦੋਂ ਮੈਂ ਵੰਡ ਬਾਰੇ ਦਿੱਲੀ ‘ਚ ਅਜੈ ਭਾਰਦਵਾਜ ਦੀ ਦਸਤਾਵੇਜ਼ੀ ਫਿਲਮ ‘ਰੱਬਾ ਹੁਣ ਕੀ ਕਰੀਏ’ ਦੇਖੀ ਤਾਂ ਪਹਿਲੀ ਵਾਰ ਆਪਣੇ ਪਿਤਾ ਲੱਖਾ ਸਿੰਘ ਧਾਲੀਵਾਲ ਨੂੰ ਪੁੱਛਿਆ ‘ਪਾਪਾ ਆਹ ਜਿਹੜੇ ਪੱਤੀ ‘ਚ ਮੁਸਲਮਾਨਾਂ ਦੇ ਘਰ ਨੇ ਇਹ 1947 ‘ਚ ਕਿਵੇਂ ਬਚੇ? ਉਨ੍ਹਾਂ ਦੱਸਿਆ ‘ਪੁੱਤ ਬਹੁਤ ਮਾੜਾ ਸਮਾਂ ਸੀ ਉਦੋਂ ਮਸਾਂ ਸਿਰਫ਼ ਇੱਕ ਪਰਿਵਾਰ ਆਪਣੇ ਦਾਦਿਆਂ ਬਾਬਿਆਂ ਨੇ ਲੁਕੋ ਕੇ ਬਚਾਇਆ ਸੀ। ਹੁਣ ਇਹ ਵਧ ਫੁੱਲ ਕੇ ਐਨੇ ਪਰਿਵਾਰ ਹੋ ਗਏ। ਮੇਰੇ ਕੁਲਵੰਤ ਵਿਰਕ ਦੀ ਕਹਾਣੀ ਖੱਬਲ ਯਾਦ ਆ ਗਈ।
ਸ਼ਬਦ ‘ਚ ਬੜੀ ਤਾਕਤ ਹੁੰਦੀ ਹੈ। ਫ਼ਿਲਮ ਦੇ ਕਿਰਦਾਰਾਂ ਦੇ ਮੂੰਹੋਂ ਨਿਕਲਿਆ ‘ਤਾਰੋਂ ਪਾਰ’ ਸ਼ਬਦ ਵੰਡ ਦੇ ਸਥਾਪਤ ਡਿਸਕੋਰਸ ਨੂੰ ਛੋਟਾ ਕਰ ਦਿੰਦਾ ਹੈ। ਸਾਡਾ ਅਚੇਤ ‘ਚ ਪਿਆ ‘ਤਾਰੋਂ’ ਪਾਰ ਸ਼ਬਦ ਉਸ ਵੰਡ ਤੇ ਸਰਹੱਦ ਨੂੰ ਮਾਨਸਿਕ ਤੌਰ ਮਾਨਤਾ ਨਹੀਂ ਦਿੰਦੀ। ਦੁਨੀਆ ‘ਚ ਵੈਸੇ ਵੀ ਹੱਦਾਂ ਸਰਹੱਦਾਂ ਬਣਦੀਆਂ ਢਹਿੰਦੀਆਂ ਰਹੀਆਂ ਹਨ। ਜੇ ‘ਬਰਲਿਨ ਵਾਲ’ ਨੂੰ ਢਾਹ ਕੇ ਪੂਰਬੀ ਤੇ ਪੱਛਮੀ ਜਰਮਨ ਇਕੱਠੇ ਹੋ ਸਕਦੇ ਹਨ ਤਾਂ ਲਹਿੰਦਾ ਤੇ ਚੜ੍ਹਦਾ ਪੰਜਾਬ ਕਿਉਂ ਨਹੀਂ?
ਦੋਵੇਂ ਪੰਜਾਬਾਂ ਦੇ ਬੱਚਿਆਂ ਸਾਹਮਣੇ ਬੋਲੀ ਦੇ ਸੰਕਟ ਨੂੰ ਬਹੁਤ ਵਧੀਆ ਢੰਗ ਨਾਲ ਚਿੱਤਰਿਆ ਗਿਆ ਹੈ। ਦੋਵੇਂ ਪਿਓ ਆਪਣੀਆਂ ਬੋਲੀਆਂ ਜਾਣਦੇ ਹਨ ਤੇ ਪੁੱਤ ਦੋਵਾਂ ਨੂੰ ਬੋਲੀ ਨਹੀਂ ਆਉਂਦੀ। ਬਾਜ਼ਾਰ ਦੀ ਬੋਲੀ ਦੋਵੇਂ ਜਾਣਦੇ ਹਨ। ਮੈਨੂੰ ਲੱਗਦੈ ਇਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਜੋ ਆਪਣੀ ਬੋਲੀ ਨਾਲ ਖ਼ੁਦ ਨੂੰ ਉਸ ਤਰ੍ਹਾਂ ਅਡੈਂਟੀਫਾਈ ਨਹੀਂ ਕਰਦੇ ਜਿਸ ਤਰ੍ਹਾਂ ਬੰਗਾਲੀ ਜਾਂ ਦੱਖਣੀ ਭਾਰਤ ਦੇ ਲੋਕ ਕਰਦੇ ਹਨ।
ਹਰ ਦੌਰ ‘ਚ ਕਲਾਕਾਰ ਦਾ ਅਹਿਮ ਕੰਮ ਅਸੰਵੇਦਨਸ਼ੀਲ਼ਤਾ (DE-sensitize) ਨੂੰ ਸੰਵੇਦਨਸ਼ੀਲਤਾ (sensitize) ‘ਚ ਬਦਲਣਾ ਹੁੰਦਾ ਹੈ। ਅੱਜ ਮੰਡੀ ਨੇ ਮਨੁੱਖ ਨੂੰ ਬੇਹੱਦ ਅਸੰਵੇਦਨਸ਼ੀਲ ਕੀਤਾ ਹੈ ਤੇ ਚੰਗਾ ਕਲਾਕਾਰ ਉਹੀ ਹੈ ਜੋ ਮਨੁੱਖ ਨੂੰ ਸੰਵੇਦਨਸ਼ੀਲਤਾ ਵੱਲ ਮੋੜੇਗਾ। ਖ਼ਾਸ ਕਰ ਨੌਜਵਾਨ ਪੀੜ੍ਹੀ ਦੀ ਸਾਡੇ ਇਤਿਹਾਸਕ, ਸੱਭਿਆਚਾਰ ਤੇ ਸਿਆਸੀ ਮਸਲਿਆਂ ‘ਚ ਬੇਹੱਦ ਰੁਚੀ ਹੈ। ਅਜਿਹੇ ‘ਚ ਪੇਚੀਦਾ ਤੇ ਗੁੰਝਲਦਾਰ ਵਿਸ਼ਿਆਂ ਦੀ ‘ਸਧਾਰਨ ਪੇਸ਼ਕਾਰੀ’ ਹੀ ਉਨ੍ਹਾਂ ਨੂੰ ਅਜਿਹੇ ਵਿਸ਼ਿਆਂ ਨਾਲ ਰੂ-ਬਰੂ ਕਰਵਾ ਸਕਦੀ ਹੈ। ਨਿਰਦੇਸ਼ਕ ਅੰਬਰਦੀਪ ਸਿੰਘ ਤੇ ਲਾਹੌਰੀਏ ਦੀ ਟੀਮ ਵਿਸ਼ੇ ਨਾਲ ਖੂਬ ਨਿਭੀ ਹੈ। ਸਰਗੁਨ ਮਹਿਤਾ, ਯੁਵਰਾਜ ਹੰਸ,ਹੌਬੀ ਧਾਲੀਵਾਲ ਬਲਵਿੰਦਰ ਬੁਲੇਟ ਤੇ ਨਿਮਰਤ ਖਹਿਰਾ ਦੀ ਅਦਾਕਾਰੀ ਫ਼ਿਲਮ ਨੂੰ ਉਸ ਦੇ ਮੁਕਾਮ ‘ਤੇ ਪਹੁੰਚਾਉਂਦੀ ਹੈ।
ਦਰਅਸਲ ਨਿਰਦੇਸ਼ਕ ਅੰਬਰਦੀਪ ਸਿੰਘ, ਮੁੱਖ ਅਦਾਕਾਰ ਅਮਰਿੰਦਰ ਗਿੱਲ, ਕਾਰਜ ਗਿੱਲ, ਬੀਰ ਸਿੰਘ, ਕਵੀ ਤੇ ਗੀਤਕਾਰ ਹਰਮਨਜੀਤ, ਗਾਇਕ ਗੁਰਸ਼ਬਦ। ਇਹ ਟੀਮ ਪੜ੍ਹੇ-ਲਿਖੇ ਤੇ ਮਸਲਿਆਂ ਨੂੰ ਸਮਝਣ ਵਾਲੇ ਸੰਵੇਦਸ਼ੀਲ ਲੋਕਾਂ ਦੀ ਟੀਮ ਹੈ। ਇਸੇ ਲਈ ਹੀ ਫ਼ਿਲਮ ਦੀ ਨਿਰਦੇਸ਼ਨਾ, ਸੰਪਦਨਾ, ਫੋਟੋਗ੍ਰਾਫੀ, ਗਾਣਿਆਂ ‘ਚ ਲਗਾਤਾਰਤਾ ਹੈ। ਕੈਮਰੇ ਫ਼ਿਲਮ ਦੀ ਸਕਰਿਟਪ ਨਾਲ ਇਨਸਾਫ ਕਰਦੇ ਹਨ। ਹਰਮਨਜੀਤ ਦੇ ਕੰਮ ਨੇ ਦੱਸ ਦਿੱਤਾ ਕਿ ਉਹ ਭਵਿੱਖ ਦੇ ਸ਼ਾਨਦਾਰ ਗੀਤਕਾਰ ਵਜੋਂ ਸਥਾਪਤ ਹੋਵੇਗਾ।
ਅੰਬਰ ਤੇ ਓਹਦੀ ਟੀਮ ਥੌੜ੍ਹੀ ਸ਼ਰਾਰਤੀ ਹੈ। ਪਹਿਲੀ ਫ਼ਿਲਮ ‘ਅੰਗਰੇਜ਼’ ਵਾਂਗ ‘ਲਹੌਰੀਏ ‘ਚ ਵੀ ਮਲਵਈ ਬਨਾਮ ਮਝੈਲ ਹੈ। ਮਲਵਈ ਬਨਾਮ ਮਝੈਲੀ ਬੋਲੀ ਦੇ ਸੰਵਾਦ ਇੱਕ ਖਾਸ ਤਰ੍ਹਾਂ ਦਾ ਹਿਊਮਰ ਪੈਦਾ ਕਰਦੇ ਹਨ। ਮੈਂ ਕਹਿੰਦਾ ਹੁੰਨਾਂ ‘ਮਝੈਲ ਤਾਂ ਜੰਮਦੇ ਹੀ ਮਜ਼ਾਕੀਏ ਤੇ ਆਰਟਿਸਟ ਨੇ। ਫਿਲਮ ਦੇ ਪਹਿਲੇ ਦ੍ਰਿਸ਼ਾਂ ‘ਚ ਆਮ ਪੇਂਡੂ ਮਝੈਲਾਂ (ਲਾਇੰਸੈਂਸ ਬਣਾਉਣ ਤੇ ਫਿਲਮ ਦੇਖਣ ਵਾਲਾ) ਦੇ ਸੰਵਾਦ ਮੇਰੀ ਗੱਲ ਨੂੰ ਤਸਦੀਕ ਕਰਦੇ ਹਨ।
ਯਾਦਵਿੰਦਰ ਕਰਫਿਊ
ਪ੍ਰਿੰਸੀਪਲ ਕੌਰਸਪੌਂਡੈਂਟ,
ਏਬੀਪੀ ਸਾਂਝਾ।
Mob-95308-95198
-
ਯਾਦਵਿੰਦਰ ਕਰਫਿਊ, ਪ੍ਰਿੰਸੀਪਲ ਕੌਰਸਪੌਂਡੈਂਟ, ਏਬੀਪੀ ਸਾਂਝਾ
na
95308-95198
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.